'ਰਾਸ਼ਟਰਵਾਦੀ' ਹੀ ਰਾਸ਼ਟਰ ਲਈ ਖ਼ਤਰਾ ਨਾ ਬਣਨ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਸਿੱਧੂ ਨੂੰ ਕਰਤਾਰਪੁਰ ਲਾਂਘਾ ਖੁਲ੍ਹਵਾਉਣ ਦੀ ਸਜ਼ਾ ਫ਼ਿਰਕੂ ਲਾਬੀ ਕਦ ਤਕ ਦੇਂਦੀ ਰਹੇਗੀ?

Navjot Sidhu Hugging Pakistan's Army Chief

ਨਵਜੋਤ ਸਿੰਘ ਸਿੱਧੂ ਅਸਲ ਵਿਚ ਹਾਲ ਵਿਚ ਹੋਈਆਂ ਸੂਬਾਈ ਚੋਣਾਂ ਵਿਚ ਮੋਦੀ ਜੀ ਅਤੇ ਯੋਗੀ ਆਦਿਤਿਆਨਾਥ ਦੇ ਮੁਕਾਬਲੇ ਦੇ ਚੋਣ ਪ੍ਰਚਾਰਕ ਸਾਬਤ ਹੋਏ ਅਤੇ ਭਾਜਪਾ ਉਨ੍ਹਾਂ ਨੂੰ ਅਪਣੇ ਲਈ ਇਕ ਖ਼ਤਰਾ ਮੰਨਦੀ ਹੈ ਅਤੇ ਉਨ੍ਹਾਂ ਦੇ ਵਫ਼ਾਦਾਰ ਤੇ ਭਾਈਵਾਲ ਅਕਾਲੀ, ਭਾਜਪਾ ਦੇ ਕਹਿਣ ਤੇ ਨਵਜੋਤ ਸਿੰਘ ਸਿੱਧੂ ਨੂੰ ਨਿਸ਼ਾਨਾ ਬਣਾ ਰਹੇ ਹਨ ਨਹੀਂ ਤਾਂ ਬਿਕਰਮ ਸਿੰਘ ਮਜੀਠੀਆ ਚੰਗੀ ਤਰ੍ਹਾਂ ਜਾਣਦੇ ਹਨ ਕਿ ਜਿਸ ਸਮਾਗਮ ਦੀਆਂ ਤਸਵੀਰਾਂ ਉਹ ਵਿਖਾ ਰਹੇ ਸਨ, ਉਨ੍ਹਾਂ ਦੀ ਅਪਣੀ ਭੈਣ ਹਰਸਿਮਰਤ ਕੌਰ ਬਾਦਲ ਵੀ ਉਸ ਸਮਾਗਮ 'ਚ ਸ਼ਾਮਲ ਸੀ। ਉਨ੍ਹਾਂ ਨੂੰ ਵੀ ਕੀ ਬਿਕਰਮ ਸਿੰਘ ਮਜੀਠੀਆ ਗ਼ੱਦਾਰ ਮੰਨਦੇ ਹਨ?

ਪੁਲਵਾਮਾ ਅਤਿਵਾਦੀ ਹਮਲੇ ਤੋਂ ਬਾਅਦ ਇਕ ਗੱਲ ਤਾਂ ਸਾਫ਼ ਹੈ ਕਿ ਭਾਰਤੀ ਸਿਆਸਤਦਾਨਾਂ ਦੀ ਸੋਚ ਅੱਜ ਵੀ ਅਪਣੇ ਨਿਜੀ ਫ਼ਾਇਦੇ ਤੋਂ ਅੱਗੇ ਨਹੀਂ ਜਾ ਰਹੀ। ਜਿਹੜਾ ਹਾਦਸਾ ਦੇਸ਼ ਦੇ ਦਿਲ ਨੂੰ ਪਸੀਜ ਦੇਣ ਵਾਲਾ ਹੈ, ਉਸ ਨੂੰ ਸਿਆਸਤਦਾਨ ਅਪਣੇ ਫ਼ਾਇਦੇ ਲਈ ਪ੍ਰਯੋਗ ਕਰਨ ਵਿਚ ਲੱਗੇ ਹੋਏ ਹਨ। ਅੱਜ ਜਿਸ ਤਰ੍ਹਾਂ ਕਸ਼ਮੀਰੀ ਨਾਗਰਿਕਾਂ ਨੂੰ ਦੇਸ਼ ਵਿਚ ਸਤਾਇਆ ਜਾ ਰਿਹਾ ਹੈ, ਵਿਦਿਆਰਥੀਆਂ ਨੂੰ ਸੜਕਾਂ ਤੇ ਸੁਟਿਆ ਜਾ ਰਿਹਾ, ਇਹ ਸੱਭ '84 ਸਿੱਖ ਕਤਲੇਆਮ ਦੀ ਯਾਦ ਦਿਵਾਉਂਦਾ ਹੈ। ਇੰਦਰਾ ਗਾਂਧੀ ਦੀ ਮੌਤ ਦਾ ਬਦਲਾ ਸਿੱਖ ਕੌਮ ਤੋਂ ਲਿਆ ਗਿਆ ਸੀ ਤੇ ਅਤਿਵਾਦੀਆਂ ਦੇ ਕੀਤੇ ਦੀ ਕੀਮਤ ਕਸ਼ਮੀਰੀਆਂ ਨੂੰ ਅਦਾ ਕਰਨੀ ਪੈ ਰਹੀ ਹੈ।

ਨਫ਼ਰਤ ਫੈਲਾਉਣ ਵਾਲੇ '84 ਵਿਚ ਵੀ ਆਮ ਭਾਰਤੀ ਨਹੀਂ ਸਨ ਅਤੇ ਅੱਜ ਵੀ ਨਫ਼ਰਤ ਫੈਲਾਉਣ ਦਾ ਕੰਮ ਸਿਆਸਤਦਾਨ ਤੇ ਉਨ੍ਹਾਂ ਦੇ ਮੀਡੀਆ ਵਿਚਲੇ ਯਾਰ ਬੇਲੀ ਹੀ ਕਰ ਰਹੇ ਹਨ। ਜਿਹੜੀਆਂ ਫ਼ਿਰਕੂ ਸੰਸਥਾਵਾਂ ਕਸ਼ਮੀਰੀਆਂ ਨੂੰ ਨਿਸ਼ਾਨਾ ਬਣਾ ਰਹੀਆਂ ਹਨ, ਸਰਕਾਰ ਉਨ੍ਹਾਂ ਵਿਰੁਧ ਕਿਉਂ ਨਹੀਂ ਬੋਲ ਰਹੀ? ਜਿਹੜਾ ਨੌਜੁਆਨ ਅੱਜ ਭਾਰਤ ਦੇ ਬਾਕੀ ਸੂਬਿਆ ਤੋਂ ਨਿਰਾਸ਼ ਹੋ ਕੇ ਵਾਪਸ ਕਸ਼ਮੀਰ ਜਾਵੇਗਾ, ਉਸ ਦੇ ਮਨ ਵਿਚ ਨਫ਼ਰਤ ਦਾ ਬੀਜ ਬੀਜਿਆ ਜਾਵੇਗਾ ਅਤੇ ਫਿਰ ਉਹ ਆਜ਼ਾਦੀ ਦੀ ਮੰਗ ਕਰਨ ਲੱਗ ਜਾਵੇਗਾ। ਕੀ ਸਰਕਾਰ ਕਸ਼ਮੀਰ ਵਿਚ ਸ਼ਾਂਤੀ ਨਹੀਂ ਚਾਹੁੰਦੀ?

ਕੀ ਅੱਜ ਸਰਕਾਰ ਪੁਲਵਾਮਾ ਸਾਕੇ ਤੋਂ ਫ਼ਾਇਦਾ ਉਠਾ ਕੇ 2019 ਦੀਆਂ ਚੋਣਾਂ ਵਿਚ ਰਾਸ਼ਟਰ ਪ੍ਰੇਮ ਦੇ ਨਾਂ 'ਤੇ ਵੋਟਾਂ ਇਕੱਠੀਆਂ ਕਰਨ ਦੀ ਨੀਤੀ ਨਹੀਂ ਅਪਣਾ ਰਹੀ? 
ਅੱਜ ਦਾ ਮੀਡੀਆ ਵੀ ਫ਼ਿਰਕੂ ਸੋਚ ਦਾ ਨਮੂਨਾ ਬਣ ਕੇ ਵਿਖਾ ਰਿਹਾ ਹੈ ਜਿੱਥੇ ਟੀ.ਵੀ. ਐਂਕਰ ਭੜਕਾਊ ਗੱਲਾਂ ਕਰ ਕੇ ਬਦਲੇ ਦੀ ਭਾਵਨਾ ਅਤੇ ਨਫ਼ਰਤ ਨੂੰ ਹਵਾ ਦੇ ਰਹੇ ਹਨ। ਇਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਵੀ ਨਿਸ਼ਾਨਾ ਬਣਾ ਲਿਆ ਹੈ। ਅਕਾਲੀਆਂ ਨੇ ਤਾਂ ਪੰਜਾਬ ਦੇ ਬਜਟ ਸੈਸ਼ਨ ਨੂੰ ਅਪਣੀਆਂ ਨਿਜੀ ਕਿੜਾਂ ਕੱਢਣ ਲਈ ਕੁਰਬਾਨ ਕਰ ਦਿਤਾ ਹੈ। ਅਕਾਲੀ, ਬਜਟ ਸੈਸ਼ਨ ਨੂੰ ਕਾਮਯਾਬ ਕਰਨ ਦੀ ਸੋਚ ਲੈ ਕੇ ਸੈਸ਼ਨ ਵਿਚ ਆਏ ਹੀ ਨਹੀਂ ਸੀ ਲਗਦੇ।

