ਵਿਰੋਧੀਆਂ ਤੇ ਆਲੋਚਕਾਂ ਲਈ ਚੈਨਲਾਂ ਦੇ ਬੂਹੇ ਬੰਦ ਕਰਨ ਨਾਲ ਲੋਕ-ਰਾਜ ਕਮਜ਼ੋਰ ਪੈ ਜਾਏਗਾ!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਕਪਿਲ ਸਿੱਬਲ ਵਲੋਂ ਕੁੱਝ ਦਿਨ ਪਹਿਲਾਂ ਇਕ ਪ੍ਰੈੱਸ ਕਾਨਫ਼ਰੰਸ ਕੀਤੀ ਗਈ ਸੀ ਜਿਸ ਨੂੰ ਸਿਵਾਏ ਐਨ.ਡੀ.ਟੀ.ਵੀ. ਦੇ ਕਿਸੇ ਟੀ.ਵੀ. ਚੈਨਲ ਨੇ ਨਹੀਂ ਵਿਖਾਇਆ। ਪਰ...

Pic-1

ਕਪਿਲ ਸਿੱਬਲ ਵਲੋਂ ਕੁੱਝ ਦਿਨ ਪਹਿਲਾਂ ਇਕ ਪ੍ਰੈੱਸ ਕਾਨਫ਼ਰੰਸ ਕੀਤੀ ਗਈ ਸੀ ਜਿਸ ਨੂੰ ਸਿਵਾਏ ਐਨ.ਡੀ.ਟੀ.ਵੀ. ਦੇ ਕਿਸੇ ਟੀ.ਵੀ. ਚੈਨਲ ਨੇ ਨਹੀਂ ਵਿਖਾਇਆ। ਪਰ ਐਨ.ਡੀ.ਟੀ.ਵੀ. ਨੇ ਵੀ ਕੁੱਝ ਪਲਾਂ ਬਾਅਦ ਹੀ ਉਸ ਕਾਨਫ਼ਰੰਸ ਦਾ ਪ੍ਰਸਾਰਣ ਬੰਦ ਕਰ ਦਿਤਾ। ਜ਼ਾਹਰ ਹੈ ਕਿ ਇਨ੍ਹਾਂ ਸਾਰੇ ਚੈਨਲਾਂ ਨੂੰ ਪਿਛੋਂ ਹਦਾਇਤਾਂ ਭੇਜੀਆਂ ਗਈਆਂ ਸਨ। ਕਪਿਲ ਸਿੱਬਲ ਨੇ ਹੁਣ ਸ਼ਹਿਰ ਸ਼ਹਿਰ ਪ੍ਰੈੱਸ ਕਾਨਫ਼ਰੰਸ ਕਰਨ ਦਾ ਕੰਮ ਸ਼ੁਰੂ ਕਰ ਦਿਤਾ ਹੈ। ਉਹ ਇਸ ਰਾਹੀਂ ਅਜਿਹੇ ਪ੍ਰਗਟਾਵੇ ਕਰ ਰਹੇ ਹਨ ਜਿਨ੍ਹਾਂ ਦਾ ਸੱਚ ਸਾਹਮਣੇ ਆਉਣਾ ਬਹੁਤ ਜ਼ਰੂਰੀ ਹੈ।

ਨੋਟਬੰਦੀ ਲਾਗੂ ਹੋਣ ਤੋਂ ਬਾਅਦ ਇਕ ਖ਼ੁਫ਼ੀਆ ਵੀਡੀਉ ਬਣਾਈ ਗਈ ਜਿੱਥੇ ਇਕ ਵਿਅਕਤੀ 5 ਕਰੋੜ ਰੁਪਏ ਇਕ ਕਮਰੇ 'ਚ ਜਾ ਕੇ ਬਦਲਵਾ ਲਿਆਉਂਦਾ ਹੈ। ਦਰਵਾਜ਼ੇ ਤੇ ਭਾਜਪਾ ਦਾ ਚੋਣ ਨਿਸ਼ਾਨ ਕਮਲ ਜ਼ਰੂਰ ਲਾਇਆ ਗਿਆ ਸੀ ਪਰ ਇਹ ਜਾਣਕਾਰੀ ਨਹੀਂ ਦਿਤੀ ਗਈ ਕਿ ਪੁਰਾਣੇ ਨੋਟ ਬਦਲ ਕੇ ਨਵੇਂ ਨੋਟ ਦੇਣ ਵਾਲਾ ਕੌਣ ਸੀ। ਉਸ ਵੀਡੀਉ ਵਿਚ ਇਕ ਕਮਰਾ ਵਿਖਾਇਆ ਜਾਂਦਾ ਹੈ ਜਿਥੇ 2000 ਦੇ ਨੋਟਾਂ ਦੀ ਇਕ ਕੰਧ ਬਣੀ ਹੋਈ ਸੀ। ਹੁਣ ਕਪਿਲ ਸਿੱਬਲ ਇਕ ਹੋਰ ਵੀਡੀਉ ਜਨਤਕ ਕਰਨ ਜਾ ਰਹੇ ਹਨ ਜਿਸ ਵਿਚ ਇਹ ਦਾਅਵੇ ਕੀਤੇ ਗਏ ਹਨ ਕਿ ਦੇਸ਼ ਭਰ ਵਿਚ 20 ਕੇਂਦਰ ਖੋਲ੍ਹੇ ਗਏ ਸਨ ਜਿਨ੍ਹਾਂ ਵਿਚ ਨੋਟਬੰਦੀ ਦੌਰਾਨ ਕਾਲੇ ਧਨ ਨੂੰ ਨਵੇਂ ਨੋਟਾਂ ਵਿਚ ਤਬਦੀਲ ਕਰਨ ਦੀ ਸਹੂਲਤ ਅਮੀਰਾਂ ਵਾਸਤੇ ਰੱਖੀ ਗਈ ਸੀ।

