ਇਕ ਵਿਧਾਇਕ ਜਦੋਂ ਕਾਨੂੰਨ ਦਾ ਰਾਹ ਛੱਡ ਕੇ, ਦੂਜਾ ਵਿਆਹ ਕਰਵਾਉਂਦਾ ਹੈ...

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਬਿਲ ਕਲਿੰਟਨ, ਅਮਰੀਕਾ ਦਾ ਰਾਸ਼ਟਰਪਤੀ ਹੋਣ ਦੇ ਨਾਤੇ ਦੁਨੀਆਂ ਦਾ ਸੱਭ ਤੋਂ ਤਾਕਤਵਰ ਇਨਸਾਨ ਸੀ ਪਰ ਜਦ ਉਸ ਨੇ ਅਪਣੀ ਪਤਨੀ ਨਾਲ ਧੋਖਾ ਕੀਤਾ ਤਾਂ ਉਸ ਨੂੰ ਸਿਆਸਤ ਛਡਣੀ ਪਈ।

When a MLA leaves the path of law, marries another...

ਬਿਲ ਕਲਿੰਟਨ, ਅਮਰੀਕਾ ਦਾ ਰਾਸ਼ਟਰਪਤੀ ਹੋਣ ਦੇ ਨਾਤੇ ਦੁਨੀਆਂ ਦਾ ਸੱਭ ਤੋਂ ਤਾਕਤਵਰ ਇਨਸਾਨ ਸੀ ਪਰ ਜਦ ਉਸ ਨੇ ਗ਼ਲਤੀ ਕੀਤੀ ਤੇ ਅਪਣੀ ਪਤਨੀ ਨਾਲ ਧੋਖਾ ਕੀਤਾ ਤਾਂ ਉਸ ਨੂੰ ਸਿਆਸਤ ਛਡਣੀ ਪਈ। ਭਾਵੇਂ ਉਸ ਦੀ ਪਤਨੀ ਨੇ ਉਸ ਨੂੰ ਮਾਫ਼ ਕਰ ਦਿਤਾ ਤੇ ਵਿਆਹ ਟੁਟਣੋਂ ਬੱਚ ਗਿਆ ਪਰ ਉਸ ਦਾ ਅਕਸ ਜ਼ਰੂਰ ਮਿੱਟੀ ਵਿਚ ਮਿਲ ਕੇ ਰਹਿ ਗਿਆ। ਕਮਜ਼ੋਰ ਆਗੂ ਸਾਡੇ ਲੀਡਰ ਬਣਨ ਦੇ ਹੱਕਦਾਰ ਨਹੀਂ ਹੁੰਦੇ।

ਇਕ ਵਿਧਾਇਕ ਨੇ ਅਪਣਾ ਦੂਜਾ ਵਿਆਹ ਕਰਵਾਇਆ। ਦੂਜਾ ਵਿਆਹ ਕਰਵਾਉਣਾ ਅਪਣੇ ਆਪ ਵਿਚ ਕੋਈ ਬੁਰਾਈ ਨਹੀਂ। ਪਰ ਇਸ ਦੇ ਚਰਚਾ ਵਿਚ ਆਉਣ ਦਾ ਕਾਰਨ ਇਹ ਹੈ ਕਿ ਇਹ ਗ਼ੈਰ ਕਾਨੂੰਨੀ ਵਿਆਹ ਹੈ ਕਿਉਂਕਿ ਇਕ ਪੰਚਾਇਤੀ ਰਾਜ਼ੀਨਾਮੇ (ਜਿਸ ਬਾਰੇ ਆਖਿਆ ਜਾ ਰਿਹਾ ਹੈ ਕਿ ਵਿਧਾਇਕ ਤੇ ਉਸ ਦੀ ਪਤਨੀ ਵਿਚਕਾਰ ਹੋਇਆ) ਨੂੰ ਕਾਨੂੰਨ ਪ੍ਰਵਾਨ ਨਹੀਂ ਕਰਦਾ ਜਦਕਿ ਇਕ ਚੁਣਿਆ ਹੋਇਆ ਨੁਮਾਇੰਦਾ ਸਹੁੰ ਚੁਕਦਾ ਹੈ ਕਿ ਉਹ ਕਾਨੂੰਨ ਅਤੇ ਸੰਵਿਧਾਨ ਦੀ ਪਾਲਣਾ ਕਰੇਗਾ ਪਰ ਉਹ ਆਪ ਹੀ ਉਸ ਦੀ ਉਲੰਘਣਾ ਵੀ ਕਰਨ ਲਗਦਾ ਹੈ। ਵਿਧਾਇਕ ਦੀ ਪਹਿਲੀ ਕਾਨੂੰਨੀ ਪਤਨੀ ਦੇ ਅਪਣੇ ਪਤੀ ਨਾਲ ਰਿਸ਼ਤੇ ਵਿਚ ਦਰਾੜਾਂ ਪੈ ਜਾਣ ਦੀ ਗੱਲ ਆਖੀ ਜਾ ਰਹੀ ਹੈ ਤੇ ਪਤਨੀ ਤੇ ਦੋਸ਼ ਲਗਾਇਆ ਜਾ ਰਿਹਾ ਹੈ ਕਿ ਉਸ ਨੇ ਅਪਣੇ ਪਤੀ ਦੀ ਅਸ਼ਲੀਲ ਵੀਡੀਉ ਜਨਤਕ ਕੀਤੀ ਹੈ।

