ਪੰਜਾਬ ਨਸ਼ੇ ਲੈਣ ਵਿਚ, ਭਾਰਤ 'ਚੋਂ ਹੀ ਨਹੀਂ, ਸੰਸਾਰ ਵਿਚ ਵੀ ਸੱਭ ਤੋਂ ਉਪਰ ਕਿਉਂ ਚਲਾ ਗਿਆ ਹੈ?

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਅੱਜ ਦੇ ਦਿਨ ਨਸ਼ੇ ਦੀ ਵਰਤੋਂ ਪੰਜਾਬ ਵਿਚ 15 ਫ਼ੀ ਸਦੀ ਤਕ ਪਹੁੰਚ ਗਈ ਹੈ | (ਪੀ.ਜੀ.ਆਈ. ਸਰਵੇਖਣ) ਯਾਨੀ ਹਰ ਸਤਵਾਂ ਪੰਜਾਬੀ ਨਸ਼ੇ ਦਾ ਆਦੀ ਹੈ |

Drugs in Punjab

ਅੱਜ ਦੇ ਦਿਨ ਨਸ਼ੇ ਦੀ ਵਰਤੋਂ ਪੰਜਾਬ ਵਿਚ 15 ਫ਼ੀ ਸਦੀ ਤਕ ਪਹੁੰਚ ਗਈ ਹੈ | (ਪੀ.ਜੀ.ਆਈ. ਸਰਵੇਖਣ) ਯਾਨੀ ਹਰ ਸਤਵਾਂ ਪੰਜਾਬੀ ਨਸ਼ੇ ਦਾ ਆਦੀ ਹੈ | ਜੇ ਰਾਸ਼ਟਰੀ ਔਸਤ ਵੇਖੀਏ ਤਾਂ ਅੰਕੜਾ 2 ਫ਼ੀ ਸਦੀ ਹੈ ਅਤੇ ਅੰਤਰ ਰਾਸ਼ਟਰੀ ਔਸਤ 2 ਫ਼ੀ ਸਦੀ ਤੋਂ ਵੀ ਘੱਟ ਹੈ | ਯਾਨੀ ਕਿ ਦੇਸ਼ ਤੇ ਦੁਨੀਆਂ ਦੀ ਔਸਤ ਨਾਲੋਂ ਪੰਜਾਬ ਵਿਚ ਨਸ਼ਿਆਂ ਦੀ ਵਰਤੋਂ 7 ਗੁਣਾਂ ਵੱਧ ਹੈ | 

 ਪਿੰਡ ਦੀ ਸੱਥ ਵਿਚ ਨੌਜਵਾਨ ਤੇ ਬਜ਼ੁਰਗ ਇਕ ਦੂਜੇ ਦੇ ਆਹਮੋ ਸਾਹਮਣੇ ਸਨ | ਨੌਜਵਾਨਾਂ ਦਾ ਦੋਸ਼ ਸੀ ਕਿ ਵੱਡਿਆਂ ਨੇ ਚੁੱਪੀ ਧਾਰਨ ਕੀਤੀ ਰੱਖੀ | ਸਿੱਖੀ ਦਾ ਪ੍ਰਚਾਰ ਨਹੀਂ ਕੀਤਾ ਜਿਸ ਨਾਲ ਅੱਜ ਪੰਜਾਬ ਵਿਚ ਨਾ ਸਿਰਫ਼ ਨਸ਼ੇ ਦਾ ਵਪਾਰ ਵੱਧ ਰਿਹਾ ਹੈ ਬਲਕਿ ਸਿੱਖੀ ਦਾ ਵੀ ਘਾਣ ਹੋਇਆ ਹੈ | ਉਥੇ ਇਕ ਸਿਆਣੇ ਨੇ ਨੌਜਵਾਨਾਂ ਨੂੰ  ਇਕ ਸਵਾਲ ਪੁਛਿਆ ਜੋ ਇਕ ਡੂੰਘੀ ਵਿਚਾਰ ਮੰਗਦਾ ਹੈ | ਉਨ੍ਹਾਂ ਪੁਛਿਆ ਕਿ ਬਿਹਾਰ, ਯੂ.ਪੀ. ਤੋਂ ਜੋ ਮਜ਼ਦੂਰ ਪੰਜਾਬ ਵਿਚ ਕੰਮ ਕਰਨ ਆਉਂਦੇ ਹਨ, ਉਹ ਕਦੇ ਨਸ਼ਾ ਖਾ ਕੇ ਸੜਕਾਂ ਤੇ ਕਿਉਂ ਨਹੀਂ ਮਿਲਦੇ? 

