ਸਿੱਖ ਰੈਫ਼ਰੈਂਸ ਦਾ ਖ਼ਜ਼ਾਨਾ¸ ਦੋਸ਼ੀ ਹੀ ਅਪਣੇ 'ਦੋਸ਼ਾਂ' ਦੀ ਜਾਂਚ ਕਰਨਗੇ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦੇ ਅਣਮੁੱਲੇ ਖ਼ਜ਼ਾਨੇ 'ਚੋਂ ਵੱਡਾ ਹਿੱਸਾ (ਜੋ ਮੜੇ ਜਾਣ ਵਾਲਾ ਸੀ) ਫ਼ੌਜ ਵਲੋਂ ਮੋੜੇ ਜਾਣ ਬਾਰੇ ਸ਼ੰਕਾਵਾਂ ਦੇ ਮਾਮਲੇ ਦੀ ਜਾਂਚ ਲਈ ਸ਼੍ਰੋਮਣੀ...

Sikh Reference Library

ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦੇ ਅਣਮੁੱਲੇ ਖ਼ਜ਼ਾਨੇ 'ਚੋਂ ਵੱਡਾ ਹਿੱਸਾ (ਜੋ ਮੜੇ ਜਾਣ ਵਾਲਾ ਸੀ) ਫ਼ੌਜ ਵਲੋਂ ਮੋੜੇ ਜਾਣ ਬਾਰੇ ਸ਼ੰਕਾਵਾਂ ਦੇ ਮਾਮਲੇ ਦੀ ਜਾਂਚ ਲਈ ਸ਼੍ਰੋਮਣੀ ਕਮੇਟੀ ਵਲੋਂ ਪੰਜ ਮੈਂਬਰੀ ਵਿਸ਼ੇਸ਼ 'ਪਾਵਰ' ਕਮੇਟੀ ਬਣਾਈ ਗਈ ਹੈ। ਉਸ ਪੰਜ ਮੈਂਬਰੀ ਕਮੇਟੀ 'ਚ ਦੋ ਸਾਬਕਾ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ, ਸ. ਕਿਰਪਾਲ ਸਿੰਘ ਬਡੂੰਗਰ, ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਸ. ਰੂਪ ਸਿਘ, ਸ. ਦਲਮੇਘ ਸਿੰਘ, ਸਾਬਕਾ ਸ਼੍ਰੋਮਣੀ ਕਮੇਟੀ ਸਕੱਤਰ ਅਤੇ ਇਕ ਗੁਰੂ ਨਾਨਕ ਦੇਵ ਯੂਨੀਵਰਸਟੀ ਦੇ ਪ੍ਰੋਫ਼ੈਸਰ ਹਨ। ਇਨ੍ਹਾਂ 'ਚੋਂ ਚਾਰ ਜਣੇ ਪਿਛਲੇ 35 ਸਾਲਾਂ ਵਿਚ ਸ਼੍ਰੋਮਣੀ ਕਮੇਟੀ ਦੇ ਤਾਕਤਵਰ ਅਹੁਦਿਆਂ ਤੇ ਰਹੇ ਹਨ ਤੇ ਸ਼੍ਰੋਮਣੀ ਕਮੇਟੀ ਵਿਚ ਇਕ ਖ਼ਾਸ ਰੁਤਬਾ ਮਾਣਦੇ ਹਨ। ਇਹ ਲੋਕ 'ਪਾਵਰ' ਦੇ ਪ੍ਰਤੀਕ ਹਨ ਪਰ ਕੀ ਇਹ ਤਾਕਤ ਸੱਚ ਵਾਸਤੇ ਜੁਟਾਈ ਜਾ ਸਕਦੀ ਹੈ?