ਉਹ ਸਿਰਫ਼ ਨਵਜੋਤ ਸਿੰਘ ਸਿੱਧੂ ਨੂੰ ਨੀਵਾਂ ਵਿਖਾਉਣ ਵਿਚ ਹੀ ਲੱਗੇ ਰਹੇ। ਇਥੋਂ ਤਕ ਕਿ ਬਿਕਰਮ ਸਿੰਘ ਮਜੀਠੀਆ, ਸਿੱਧੂ ਦੀ ਕਰਤਾਰਪੁਰ ਲਾਂਘੇ ਵਾਲੇ ਪਾਕਿਸਤਾਨ ਵਿਚ ਹੋਏ ਸਮਾਗਮ ਦੀ ਤਸਵੀਰ ਲੈ ਕੇ ਵਿੱਤ ਮੰਤਰੀ ਦੇ ਅੱਗੇ ਲਹਿਰਾਉਂਦੇ ਰਹੇ। ਪੰਜਾਬ ਦੀ ਵਿਰੋਧੀ ਧਿਰ ਨੂੰ ਪੰਜਾਬ ਦੀ ਆਰਥਕ ਸਥਿਤੀ ਜਾਂ ਸਰਕਾਰ ਦੀਆਂ ਕਮਜ਼ੋਰੀਆਂ ਟਟੋਲਣ ਵਿਚ ਕੋਈ ਦਿਲਚਸਪੀ ਨਹੀਂ ਸੀ। ਇਸ ਸੱਭ ਕੁੱਝ ਨਾਲ, ਅਕਾਲੀ ਨਾ ਸਿਰਫ਼ ਪੰਜਾਬ ਦੀ ਆਰਥਕ ਸਥਿਤੀ ਨੂੰ ਸੁਧਾਰਨ ਵਿਚ ਅਪਣਾ ਯੋਗਦਾਨ ਪਾਉਣੋਂ ਭੱਜ ਰਹੇ ਹਨ ਬਲਕਿ ਕਰਤਾਰਪੁਰ ਲਾਂਘੇ ਦੇ ਬਣਨ ਵਿਚ ਔਕੜ ਵੀ ਖੜੀ ਕਰ ਆਏ ਹਨ।

ਸਿਰਫ਼ ਸਿੱਧੂ ਨਾਲ ਨਿਜੀ ਰੰਜਿਸ਼ ਕਾਰਨ ਮਜੀਠੀਆ ਇਹ ਸੱਭ ਕਰ ਰਹੇ ਸਨ ਜਾਂ ਕਿ ਕਾਰਨ ਕੋਈ ਹੋਰ ਹੈ? ਨਵਜੋਤ ਸਿੰਘ ਸਿੱਧੂ ਅਸਲ ਵਿਚ ਹਾਲ ਵਿਚ ਹੋਈਆਂ ਸੂਬਾਈ ਚੋਣਾਂ ਵਿਚ ਮੋਦੀ ਜੀ ਅਤੇ ਯੋਗੀ ਆਦਿਤਿਆਨਾਥ ਦੇ ਮੁਕਾਬਲੇ ਦੇ ਚੋਣ ਪ੍ਰਚਾਰਕ ਸਾਬਤ ਹੋਏ ਅਤੇ ਭਾਜਪਾ ਉਨ੍ਹਾਂ ਨੂੰ ਅਪਣੇ ਲਈ ਇਕ ਖ਼ਤਰਾ ਮੰਨਦੀ ਹੈ ਅਤੇ ਉਨ੍ਹਾਂ ਦੇ ਵਫ਼ਾਦਾਰ ਤੇ ਭਾਈਵਾਲ ਅਕਾਲੀ, ਭਾਜਪਾ ਦੇ ਕਹਿਣ ਤੇ ਨਵਜੋਤ ਸਿੰਘ ਸਿੱਧੂ ਨੂੰ ਨਿਸ਼ਾਨਾ ਬਣਾ ਰਹੇ ਹਨ ਨਹੀਂ ਤਾਂ ਬਿਕਰਮ ਸਿੰਘ ਮਜੀਠੀਆ ਚੰਗੀ ਤਰ੍ਹਾਂ ਜਾਣਦੇ ਹਨ ਕਿ ਜਿਸ ਸਮਾਗਮ ਦੀਆਂ ਤਸਵੀਰਾਂ ਉਹ ਵਿਖਾ ਰਹੇ ਸਨ, ਉਨ੍ਹਾਂ ਦੀ ਅਪਣੀ ਭੈਣ ਹਰਸਿਮਰਤ ਕੌਰ ਬਾਦਲ ਵੀ ਉਸ ਸਮਾਗਮ 'ਚ ਸ਼ਾਮਲ ਸੀ।

