ਭਾਰਤੀ ਪਾਰਲੀਮੈਂਟ ਦੀ 'ਸ੍ਰੀ ਗਣੇਸ਼' ਤੇ 'ਸੈਕੁਲਰਿਜ਼ਮ' ਨੂੰ ਪਾਰਲੀਮੈਂਟ ਵਿਚ ਅਲਵਿਦਾ!
17ਵੀਂ ਲੋਕ ਸਭਾ ਦਾ 'ਸ੍ਰੀ ਗਣੇਸ਼' ਹੋ ਗਿਆ ਹੈ¸'ਰਾਧੇ ਰਾਧੇ, ਭਾਰਤ ਮਾਤਾ ਕੀ ਜੈ' ਵਰਗੇ ਜੈਕਾਰਿਆਂ ਨਾਲ। ਇਸ ਤੋਂ ਪਹਿਲਾਂ ਇਸ 'ਸੈਕੂਲਰ' ਪਾਰਲੀਮੈਂਟ ਦਾ ਆਗਾਜ਼ ਇਸ...
17ਵੀਂ ਲੋਕ ਸਭਾ ਦਾ 'ਸ੍ਰੀ ਗਣੇਸ਼' ਹੋ ਗਿਆ ਹੈ¸'ਰਾਧੇ ਰਾਧੇ, ਭਾਰਤ ਮਾਤਾ ਕੀ ਜੈ' ਵਰਗੇ ਜੈਕਾਰਿਆਂ ਨਾਲ। ਇਸ ਤੋਂ ਪਹਿਲਾਂ ਇਸ 'ਸੈਕੂਲਰ' ਪਾਰਲੀਮੈਂਟ ਦਾ ਆਗਾਜ਼ ਇਸ ਤਰ੍ਹਾਂ ਕਦੇ ਨਹੀਂ ਸੀ ਹੋਇਆ। ਸੈਕੂਲਰਿਜ਼ਮ ਮਾਤ ਖਾ ਗਿਆ ਹੈ, ਧਾਰਮਕ ਵੰਡੀਆਂ ਪਾਉਣ ਵਾਲੇ ਨਾਹਰੇ ਫਿਰ ਤੋਂ ਗੂੰਜਣ ਲੱਗੇ ਹਨ। ਸਰਕਾਰ ਤੋਂ ਉਮੀਦ ਸੀ ਕਿ ਉਹ ਅਪਣੇ ਚੋਣ ਪ੍ਰਚਾਰ ਨੂੰ ਭੁਲਾ ਕੇ ਦੇਸ਼ ਦੀ ਹਰ ਪਲ ਡਿਗਦੀ ਆਰਥਕ ਸਥਿਤੀ ਨੂੰ ਠੀਕ ਕਰਨ ਵਲ ਜੁਟ ਜਾਵੇਗਾ। ਪ੍ਰਧਾਨ ਮੰਤਰੀ ਵਲੋਂ ਵਿਰੋਧੀ ਧਿਰ ਨੂੰ ਦੇਸ਼ ਵਾਸਤੇ ਇਕੱਠੇ ਹੋ ਕੇ ਕੰਮ ਕਰਨ ਦੇ ਸੱਦੇ ਨਾਲ ਐਨ.ਡੀ.ਏ.-2 ਦੀ ਸ਼ੁਰੂਆਤ ਹੋਈ।
ਪਰ ਜਦੋਂ ਸੰਸਦ ਵਿਚ ਸਹੁੰਆਂ ਚੁੱਕਣ ਦੇ ਬਹਾਨੇ ਧਰਮ ਦੇ ਨਾਂ ਤੇ ਇਕ-ਦੂਜੇ ਨੂੰ ਲਲਕਾਰਿਆ ਗਿਆ, ਸਾਫ਼ ਸੀ ਕਿ ਪ੍ਰਧਾਨ ਮੰਤਰੀ ਦਾ ਸੰਦੇਸ਼ ਵਿਰੋਧੀ ਧਿਰ ਨੇ ਤਾਂ ਨਜ਼ਰਅੰਦਾਜ਼ ਕੀਤਾ ਹੀ ਬਲਕਿ ਉਨ੍ਹਾਂ ਦੀ ਅਪਣੀ ਪਾਰਟੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁਧ ਖੁਲ੍ਹੇਆਮ ਬਗ਼ਾਵਤ ਕੀਤੀ। ਲੋਕ ਸਭਾ, ਲੋਕਤੰਤਰ ਦਾ ਪਵਿੱਤਰ ਮੰਦਰ ਹੈ ਅਤੇ ਇਹ ਸਥਾਨ ਸਾਰੀਆਂ ਪਾਰਟੀਆਂ ਵਲੋਂ ਅਪਣੇ-ਅਪਣੇ ਧਰਮ ਦੇ ਜੈਕਾਰੇ, ਅਪਣੇ ਧਰਮ ਪ੍ਰਤੀ ਪ੍ਰੇਮ ਕਾਰਨ ਨਹੀਂ ਬਲਕਿ ਇਕ-ਦੂਜੇ ਨੂੰ ਨੀਵਾਂ ਵਿਖਾਉਣ ਲਈ ਸਜਾਏ ਗਏ। ਜਿਥੇ ਨਰਿੰਦਰ ਮੋਦੀ ਘੱਟਗਿਣਤੀਆਂ ਨੂੰ ਇਸ ਸਰਕਾਰ ਦਾ ਹਿੱਸਾ ਮਹਿਸੂਸ ਕਰਵਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਸਨ, ਉਥੇ ਹੀ 'ਜੈ ਸ੍ਰੀ ਰਾਮ' ਦੇ ਨਾਹਰੇ ਨੂੰ ਅਪਣੀ ਤਾਕਤ ਦਾ ਅਹਿਸਾਸ ਕਰਵਾਉਣ ਲਈ ਵਰਤਿਆ ਗਿਆ।
ਇਹ ਪਹਿਲੀ ਵਾਰੀ ਹੋਇਆ ਹੋਵੇਗਾ ਕਿ ਅੱਲਾਹ, ਸ੍ਰੀ ਰਾਮ ਦੇ ਨਾਹਰੇ ਲਾਉਂਦਿਆਂ ਲਾਉਂਦਿਆਂ ਇਕ ਮੁਸਲਮਾਨ ਸੰਸਦ ਮੈਂਬਰ ਏਨਾ ਘਬਰਾ ਗਿਆ ਕਿ ਉਨ੍ਹਾਂ ਨੂੰ ਇਹ ਆਖਣਾ ਪਿਆ ਕਿ ਵੰਦੇ ਮਾਤਰਮ ਬੋਲਣਾ ਉਨ੍ਹਾਂ ਦੇ ਧਰਮ ਵਿਰੁਧ ਹੈ। ਵਿਚੋਂ 'ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ' ਦਾ ਜੈਕਾਰਾ ਵੀ ਸੁਣਨ ਨੂੰ ਮਿਲ ਗਿਆ ਕਿਉਂਕਿ ਬਾਦਲ ਅਕਾਲੀ ਦਲ ਨੂੰ ਹੁਣ ਪੰਥ ਦੀ ਲੋੜ ਪੈ ਰਹੀ ਹੈ। ਇਹ ਧਾਰਮਕ ਨਾਹਰੇ ਹੁਣ ਸਿਆਸਤ ਦੇ ਹਥਿਆਰ ਬਣ ਚੁੱਕੇ ਹਨ ਜਿਨ੍ਹਾਂ ਦਾ ਹਕੀਕਤ ਨਾਲ ਕੋਈ ਸਬੰਧ ਨਹੀਂ।
