ਮੁਨਾਫ਼ੇ ਖ਼ਾਤਰ ਸ਼ੁਰੂ ਕੀਤੇ ਅਦਾਰੇ 'ਫ਼ੇਸਬੁਕ' ਦੀ 'ਨਿਰਪੱਖਤਾ' ਉਤੇ ਏਨਾ ਜ਼ੋਰ ਕਿਉਂ....

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

 ਜਦਕਿ 'ਨਿਰਪੱਖਤਾ' ਹਰ ਖੇਤਰ ਵਿਚ ਖ਼ਤਮ ਹੋ ਚੁੱਕੀ ਹੈ?

Facebook

ਸੋਸ਼ਲ ਮੀਡੀਆ 'ਤੇ ਭਾਜਪਾ ਆਗੂਆਂ ਦੇ ਨਫ਼ਰਤ ਫੈਲਾਉਂਦੇ ਭਾਸ਼ਣਾਂ ਨੂੰ ਨਜ਼ਰ ਅੰਦਾਜ਼ ਕਰਨ 'ਤੇ ਇਕ ਵਿਵਾਦ ਛਿੜਿਆ ਹੋਇਆ ਹੈ। ਇਸ ਸਬੰਧੀ ਫ਼ੇਸਬੁਕ ਉਤੇ ਪੱਖਪਾਤ ਦੇ ਦੋਸ਼ ਲਗਾਏ ਜਾ ਰਹੇ ਹਨ। ਕਾਂਗਰਸ-ਭਾਜਪਾ ਦੇ ਇਸ ਵਿਵਾਦ ਵਿਚ ਕੁੱਝ ਸਵਾਲ ਵੀ ਉਠ ਰਹੇ ਹਨ। ਇਹ ਸਿਆਸੀ ਪਾਰਟੀਆਂ ਅੱਜ ਫੇਸਬੁਕ, ਜੋ ਕਿ ਮੁਨਾਫ਼ੇ ਵਾਸਤੇ ਬਣਾਇਆ ਇਕ ਨਿਜੀ ਅਦਾਰਾ ਹੈ, ਤੋਂ ਨਿਰਪੱਖਤਾ ਦੀ ਆਸ ਰੱਖ ਰਹੀਆਂ ਹਨ ਜਦਕਿ ਸਮਾਜ ਉਨ੍ਹਾਂ ਦੇ ਨਫ਼ਰਤ ਉਗਲਦੇ ਭਾਸ਼ਣਾਂ ਨੂੰ ਨਜ਼ਰ ਅੰਦਾਜ਼ ਕਰ ਰਿਹਾ ਹੈ। ਕਪਿਲ ਮਿਸ਼ਰਾ, ਅਨੁਰਾਗ ਠਾਕੁਰ ਅਤੇ ਪ੍ਰਵੇਸ਼ ਵਰਮਾ ਦਾ ਰੋਲ ਜਗਦੀਸ਼ ਟਾਈਟਲਰ ਤੋਂ ਘੱਟ ਨਹੀਂ ਸੀ ਪਰ 2020 ਵਿਚ ਇਨ੍ਹਾਂ ਦੇ ਕੈਮਰੇ ਵਿਚ ਰਿਕਾਰਡ ਹੋਏ ਭਾਸ਼ਣਾਂ ਦੇ ਬਾਵਜੂਦ ਦਿੱਲੀ ਕਤਲੇਆਮ ਦੀ ਚਾਰਜਸ਼ੀਟ ਵਿਚ ਦਿੱਲੀ ਪੁਲਿਸ ਨੇ ਇਨ੍ਹਾਂ ਦਾ ਜ਼ਿਕਰ ਤਕ ਨਹੀਂ ਕੀਤਾ।

