Editorial: ਹਾਕਮਾਂ ਦੀ ਧੱਕੇਸ਼ਾਹੀ ਸਹਿ ਕੇ ਵੀ ਸੱਚ ਲਿਖਣ ਤੋਂ ਪਿੱਛੇ ਨਹੀਂ ਹਟੇ ਸ. ਜੋਗਿੰਦਰ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

Editorial: ਲੋਕਾਂ ਨੂੰ ਸੱਚ ਦੱਸਣ ਲਈ ਜੋਗਿੰਦਰ ਸਿੰਘ ਨੇ ਹਾਕਮਾਂ ਦੀਆਂ ਵਧੀਕੀਆਂ ਦਾ ਸਾਹਮਣਾ ਕੀਤਾ।

Even after being bullied by the rulers, he did not back down from writing the truth. Joginder Singh

 

Editorial: ਮੇਰੀ ਇਹ ਆਦਤ ਬਣੀ ਹੋਈ ਹੈ ਕਿ ਮੈਂ ਸਵੇਰੇ ਕੰਮ ’ਤੇ ਜਾਣ ਤੋਂ ਪਹਿਲਾਂ ‘ਰੋਜ਼ਾਨਾ ਸਪੋਕਸਮੈਨ’ ਅਖ਼ਬਾਰ ਜ਼ਰੂਰ ਪੜ੍ਹ ਕੇ ਜਾਂਦਾ ਹਾਂ। ਹਰ ਰੋਜ਼ ਦੀ ਤਰ੍ਹਾਂ ਜਦੋਂ ਮੈਂ ‘ਸਪੋਕਸਮੈਨ’ ਅਖ਼ਬਾਰ ਖੋਲ੍ਹਿਆ ਤਾਂ ਪਹਿਲੇ ਪੰਨੇ ਦੀ, ਪਹਿਲੀ ਖ਼ਬਰ ‘‘ਨਹੀਂ ਰਹੇ ‘ਰੋਜ਼ਾਨਾ ਸਪੋਕਸਮੈਨ’ ਅਖ਼ਬਾਰ ਦੇ ਬਾਨੀ ਸੰਪਾਦਕ ਸ. ਜੋਗਿੰਦਰ ਸਿੰਘ’ ਪੜ੍ਹ ਕੇ ਮਨ ਕਾਫ਼ੀ ਉਦਾਸ ਹੋਇਆ। ਮੇਰੀ ਅਗਲੇ ਪੰਨ੍ਹੇ ਪੜ੍ਹਨ ਦੀ ਹਿੰਮਤ ਹੀ ਨਹੀਂ ਪਈ। ਪਹਿਲੇ ਪੰਨੇ ਦੀ ਖ਼ਬਰ ਦੀ ਪਹਿਲੀ ਸੁਰਖ਼ੀ ਪੜ੍ਹ ਕੇ ਮੈਂ ਅਪਣਾ ਨੈੱਟ ਆਫ਼ ਕਰ ਕੇ ਕੰਮ ’ਤੇ ਚਲਾ ਗਿਆ ਪਰ ਕੰਮ ’ਤੇ ਜਾਂਦੇ ਵਕਤ ਮੇਰੇ ਮਨ ’ਚ ਤਰ੍ਹਾਂ ਤਰ੍ਹਾਂ ਦੇ ਖ਼ਿਆਲ ਆ ਰਹੇ ਸੀ।

ਜਿਸ ਤਰ੍ਹਾਂ ਜੋਗਿੰਦਰ ਸਿੰਘ ਨਾਲ ਬੀਤੇ ਸਾਲਾਂ ਵਿਚ, ਉਸ ਸਮੇਂ ਦੇ ਹਾਕਮਾਂ ਨੇ ਧੱਕੇਸ਼ਾਹੀ ਕੀਤੀ, ਜੇ ਉਨ੍ਹਾਂ ਦੀ ਥਾਂ ਕੋਈ ਹੋਰ ਇਨਸਾਨ ਹੁੰਦਾ ਤਾਂ ਉਹ ਅਪਣਾ ਅਖ਼ਬਾਰ ਜਾਂ ਤਾਂ ਬੰਦ ਕਰ ਦਿੰਦਾ ਜਾਂ ਫਿਰ ਹਾਕਮਾਂ ਅੱਗੇ ਗੋਡੇ ਟੇਕ ਦਿੰਦਾ। ਪਰ ਸ. ਜੋੋਗਿੰਦਰ ਸਿੰਘ ਨੇ ਕਦੇ ਕੋਈ ਸਮਝੌਤਾ ਕਰ ਕੇ, ਸੱਚ ਦੀ ਕਲਮ ਨੂੰ ਚੁਪ ਨਹੀਂ ਹੋਣ ਦਿਤਾ। ਅਕਾਲੀਆਂ ਦੀ ਹਰ ਧੱਕੇਸ਼ਾਹੀ ਦਲੇਰ ਹੋ ਕੇ ਸਹਿਣ ਕੀਤੀ। ਲੋਕਾਂ ਨੂੰ ਸੱਚ ਦੱਸਣ ਲਈ ਜੋਗਿੰਦਰ ਸਿੰਘ ਨੇ ਹਾਕਮਾਂ ਦੀਆਂ ਵਧੀਕੀਆਂ ਦਾ ਸਾਹਮਣਾ ਕੀਤਾ।

ਸ. ਜੋਗਿੰਦਰ ਸਿੰਘ ਨੂੰ ਡਰਾਉਣ ਅਤੇ ਜ਼ਲੀਲ ਕਰਨ ਲਈ, ਹਾਕਮਾਂ ਨੇ ਵੱਖ-ਵੱਖ ਥਾਣਿਆਂ ਤੇ ਕਚਹਿਰੀਆਂ ’ਚ ਉਨ੍ਹਾਂ ਵਿਰੁਧ ਕੇਸ ਦਰਜ ਕਰਵਾਏ ਗਏ। ਪ੍ਰੰਤੂ ਜੋਗਿੰਦਰ ਸਿੰਘ ਹਾਰੇ ਨਹੀਂ, ਉਨ੍ਹਾਂ ਨੇ ਅਪਣੀ ਕਲਮ ਨੂੰ ਸੱਚ ਦੇ ਰਾਹ ਤੋਂ ਭਟਕਣ ਨਹੀਂ ਦਿਤਾ। ਸੱਚ ਲਿਖਣ ਲਈ ਜੋਗਿੰਦਰ ਸਿੰਘ ਨੂੰ ਬਹੁਤ ਸਾਰੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੇ ‘ਨਿੱਜੀ ਡਾਇਰੀ’ ਦੇ ਪੰਨਿਆਂ ਵਿਚ ਸਪੋਕਸਮੈਨ ਦੇ ਪਾਠਕਾਂ ਨੂੰ ਅਪਣੀਆਂ ਸਾਰੀਆਂ ਹੱਡਬੀਤੀਆਂ, ਜੋ ਉਨ੍ਹਾਂ ਨਾਲ  ਹੋਈਆਂ, ਅਪਣੀ ਕਲਮ ਰਾਹੀਂ ਬਿਆਨ ਕੀਤੀਆਂ।

ਉਨ੍ਹਾਂ ਦੇ ਚਲਾਣੇ ’ਤੇ ਪੰਥ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ। ਸਾਨੂੰ ਬਹੁਤ  ਅਫ਼ਸੋਸ ਹੈ ਕਿ ਸਿੱਖਾਂ ਦੀ ਗੱਲ ਕਰਨ ਵਾਲੇ ਸਾਡੇ ਪਹਿਰੇਦਾਰ ਅਖ਼ਬਾਰ ਦੇ ਸੰਪਾਦਕ ਜਸਪਾਲ ਸਿੰਘ ਹੇਰਾਂ ਅਤੇ ਸਪੋਕਸਮੈਨ ਦੇ ਸੰਪਾਦਕ ਜੋਗਿੰਦਰ ਸਿੰਘ ਥੋੜ੍ਹੇ ਦਿਨਾਂ ਦੇ ਅੰਤਰ ਨਾਲ ਹੀ ਇਸ ਦੁਨੀਆਂ ਤੋਂ ਚਲੇ ਗਏ ਹਨ। ਇਹ ਉਹ ਯੋਧੇ ਸਨ ਜੋ ਸਿੱਖ ਪੰਥ ਦੀ ਗੱਲ ਕਰਦੇ ਸਨ। ਸਿੱਖਾਂ ਵਿਰੁਧ ਜਦੋਂ ਵੀ ਕੋਈ ਧੱਕੇਸ਼ਾਹੀ ਹੁੰਦੀ ਸੀ ਤਾਂ ਇਹ ਸੰਪਾਦਕ ਅਪਣੀ ਆਵਾਜ਼, ਅਪਣੀ ਕਲਮ ਰਾਹੀਂ ਉਠਾਉਂਦੇ ਰਹਿੰਦੇ ਸਨ।

