ਭਾਜਪਾ ਪੰਜਾਬ ਵਿਚ ਵੀ 'ਬਾਦਸ਼ਾਹ ਸਲਾਮਤ' ਵਾਲਾ ਸਿੰਘਾਸਨ ਚਾਹੁੰਦੀ ਹੈ ਤਾਂ ਉਸ ਨੂੰ ਪੰਜਾਬ ਨਾਲ....

ਏਜੰਸੀ

ਵਿਚਾਰ, ਸੰਪਾਦਕੀ

ਭਾਜਪਾ ਪੰਜਾਬ ਵਿਚ ਵੀ 'ਬਾਦਸ਼ਾਹ ਸਲਾਮਤ' ਵਾਲਾ ਸਿੰਘਾਸਨ ਚਾਹੁੰਦੀ ਹੈ ਤਾਂ ਉਸ ਨੂੰ ਪੰਜਾਬ ਨਾਲ ਨਿਆਂ ਕਰਨਾ ਪਵੇਗਾ

Sukhbir Singh Badal & Shwait Malik

ਪੰਜਾਬ ਵਿਚ ਭਾਵੇਂ ਇਸ ਤਰ੍ਹਾਂ ਦਾ ਮੀਂਹ ਪਿਛਲੇ 70 ਸਾਲਾਂ ਵਿਚ ਕਦੇ ਨਾ ਪਿਆ ਹੋਵੇ, ਪਰ ਲੋਕਾਂ ਦੇ ਮਨਾਂ ਵਿਚ ਇਹ ਪੱਕਾ ਵਿਸ਼ਵਾਸ ਬਣ ਗਿਆ ਹੈ ਕਿ ਇਸ ਤਰ੍ਹਾਂ ਦਾ ਸਥਾਨਕ ਸਰਕਾਰਾਂ ਦਾ ਨਿਰਮੋਹਿਆ ਪ੍ਰਸ਼ਾਸਨ ਪਿਛਲੇ 70 ਸਾਲਾਂ ਵਿਚ ਕਦੇ ਨਹੀਂ ਰਿਹਾ। ਖੰਨਾ ਵਿਚ ਇਕ ਗ਼ਰੀਬ ਪ੍ਰਵਾਰ ਦੇ ਘਰ ਦੀ ਛੱਤ ਡਿੱਗਣ ਤੇ ਮਾਂ ਨੇ ਅਪਣੇ ਸਰੀਰ ਨੂੰ ਅਪਣੀ ਬੱਚੀ ਵਾਸਤੇ ਢਾਲ ਬਣਾ ਲਿਆ। ਮਾਂ ਨੇ ਅਪਣੀ ਜਾਨ ਦੀ ਕੁਰਬਾਨੀ ਦੇ ਕੇ ਅਪਣੀ ਧੀ ਦੀ ਜਾਨ ਬਚਾਈ ਪਰ ਪ੍ਰਸ਼ਾਸਨ ਨੂੰ ਇਸ ਬੱਚੀ ਦੀ ਸੁਰਤ ਲੈਣ ਵਿਚ 14 ਘੰਟੇ ਲੱਗੇ।