ਪਤੀ ਦੁਖੀ ਸੀ ਤੇ ਉਸ ਨੇ ਦੂਜਾ ਵਿਆਹ ਕਰਵਾ ਲਿਆ। ਪਰ ਦੁਖੀ ਤਾਂ ਬਹੁਤ ਲੋਕ ਹੁੰਦੇ ਹਨ। ਪਤਾ ਨਹੀਂ ਪਤਨੀ ਦੀ ਗ਼ਲਤੀ ਸੀ ਜਾਂ ਇਸ ਵਿਧਾਇਕ ਦੀ ਕੋਈ ਕਮਜ਼ੋਰੀ ਸੀ ਜਿਸ ਨੇ ਉਸ ਨੂੰ ਕਮਜ਼ੋਰ ਬਣਾ ਦਿਤਾ। ਕਿਸੇ ਨਾ ਕਿਸੇ ਕਾਰਨ ਸਦਕਾ, ਦੋਹਾਂ ਦੇ ਰਿਸ਼ਤੇ ਵਿਚ ਖਟਾਸ ਆ ਚੁੱਕੀ ਸੀ ਜੋ ਅਜਕਲ ਬਹੁਤੇ ਘਰਾਂ ਦੀ ਕਹਾਣੀ ਬਣ ਗਈ ਹੈ। ਪਰ ਕੀ ਹੁਣ ਕੋਈ ਨਵਾਂ ਰਸਤਾ ਕੱਢਣ ਦਾ ਮਤਲਬ ਇਹ ਹੈ ਕਿ ਉਹ ਦੂਜਾ ਵਿਆਹ ਕਰਵਾ ਲਵੇ? ਪਤੀ ਪਤਨੀ ਦਾ ਮਸਲਾ ਘਰੇਲੂ ਹੈ ਪਰ ਇਕ ਵੋਟਰ ਦਾ ਵੀ ਇਸ ਬਾਰੇ ਕੁੱਝ ਜਾਣਨ ਦਾ ਹੱਕ ਜ਼ਰੂਰ ਬਣਦਾ ਹੈ।