ਦੋਵਾਂ ਕਲਮਾਂ ਵਲੋਂ ਜਿਹੜਾ ਸੱਚ ਲਿਖਿਆ ਜਾਂਦਾ ਸੀ, ਉਹ ਹੁਣ ਸਾਨੂੰ ਕਦੇ ਵੀ ਪੜ੍ਹਨ ਨੂੰ ਨਹੀਂ ਮਿਲਣਾ। ਜੋਗਿੰਦਰ ਸਿੰਘ ਨੇ ਭਾਵੇਂ ਅਪਣੇ ਜਿਊਂਦੇ ਜੀਅ ਸਰਕਾਰਾਂ ਦੀਆਂ ਧੱਕੇਸ਼ਾਹੀਆਂ ਵੀ ਝੱਲੀਆਂ ਪਰ ਉਨ੍ਹਾਂ ਨੇ ਜਿਹੜਾ ‘ਸਪੋਕਸਮੈਨ’ ਦਾ ਬੂਟਾ ਲਾਇਆ ਹੈ, ਉਹ ਬੂਟਾ ਸਾਨੂੰ ਹਮੇਸ਼ਾ ਛਾਂ ਦੇਂਦਾ ਰਹੇਗਾ। ਜੋਗਿੰਦਰ ਸਿੰਘ ਜੀ ਦੀ ‘ਨਿਜੀ ਡਾਇਰੀ’, ਜੋ ਹਰ ਐਤਵਾਰ ਛਪਦੀ ਸੀ, ਸਾਨੂੰ ਸਾਰੇ ਪਾਠਕਾਂ ਨੂੰ ਉਹ ਪੜ੍ਹਨ ਦੀ ਆਦਤ ਹੀ ਪੈ ਗਈ ਸੀ।

ਕਿਉਂਕਿ ਉਹ ਵਿਚ ਸਾਨੂੰ ਹਰ ਵਾਰ ਕੁੱਝ ਨਵਾਂ ਪੜ੍ਹਨ ਨੂੰ ਮਿਲਦਾ ਸੀ। ਪਰ ਉਹ ਪੇਜ ਸਾਨੂੰ ਹੁਣ ਕਦੇ ਵੀ ਪੜ੍ਹਨ ਨੂੰ ਨਹੀਂ ਮਿਲਣਾ। ਜੋਗਿੰਦਰ ਸਿੰਘ ਸਰ ਦੀ ਘਾਟ ਸਾਨੂੰ ਸਦਾ ਰੜਕਦੀ ਰਹੇਗੀ। ਬੇਸ਼ਕ ਪ੍ਰਵਾਰ ਨੂੰ ਉਨ੍ਹਾਂ ਦੀ ਕਮੀ ਜ਼ਿਆਦਾ ਮਹਿਸੂਸ ਹੋਵੇਗੀ ਪਰ ਪਾਠਕਾਂ ਲਈ ਵੀ ਇਕ ਬਹੁਤ ਵੱਡਾ ਘਾਟਾ ਹੈ। ਮੇਰੀ ਜੋਗਿੰਦਰ ਸਿੰਘ ਜੀ ਨੂੰ ਮਿਲਣ ਦੀ ਇੱਛਾ ਸੀ ਪਰ ਮੈਂ ਬਦਕਿਸਮਤੀ ਨਾਲ ਉਨ੍ਹਾਂ ਨੂੰ ਕਦੇ ਵੀ ਮਿਲ ਨਾ ਸਕਿਆ।

ਉਂਜ ਕਈ ਸਾਲ ਪਹਿਲਾਂ ਇਕ ਵਾਰ ਮੈਡਮ ਜਗਜੀਤ ਕੌਰ ਨੇ ਮੇਰੀ ਸ. ਜੋਗਿੰਦਰ ਸਿੰਘ ਜੀ ਨਾਲ ਗੱਲ ਜ਼ਰੂਰ ਕਰਵਾਈ ਸੀ। ਉਹ ਅੱਜ ਇਕ ਯਾਦ ਬਣ ਕੇ ਰਹਿ ਗਈ ਹੈ। ਜੋਗਿੰਦਰ ਸਿੰਘ ਜੀ ਦੀ ਕਲਮ ਬਹੁਤ ਸੱਚ ਲਿਖਦੀ ਸੀ। ਇਸੇ ਕਰ ਕੇ ਉਨ੍ਹਾਂ ਦੀ ਹਾਕਮਾਂ ਨਾਲ ਬਹੁਤ ਘੱਟ ਬਣਦੀ ਸੀ। ਸਾਨੂੰ ਉਨ੍ਹਾਂ ਦੀ ਘਾਟ ਸਦਾ ਰੜਕਦੀ ਰਹੇਗੀ। ਜਿਥੇ ਪਾਠਕਾਂ ਨੂੰ ਉਨ੍ਹਾਂ ਦੇ ਚਲੇ ਜਾਣ ਦਾ ਦੁੱਖ ਹੈ, ਉੱਥੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਜੋਗਿੰਦਰ ਸਿੰਘ ਜੀ ਦੇ ਚਲਾਣੇ ਦਾ ਜੋ ਮੈਡਮ ਜਗਜੀਤ ਕੌਰ ਅਤੇ ਭੈਣ ਨਿਮਰਤ ਕੌਰ ਨੂੰ ਸਦਮਾ ਲਗਿਆ ਹੈ, ਵਾਹਿਗੁਰੂ ਉਨ੍ਹਾਂ ਨੂੰ ਇਹ ਸਦਮਾ ਸਹਿਣ ਦੀ ਤਾਕਤ ਬਖ਼ਸ਼ਣ।

- ਸੁਖਦੇਵ ਸਿੱਧੂ ਕੁਸਲਾ, ਫ਼ੋਨ ਨੰ : 00447709875751