ਉਨ੍ਹਾਂ ਨੂੰ ਵੀ ਕੀ ਬਿਕਰਮ ਸਿੰਘ ਮਜੀਠੀਆ ਗ਼ੱਦਾਰ ਮੰਨਦੇ ਹਨ? ਅੱਜ ਸਿਆਸਤਦਾਨ ਤੇ ਮੀਡੀਆ ਵਾਲੇ ਕਸ਼ਮੀਰੀਆਂ ਅਤੇ ਨਵਜੋਤ ਸਿੰਘ ਸਿੱਧੂ ਉਤੇ ਹਵਾਈ ਫ਼ਾਇਰ ਕਰ ਰਹੇ ਹਨ ਕਿਉਂਕਿ ਇਸ ਕਾਗ਼ਜ਼ੀ ਰਾਸ਼ਟਰਵਾਦ ਨੂੰ ਉਛਾਲਣ ਨਾਲ ਤੇ ਭਾਜਪਾ ਨੂੰ ਚੋਣਾਂ ਵਿਚ ਨੁਕਸਾਨ ਪਹੁੰਚਾ ਸਕਣ ਵਾਲਿਆਂ ਨੂੰ ਪਾਕਿਸਤਾਨ ਦੇ ਮਿੱਤਰ ਦੱਸਣ ਨਾਲ, ਭਾਜਪਾ ਨੂੰ 2019 ਵਿਚ ਫ਼ਾਇਦਾ ਹੋ ਜਾਣ ਦੀ ਝੂਠੀ ਉਮੀਦ ਲੱਗ ਜਾਂਦੀ ਹੈ। ਕਾਂਗਰਸ ਅਤੇ ਬਾਕੀ ਵਿਰੋਧੀ ਪਾਰਟੀਆਂ ਚੁਪ ਕਰ ਕੇ ਤਮਾਸ਼ਾ ਵੇਖ ਰਹੀਆਂ ਹਨ ਕਿਉਂਕਿ ਹੁਣ ਕੋਈ ਵੀ ਅਪਣੇ ਆਪ ਨੂੰ ਪਾਕਿਸਤਾਨ ਪੱਖੀ  ਨਹੀਂ ਅਖਵਾਉਣਾ ਚਾਹੁੰਦਾ।

'84 ਦੇ ਸਿੱਖ ਕਤਲੇਆਮ ਤੋਂ ਸਿਆਸਤਦਾਨਾਂ ਨੇ ਕੋਈ ਸਬਕ ਨਹੀਂ ਸਿਖਿਆ ਜਾਪਦਾ। ਪਰ ਜੋ ਚੀਜ਼ ਅੱਜ '84 ਵਾਂਗ ਖ਼ੂਨ-ਖ਼ਰਾਬਾ ਹੋਣ ਤੋਂ ਬਚਾ ਰਹੀ ਹੈ, ਉਹ ਹੈ ਸੋਸ਼ਲ ਮੀਡੀਆ ਦੀ ਆਜ਼ਾਦੀ ਜੋ ਉਸ ਵੇਲੇ ਦੇ ਆਮ ਭਾਰਤੀ ਕੋਲ ਨਹੀਂ ਸੀ। ਅੱਜ ਭਾਰਤ ਦੇ ਨਾਗਰਿਕ ਅਮਨ-ਸ਼ਾਂਤੀ ਲਈ ਚੌਕਸ ਖੜੇ ਹਨ। ਆਮ ਲੋਕ ਕਸ਼ਮੀਰੀਆਂ ਦੀ ਮਦਦ ਲਈ ਸਾਹਮਣੇ ਆ ਰਹੇ ਹਨ। ਲੋਕ ਸਿੱਧੂ ਲਈ ਵੀ ਆਵਾਜ਼ ਉੱਚੀ ਕਰ ਰਹੇ ਹਨ। '84 ਵਿਚ ਤਾਂ ਮੀਡੀਆ ਉਤੇ ਕਾਲਾ ਪਰਦਾ ਪਾ ਦਿਤਾ ਗਿਆ ਸੀ ਪਰ ਇਹ ਸੋਸ਼ਲ ਮੀਡੀਆ ਦੀ ਤੇਜ਼ ਰਫ਼ਤਾਰ ਹੈ ਜੋ ਅੱਜ ਭਾਰਤ ਦੇ ਦਾਮਨ ਉਤੇ ਇਕ ਹੋਰ ਕਤਲੇਆਮ ਦਾ ਦਾਗ਼ ਲੱਗਣ ਤੋਂ ਰੋਕ ਰਹੀ ਹੈ। -ਨਿਮਰਤ ਕੌਰ