2016 ਵਿਚ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਇਕ ਰੀਪੋਰਟ ਨੂੰ  ਝੁਠਲਾਉਂਦੇ ਹੋਏ ਆਖਿਆ ਗਿਆ ਸੀ ਕਿ ਪੰਜਾਬ ਵਿਚ 16 ਫ਼ੀ ਸਦੀ ਨਹੀਂ ਬਲਕਿ 0.06 ਫ਼ੀ ਸਦੀ ਨੌਜਵਾਨ ਨਸ਼ੇ ਦੀ ਵਰਤੋਂ ਕਰਦੇ ਹਨ | ਇਹ ਅੰਕੜਾ ਨਾ 16 ਫ਼ੀ ਸਦੀ ਸੀ, ਨਾ 0.06 ਫ਼ੀ ਸਦੀ, ਸ਼ਾਇਦ 6 ਫ਼ੀ ਸਦੀ ਸੀ | ਪਰ ਜਿਸ ਤਰ੍ਹਾਂ ਇਸ ਮਾਮਲੇ ਨੂੰ  ਸਿਆਸਤਦਾਨਾਂ ਨੇ ਨਜ਼ਰ ਅੰਦਾਜ਼ ਕਰ ਕੇ ਅਪਣੇ ਸਵਾਰਥ ਵਾਸਤੇ ਵਰਤਿਆ, ਉਸੇ ਦਾ ਨਤੀਜਾ ਹੈ ਕਿ ਅੱਜ ਦੇ ਦਿਨ ਨਸ਼ੇ ਦੀ ਵਰਤੋਂ ਪੰਜਾਬ ਵਿਚ 15 ਫ਼ੀ ਸਦੀ ਤਕ ਪਹੁੰਚ ਗਈ ਹੈ | (ਪੀ.ਜੀ.ਆਈ. ਸਰਵੇਖਣ) ਯਾਨੀ ਹਰ ਸਤਵਾਂ ਪੰਜਾਬੀ ਨਸ਼ੇ ਦਾ ਆਦੀ ਹੈ | ਜੇ ਰਾਸ਼ਟਰੀ ਔਸਤ ਵੇਖੀਏ ਤਾਂ ਅੰਕੜਾ 2 ਫ਼ੀ ਸਦੀ ਹੈ ਅਤੇ ਅੰਤਰ ਰਾਸ਼ਟਰੀ ਔਸਤ 2 ਫ਼ੀ ਸਦੀ ਤੋਂ ਵੀ ਘੱਟ ਹੈ | ਯਾਨੀ ਕਿ ਦੇਸ਼ ਤੇ ਦੁਨੀਆਂ ਦੀ ਔਸਤ ਨਾਲੋਂ ਪੰਜਾਬ ਵਿਚ ਨਸ਼ਿਆਂ ਦੀ ਵਰਤੋਂ 7 ਗੁਣਾਂ ਵੱਧ ਹੈ | 

ਅੱਜ ਸਰਕਾਰ ਇਸ ਬਾਰੇ ਇਕ ਅਨੋਖਾ ਪ੍ਰੋਗਰਾਮ ਲਿਆਉਣ ਦੇ ਪ੍ਰਬੰਧ ਕਰ ਰਹੀ ਹੈ ਜੋ ਵੱਖ ਵੱਖ ਤਰੀਕੇ ਨਾਲ ਨਸ਼ੇ ਦੀ ਵਰਤੋਂ ਨੂੰ  ਘਟਾਉਣ ਦਾ ਯਤਨ ਕਰੇਗਾ | ਇਸ ਵਿਚ ਨਸ਼ਾ ਤਸਕਰ ਨੂੰ  ਕਾਬੂ ਕਰਨਾ ਵੀ ਸ਼ਾਮਲ ਹੋਵੇਗਾ | ਇਸ ਵਿਚ ਸਿਹਤ ਸਹੂਲਤਾਂ ਵਜੋਂ ਨਸ਼ੇ ਛੁਡਾਊ ਕੇਂਦਰਾਂ ਨੂੰ  ਤਾਕਤਵਰ ਬਣਾਉਣਾ ਪਵੇਗਾ |

