'ਸਪੋਕਸਮੈਨ' ਇਕੱਲਾ ਹੀ ਸੱਚ ਦਾ ਝੰਡਾਬਰਦਾਰ ਬਣਿਆ ਚਲਿਆ ਆ ਰਿਹਾ ਹੈ ਭਾਵੇਂ ਕਿ...

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਸਰਦਾਰ ਜੋਗਿੰਦਰ ਸਿੰਘ ਬਾਨੀ ਸੰਪਾਦਕ 'ਰੋਜ਼ਾਨਾ ਸਪੋਕਸਮੈਨ' ਦੀਆਂ ਲਿਖਤਾਂ ਪੜ੍ਹ ਕੇ ਕੁੱਝ ਸ਼ਬਦ ਅਕਸਰ ਪੜ੍ਹੇ ਸੁਣੇ ਜਾਂਦੇ ਹਨ ਕਿ 'ਬੰਦਿਆ ਏਨਾ ਸੱਚ ਨਾ ਬੋਲ ਕਿ...

Rozana Spokesman

ਸਰਦਾਰ ਜੋਗਿੰਦਰ ਸਿੰਘ ਬਾਨੀ ਸੰਪਾਦਕ 'ਰੋਜ਼ਾਨਾ ਸਪੋਕਸਮੈਨ' ਦੀਆਂ ਲਿਖਤਾਂ ਪੜ੍ਹ ਕੇ ਕੁੱਝ ਸ਼ਬਦ ਅਕਸਰ ਪੜ੍ਹੇ ਸੁਣੇ ਜਾਂਦੇ ਹਨ ਕਿ 'ਬੰਦਿਆ ਏਨਾ ਸੱਚ ਨਾ ਬੋਲ ਕਿ ਤੂੰ ਇਕੱਲਾ ਹੀ ਰਹਿ ਜਾਵੇਂ' ਪਰ ਇਸ 'ਸੱਚਾਈ' ਦਾ ਔਲੇ ਦੇ, ਖਾਧੇ ਵਾਂਗ, ਹਮੇਸ਼ਾ ਅਸਰ ਬਾਅਦ ਵਿਚ ਹੀ ਦਿਸਦਾ ਹੈ। ਜੋ ਕੁੱਝ ਸਰਦਾਰ ਜੋਗਿੰਦਰ ਸਿੰਘ ਜੀ ਨੇ ਕਰ ਵਿਖਾਇਆ ਹੈ, ਉਸ ਦਾ ਝਲਕਾਰਾ 'ਸਪੋਕਸਮੈਨ' ਪੜ੍ਹ ਕੇ ਮਿਲਦਾ ਹੈ। ਅੱਜ ਵੀ ਦੁਨੀਆਂ ਵਿਚ ਵਾਪਰ ਰਹੇ ਸਿਆਸੀ ਤੇ ਸਮਾਜਕ ਉਥਲ-ਪੁਥਲ ਦੀ ਸਚਾਈ ਜਾਣਨ ਵਾਸਤੇ ਇਕੱਲਾ 'ਰੋਜ਼ਾਨਾ ਸਪੋਕਸਮੈਨ' ਹੀ ਹੈ ਅਤੇ ਇਸ ਦੀ ਪਛਾਣ ਤੇ ਕਦਰ ਇਸ ਦੇ ਇਕੱਲੇਪਣ ਕਰ ਕੇ ਹੋਰ ਵੀ ਜ਼ਿਆਦਾ ਹੈ।

ਮੀਡੀਆ ਦੇ ਕਈ ਅੰਗ ਚੋਣਾਂ ਤੋਂ ਕੁੱਝ ਸਮਾਂ ਪਹਿਲਾਂ ਸਾਰੀਆਂ ਪਾਰਟੀਆਂ ਦੇ ਬੜੇ ਪਰਦੇ ਉਧੇੜਦੇ ਹਨ, ਪਰ ਸਮਾਂ ਆਉਣ ਤੇ ਇਕਦਮ ਇਕਤਰਫ਼ਾ ਪ੍ਰਚਾਰ ਕਰਨ ਤੇ ਆ ਜਾਂਦੇ ਹਨ ਜਿਸ ਨੂੰ ਅਸੀ ਕੋਈ ਲਾਹਾ ਲੈਣਾ ਹੀ ਕਹਿ ਸਕਦੇ ਹਾਂ ਕਿਉਂਕਿ ਪਿਛਲੀਆਂ ਚੋਣਾਂ ਵਿਚ ਵੀ ਲੋਕ ਸੱਚਾਈ ਜਾਣਨ ਵਾਸਤੇ ਸਿਰਫ਼ ਰੋਜ਼ਾਨਾ ਸਪੋਕਸਮੈਨ ਅਖ਼ਬਾਰ ਤੇ ਇਕ ਚੈਨਲ ਹੀ ਵੇਖਦੇ ਸੀ ਜਿਵੇਂ ਕਿ ਹੁਣ ਵੀ ਹੈ। ਪਰ ਕੁੱਝ ਸਮੇਂ ਬਾਅਦ ਸਿਆਸੀ ਦਲਦਲ ਵਿਚ ਵੜ ਕੇ ਉਸ ਚੈਨਲ ਨੇ ਅਪਣੀ ਸਚਾਈ ਵਾਲੀ ਬਣੀ ਵਖਰੀ ਪਛਾਣ ਹੀ ਗਵਾ ਲਈ। 