ਜਦ ਦੇਸ਼ ਦੀ ਰਾਜਧਾਨੀ ਵਿਚ ਹੋਏ ਕਤਲੇਆਮ ਵਿਚ ਦਿੱਲੀ ਪੁਲਿਸ ਇਨ੍ਹਾਂ ਭਾਜਪਾ ਆਗੂਆਂ ਨੂੰ ਨਜ਼ਰ ਅੰਦਾਜ਼ ਕਰ ਸਕਦੀ ਹੈ ਤਾਂ ਫ਼ੇਸਬੁਕ ਵਰਗੇ ਅਦਾਰੇ ਤੋਂ ਹੀ ਨਿਰਪੱਖ ਰਹਿਣ ਦੀ ਉਮੀਦ ਕਿਉਂ ਰੱਖੀ ਜਾ ਰਹੀ ਹੈ? ਫ਼ੇਸਬੁਕ ਇਕ ਵਪਾਰਕ ਅਦਾਰਾ ਹੈ, ਜਿਸ ਵਿਚ ਉਹੀ ਕੁੱਝ ਵੇਚਿਆ ਜਾਂਦਾ ਹੈ, ਜੋ ਚਲਦਾ ਹੈ। ਇਸ 'ਤੇ ਉਹੀ ਕੁੱਝ ਵਿਖਾਇਆ ਜਾਂਦਾ ਹੈ ਜਿਸ ਨੂੰ ਲੋਕ ਜ਼ਿਆਦਾ ਵੇਖਣਾ ਪਸੰਦ ਕਰਦੇ ਹਨ। ਜੇਕਰ ਇਥੇ ਜ਼ਿਆਦਾ ਲੋਕ ਜੁੜ ਜਾਂਦੇ ਹਨ  ਤਾਂ ਇਸ਼ਤਿਹਾਰ ਮਿਲ ਜਾਂਦਾ ਹੈ। ਦੂਜੇ ਪਾਸੇ ਫ਼ੇਸਬੁਕ ਪੈਸੇ ਲੈ ਕੇ ਵੀ ਤੁਹਾਡੇ ਇਸ਼ਤਿਹਾਰ ਦਾ ਪ੍ਰਚਾਰ ਕਰਦਾ ਹੈ। ਇਹ ਇਕ ਇਸ਼ਤਿਹਾਰ ਲੈਣ ਦਾ ਜ਼ਰੀਆ ਹੈ ਜਿਸ 'ਤੇ ਕੋਈ ਪਾਬੰਦੀ ਨਹੀਂ, ਸਿਵਾਏ ਨਸ਼ੇ ਦੇ ਇਸ਼ਤਿਹਾਰਾਂ ਦੇ।

ਫ਼ੇਸਬੁਕ ਤੇ ਤਾਂ ਹੁਣ ਜਿਸਮਫ਼ਰੋਸ਼ੀ ਦਾ ਵਪਾਰ ਅਤੇ ਉਸ ਤਰ੍ਹਾਂ ਦੀਆਂ ਫ਼ਿਲਮਾਂ ਵੀ ਚਲ ਰਹੀਆਂ ਹਨ। ਅਸਲ ਮੁੱਦਾ ਭਾਜਪਾ-ਕਾਂਗਰਸ ਦੀ ਲੜਾਈ ਦਾ ਨਹੀਂ। ਇਹ ਸਿਆਸੀ ਪਾਰਟੀਆਂ ਅਪਣੀ ਤਾਕਤ ਨਾਲ ਪੈਸੇ ਹਾਸਲ ਕਰਦੀਆਂ ਹਨ ਤੇ ਉਸ ਪੈਸੇ ਨਾਲ ਅਪਣਾ ਪ੍ਰਚਾਰ ਕਰਦੀਆਂ ਹਨ। ਉਨ੍ਹਾਂ ਦੀ ਜੋ ਵੀ ਸੋਚ ਬਣੀ ਹੁੰਦੀ ਹੈ, ਇਹ ਉਸੇ ਅਨੁਸਾਰ ਪ੍ਰਚਾਰ ਕਰਦੀਆਂ ਹਨ। ਸੱਜੀ ਖੱਬੀ ਜਾਂ ਸੰਤੁਲਿਤ ਸੋਚ ਉਨ੍ਹਾਂ ਦੀ ਗ਼ਲਤੀ ਨਹੀਂ। ਗ਼ਲਤੀ ਤਾਂ ਉਦੋਂ ਹੋਵੇਗੀ ਜੇ ਇਹ ਅਪਣੀ ਸੋਚ ਦਾ ਪ੍ਰਚਾਰ ਸਹੀ ਤਰੀਕੇ ਨਾਲ ਕਰਨ ਤੇ ਵੀ ਹਾਰ ਜਾਣ। ਅੱਜ ਕਾਂਗਰਸ ਇਸ ਕਰ ਕੇ ਪਿਛੇ ਰਹਿ ਗਈ ਹੈ ਕਿਉਂਕਿ ਉਸ ਨੇ ਸੋਸ਼ਲ ਮੀਡੀਆ ਦੀ ਤਾਕਤ ਨਹੀਂ ਸਮਝੀ।
ਪਰ ਇਸ ਵਿਵਾਦ ਵਿਚੋਂ ਇਕ ਵੱਡਾ ਸਵਾਲ ਉਠਦਾ ਹੈ ਕਿ ਸੋਸ਼ਲ ਮੀਡੀਆ ਨੂੰ ਬੇਕਾਬੂ ਹੋ ਕੇ ਕਦ ਤਕ ਚਲਣ ਦਿਤਾ ਜਾਵੇਗਾ?