ਜੇ ਅਕਾਲੀ ਲੀਡਰਾਂ ਅੰਦਰ ਸਚਮੁਚ ਦਾ ਪੰਥ ਪ੍ਰੇਮ ਉਬਾਲੇ ਖਾ ਰਿਹਾ ਹੁੰਦਾ ਤਾਂ ਭਾਜਪਾ ਸਰਕਾਰ (ਜਿਸ ਹੇਠ ਦਿੱਲੀ ਪੁਲਿਸ ਕੰਮ ਕਰਦੀ ਹੈ) ਵਿਰੁਧ ਇਕ ਸਖ਼ਤ ਬਿਆਨ ਹੀ ਦੇ ਦਿੰਦੇ ਤੇ ਇਕ ਆਮ ਸਿੱਖ ਦੇ ਨਾਲ ਖੜੇ ਹੋ ਜਾਂਦੇ। ਇਸੇ ਤਰ੍ਹਾਂ ਬਾਕੀ ਸਾਰੇ ਵੀ ਨਾ ਰਾਮ ਨਾਲ ਪਿਆਰ ਕਰਦੇ ਹਨ ਅਤੇ ਨਾ ਕਿਸੇ ਇਨਕਲਾਬ ਨੂੰ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ। ਪ੍ਰਗਿਆ ਠਾਕੁਰ ਨੇ ਵੀ ਅਪਣੀ ਸ਼ੁਰੂਆਤ ਅਪਣੇ ਗੁਰੂ ਦੇ ਨਾਂ ਨਾਲ ਕੀਤੀ ਨਾਕਿ ਸੰਵਿਧਾਨ ਪ੍ਰਤੀ ਸਤਿਕਾਰ ਨਾਲ। ਹੇਮਾ ਮਾਲਿਨੀ ਨੇ ਲੋਕ ਸਭਾ ਵਿਚ ਦਾਖ਼ਲਾ 'ਰਾਧੇ ਰਾਧੇ' ਕਹਿ ਕੇ ਕੀਤਾ।
ਕਾਂਗਰਸ ਨੇ ਸਾਰੀ ਕਾਰਵਾਈ ਦੌਰਾਨ ਚੁੱਪੀ ਧਾਰਨ ਕਰਨ ਦਾ ਫ਼ੈਸਲਾ ਕੀਤਾ ਕਿਉਂਕਿ ਉਹ ਸਮਝ ਗਏ ਹਨ ਕਿ ਇਹ ਜਨਤਾ ਦਾ ਫ਼ੈਸਲਾ ਹੈ ਤੇ ਜਨਤਾ ਨੇ ਇਸ ਵਾਰ ਧਰਮਾਂ ਨੂੰ ਵੋਟਾਂ ਪਾਈਆਂ ਹਨ, ਪਾਰਟੀਆਂ ਜਾਂ ਸੈਕੁਲਰ ਸੰਵਿਧਾਨ ਨੂੰ ਨਹੀਂ ਪਾਈਆਂ। ਇਨ੍ਹਾਂ ਸਾਰਿਆਂ ਦੀ ਸੋਚ ਵੇਖ ਕੇ ਸਵਾਲ ਉਠਦਾ ਹੈ ਕਿ ਨਰਿੰਦਰ ਮੋਦੀ ਜਿਸ ਵਿਕਾਸ ਦੀ ਤਾਕ ਵਿਚ ਹਨ, ਉਹ ਸੁਪਨਾ ਇਹ ਸੰਸਦ ਮੈਂਬਰ ਕਿਸ ਤਰ੍ਹਾਂ ਪੂਰਾ ਕਰਨਗੇ? ਚੋਣਾਂ ਤਾਂ ਇਨ੍ਹਾਂ ਦੀ ਇਸ ਫ਼ੌਜ ਨੇ ਜਿੱਤ ਲਈਆਂ ਪਰ ਸੰਵਿਧਾਨ ਹੇਠ ਰਹਿ ਕੇ ਕੰਮ ਕਰਨਾ ਅਤੇ ਰਾਜ-ਪ੍ਰਬੰਧ ਤੇ ਪਕੜ ਕਿਸ ਤਰ੍ਹਾਂ ਵਿਖਾ ਸਕਣਗੇ। -ਨਿਮਰਤ ਕੌਰ