ਮੋਦੀ ਜੀ ਸੱਤਾ ਵਿਚ ਆਉਣ ਲਈ ਕਿਸੇ ਨਾਲ ਵੀ ਹੱਥ ਮਿਲਾਉਣ ਤੇ ਕੁੱਝ ਵੀ ਕਰਨ ਨੂੰ ਤਿਆਰ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਪਰ ਕਾਂਗਰਸ, ਮੋਦੀ ਵਿਰੋਧੀਆਂ ਨੂੰ ਵੀ ਹਰਾਉਣ ਲਈ ਤਤਪਰ

Rahul and Modi

ਇਕ ਵਾਰ ਫਿਰ ਭਾਰਤੀ ਜਨਤਾ ਪਾਰਟੀ (ਭਾਜਪਾ) ਵਲੋਂ ਲਾਏ ਗਏ ਅਪਣੇ ਗਵਰਨਰ ਦਾ ਫ਼ਾਇਦਾ ਲੈਂਦਿਆਂ ਹੋਇਆਂ, ਗੋਆ ਵਿਚ ਭਾਜਪਾ ਨੇ ਲੋਕਤੰਤਰ ਦੇ ਬੁਨਿਆਦੀ ਅਸੂਲਾਂ ਨੂੰ ਸੱਤਾ ਦੇ ਪੈਰਾਂ ਹੇਠ ਰੋਲ ਦਿਤਾ ਹੈ। ਅਜੇ ਮਨੋਹਰ ਪਰੀਕਰ ਦੀ ਅੰਤਮ ਯਾਤਰਾ ਚਲ ਹੀ ਰਹੀ ਸੀ ਕਿ ਸੌਦੇਬਾਜ਼ੀ ਕਰਦਿਆਂ, ਦੇਰ ਰਾਤ ਦੋ ਵਜੇ ਨਵੇਂ ਮੁੱਖ ਮੰਤਰੀ ਨੂੰ ਸਹੁੰ ਵੀ ਚੁਕਾ ਦਿਤੀ ਗਈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਭਾਰਤੀ ਲੋਕਤੰਤਰ ਦੇ ਇਹਿਤਾਸ 'ਚ ਪਹਿਲੀ ਵਾਰ ਸੌਦੇਬਾਜ਼ੀ ਵਿਚ ਇਕ ਨਹੀਂ ਦੋ ਉਪ ਮੁੱਖ ਮੰਤਰੀ ਬਣਾਏ ਗਏ। ਇਹ ਸੌਦੇਬਾਜ਼ੀ ਜੇ ਵਿਰੋਧੀ ਧਿਰ ਕਰਦੀ ਤਾਂ 'ਗੋਦੀ ਮੀਡੀਆ' ਭੁੱਖਾ ਭੇੜੀਆ ਬਣ ਜਾਂਦਾ ਪਰ ਅਪਣਿਆਂ (ਭਾਜਪਾ ਵਾਲਿਆਂ) ਨੂੰ ਤਾਂ ਹਰ 'ਸਿਆਸੀ ਪਾਪ' ਮਾਫ਼ ਹੈ।

ਆਉਣ ਵਾਲੀਆਂ ਚੋਣਾਂ ਵਿਚ ਜੋ ਵੀ ਪਾਰਟੀ ਦਿੱਲੀ ਵਿਚ ਸਰਕਾਰ ਬਣਾਏਗੀ, ਉਸ ਨੂੰ ਇਹ 'ਸਿਆਸੀ ਪਾਪ' ਕਰਨੇ ਹੀ ਪੈਣਗੇ। ਹੁਣ ਸਾਫ਼ ਹੈ ਕਿ ਇਕ ਵੀ ਪਾਰਟੀ ਦੀ ਲਹਿਰ ਨਹੀਂ ਬਣ ਸਕਦੀ ਭਾਵੇਂ ਅੱਜ ਹੀ ਇਕ ਨਾਮੀ ਅਖ਼ਬਾਰ ਅਤੇ ਚੈਨਲ ਨੇ ਇਕਤਰਫ਼ਾ ਸਰਵੇਖਣ ਪੇਸ਼ ਕੀਤਾ ਹੈ। ਜੇ ਉਹ ਸਰਵੇਖਣ ਸੱਚ ਹੁੰਦਾ ਤਾਂ ਭਾਜਪਾ ਅਪਣੇ ਸੱਭ ਤੋਂ ਤਿੱਖੇ ਆਲੋਚਕ ਨਾਲ ਸਿਰ ਝੁਕਾ ਕੇ ਗਠਜੋੜ ਨਾ ਕਰਦੀ। ਭਾਜਪਾ ਅਜੇ ਅਪਣੇ ਹਰ ਭਾਈਵਾਲ ਦੀ ਹਰ ਕੌੜੀ ਗੱਲ ਵੀ ਮੰਨ ਰਹੀ ਹੈ ਅਤੇ ਅਪਣੀ ਪਿਛਲੀ ਆਕੜ ਬਿਲਕੁਲ ਭੁਲਾ ਚੁੱਕੀ ਹੈ। ਜਨਤਾ ਦਲ (ਯੂ) ਦੀ ਨਾਰਾਜ਼ਗੀ ਨੂੰ ਵੀ ਅਪਣੀ ਜ਼ਿੱਦ ਛੱਡ ਕੇ ਚੋਣਾਂ ਨੂੰ ਸਾਹਮਣੇ ਰਖਦਿਆਂ ਮਨਾਇਆ ਜਾ ਰਿਹਾ ਹੈ।