ਫ਼ੇਸਬੁਕ ਬੋਲਣ ਦੀ ਆਜ਼ਾਦੀ ਨੂੰ ਅਪਣੀ ਢਾਲ ਬਣਾ ਕੇ, ਕਿਸੇ ਨੂੰ ਕੁੱਝ ਵੀ ਕਹਿਣ ਦਾ ਹੱਕ ਦੇ ਰਿਹਾ ਹੈ ਪਰ ਆਜ਼ਾਦ ਲੋਕਤਾਂਤਰਕ ਸੋਚ ਕਦੇ ਸੰਪੂਰਣ ਜ਼ਿੰਮੇਵਾਰੀ ਬਿਨਾਂ ਆਜ਼ਾਦੀ ਨਹੀਂ ਦੇਂਦੀ। ਫ਼ੇਸਬੁਕ, ਵਟੱਸਐਪ, ਟਵਿੱਟਰ ਵਰਗੇ ਅਦਾਰੇ ਆਮ ਇਨਸਾਨ ਨੂੰ ਤਾਕਤ ਜ਼ਰੂਰ ਦਿੰਦੇ ਹਨ। ਪੰਜਾਬ ਵਿਚ ਪੰਜਾਬੀ ਚੈਨਲਾਂ ਨੂੰ ਕਦੇ ਆਜ਼ਾਦੀ ਹੀ ਨਹੀਂ ਸੀ ਕਿ ਉਹ ਸਿਆਸੀ ਸਰਪ੍ਰਸਤੀ ਬਿਨਾਂ ਪੰਜਾਬ ਦੀ ਆਵਾਜ਼ ਬੁਲੰਦ ਕਰ ਸਕਣ। ਸ੍ਰੀ ਦਰਬਾਰ ਸਾਹਿਬ ਤੋਂ ਹੁਕਮਨਾਮੇ ਦੇ ਪ੍ਰਸਾਰਣ ਦਾ ਹੱਕ ਵੀ ਇਕ ਚੈਨਲ ਦੇ ਸਵਾਏ ਕਿਸੇ ਕੋਲ ਨਹੀਂ ਅਤੇ ਕੇਬਲ 'ਤੇ ਵੀ ਇਕ ਸਿਆਸੀ ਪਾਰਟੀ ਦਾ ਹੀ ਕਬਜ਼ਾ ਹੈ। ਫ਼ੇਸਬੁਕ ਅਤੇ ਯੂ-ਟਿਊਬ ਨੇ ਪੰਜਾਬ ਦੀ ਆਵਾਜ਼ ਨੂੰ ਜਗਾ ਦਿਤਾ ਹੈ ਜੋ ਰਵਾਇਤੀ ਮਾਧਿਅਮ ਕਾਬੂ ਕਰੀ ਬੈਠੇ ਸੀ।