ਪੰਜਾਬ ਅੱਜ ਹੜ੍ਹਾਂ ਦੇ ਪ੍ਰਕੋਪ ਵਿਚ ਰੁੜ੍ਹਦਾ ਜਾ ਰਿਹਾ ਹੈ ਅਤੇ ਇਕ ਗੱਲ ਸਾਫ਼ ਹੁੰਦੀ ਜਾ ਰਹੀ ਹੈ ਕਿ ਪ੍ਰਸ਼ਾਸਨ ਇਸ ਵਾਸਤੇ ਤਿਆਰ ਨਹੀਂ ਸੀ, ਗ਼ਲਤੀ ਭਾਵੇਂ ਨਾਲੀਆਂ ਬਣਾਉਣ ਵਾਲੀਆਂ ਕੰਪਨੀਆਂ ਦੀ ਸੀ ਜਾਂ ਉਸ ਦੀ ਸੰਭਾਲ ਕਰਨ ਵਾਲਿਆਂ ਦੀ। ਇਨ੍ਹਾਂ ਸੱਭ ਤੋਂ ਉਤੇ ਹੁੰਦੀ ਹੈ ਪੰਜਾਬ ਸਰਕਾਰ। ਪੰਜਾਬ, ਦਿੱਲੀ ਵਾਂਗ ਅਧੂਰਾ ਸੂਬਾ ਨਹੀਂ ਜਿਥੇ ਮੁੱਖ ਮੰਤਰੀ ਅਪਣੇ ਹੱਥ ਖੜੇ ਕਰ ਸਕਦਾ ਹੈ। ਥਾਂ ਥਾਂ ਅੱਜ ਵੇਖਿਆ ਜਾ ਰਿਹਾ ਹੈ ਕਿ ਲੋਕ ਅਪਣੇ ਬਚਾਅ ਲਈ ਆਪ ਹੀ ਜੂਝ ਰਹੇ ਹਨ ਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਬਿਆਨ ਆ ਰਹੇ ਹਨ ਕਿ ਅਜੇ ਬਹੁਤਾ ਨੁਕਸਾਨ ਨਹੀਂ ਹੋਇਆ, ਅਗਲੇ ਦੋ ਦਿਨਾਂ ਦੀ ਬਾਰਸ਼ ਮਗਰੋਂ ਹੀ ਪਤਾ ਲੱਗੇਗਾ ਕਿ ਪੂਰਾ ਨੁਕਸਾਨ ਕਿੰਨਾ ਕੁ ਹੁੰਦਾ ਹੈ। ਇਕ ਪਿੰਡ ਵਿਚ ਬੱਚਿਆਂ ਨੂੰ ਹੜ੍ਹਾਂ ਵਿਚ ਰੁੜ੍ਹਨ ਤੋਂ ਬਚਾਉਣ ਲਈ ਲੋਕਾਂ ਨੇ ਇਕ ਮਨੁੱਖੀ ਲੜੀ ਬਣਾ ਕੇ ਹੜ੍ਹ ਦਾ ਮੁਕਾਬਲਾ ਕੀਤਾ। 

ਪੰਜਾਬ ਦਾ ਕੋਨਾ ਕੋਨਾ ਪਾਣੀ ਵਿਚ ਡੁੱਬਾ ਹੋਇਆ ਹੈ। ਲੋਕਾਂ ਦੇ ਘਰ ਗੋਡੇ ਗੋਡੇ ਪਾਣੀ ਵਿਚ ਖੜੇ ਹਨ। ਹਰ ਪਾਸੇ ਤੋਂ ਲੋਕਾਂ ਦੇ ਦੁੱਖ ਅਤੇ ਪ੍ਰੇਸ਼ਾਨੀ ਦੀਆਂ ਤਸਵੀਰਾਂ ਵਿਚ ਪ੍ਰਸ਼ਾਸਨ ਦੀ ਮਦਦ ਪੂਰੀ ਤਰ੍ਹਾਂ ਗ਼ਾਇਬ ਹੈ। ਵਿਰੋਧੀਆਂ ਨੂੰ ਚੰਗਾ ਮੌਕਾ ਮਿਲ ਗਿਆ ਹੈ ਸਰਕਾਰ ਉਤੇ ਨਿਸ਼ਾਨਾ ਲਾਉਣ ਦਾ ਪਰ ਗੱਲ ਸਿਰਫ਼ ਸਿਆਸਤ ਦੀ ਹਾਰ-ਜਿੱਤ ਦੀ ਨਹੀਂ ਬਲਕਿ ਲੋਕਾਂ ਦੀ ਸਹੂਲਤ ਅਤੇ ਸੁਰੱਖਿਆ ਦੀ ਹੈ। ਅੱਜ ਦੀ ਪੰਜਾਬ ਕਾਂਗਰਸ ਸਰਕਾਰ ਵਾਸਤੇ ਇਹ ਹੜ੍ਹ ਸੱਭ ਤੋਂ ਵੱਡੀ ਚੁਨੌਤੀ ਸਾਬਤ ਹੋਣਗੇ। ਹੜ੍ਹਾਂ ਵਿਚ ਸਰਕਾਰ ਦੀ ਕਾਰਗੁਜ਼ਾਰੀ ਜੋ ਵੀ ਰਹੀ ਹੈ, ਉਸ ਵਲ ਵੇਖ ਕੇ ਹਿਸਾਬ ਲਾਇਆ ਜਾ ਸਕਦਾ ਹੈ ਕਿ ਹੜ੍ਹਾਂ ਤੋਂ ਬਾਅਦ ਪੰਜਾਬ ਦੀ ਇਸ ਦੁਬਿਧਾ ਨਾਲ ਜੂਝਣ ਵਿਚ ਸਰਕਾਰ ਕਿੰਨੀ ਪਹਿਲ ਕਰੇਗੀ ਅਤੇ ਕਿੰਨੀ ਸਫ਼ਲ ਸਾਬਤ ਹੋਵੇਗੀ।

