ਝੋਨੇ ਦੀ ਬਿਜਾਈ ਦਾ ਰੀਕਾਰਡ ਤੋੜਨ ਵਾਲੇ ਪੰਜਾਬ ਲਈ ਕ੍ਰਿਸ਼ੀ ਕਰਮਨ ਪੁਰਸਕਾਰ!
ਪੰਜਾਬ ਨੂੰ ਕ੍ਰਿਸ਼ੀ ਕਰਮਨ ਪੁਰਸਕਾਰ 2017-18 ਨਾਲ ਸਨਮਾਨਤ ਕਰਨ ਤੇ ਹਰ ਕਿਸੇ ਨੇ ਖ਼ੁਸ਼ੀ ਪ੍ਰਗਟਾਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਪੰਜਾਬ ਦੇ ਕਿਸਾਨਾਂ....
ਪੰਜਾਬ ਨੂੰ ਕ੍ਰਿਸ਼ੀ ਕਰਮਨ ਪੁਰਸਕਾਰ 2017-18 ਨਾਲ ਸਨਮਾਨਤ ਕਰਨ ਤੇ ਹਰ ਕਿਸੇ ਨੇ ਖ਼ੁਸ਼ੀ ਪ੍ਰਗਟਾਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਪੰਜਾਬ ਦੇ ਕਿਸਾਨਾਂ ਦੀ ਸਿਫ਼ਤ ਕੀਤੀ ਹੈ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਦੇਸ਼ ਦੇ ਅੰਨਦਾਤਾ ਦਾ ਕਿਰਦਾਰ ਨਿਭਾਇਆ। ਇਹ ਸਨਮਾਨ ਪੰਜਾਬ ਨੂੰ ਦੇਸ਼ ਦੀ ਸੱਭ ਤੋਂ ਵੱਧ ਝੋਨੇ ਦੀ ਖੇਤੀ ਕਰਨ ਲਈ ਦਿਤਾ ਗਿਆ। ਪੰਜਾਬ ਵਿਚ ਤਕਨੀਕੀ ਵਾਧੇ ਦੇ ਵਧੀਆ ਇਸਤੇਮਾਲ ਨਾਲ ਹਰ ਹੈਕਟੇਅਰ ਵਿਚ 65.16 ਕੁਇੰਟਲ ਦੀ ਰੀਕਾਰਡ-ਤੋੜ ਉਪਜ ਹੋਈ। ਪਰ ਕੀ ਇਹ ਸਚਮੁਚ ਹੀ ਖ਼ੁਸ਼ੀ ਮਨਾਏ ਜਾਣ ਦਾ ਵੇਲਾ ਹੈ? ਇਸ ਤਰ੍ਹਾਂ ਜਾਪਦਾ ਹੈ ਕਿ ਪੰਜਾਬ ਨੂੰ ਅਪਣੀ ਹੀ ਕਬਰ ਨੂੰ ਤੇਜ਼ੀ ਨਾਲ ਖੋਦਣ ਵਾਸਤੇ ਪੁਰਸਕਾਰ ਮਿਲ ਰਿਹਾ ਹੈ।
ਪੁਰਸਕਾਰ ਚੰਗੇ ਹੁੰਦੇ ਹਨ ਪਰ ਕੀ ਉਹ ਵੀ ਚੰਗੇ ਮੰਨੇ ਜਾਣ ਜਿਨ੍ਹਾਂ ਨੂੰ ਪ੍ਰਾਪਤ ਕਰਨ ਲਈ ਪੰਜਾਬ ਦੀ ਧਰਤੀ ਬੰਜਰ ਬਣਾਈ ਜਾ ਰਹੀ ਹੈ? ਪੰਜਾਬ ਦੇ ਕਿਸਾਨਾਂ ਨੂੰ ਦੇਸ਼ ਦਾ ਅੰਨਦਾਤਾ ਹੋਣ ਦਾ ਭਾਰ ਚੁਕਣਾ ਪਿਆ ਹੈ ਅਤੇ ਇਹ ਉਸ ਨੇ ਪੰਜਾਬ ਦੀ ਧਰਤੀ ਦੀਆਂ ਗਹਿਰਾਈਆਂ 'ਚੋਂ ਪਾਣੀ ਖ਼ਾਲੀ ਕਰ ਕੇ ਪੂਰਾ ਕਰ ਦਿਤਾ ਹੈ। ਜਿਥੇ ਇਕ ਪਾਸੇ ਤੰਦਰੁਸਤ ਪੰਜਾਬ ਬਣਾਉਣ ਦੀ ਗੱਲ ਹੋ ਰਹੀ ਹੈ, ਉਥੇ ਦੂਜੇ ਪਾਸੇ ਇਕ ਵਾਰ ਫਿਰ ਤੋਂ ਪੰਜਾਬ ਦੇ ਕਿਸਾਨਾਂ ਨੇ ਪੰਜਾਬ ਦੇ ਪਾਣੀ ਨੂੰ ਝੋਨੇ ਵਿਚ ਤਬਦੀਲ ਕਰ ਕੇ ਤੇ ਪੰਜਾਬ ਨੂੰ ਖ਼ਤਰੇ ਵਿਚ ਪਾ ਕੇ, ਜੋ ਸਨਮਾਨ ਜਿਤਿਆ ਹੈ, ਉਸ ਨਾਲ ਪੰਜਾਬ ਨੂੰ ਤਾਂ ਸਗੋਂ ਘਬਰਾਹਟ ਹੀ ਹੋਣੀ ਚਾਹੀਦੀ ਹੈ।
ਸਰਕਾਰ ਨੂੰ ਇਸ ਸਮੇਂ ਸਮਝਣਾ ਚਾਹੀਦਾ ਹੈ ਕਿ ਇਹ ਪੁਰਸਕਾਰ ਸਾਫ਼ ਸੰਕੇਤ ਦੇ ਰਿਹਾ ਹੈ ਕਿ ਕਿਸਾਨਾਂ ਕੋਲ ਹੋਰ ਕੋਈ ਚਾਰਾ ਨਹੀਂ ਬਚਿਆ ਅਤੇ ਉਹ ਝੋਨੇ ਦੀ ਖੇਤੀ ਕਰ ਕੇ ਹੀ ਅਪਣੀ ਆਮਦਨ ਕਮਾਉਣਗੇ ਜਿਸ ਦਾ ਮਤਲਬ ਇਹ ਹੈ ਕਿ ਪੰਜਾਬ ਦੇ ਜ਼ਮੀਨ ਹੇਠਲੇ ਪਾਣੀ ਨੂੰ ਖ਼ਤਮ ਕਰਨ ਮਗਰੋਂ ਤੇ ਪੰਜਾਬ ਨੂੰ ਰੇਗਿਸਤਾਨ ਬਣਾਉਣ ਮਗਰੋਂ ਹੀ ਕੋਈ ਨਵਾਂ ਰਾਹ ਤਲਾਸ਼ਣਗੇ। ਕਿਸਾਨਾਂ ਦੀ ਮਿਹਨਤ ਹਰ ਰੋਜ਼ ਤਿੰਨ ਵਾਰੀ ਸਾਡੀ ਥਾਲੀ ਵਿਚ ਦਿਸਦੀ ਹੈ ਪਰ ਫਿਰ ਵੀ ਕਿਸੇ ਫ਼ੈਸਲੇ ਵਿਚ ਕਿਸਾਨਾਂ ਦੀ ਚਿੰਤਾ ਨਜ਼ਰ ਨਹੀਂ ਆ ਰਹੀ। ਕਿਸਾਨਾਂ ਵਾਸਤੇ ਯੋਜਨਾਵਾਂ ਤਾਂ ਐਲਾਨੀਆਂ ਜਾਂਦੀਆਂ ਹਨ ਪਰ ਇਹ ਨਹੀਂ ਸੋਚਿਆ ਜਾਂਦਾ ਕਿ ਇਹ ਕਿਸਾਨ ਵਾਸਤੇ ਸੱਭ ਤੋਂ ਬਿਹਤਰ ਹਨ ਵੀ ਜਾਂ ਨਹੀਂ। ਕਰਜ਼ਾ ਮਾਫ਼ੀ ਦਿਤੀ ਗਈ ਪਰ ਕੀ ਇਸ ਨਾਲ ਕਿਸਾਨਾਂ ਦੀ ਜਾਨ ਬਚ ਗਈ ਹੈ?