ਪਰ ਇਸ ਖੁਲ੍ਹ ਨਾਲ ਕੁੱਝ ਅਜਿਹੇ ਪੱਖ ਵੀ ਨਿਕਲ ਕੇ ਆ ਰਹੇ ਹਨ ਜਿਨ੍ਹਾਂ 'ਤੇ ਲਗਾਮ ਲਾਉਣੀ ਬਣਦੀ ਹੈ ਕਿਉਂਕਿ ਸੋਸ਼ਲ ਮੀਡੀਆ 'ਤੇ ਕੁੱਝ ਵੀ ਵਿਖਾਉਣ ਅਤੇ ਜ਼ਾਹਰ ਕਰਨ ਦੀ ਇਜਾਜ਼ਤ ਹੈ। ਇਥੇ ਕਾਲਾ ਜਾਦੂ, ਅੰਧਵਿਸ਼ਵਾਸ ਖੁਲ੍ਹ ਕੇ ਵਿਕਦਾ ਹੈ। ਅਪਣੇ ਆਪ ਨੂੰ ਪੰਜਾਬ ਦੀ ਆਵਾਜ਼ ਆਖਣ ਵਾਲੇ ਡਿਜੀਟਲ ਚੈਨਲ 'ਚੁੰਮੀ ਵਾਲੀ ਭਾਬੀ' ਨਾਲ ਪ੍ਰੋਗਰਾਮ ਕਰਦੇ ਹਨ, ਕਿਉਂਕਿ ਇਹ ਵਿਕਦਾ ਹੈ ਤੇ ਜੋ ਵਿਕਦਾ ਹੈ, ਉਹ ਵਿਖਾਇਆ ਹੀ ਜਾਏਗਾ। ਗ਼ਲਤੀ ਸੋਸ਼ਲ ਮੀਡੀਆ ਦੀ ਨਹੀਂ ਬਲਕਿ ਸਾਡੇ ਸਿਸਟਮ ਦੀ ਹੈ ਜੋ ਇਸ 'ਤੇ ਲਗਾਮ ਨਹੀਂ ਲਗਾਉਣਾ ਚਾਹੁੰਦਾ।

ਉਹ ਸੋਚਦੇ ਹਨ ਕਿ ਇਸ ਦੇ ਸਿਰ 'ਤੇ ਅਸੀ ਅਪਣਾ ਰਾਜ ਕਾਇਮ ਰੱਖ ਸਕਾਂਗੇ। ਪਰ ਇਹ ਕੋਈ ਜਾਦੂ ਦੀ ਛੜੀ ਨਹੀਂ ਕਿ ਹਰ ਗ਼ਲਤ ਤੇ ਹਲਕੀ ਚੀਜ਼ ਹਮੇਸ਼ਾ ਚਲਦੀ ਰਹੇਗੀ। ਚੰਗੀਆਂ ਚੀਜ਼ਾਂ ਵੀ ਇਸ 'ਤੇ ਮਿਲਦੀਆਂ ਹਨ ਪਰ ਗੱਲ ਵੇਖਣ ਵਾਲੇ ਦੀ ਨਜ਼ਰ 'ਤੇ ਮੁਕਦੀ ਹੈ। ਚੰਗੀ ਰੂਹ ਕਦੇ ਨਫ਼ਰਤ ਨੂੰ ਨਹੀਂ ਸਹਾਰੇਗੀ। ਚੰਗੀਆਂ ਰੂਹਾਂ ਵੀ ਸੋਸ਼ਲ ਮੀਡੀਆ 'ਤੇ ਹਨ ਤੇ ਵੱਧ ਰਹੀਆਂ ਹਨ। ਜੋ ਸਰਕਾਰਾਂ ਨਹੀਂ ਕਰਨਗੀਆਂ, ਉਹ ਚੰਗਿਆਈ ਕਰ ਵਿਖਾਏਗੀ।    - ਨਿਮਰਤ ਕੌਰ

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।