ਬਿਲਕੁਲ ਇਸੇ ਤਰ੍ਹਾਂ ਜੰਮੂ-ਕਸ਼ਮੀਰ ਵਿਚ ਹੜ੍ਹਾਂ ਨੇ ਲੋਕਾਂ ਨੂੰ ਉਮਰ ਅਬਦੁੱਲਾ ਤੋਂ ਨਿਰਾਸ਼ ਕਰ ਦਿਤਾ ਸੀ ਅਤੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਤੇ ਵਿਸ਼ਵਾਸ ਕਰ ਕੇ ਉਨ੍ਹਾਂ ਨੂੰ ਜੰਮੂ-ਕਸ਼ਮੀਰ ਦੀ ਵਾਗਡੋਰ ਸੰਭਾਲੀ ਸੀ। ਜਿਸ ਤਰ੍ਹਾਂ ਜੰਮੂ-ਕਸ਼ਮੀਰ ਦੇ ਲੋਕ ਪੀ.ਡੀ.ਪੀ. ਅਤੇ ਨੈਸ਼ਨਲ ਕਾਨਫ਼ਰੰਸ ਤੋਂ ਨਿਰਾਸ਼ ਹੋਏ ਸਨ, ਅੱਜ ਪੰਜਾਬ ਵੀ ਅਕਾਲੀ ਦਲ ਅਤੇ ਕਾਂਗਰਸ ਤੋਂ ਨਿਰਾਸ਼ ਹੋ ਚੁੱਕਾ ਹੈ। ਇਸੇ ਕਰ ਕੇ ਭਾਜਪਾ ਨੇ ਲੰਬੀ ਦਾ ਅਕਾਲੀ ਕਿਲ੍ਹਾ ਫ਼ਤਹਿ ਕਰ ਲਿਆ ਹੈ। ਸ਼ਵੇਤ ਮਲਿਕ 2022 ਦੀ ਤਿਆਰੀ ਵਿਚ ਹਨ ਪਰ ਹੁਣ ਅਪਣੇ ਭਾਈਵਾਲ ਦੇ ਦੋ ਨੰਬਰ ਦੇ ਹਮਸਫ਼ਰ ਨਹੀਂ ਬਣਨਗੇ, ਉਹ ਹੁਣ ਬਾਦਸ਼ਾਹ ਵਾਲਾ ਰੁਤਬਾ ਚਾਹੁੰਦੇ ਹਨ ਤੇ ਅਕਾਲੀਆਂ ਨੂੰ 'ਬਾਦਸ਼ਾਹ ਸਲਾਮਤ' ਕਹਿ ਕੇ ਸੱਦਣ ਵਾਲੇ ਅਦਨਾ ਵਜ਼ੀਰ ਦੀ ਕੁਰਸੀ ਹੀ ਦੇ ਸਕਦੇ ਹਨ ਜਿਵੇਂ ਦਿੱਲੀ ਵਿਚ ਦਿਤੀ ਹੋਈ ਹੈ। 

ਪਰ ਭਾਜਪਾ ਨੂੰ ਵੀ ਵਿਸ਼ਵਾਸ ਦਿਵਾਉਣਾ ਪਵੇਗਾ ਕਿ ਉਹ ਜੰਮੂ-ਕਸ਼ਮੀਰ ਦੀ ਗ਼ਲਤੀ, ਪੰਜਾਬ ਵਿਚ ਨਹੀਂ ਦੁਹਰਾਏਗੀ। ਪੰਜਾਬ ਨੇ ਭਾਰਤ ਤੋਂ ਕਦੇ ਕੋਈ ਧਾਰਾ 370 ਵਰਗੀ ਅੱਡ ਸਹੂਲਤ ਨਹੀਂ ਮੰਗੀ ਪਰ ਪੰਜਾਬ ਦੀਆਂ ਜ਼ਰੂਰਤਾਂ ਦੇਸ਼ ਤੋਂ ਵੱਖ ਹਨ। ਅੱਜ ਜਿਸ ਤਰ੍ਹਾਂ ਪੰਜਾਬ ਹੜ੍ਹਾਂ ਵਿਚ ਰੁੜ੍ਹ ਰਿਹਾ ਹੈ, ਉਸ ਦਾ ਅਸਰ ਰਾਜਸਥਾਨ ਜਾਂ ਹਰਿਆਣਾ ਉਤੇ ਨਹੀਂ ਹੋ ਰਿਹਾ ਕਿਉਂਕਿ ਜਿਸ ਦਰਿਆ ਦੇ ਪਾਣੀ ਦਾ ਹੱਕ ਉਹ ਮੰਗਦੇ ਹਨ, ਉਹ ਦਰਿਆ ਉਨ੍ਹਾਂ ਵਲ ਤਕਦਾ ਵੀ ਨਹੀਂ। ਖਾਣ ਪੀਣ ਨੂੰ ਬਿੱਲੋ ਬਾਂਦਰੀ ਤੇ ਧੌਣ ਭਨਾਉਣ ਨੂੰ ਜੁੰਮਾ!