ਜੇ ਵਿਧਾਇਕ ਸੰਵਿਧਾਨ ਦੀ ਪਾਲਣਾ ਨਹੀਂ ਕਰ ਸਕਦਾ ਤਾਂ ਉਹ ਫਿਰ ਮੇਰਾ ਆਗੂ ਕਿਸ ਤਰ੍ਹਾਂ ਹੋ ਸਕਦਾ ਹੈ? ਅਸੀ ਬਾਕੀ ਦੀ ਦੁਨੀਆਂ ਦੇ ਸਿਆਸਤਦਾਨਾਂ ਵਰਗੀ ਕਿਰਦਾਰ ਦੀ ਬੁਲੰਦੀ ਦੀ ਆਸ ਅਪਣੇ ਸਿਆਸਤਦਾਨਾਂ ਤੋਂ ਵੀ ਰੱਖੀ ਬੈਠੇ ਹਾਂ ਪਰ ਜੇ ਉਹ ਅਪਣੇ ਘਰ ਵਿਚ ਹੀ ਕਾਨੂੰਨ ਦੀ ਪਾਲਣਾ ਨਹੀਂ ਕਰ ਸਕਦਾ, ਕਾਨੂੰਨ ਅਤੇ ਸੰਵਿਧਾਨ ਦੀ ਪਾਲਣਾ ਨਹੀਂ ਕਰ ਸਕਦਾ ਤਾਂ ਉਸ ਦਾ ਇਸ ਅਹੁਦੇ ਤੇ ਬਣੇ ਰਹਿਣ ਦਾ ਹੱਕ ਵੀ ਨਹੀਂ ਰਹਿ ਜਾਂਦਾ। 

ਬਿਲ ਕਲਿੰਟਨ ਅਮਰੀਕਾ ਦਾ ਰਾਸ਼ਟਰਪਤੀ ਹੋਣ ਦੇ ਨਾਤੇ ਦੁਨੀਆਂ ਦਾ ਸੱਭ ਤੋਂ ਤਾਕਤਵਰ ਇਨਸਾਨ ਸੀ ਪਰ ਜਦ ਉਸ ਨੇ ਗ਼ਲਤੀ ਕੀਤੀ ਤੇ ਅਪਣੀ ਪਤਨੀ ਨਾਲ ਧੋਖਾ ਕੀਤਾ ਤਾਂ ਉਸ ਨੂੰ ਸਿਆਸਤ ਛਡਣੀ ਪਈ, ਭਾਵੇਂ ਉਸ ਦੀ ਪਤਨੀ ਨੇ ਉਸ ਨੂੰ ਮਾਫ਼ ਕਰ ਦਿਤਾ ਤੇ ਵਿਆਹ ਟੁਟਣੋਂ ਬੱਚ ਗਿਆ ਪਰ ਉਸ ਦਾ ਅਕਸ ਜ਼ਰੂਰ ਮਿੱਟੀ ਵਿਚ ਮਿਲ ਕੇ ਰਹਿ ਗਿਆ। ਕਮਜ਼ੋਰ ਆਗੂ ਸਾਡੇ ਲੀਡਰ ਬਣਨ ਦੇ ਹੱਕਦਾਰ ਨਹੀਂ ਹੁੰਦੇ।

ਬਿਲਕਿਸ ਬਾਨੋ ਕੇਸ ਦੇ 8 ਬਲਾਤਕਾਰੀਆਂ ਨੂੰ ਸਰਕਾਰ ਨੇ ਛੱਡ ਦਿਤਾ ਹੈ। ਕੇਰਲ ਦੀ ਇਕ ਅਦਾਲਤ ਨੇ ਇਕ ਮਰਦ ਨੂੰ ਜਿਨਸੀ ਸ਼ੋਸ਼ਣ ਦੇ ਮਾਮਲੇ ਵਿਚ ਜ਼ਮਾਨਤ ਦੇ ਦਿਤੀ ਹੈ। ਕੋਰਟ ਦਾ ਕਹਿਣਾ ਹੈ ਕਿ ਕੁੜੀ ਦੇ ਭੜਕੀਲੇ ਕਪੜਿਆਂ ਨੇ ਆਦਮੀ ਨੂੰ ਫਸਾਇਆ। ਲਾਲਚ ਬੜੇ ਲੋਕਾਂ ਨੂੰ ਫਸਾਉਂਦਾ ਹੈ, ਮਰਦਾਂ ਨੂੰ ਵੀ ਅਤੇ ਔਰਤਾਂ ਨੂੰ ਵੀ ਪਰ ਲਾਲਚ ਤੇ ਕਾਬੂ ਪਾ ਲੈਣ ਵਾਲਾ ਹੀ ਲੀਡਰ ਬਣ ਸਕਦਾ ਹੈ। ਸਾਡੇ ਪੰਜਾਬ ਦੀ ਸਿਆਸਤ ਵਿਚ ਦੂਜੀ ਪਤਨੀ ਰਖਣੀ, ਛੋਟੀਆਂ ਕੁੜੀਆਂ ਨਾਲ ਰਿਸ਼ਤੇ ਰਖਣੇ, ਇਕ ਘਰ ਵਾਲੀ ਤੇ ਦੂਜੀ ਬਾਹਰਵਾਲੀ ਰੱਖਣ ਦੀ ਰੀਤ, ਹੁਣ ਆਮ ਬਣਦੀ ਜਾ ਰਹੀ ਹੈ।