ਪਰ ਕਾਂਗਰਸ ਪਾਰਟੀ ਬਿਲਕੁਲ ਉਲਟ ਚਾਲ ਚਲ ਰਹੀ ਹੈ। ਉਹ ਅਪਣੇ ਉਤੇ ਕੁੱਝ ਹੋਰ ਤਰ੍ਹਾਂ ਦਾ ਵਿਸ਼ਵਾਸ ਵਿਖਾ ਰਹੀ ਹੈÊਜੋ ਸ਼ਾਇਦ ਜ਼ਮੀਨੀ ਹਕੀਕਤ ਨਾਲ ਮੇਲ ਨਹੀਂ ਖਾਂਦਾ। ਖ਼ਾਸ ਤੌਰ ਤੇ, ਉੱਤਰ ਪ੍ਰਦੇਸ਼ ਵਿਚ ਭਾਜਪਾ ਨੂੰ ਹਰਾਉਣ ਦੇ ਨਾਲ ਨਾਲ ਉਹ ਅਪਣੇ ਹੀ ਪੱਖ ਵਿਚ ਚਲ ਰਹੀਆਂ ਪਾਰਟੀਆਂ ਨੂੰ ਵੀ ਹਰਾਉਣ 'ਚ ਲੱਗੀ  ਹੋਈ ਹੈ। ਇਸ ਚੋਣ ਵਿਚ ਕਾਂਗਰਸ ਦੀ ਹੋਂਦ ਬਚਾਉਣੀ ਰਾਹੁਲ ਗਾਂਧੀ ਦਾ ਨਿਸ਼ਾਨਾ ਹੋਣਾ ਚਾਹੀਦਾ ਹੈ। ਉੱਤਰ ਪ੍ਰਦੇਸ਼ ਵਿਚ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਵੀ ਕਾਂਗਰਸ ਨਾਲ ਗਠਜੋੜ ਦਾ ਹਿੱਸਾ ਬਣ ਸਕਦੀਆਂ ਹਨ ਪਰ ਜੇ ਇਹ ਤਿੰਨੇ ਪਾਰਟੀਆਂ ਆਪਸ ਵਿਚ ਹੀ ਉਲਝ ਗਈਆਂ ਤਾਂ ਫ਼ਾਇਦਾ ਸਿੱਧਾ ਭਾਜਪਾ ਨੂੰ ਹੋ ਸਕਦਾ ਹੈ। ਅੱਜ ਦੇ ਹਾਲਾਤ ਵਿਚ ਪਛਮੀ ਬੰਗਾਲ ਤੇ ਉੱਤਰ ਪ੍ਰਦੇਸ਼ ਵਰਗੇ ਰਾਜਾਂ ਵਿਚ ਕਾਂਗਰਸ, ਭਾਰਤੀ ਜਨਤਾ ਪਾਰਟੀ ਜਾਂ ਮੋਦੀ ਸਰਕਾਰ ਦੀਆਂ ਕੱਟੜ ਵਿਰੋਧੀ ਪਾਰਟੀਆਂ ਦਾ ਵਿਰੋਧ ਕਿਉਂ ਕਰ ਰਹੀ ਹੈ? ਕੀ ਉਹ ਸਮਝਦੇ ਹਨ ਕਿ ਉਨ੍ਹਾਂ ਦੀ ਲਹਿਰ ਚਲ ਰਹੀ ਹੈ? ਉੱਤਰ ਪ੍ਰਦੇਸ਼ ਦੀਆਂ ਸੀਟਾਂ ਦੀ ਗਿਣਤੀ ਦੇ ਮਹੱਤਵ ਨੂੰ ਘਟਾ ਕੇ ਨਹੀਂ ਵੇਖਿਆ ਜਾ ਸਕਦਾ ਪਰ ਬਾਕੀ ਦੇਸ਼ ਵਿਚ ਕਈ ਸੂਬੇ ਹਨ ਜਿਥੇ ਕਾਂਗਰਸ ਅਪਣਾ ਪੂਰਾ ਜ਼ੋਰ ਲਾਉਣ ਨਾਲ ਫ਼ਾਇਦੇ ਵਿਚ ਰਹੇਗੀ। 