ਸੋ ਜੇ ਅੱਜ ਭਾਜਪਾ ਪੰਜਾਬ ਵਿਚ ਅਪਣੀ ਹੋਂਦ ਵਧਾਉਣਾ ਚਾਹੁੰਦੀ ਹੈ ਤਾਂ ਉਸ ਨੂੰ ਪੰਜਾਬ ਨਾਲ ਇਨਸਾਫ਼ ਕਰਨਾ ਪਵੇਗਾ। ਪੰਜਾਬ ਦੇ ਪਾਣੀ ਦਾ ਹੱਲ ਪੰਜਾਬ ਦੇ ਕੁਦਰਤੀ ਖ਼ਜ਼ਾਨੇ ਦੀ ਮਾਲਕੀ ਨੂੰ ਸਾਹਮਣੇ ਰੱਖ ਕੇ ਕਰਨਾ ਪਵੇਗਾ। ਪੰਜਾਬ ਦੀ ਰਾਜਧਾਨੀ, ਪੰਜਾਬ ਦੀ ਬੋਲੀ, ਪੰਜਾਬ ਦੇ ਕਿਸਾਨ, ਹਿੰਦੂ ਜਾਂ ਸਿੱਖ ਮੁੱਦੇ ਨਹੀਂ ਹਨ। ਇਹ ਮੁੱਦੇ ਪੰਜਾਬ ਦੇ ਹਨ ਜਿਨ੍ਹਾਂ ਨੂੰ ਸਮਝਣਾ ਪਵੇਗਾ। ਸਵਾਲ ਇਹ ਹੈ ਕਿ ਜੇ ਭਾਜਪਾ ਪੰਜਾਬ ਦੀ ਸਿਆਸਤ ਵਿਚ ਅਕਾਲੀ ਦਲ ਦੇ ਪਰਛਾਵੇਂ ਹੇਠੋਂ ਬਾਹਰ ਨਿਕਲ ਕੇ ਆਉਣਾ ਚਾਹੁੰਦੀ ਹੈ ਤਾਂ ਉਨ੍ਹਾਂ ਨੂੰ ਪੰਜਾਬ ਦੇ ਮੁੱਦਿਆਂ ਉਤੇ ਅਪਣਾ ਪੱਖ ਰੱਖਣ ਵਾਸਤੇ ਹਰਿਆਣਾ ਅਤੇ ਰਾਜਸਥਾਨ ਨੂੰ ਮੁਫ਼ਤ ਦਾ ਮਾਲ ਸਮਝ ਕੇ ਪਾਣੀ ਦੇਣ ਵਾਲੇ ਗ਼ਲਤ ਫ਼ੈਸਲਿਆਂ ਨੂੰ ਰੱਦ ਕਰਨਾ ਪਵੇਗਾ। ਕੀ ਭਾਜਪਾ ਪੰਜਾਬ ਨਾਲ ਨਿਆਂ ਕਰਨ ਨੂੰ ਤਿਆਰ ਹੈ? ਜੇ ਭਾਜਪਾ ਪਾਣੀ ਅਤੇ ਰਾਜਧਾਨੀ ਦੇ ਮੁੱਦੇ ਉਤੇ ਪੰਜਾਬ ਨਾਲ ਨਿਆਂ ਕਰ ਸਕਦੀ ਹੈ ਤਾਂ ਕਾਂਗਰਸ ਅਤੇ ਅਕਾਲੀ ਦਲ ਤੋਂ ਨਿਰਾਸ਼ ਲੋਕ ਭਾਜਪਾ ਦਾ ਸਾਥ ਦੇਣ ਨੂੰ ਤਿਆਰ ਹੋ ਸਕਦੇ ਹਨ।  - ਨਿਮਰਤ ਕੌਰ