ਇਕ ਨਵਾਂ ਗੀਤ ਆਇਆ ਹੈ ‘‘ਨੋ ਨੋ ਮਾਸ਼ੂਕਾ ਮੇਰੇ ਯਾਰ ਦੀਆਂ, ਇਕ ਚੰਗੀਗੜ੍ਹ ਤੇ ਇਕ ਦਿੱਲੀ...’’ ਜੋ ਦਰਸਾਉਂਦਾ ਹੈ ਕਿ ਬੰਦੂਕਾਂ ਤੇ ਹਿੰਸਾ ਦੇ ਰਾਹ ਤੋਂ ਬਾਅਦ ਪੰਜਾਬ ਵਿਚ ਹੁਣ ਸਦਾਚਾਰ ਦੀ ਕਮਜ਼ੋਰੀ ਵੀ ਫੈਲ ਰਹੀ ਹੈ ਅਤੇ ਇਹ ਸਿਰਫ਼ ਮਰਦ ਦੀ ਕਮਜ਼ੋਰੀ ਨਹੀਂ ਕਿਉਂਕਿ ਇਸ ਕਮਜ਼ੋਰੀ ਵਿਚ ਮਰਦ ਦੇ ਨਾਲ ਉਹ ਔਰਤ ਵੀ ਸ਼ਾਮਲ ਹੈ ਜੋ ਵਿਆਹੁਤਾ ਨਾਲ ਰਿਸ਼ਤਾ ਬਣਾਉਂਦੀ ਹੈ। ਉਹ ਔਰਤ ਵੀ ਜੋ ਪੈਸੇ ਜਾਂ ਤਾਕਤ ਵਾਸਤੇ ਅਪਣੇ ਜਿਸਮ ਨੂੰ ਇਸਤੇਮਾਲ ਕਰਨ ਦੀ ਇਜਾਜ਼ਤ ਦੇਂਦੀ ਹੈ। 

ਇਹ ਸਹੀ ਨਹੀਂ ਤੇ ਇਸ ਨੂੰ ਰੋਕਣ ਵਾਸਤੇ ਸਾਡੇ ਆਗੂ, ਸਾਡੇ ਜੱਜ, ਸਾਡੇ ਵਿਧਾਇਕ, ਸਾਡੇ ਵੱਡੇ ਆਗੂ ਦਾ ਸਦਾਚਾਰਕ ਤੌਰ ਤੇ ਬਹੁਤ ਮਜ਼ਬੂਤ ਹੋਣਾ ਜ਼ਰੂਰੀ ਹੈ। ਇਸ ਤਰ੍ਹਾਂ ਦੇ ਆਗੂਆਂ ਨੂੰ ਵੇਖ ਕੇ ਸਾਡੇ ਸਮਾਜ ਵਿਚ ਗ਼ਲਤ ਰੀਤਾਂ ਪਨਪਣਗੀਆਂ। ਹੁਣ ਰਾਜਿਆਂ ਤੇ ਦਾਸੀਆਂ ਦਾ ਸਮਾਂ ਨਹੀਂ ਹੈ, ਹੁਣ ਸੰਵਿਧਾਨ ਵੀ ਗ੍ਰਹਿਸਤ ਵਿਚ ਨਿਸ਼ਠਾ ਸਿਖਾਉਂਦਾ ਹੈ। ਮੈਨੂੰ ਇਕ ਕਮਜ਼ੋਰ ਕਿਰਦਾਰ ਵਾਲਾ ਆਗੂ ਨਹੀਂ ਚਾਹੀਦਾ।                                                  

-ਨਿਮਰਤ ਕੌਰ