ਗੁਜਰਾਤ ਵਿਚ ਕਾਂਗਰਸ ਦਾ ਪ੍ਰਦਰਸ਼ਨ ਬਹੁਤ ਵਧੀਆ ਰਿਹਾ ਹੈ ਅਤੇ ਜੇ ਪ੍ਰਿਅੰਕਾ ਗਾਂਧੀ ਨੂੰ ਗੁਜਰਾਤ, ਰਾਜਸਥਾਨ, ਕਰਨਾਟਕ ਵਰਗੇ ਸੂਬਿਆਂ ਵਿਚ ਭੇਜਿਆ ਜਾਵੇ ਤਾਂ ਕਾਂਗਰਸ ਦੀਆਂ ਅਪਣੀਆਂ ਸੀਟਾਂ 120-150 ਤਕ ਹੋ ਸਕਦੀਆਂ ਹਨ। ਪੰਜਾਬ ਵਿਚ ਕਾਂਗਰਸ ਕੋਲ ਸਰਕਾਰ ਹੈ ਪਰ ਹਾਈਕਮਾਨ, ਸੀਟਾਂ ਦੀ ਵੰਡ ਅਪਣੇ ਕੋਲ ਸੰਭਾਲ ਕੇ ਅਪਣੇ ਹੀ ਮੁੱਖ ਮੰਤਰੀ ਦੇ ਕੰਮਾਂ ਵਿਚ ਰੋੜਾ ਅਟਕਾਉਣ ਦੀ ਪੁਰਾਣੀ ਨੀਤੀ ਤੇ ਹੀ ਪਹਿਰਾ ਦਈ ਜਾ ਰਿਹਾ ਹੈ। 

ਅੱਜ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਨੂੰ ਸਾਰੀਆਂ ਸੀਟਾਂ ਲਈ ਉਮੀਦਵਾਰ ਚੁਣਨ ਦੀ ਖੁਲ੍ਹ ਦੇ ਕੇ ਤੇ ਕਾਂਗਰਸ ਦੀ ਜਿੱਤ ਵਿਚ ਵੱਡਾ ਹਿੱਸਾ ਪਾਉਣ ਦੀ ਜ਼ਿੰਮੇਵਾਰੀ ਸੌਂਪਣ ਦੀ ਬਜਾਏ ਪੰਜਾਬ ਦੇ ਕਾਂਗਰਸੀਆਂ ਨੂੰ ਦਿੱਲੀ ਵਿਚ ਡੇਰੇ ਲਾਈ ਰੱਖਣ ਲਈ ਮਜਬੂਰ ਕੀਤਾ ਜਾ ਰਿਹਾ ਹੈ। 