ਸਿੱਖ ਰੈਫ਼ਰੈਂਸ ਲਾਇਬ੍ਰੇਰੀ ਨੂੰ ਫ਼ੌਜ ਵਲੋਂ ਮੋੜੇ ਗਏ ਇਤਿਹਾਸਕ ਗ੍ਰੰਥਾਂ ਬਾਰੇ ਅੱਜ ਤਕ ਇਹ ਦਸਿਆ ਜਾ ਰਿਹਾ ਸੀ ਕਿ ਫ਼ੌਜ ਨੇ ਇਕ ਵੀ ਗ੍ਰੰਥ ਵਾਪਸ ਨਹੀਂ ਕੀਤਾ। ਸ਼੍ਰੋਮਣੀ ਕਮੇਟੀ ਵਲੋਂ ਕਦੇ ਨਹੀਂ ਆਖਿਆ ਗਿਆ ਕਿ ਕੁਝ ਸਮਾਨ ਵਾਪਸ ਆ ਚੁੱਕਾ ਹੈ ਅਤੇ ਨਾ ਇਸ ਦੇ ਵਾਪਸ ਆਉਣ ਦੀ ਖ਼ੁਸ਼ੀ ਕਿਸੇ ਵੀ ਆਮ ਸਿੱਖ ਨਾਲ ਸਾਂਝੀ ਕੀਤੀ ਗਈ ਸਗੋਂ 6 ਜੂਨ, 2019 ਨੂੰ ਸ. ਸੁਖਬੀਰ ਸਿੰਘ ਬਾਦਲ, ਕੇਂਦਰੀ ਗ੍ਰਹਿ ਮੰਤਰੀ ਕੋਲ ਇਸ ਇਤਿਹਾਸਕ ਖ਼ਜ਼ਾਨੇ ਨੂੰ ਮੰਗਣ ਲਈ ਗਏ ਸਨ ਅਤੇ ਜੇ ਰੋਜ਼ਾਨਾ ਸਪੋਕਸਮੈਨ ਦੇ ਪੱਤਰਕਾਰ ਚਰਨਜੀਤ ਸਿੰਘ ਦੇ ਹੱਥ ਫ਼ੌਜ ਵਲੋਂ ਸ਼੍ਰੋਮਣੀ ਕਮੇਟੀ ਨੂੰ ਸਮਾਨ ਵਾਪਸ ਕਰਨ ਵਾਲੇ ਕਾਗ਼ਜ਼ ਹੱਥ ਨਾ ਲਗਦੇ ਤਾਂ ਅੱਜ ਵੀ ਇਹੀ ਮੰਨਿਆ ਜਾਂਦਾ ਕਿ ਫ਼ੌਜ ਨੇ ਇਕ ਵੀ ਇਤਿਹਾਸਕ ਗ੍ਰੰਥ ਵਾਪਸ ਨਹੀਂ ਮੋੜਿਆ।

ਇਸ ਵਿਚ ਗ਼ਲਤੀ ਉਨ੍ਹਾਂ ਸਾਰੇ ਸ਼੍ਰੋਮਣੀ ਕਮੇਟੀ ਪ੍ਰਧਾਨਾਂ ਅਤੇ ਸਕੱਤਰਾਂ ਦੀ ਹੈ ਜੋ 1984-2019 ਤਕ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦੀ ਸੰਭਾਲ ਦੇ ਜ਼ਿੰਮੇਵਾਰ ਸਨ ਅਤੇ ਜੋ ਲੋਕ ਇਸ ਲਾਪ੍ਰਵਾਹੀ ਲਈ ਜ਼ਿੰਮੇਵਾਰ ਹਨ, ਉਹ ਅਪਣੇ ਬਾਰੇ ਜਾਂਚ ਕਿਸ ਤਰ੍ਹਾਂ ਕਰ ਸਕਦੇ ਹਨ? ਇਨ੍ਹਾਂ 'ਚੋਂ ਦੋ ਤਾਂ ਸਪੋਕਸਮੈਨ ਅਖ਼ਬਾਰ ਵਿਰੁਧ ਮਤਾ ਪਾਸ ਕਰ ਕੇ ਪੱਤਰਕਾਰੀ ਦੀ ਆਜ਼ਾਦੀ ਨੂੰ ਖ਼ਤਮ ਕਰਨਾ ਚਾਹੁੰਦੇ ਰਹੇ ਹਨ। ਫਿਰ ਉਹ ਲੋਕ ਇਸ ਜਾਂਚ ਸਦਕਾ ਸਪੋਕਸਮੈਨ ਉਤੇ ਵਾਰ ਕਰਨ ਦਾ ਮੌਕਾ ਕਿਵੇਂ ਛੱਡਣਗੇ? ਕਸੂਰਵਾਰ ਅਪਣੇ ਕਸੂਰ ਦੀ ਜਾਂਚ ਆਪ ਕਰਨ, ਇਹ ਸ਼੍ਰੋਮਣੀ ਕਮੇਟੀ ਅਤੇ ਬਾਦਲ ਅਕਾਲੀ ਦਲ ਦੀ ਪੁਰਾਣੀ ਰੀਤ ਹੈ ਪਰ ਅੱਜ ਸਵਾਲ ਗੁਰੂਆਂ ਦੇ ਹੱਥਲਿਖਤ ਗ੍ਰੰਥਾਂ ਦਾ ਹੈ, ਸਿੱਖਾਂ ਦੇ ਇਤਿਹਾਸ ਦਾ ਹੈ। ਕੀ ਸਿੱਖ ਪੰਥ ਅੱਜ ਵੀ ਚੁਪ ਰਹੇਗਾ?           -ਨਿਮਰਤ ਕੌਰ