ਯਾਨੀ ਕਿ ਜਦੋਂ ਆਮ ਗ਼ਰੀਬ ਭਾਰਤੀ ਕਤਾਰਾਂ ਵਿਚ ਖੜਾ ਰਹਿ ਕੇ ਮਰ ਰਿਹਾ ਸੀ ਤਾਂ ਅਮੀਰ ਇਨ੍ਹਾਂ ਕੇਂਦਰਾਂ ਵਿਚ 10-20% ਦੀ ਕਟੌਤੀ ਕਰਵਾ ਕੇ ਅਪਣਾ ਸਾਰਾ ਕਾਲਾ ਧਨ ਸੁਰੱਖਿਅਤ ਕਰ ਰਹੇ ਸਨ। ਕਪਿਲ ਸਿੱਬਲ ਵਲੋਂ ਕੁੱਝ ਨਾਂ ਜ਼ਰੂਰ ਲਏ ਗਏ ਹਨ ਪਰ ਸ਼ੱਕ ਤਾਂ ਸਿੱਧਾ ਆਰ.ਬੀ.ਆਈ. ਗਵਰਨਰ ਅਤੇ ਦੇਸ਼ ਦੇ ਮੁੱਖ ਚੌਕੀਦਾਰ ਉਤੇ ਜਾਂਦਾ ਹੈ। ਜਿਹੜਾ ਕਦਮ ਸਿਰਫ਼ ਇਨ੍ਹਾਂ ਦੋ ਇਨਸਾਨਾਂ ਦੀ ਮਰਜ਼ੀ ਨਾਲ ਲਿਆ ਗਿਆ ਸੀ, ਉਸ ਵਿਚ ਇਸ ਤਰ੍ਹਾਂ ਦੀਆਂ ਕਮਜ਼ੋਰੀਆਂ ਕੀ ਇਨ੍ਹਾਂ ਦੀ ਜਾਣਕਾਰੀ ਅਤੇ ਪ੍ਰਵਾਨਗੀ ਤੋਂ ਬਗ਼ੈਰ, ਦਾਖ਼ਲ ਹੋ ਸਕਦੀਆਂ ਸਨ? ਜਦੋਂ ਏ.ਟੀ.ਐਮ. ਵਿਚ ਪੈਸਾ ਨਹੀਂ ਸੀ, ਲੋਕ ਹਰ ਰੋਜ਼ ਕਤਾਰਾਂ ਵਿਚ ਖੜੇ ਅਪਣੇ ਵਿਆਹਾਂ ਵਾਸਤੇ ਖ਼ਰਚਾ ਕੱਢ ਰਹੇ ਸਨ, ਉਸ ਸਮੇਂ ਅਮੀਰਾਂ ਲਈ ਇਹ ਸਹੂਲਤ ਕਿਸ ਤਰ੍ਹਾਂ ਮੁਮਕਿਨ ਸੀ? ਆਰ.ਬੀ.ਆਈ. ਦੀਆਂ ਨਜ਼ਰਾਂ ਹੇਠ ਏਨਾ ਜ਼ਿਆਦਾ ਪੈਸਾ ਕਿਸ ਤਰ੍ਹਾਂ ਚੋਰੀ ਹੋ ਸਕਦਾ ਸੀ? 

ਚੋਰੀ ਬਾਰੇ ਸ਼ੱਕ ਹੋਰ ਤੇਜ਼ ਹੁੰਦਾ ਹੈ ਜਦੋਂ ਇਸ ਪ੍ਰੈੱਸ ਕਾਨਫ਼ਰੰਸ ਰਾਹੀਂ ਚੁੱਕੇ ਗਏ ਸਵਾਲਾਂ ਦੇ ਜਵਾਬ ਦੇਣ ਦੀ ਬਜਾਏ, ਇਸ ਖ਼ਬਰ ਨੂੰ ਹੀ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਹ ਅਪਣੇ ਆਪ ਵਿਚ ਇਕ ਵੱਡਾ ਸਵਾਲ ਬਣ ਜਾਂਦਾ ਹੈ। ਕਪਿਲ ਸਿੱਬਲ ਕਾਂਗਰਸ ਦੇ ਰਾਜ ਸਭਾ ਮੈਂਬਰ ਹੋਣ ਦੇ ਨਾਲ ਸੁਪਰੀਮ ਕੋਰਟ ਵਿਚ ਵਕੀਲ ਵੀ ਹਨ, ਜਿਨ੍ਹਾਂ ਦੇ ਸਵਾਲਾਂ ਨੂੰ ਆਸਾਨੀ ਨਾਲ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ। ਮੀਡੀਆ ਨੂੰ ਵੀ ਅਪਣੇ ਆਪ ਉਤੇ ਝਾਤ ਪਾਉਣੀ ਪਵੇਗੀ ਕਿ ਉਹ ਸਿਰਫ਼ ਸਿਆਸਤਦਾਨਾਂ ਦੇ ਕਹੇ ਉਤੇ ਹੀ ਚੱਲਣਗੇ ਜਾਂ ਲੋਕਾਂ ਪ੍ਰਤੀ ਸਹੀ ਖ਼ਬਰ ਪਹੁੰਚਾਉਣ ਦੀ ਅਪਣੀ ਜ਼ਿੰਮੇਵਾਰੀ ਵੀ ਨਿਭਾਉਣਗੇ ਅਤੇ ਸੱਚ ਦੇ ਹੱਕ ਵਿਚ ਖੜੇ ਰਹਿਣ ਦੀ ਹਿੰਮਤ ਵੀ ਕਰਨਗੇ?  - ਨਿਮਰਤ ਕੌਰ