'ਰੋਜ਼ਾਨਾ ਸਪੋਕਸਮੈਨ' ਦੀਆਂ ਸੰਪਾਦਕੀਆਂ ਅਤੇ ਹੋਰ ਬੁਧੀਜੀਵੀਆਂ ਦੇ ਲੇਖ ਪੜ੍ਹਦਿਆਂ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਬੀਬਾ ਨਿਮਰਤ ਕੌਰ ਨੇ ਇਸ ਸੱਚ ਦੇ ਰਸਤੇ ਉੱਤੇ ਚੱਲਣ ਵਿਚ ਅਪਣੇ ਪਿਤਾ ਨੂੰ ਆਈਆਂ ਮੁਸ਼ਕਲਾਂ ਦਾ ਪਹਿਲਾਂ ਹੀ ਪਤਾ ਹੋਣ ਕਰ ਕੇ ਉਸ ਤੋਂ ਵੀ ਵੱਧ ਮਜ਼ਬੂਤੀ ਨਾਲ ਚਲਣਾ ਸ਼ੁਰੂ ਕੀਤਾ ਹੋਇਆ ਹੈ। ਇਹ ਸਰਦਾਰ ਜੋਗਿੰਦਰ ਸਿੰਘ, ਭੈਣ ਜਗਜੀਤ ਕੌਰ ਜੀ ਅਤੇ ਬੀਬਾ ਨਿਮਰਤ ਕੌਰ ਦੀਆਂ ਸ਼ਖ਼ਸੀਅਤਾਂ ਦਾ ਸੁਮੇਲ ਵੀ ਲੋਕਾਂ ਵਾਸਤੇ ਪ੍ਰਮਾਤਮਾ ਦੀ ਇਕ ਰਹਿਮਤ ਹੈ, ਜੋ ਰਾਜਸੀ ਤੇ ਸਮਾਜਕ ਭ੍ਰਿਸ਼ਟਾਚਾਰੀ ਤਾਣੇ-ਬਾਣੇ ਨੂੰ ਲੋਕਾਂ ਵਿਚ ਨੰਗਿਆਂ ਕਰ ਕੇ ਤੇ ਸੁਚੇਤ ਕਰ ਕੇ ਅਪਣਾ ਬਚਾਅ ਕਰਨ ਲਈ ਪ੍ਰੇਰਣਾ ਦੇ ਰਿਹਾ ਹੈ।

ਇਨ੍ਹਾਂ ਨੇ ਅਪਣੀ ਕਾਬਲੀਅਤ ਨਾਲ ਅਖ਼ਬਾਰ 'ਰੋਜ਼ਾਨਾ ਸਪੋਕਸਮੈਨ' ਨੂੰ ਵੀ ਜਨਤਾ ਸਾਹਮਣੇ ਇਕ ਚੰਗੀ ਸ਼ਖ਼ਸੀਅਤ ਦੇ ਤੌਰ ਉਤੇ ਖੜਾ ਕਰ ਦਿਤਾ ਹੈ। ਇਸ ਤੋਂ ਇਲਾਵਾ ਜੋ 'ਉੱਚਾ ਦਰ ਬਾਬੇ ਨਾਨਕ ਦਾ' ਦੁਨੀਆਂ ਸਾਹਮਣੇ ਇਕ ਅਜੂਬਾ ਖੜਾ ਕੀਤਾ ਹੈ, ਉਸ ਦੀ ਸਿਫ਼ਤ ਵਿਚ ਜਿੰਨੇ ਵੀ ਸ਼ਬਦ ਵਰਤੇ ਜਾਣ, ਥੋੜੇ ਹਨ। 'ਰੋਜ਼ਾਨਾ ਸਪੋਕਸਮੈਨ' ਅਖ਼ਬਾਰ ਦੀ ਸ਼ਖ਼ਸੀਅਤ ਵਿਚ ਨਿਖਾਰ ਲਿਆਉਣ ਵਾਸਤੇ ਬਹੁਤ ਸਾਰੇ ਬੁਧੀਜੀਵੀਆਂ ਦੀਆਂ ਲਿਖਤਾਂ ਦਾ ਯੋਗਦਾਨ ਵੀ ਸਲਾਹੁਣਯੋਗ ਹੈ ਤੇ ਇਹ ਵੀ ਇਕ ਸੱਚਾਈ ਹੈ ਜੋ ਕੁੱਝ ਸਮਾਂ ਪਹਿਲਾਂ ਇਕ ਮਿੱਤਰ ਨੇ ਪਟਿਆਲਾ ਤੋਂ 'ਰੋਜ਼ਾਨਾ ਸਪੋਕਸਮੈਨ' ਅਖ਼ਬਾਰ ਖ਼ਰੀਦਣ ਵਾਸਤੇ ਜ਼ਿਕਰ ਕੀਤਾ ਸੀ ਕਿ ਕਿਸ ਤਰ੍ਹਾਂ ਇਹ ਸਿਰਫ਼ ਖ਼ਬਰਾਂ ਪੜ੍ਹਨ ਵਾਸਤੇ ਨਹੀਂ ਬਲਕਿ ਜ਼ਿਆਦਾਤਰ ਤਾਂ ਸੰਪਾਦਕੀਆਂ ਤੇ ਬੁਧੀਜੀਵੀਆਂ ਦੇ ਲੇਖ ਪੜ੍ਹਨ ਤੇ ਉੱਚੇ ਸੁੱਚੇ ਵਿਚਾਰ ਜਾਣਨ ਵਾਸਤੇ ਖ਼ਰੀਦਿਆ ਜਾਂਦਾ ਹੈ। 
- ਕਸ਼ਮੀਰ ਸਿੰਘ, ਧਰਮਕੋਟ, ਜ਼ਿਲ੍ਹਾ ਮੋਗਾ,   ਸੰਪਰਕ : 94655-02255