ਪਿਛਲੇ ਹਫ਼ਤੇ ਇਕ 22 ਸਾਲ ਦੇ ਕਿਸਾਨ ਲਵਪ੍ਰੀਤ ਸਿੰਘ ਨੇ 10 ਲੱਖ ਦੇ ਕਰਜ਼ੇ ਤੋਂ ਡਰ ਕੇ ਖ਼ੁਦਕੁਸ਼ੀ ਕਰ ਲਈ। ਇਹ ਉਸ ਘਰ ਦਾ ਪੰਜਵਾਂ ਜੀਅ ਸੀ ਜਿਸ ਨੇ ਕਰਜ਼ੇ ਕਰ ਕੇ ਖ਼ੁਦਕੁਸ਼ੀ ਕੀਤੀ। ਅੱਧੀ ਪੈਲੀ ਬਚੀ ਸੀ ਅਤੇ 10 ਲੱਖ ਦਾ ਕਰਜ਼ਾ ਉਸ ਪ੍ਰਵਾਰ ਦੇ ਆਖ਼ਰੀ ਕਮਾਊ ਜੀਅ ਨੂੰ ਖਾ ਰਿਹਾ ਸੀ, ਜਦਕਿ ਉਹ ਅੱਗੇ ਭੈਣ ਦੇ ਵਿਆਹ ਵਾਸਤੇ ਹੋਰ ਕਰਜ਼ਾ ਚੁੱਕਣ ਵਾਸਤੇ ਮਜਬੂਰ ਹੋ ਰਿਹਾ ਸੀ। ਪਤਾ ਨਹੀਂ ਕਿਸ ਕਾਰਨ ਕਰ ਕੇ ਇਸ 22 ਸਾਲ ਦੇ ਬੱਚੇ ਨੂੰ ਕਰਜ਼ਾ ਮਾਫ਼ੀ 'ਚ ਸ਼ਾਮਲ ਨਹੀਂ ਕੀਤਾ ਗਿਆ। ਪਰ ਕਦੋਂ ਤਕ ਇਸ ਤਰ੍ਹਾਂ ਦਾ ਸਿਸਟਮ ਚਲਦਾ ਰਹੇਗਾ ਜੋ ਦੂਰਅੰਦੇਸ਼ੀ ਵਾਲੀ ਸੋਚ ਤੋਂ ਸਖਣਾ ਹੋਵੇਗਾ?
ਅੱਜ ਪੰਜਾਬ ਦਾ ਕਿਸਾਨ ਕਰਜ਼ੇ ਹੇਠ ਹੈ ਕਿਉਂਕਿ ਉਸ ਨੂੰ ਟਰੈਕਟਰ ਤੇ ਖਾਦ ਫ਼ੈਕਟਰੀਆਂ ਦਾ ਗਾਹਕ ਬਣਾ ਦਿਤਾ ਗਿਆ ਹੈ ਅਤੇ ਉਹ ਵੱਧ ਝਾੜ ਦੇ ਲਾਲਚ ਵਿਚ ਕਰਜ਼ਈ ਬਣ ਬੈਠਾ ਹੈ। ਅੱਜ ਤੋਂ 70 ਸਾਲ ਬਾਅਦ ਜਦੋਂ ਪੰਜਾਬ ਦੀ ਧਰਤੀ ਇਸ ਝੋਨੇ ਦੀ ਖੇਤੀ ਕਰ ਕੇ ਬੰਜਰ ਬਣ ਜਾਵੇਗੀ, ਤਾਂ ਇਹ ਕਿਸਾਨ ਕੀ ਕਰਨਗੇ? ਜਿਥੇ ਅੱਜ ਅੰਦਾਜ਼ਨ ਸਾਲ ਵਿਚ ਪੰਜਾਬ ਦੇ 2000 ਕਿਸਾਨ ਖ਼ੁਦਕੁਸ਼ੀ ਕਰਦੇ ਹਨ, 10 ਸਾਲਾਂ ਬਾਅਦ ਇਹ ਅੰਕੜੇ ਕਿੱਥੇ ਜਾ ਪੁੱਜਣਗੇ? ਪੰਜਾਬ ਖੇਤੀਬਾੜੀ 'ਵਰਸਟੀ ਨੇ ਆਖਿਆ ਹੈ ਕਿ ਪੰਜਾਬ 'ਚ ਚਾਵਲ ਦੀ ਖੇਤੀ ਕਰਨ ਵਾਲੀ ਜ਼ਮੀਨ 12 ਲੱਖ ਹੈਕਟੇਅਰ ਤਕ ਘਟਾਉਣੀ ਪਵੇਗੀ। ਮੁਫ਼ਤ ਬਿਜਲੀ ਉਤੇ ਰੋਕ ਲਾਉਣ ਨਾਲ ਸ਼ੁਰੂਆਤ ਕਰ ਕੇ ਤੇ ਤੁਪਕਾ ਸਿੰਜਾਈ ਵਲ ਸਖ਼ਤੀ ਵਾਲੇ ਕਦਮ ਚੁਕ ਕੇ ਪੰਜਾਬ ਦੇ ਸਾਰੇ ਸਿਸਟਮ ਨੂੰ ਪੰਜਾਬ ਦੇ ਪਾਣੀ ਅਤੇ ਪੰਜਾਬ ਦੇ ਕਿਸਾਨ ਦਾ ਫ਼ੌਜੀਆਂ ਵਰਗਾ ਰਾਖਾ ਬਣਾ ਦੇਣ ਦੀ ਲੋੜ ਹੈ।
ਇਕ ਜਾਨ ਬਚਾਉਣ ਵਾਸਤੇ ਟਰੈਫ਼ਿਕ ਦੇ ਵੱਡੇ ਚਲਾਨ ਕੱਟੇ ਜਾ ਸਕਦੇ ਹਨ ਪਰ ਫਿਰ ਇਕ ਸੂਬੇ ਦੀ ਧਰਤੀ ਨੂੰ ਬੰਜਰ ਬਣਨੋਂ ਰੋਕਣ ਅਤੇ ਉਸ ਦੇ ਅੰਨਦਾਤਾ ਕਿਸਾਨ ਨੂੰ ਬਚਾਉਣ ਲਈ ਇਕ ਸਖ਼ਤ ਕਦਮ ਕਿਉਂ ਨਹੀਂ ਚੁਕਿਆ ਜਾ ਸਕਦਾ? ਇਹ ਸਨਮਾਨ ਸਾਡੀ ਸਰਕਾਰ ਦੀ ਨਾਕਾਮੀ ਦਾ ਸਬੂਤ ਹੈ ਜੋ ਕਿਸਾਨਾਂ ਨੂੰ ਝੋਨੇ ਦੀ ਖੇਤੀ ਤੋਂ ਹਟਾ ਕੇ ਕਿਸੇ ਹੋਰ ਪਾਸੇ ਨਹੀਂ ਲਿਜਾ ਸਕੀ ਤੇ ਨਾ ਉਸ ਨੂੰ ਦਸ ਹੀ ਸਕੀ ਹੈ ਕਿ ਵੱਧ ਮੁਨਾਫ਼ੇ ਲਈ ਉਹ ਹੋਰ ਕੀ ਕਰੇ ਜਿਸ ਨਾਲ ਪਾਣੀ ਵੀ ਬੱਚ ਜਾਏ ਤੇ ਉਹ ਖ਼ੁਦਕੁਸ਼ੀਆਂ ਦਾ ਰਾਹ ਵੀ ਤਿਆਗ ਸਕੇ। ਇਹ ਇਸ ਗੱਲ ਦਾ ਸਬੂਤ ਹੈ ਕਿ ਅੱਜ ਵੀ ਪੰਜਾਬ ਦੀ ਧਰਤੀ ਨੂੰ, ਉਸ ਦੇ ਅਪਣੇ ਹੀ ਰੇਗਿਸਤਾਨ ਬਣਾਉਣ ਲਈ ਕਮਰਕਸੇ ਕਰੀ ਬੈਠੇ ਹਨ। -ਨਿਮਰਤ ਕੌਰ