ਇਸ ਵਿਚ ਨਸ਼ਾ ਵਿਰੋਧੀ ਪ੍ਰਚਾਰ ਬਚਪਨ ਤੋਂ ਸ਼ੁਰੂ ਕਰਨਾ ਪਵੇਗਾ ਤਾਕਿ ਬੱਚੇ ਇਸ ਨੂੰ  ਜੀਵਨ ਵਿਚ ਇਕ ਮੌਕਾ ਵੀ ਨਾ ਦੇਣ | ਪਰ ਜੋ ਰੂਪ ਨਸ਼ੇ ਦਾ ਵਪਾਰ ਹੁਣ ਲੈ ਚੁੱਕਾ ਹੈ, ਉਸ ਨੂੰ  ਹਰਾਉਣ ਵਿਚ ਸਿਰਫ਼ ਸਰਕਾਰ ਹੀ ਸਾਰਾ ਕੁੱਝ ਨਹੀਂ ਕਰ ਸਕਦੀ | ਇਸ ਵਿਚ ਲੋਕ ਲਹਿਰ ਦੀ ਸ਼ਮੂਲੀਅਤ ਦੀ ਜ਼ਰੂਰਤ ਹੈ ਤਾਕਿ ਨਸ਼ੇ ਦੇ ਤਸਕਰ ਨੂੰ  ਗਾਹਕ ਵੀ ਸੌਖੇ ਨਾ ਮਿਲਣ |

ਬਰਨਾਲੇ ਦੇ ਇਕ ਪਿੰਡ ਦੀ ਸੱਥ ਵਿਚ ਨੌਜਵਾਨਾਂ ਵਲੋਂ ਨਸ਼ੇ ਵਿਰੁਧ ਇਕ ਤੇਜ਼ ਮੁਹਿੰਮ ਚਲਾਈ ਜਾ ਰਹੀ ਹੈ ਤੇ ਪਿੰਡ ਦੀ ਸੱਥ ਵਿਚ ਨੌਜਵਾਨ ਤੇ ਬਜ਼ੁਰਗ ਇਕ ਦੂਜੇ ਦੇ ਆਹਮੋ ਸਾਹਮਣੇ ਸਨ | ਨੌਜਵਾਨਾਂ ਦਾ ਦੋਸ਼ ਸੀ ਕਿ ਵੱਡਿਆਂ ਨੇ ਚੁੱਪੀ ਧਾਰਨ ਕੀਤੀ ਰੱਖੀ | ਸਿੱਖੀ ਦਾ ਪ੍ਰਚਾਰ ਨਹੀਂ ਕੀਤਾ ਜਿਸ ਨਾਲ ਅੱਜ ਪੰਜਾਬ ਵਿਚ ਨਾ ਸਿਰਫ਼ ਨਸ਼ੇ ਦਾ ਵਪਾਰ ਵੱਧ ਰਿਹਾ ਹੈ ਬਲਕਿ ਸਿੱਖੀ ਦਾ ਵੀ ਘਾਣ ਹੋਇਆ ਹੈ | ਉਥੇ ਇਕ ਸਿਆਣੇ ਨੇ ਨੌਜਵਾਨਾਂ ਨੂੰ  ਇਕ ਸਵਾਲ ਪੁਛਿਆ ਜੋ ਇਕ ਡੂੰਘੀ ਵਿਚਾਰ ਮੰਗਦਾ ਹੈ |

ਉਨ੍ਹਾਂ ਪੁਛਿਆ ਕਿ ਬਿਹਾਰ, ਯੂ.ਪੀ. ਤੋਂ ਜੋ ਮਜ਼ਦੂਰ ਪੰਜਾਬ ਵਿਚ ਕੰਮ ਕਰਨ ਆਉਂਦੇ ਹਨ, ਉਹ ਕਦੇ ਨਸ਼ਾ ਖਾ ਕੇ ਸੜਕਾਂ ਤੇ ਕਿਉਂ ਨਹੀਂ ਮਿਲਦੇ? ਉਹ ਸਾਰਾ ਦਿਨ ਕੰਮ ਕਰਦੇ ਹਨ, ਰਾਤ ਨੂੰ  ਅਪਣੇ ਚਾਵਲ ਖਾ ਕੇ ਸੌ ਜਾਂਦੇ ਹਨ ਤੇ ਫਿਰ ਅਗਲੇ ਦਿਨ ਸਵੇਰੇ ਕੰਮ ਕਰਨ ਲੱਗ ਜਾਂਦੇ ਹਨ | ਉਨ੍ਹਾਂ ਨੂੰ  ਦਿਹਾੜੀ ਦਾ 300-400 ਮਿਲਦਾ ਹੈ ਪਰ ਉਹ ਇਕ ਪੈਸਾ ਵੀ ਕਦੇ ਨਸ਼ੇ ਤੇ ਨਹੀਂ ਖ਼ਰਚ ਕਰਦੇ | ਪਰ ਪੰਜਾਬ ਦੀ ਮੁੰਡੀਰ ਇਕ ਦੂਜੇ ਦੇ ਪਿੱਛੇ ਲੱਗ ਕੇ ਨਸ਼ੇ ਕਰਦੀ ਹੈ ਤੇ ਅਪਣੀਆਂ ਮਾਵਾਂ ਤਕ ਨੂੰ  ਮਾਰ ਕੇ ਨਸ਼ਾ ਖ਼ਰੀਦਦੀ ਹੈ | ਨਸ਼ੇ ਪੰਜਾਬ ਵਿਚ ਵਿਕਦੇ ਹਨ ਕਿਉਂਕਿ ਇਥੇ ਨਸ਼ੇ ਦੀ ਮੰਗ ਹੈ | 

ਅਜਿਹਾ ਕਿਉਂ ਹੈ? ਨੌਕਰੀਆਂ ਕਰਨ ਵਾਲੇ ਵੀ ਨਸ਼ਾ ਕਰਦੇ ਹਨ ਤੇ ਬੇਰੁਜ਼ਗਾਰ ਵੀ | ਸੋ ਕੁੱਝ ਹਜ਼ਾਰ ਨੌਕਰੀਆਂ ਵਧਾਉਣ ਨਾਲ ਲੱਖਾਂ ਲੋਕ ਨਸ਼ੇ ਤੋਂ ਨਹੀਂ ਹਟ ਸਕਦੇ | ਕੀ ਪੰਜਾਬ ਦੇ ਨੌਜਵਾਨ ਵਿਚ ਕੋਈ ਕਮੀ ਹੈ ਕਿ ਅੱਜ ਅਪਣੇ ਹੀ ਖੇਤਾਂ ਵਿਚ ਕੰਮ ਕਰਨ ਦੀ ਬਜਾਏ ਨਸ਼ਾ ਕਰਨਾ ਪਸੰਦ ਕਰਦਾ ਹੈ? ਨਸ਼ਾ ਕਰਨ ਦਾ ਕਾਰਨ ਸਿਰਫ਼ ਨਸ਼ੇ ਦਾ, ਸੌਖਿਆਂ ਮਿਲ ਜਾਣਾ ਹੀ ਨਹੀਂ ਹੋ ਸਕਦਾ |

ਉਸ ਦਾ ਕਾਰਨ ਅੱਜ ਪੰਜਾਬ ਦੇ ਨੌਜਵਾਨਾਂ ਦੇ ਦਿਲਾਂ 'ਚੋਂ ਲੱਭਣਾ ਪਵੇਗਾ | ਅੱਜ ਸਰਕਾਰ, ਮੀਡੀਆ, ਪੁਲਿਸ ਪ੍ਰਸ਼ਾਸਨ ਸਮਾਜ ਦਾ ਹਰ ਇਨਸਾਨ ਨੌਜਵਾਨਾਂ ਦੀ ਮਦਦ ਵਾਸਤੇ ਖੜਾ ਹੈ ਪਰ ਅੱਜ ਨੌਜਵਾਨਾਂ ਨੂੰ  ਟਟੋਲ ਕੇ ਸਾਨੂੰ ਵੀ ਸਮਝਣਾ ਪਵੇਗਾ ਕਿ ਉਨ੍ਹਾਂ ਨੂੰ  ਨਸ਼ੇ ਦਾ ਸਹਾਰਾ ਕਿਉਂ ਲੈਣਾ ਪੈ ਰਿਹਾ ਹੈ? ਉਹ ਕਿਹੜੀ ਅਸਲੀਅਤ ਤੋਂ ਦੌੜ ਕੇ ਇਸ ਨਸ਼ੇ ਦੀ ਦੁਨੀਆਂ ਵਲ ਦੌੜ ਰਹੇ ਹਨ?

-ਨਿਮਰਤ ਕੌਰ