ਇਹੀ ਸੱਭ ਤੋਂ ਵੱਡਾ ਫ਼ਰਕ ਹੈ ਜੋ ਭਾਜਪਾ ਅਤੇ ਕਾਂਗਰਸ ਦੇ ਰਣਨੀਤੀ ਪ੍ਰਬੰਧਨ ਨੂੰ ਪਾਣੀ ਅਤੇ ਤੇਲ ਵਾਂਗ ਅਲੱਗ ਕਰਦਾ ਹੈ। ਭਾਜਪਾ ਸੱਤਾ ਪ੍ਰਾਪਤੀ ਲਈ ਅਤੇ ਅਪਣੀ ਸੋਚ ਨੂੰ ਲਾਗੂ ਕਰਨ ਲਈ ਕਿਸੇ ਵੀ ਹੱਦ ਤਕ ਜਾਣ ਨੂੰ ਤਿਆਰ ਹੈ। ਉਨ੍ਹਾਂ ਵਾਸਤੇ ਲੋਕਤੰਤਰ ਦੇ ਬੁਨਿਆਦੀ ਅਸੂਲਾਂ ਦੀ ਤੋੜਭੰਨ, ਰਾਜਪਾਲਾਂ, ਸੀ.ਬੀ.ਆਈ., ਨਿਆਂ ਪਾਲਿਕਾ ਦਾ ਖੁੱਲ੍ਹਮ-ਖੁੱਲ੍ਹਾ ਦੁਰਉਪਯੋਗ ਕਰਨਾ ਕੋਈ ਚਿੰਤਾ ਦਾ ਵਿਸ਼ਾ ਨਹੀਂ। ਦੂਜੇ ਪਾਸੇ ਕਾਂਗਰਸ ਹੈ ਜੋ ਸ਼ਾਇਦ ਅਜੇ ਵੀ ਅਪਣੇ ਪੁਰਾਣੇ ਰਾਜ ਦੇ ਹਸੀਨ ਸੁਪਨਿਆਂ ਨੂੰ ਅੱਖਾਂ ਵਿਚ ਵਸਾਈ ਬੈਠੀ ਹੈ ਤੇ ਬਦਲੇ ਹੋਏ ਹਾਲਾਤ ਤੋਂ ਕੋਈ ਸਬਕ ਨਹੀਂ ਸਿਖ ਰਹੀ। ਉਨ੍ਹਾਂ ਨੂੰ ਅਪਣੇ ਬਾਰੇ ਭਾਰਤ ਦੀ ਸੱਭ ਤੋਂ ਪਹਿਲੀ ਅਤੇ ਵੱਡੀ ਲੋਕਤੰਤਰੀ ਪਾਰਟੀ, ਆਜ਼ਾਦੀ ਦੇ ਘੁਲਾਟੀਆਂ ਦੀ ਪਾਰਟੀ, ਸੰਵਿਧਾਨ ਬਣਾਉਣ ਵਾਲੀ ਪਾਰਟੀ ਹੋਣ ਦਾ ਗ਼ਰੂਰ ਹੈ ਜੋ ਉਨ੍ਹਾਂ ਦੀ ਰੀੜ੍ਹ ਦੀ ਹੱਡੀ ਨੂੰ ਵੱਲ ਨਹੀਂ ਖਾਣ ਦੇਂਦੀ। ਉਹ ਅਜੇ ਵੀ ਇਸ ਗੱਲ ਦੇ ਚਾਹਵਾਨ ਹਨ ਕਿ ਸਾਰੀਆਂ ਸੂਬਾ ਪੱਧਰੀ ਪਾਰਟੀਆਂ ਉਨ੍ਹਾਂ ਦਾ ਸਮਰਥਨ ਕਰਨ ਪਰ ਅਪਣੇ ਆਪ ਨੂੰ ਕਾਂਗਰਸ ਦਾ ਭਾਗ ਹੀ ਮੰਨਣ। ਕਾਂਗਰਸ ਕਿਸ ਆਧਾਰ ਤੇ ਅਪਣੀ ਇਹ ਰਣਨੀਤੀ ਚਲਾ ਰਹੀ ਹੈ, ਇਸ ਬਾਰੇ ਤਾਂ ਫ਼ੈਸਲਾ ਵੋਟਰ ਹੀ ਕਰਨਗੇ ਪਰ ਹਾਲ ਦੀ ਘੜੀ, ਗਠਜੋੜਾਂ ਰਾਹੀਂ 'ਸਭ ਕਾ ਸਾਥ' ਪ੍ਰਾਪਤ ਕਰ ਕੇ ਸੱਤਾ ਉਤੇ ਹਾਵੀ ਹੁੰਦੀ ਭਾਜਪਾ ਹੀ ਨਜ਼ਰ ਆ ਰਹੀ ਹੈ। ਕਾਂਗਰਸ ਲਈ ਸੰਭਲਣ ਦਾ ਵੇਲਾ ਹੈ। ਇਸ ਵੇਲੇ ਕਾਂਗਰਸ 'ਜਿੱਤ' ਦਾ ਮਤਲਬ ਅਪਣਾ ਰਾਜ ਕਾਇਮ ਕਰਨਾ ਨਹੀਂ ਸਗੋਂ ਬੀ.ਜੇ.ਪੀ.-ਵਿਰੋਧੀ ਰਾਜ ਕਾਇਮ ਕਰਨਾ ਹੋਣਾ ਚਾਹੀਦਾ ਹੈ। ਉਸ ਵਿਚੋਂ ਹੀ ਕਾਂਗਰਸ ਦੀ ਅਸਲ ਤੇ ਵੱਡੀ ਜਿੱਤ ਨਿਕਲੇਗੀ।   - ਨਿਮਰਤ ਕੌਰ