ਹੁਣ ਜਿੱਤ ਪ੍ਰਾਪਤ ਕਰਨ ਲਈ ਸਿਰ ਵਾਰਨ ਦੀ ਨਹੀਂ, ਸਿਰਾਂ ਦੀ ਵਰਤੋਂ ਕਰਨ ਦੀ ਲੋੜ
'ਕੇਜਰੀਵਾਲ ਕੇਜਰੀਵਾਲ, ਸਾਰਾ ਪੰਜਾਬ ਤੇਰੇ ਨਾਲ' ਹੋਈ ਪਈ ਸੀ ਲਗਭਗ ਦੋ ਕੁ ਸਾਲ ਪਹਿਲਾਂ ਪਰ ਕੇਜਰੀਵਾਲ ਦੀਆਂ ਸ਼ੈਤਾਨ ਨੀਤੀਆਂ..........
'ਕੇਜਰੀਵਾਲ ਕੇਜਰੀਵਾਲ, ਸਾਰਾ ਪੰਜਾਬ ਤੇਰੇ ਨਾਲ' ਹੋਈ ਪਈ ਸੀ ਲਗਭਗ ਦੋ ਕੁ ਸਾਲ ਪਹਿਲਾਂ ਪਰ ਕੇਜਰੀਵਾਲ ਦੀਆਂ ਸ਼ੈਤਾਨ ਨੀਤੀਆਂ ਨੂੰ ਉਸ ਸਮੇਂ ਹੀ ਪੰਜਾਬੀਆਂ ਨੇ ਨਕਾਰ ਦਿਤਾ ਸੀ ਜਦੋਂ 100 ਸੀਟਾਂ ਦੀਆਂ ਆਸਾਂ ਲਗਾਈ ਬੈਠੀ ਇਹ ਪਾਰਟੀ, ਸੰਜੇ ਸਿੰਘ, ਦੁਰਗੇਸ਼ ਪਾਠਕ ਅਤੇ ਕੇਜਰੀਵਾਲ ਦੀਆਂ ਪੰਜਾਬੀਆਂ ਦੇ ਮੋਢਿਆਂ ਤੇ ਰੱਖ ਕੇ ਚਲਾਈਆਂ ਜਾਣ ਵਾਲੀਆਂ ਕੁਟਲ ਨੀਤੀਆਂ ਨੂੰ ਪੰਜਾਬੀਆਂ ਨੇ ਸਮਝ ਲਿਆ ਤੇ ਸਿਰਫ਼ 20 ਸੀਟਾਂ ਤੇ ਲਿਆ ਖੜਾ ਕੀਤਾ। ਇਸ ਤੋਂ ਪਹਿਲਾਂ ਵੀ ਪਾਰਲੀਮੈਂਟ ਦੀਆਂ 4 ਸੀਟਾਂ ਜਿਤਾ ਕੇ ਸੰਸਦ ਵਿਚ ਕੇਜਰੀਵਾਲ ਦੀ ਇੱਜ਼ਤ ਰੱਖੀ ਸੀ ਕ੍ਰਾਂਤੀਕਾਰੀ ਪੰਜਾਬੀਆਂ ਨੇ।
ਇਸ ਚੁੱਕੇ ਕਦਮ, ਜਿਸ ਨਾਲ ਕੇਜਰੀਵਾਲ ਦੀ ਹੋਂਦ ਬਰਕਰਾਰ ਰਹਿ ਸਕੀ, ਦਾ ਕੇਜਰੀਵਾਲ ਨੂੰ ਕੋਈ ਅਹਿਸਾਸ ਹੋਇਆ ਨਹੀਂ ਜਾਪਦਾ। ਭਗਵੰਤ ਮਾਨ ਨੇ ਹੱਦ ਦਰਜੇ ਦੀ ਚਾਪਲੂਸੀ ਕਰ ਕੇ ਕੇਜਰੀਵਾਲ ਕੋਲੋਂ ਆਮ ਆਦਮੀ ਪਾਰਟੀ ਦਾ ਪੰਜਾਬ ਵਿਚ ਬਹੁਤ ਨੁਕਸਾਨ ਕਰਵਾ ਦਿਤਾ। ਛੋਟੇਪੁਰ ਤੋਂ ਬਾਅਦ, ਖਹਿਰਾ ਅਜਿਹਾ ਲੀਡਰ ਮਿਲਿਆ ਸੀ ਇਨ੍ਹਾਂ ਨੂੰ ਜਿਸ ਨੇ ਪਾਰਟੀ ਨੂੰੰ ਮੁੜ ਪੈਰਾਂ 'ਤੇ ਖੜੇ ਕਰਨ ਵਲ ਤੋਰ ਲਿਆ ਸੀ। ਖਹਿਰੇ ਦੀ ਕਾਬਲੀਅਤ, ਨਿਧੜਕਤਾ ਤੇ ਪੰਜਾਬ, ਪੰਜਾਬੀ ਅਤੇ ਪੰਜਾਬੀਆਂ ਪ੍ਰਤੀ ਸੁਹਿਰਦਤਾ ਅੱਗੇ ਭਗਵੰਤ ਮਾਨ ਨੂੰ ਅਪਣੀ ਹੋਂਦ ਖ਼ਤਰੇ ਵਿਚ ਜਾਪਣ ਲੱਗ ਪਈ ਸੀ।
ਏਧਰ ਖ਼ੁਦ ਮੁਖ਼ਤਿਆਰੀ ਦਾ ਮੁੱਦਾ ਚੁੱਕਣ ਕਰ ਕੇ ਹੀ ਅਕਾਲੀ ਦਲ ਨੂੰ ਪੰਜਾਬੀਆਂ ਨੇ ਮਾਂ ਪਾਰਟੀ ਦਾ ਦਰਜਾ ਦਿਤਾ ਸੀ। ਭਾਵੇਂ ਅੱਜ ਅਕਾਲੀ ਦਲ ਪਹਿਲਾਂ ਵਾਲਾ ਨਹੀਂ ਰਿਹਾ ਪਰ ਆਮ ਪੰਜਾਬੀ ਦਿੱਲੀ ਦੀ ਗ਼ੁਲਾਮੀ ਵੀ ਬਰਦਾਸ਼ਤ ਨਹੀਂ ਕਰਦਾ। ਹੁਣ ਤਾਂ ਹਰ ਪੰਜਾਬੀ ਸਮਝ ਚੁੱਕਾ ਹੈ ਕਿ 70 ਸਾਲਾਂ ਵਿਚ ਦਿੱਲੀ ਨੇ ਪੰਜਾਬ ਨੂੰ ਗ਼ੁਲਾਮ ਰੱਖਣ ਲਈ ਵਿਤਕਰੇ ਹੀ ਕੀਤੇ ਹਨ ਪੰਜਾਬ ਨਾਲ। ਭਾਵੇਂ ਪੰਜਾਬ ਦੇ ਗ਼ਦਾਰ ਆਗੂ, ਕੁਰਸੀ ਦੇ ਯਾਰ ਆਗੂ, ਦਿੱਲੀ ਦਾ ਸਾਥ ਦਿੰਦੇ ਰਹੇ ਹਨ ਜਿਸ ਕਾਰਨ ਦਿੱਲੀ ਪੰਜਾਬੀਆਂ ਨੂੰ ਦਬਾ ਕੇ ਰੱਖਣ ਵਿਚ ਅਤੇ ਪੰਜਾਬ ਮਾਰੂ ਨੀਤੀਆਂ ਲਾਗੂ ਕਰਨ ਵਿਚ ਸਫ਼ਲ ਰਹੀ ਹੈ।
ਹੁਣ ਹਾਲਾਤ ਕਰਵਟ ਲੈ ਰਹੇ ਹਨ। ਲਗਭਗ ਹਰ ਜਾਗਦੀ ਜ਼ਮੀਰ ਵਾਲਾ ਆਗੂ ਸਮਝਦਾ ਹੈ ਕਿ ਦਿੱਲੀ ਤੋਂ ਚੱਲਣ ਵਾਲੀ ਹਰ ਪਾਰਟੀ ਵਿਚ ਕਿਸੇ ਨਾ ਕਿਸੇ ਰੂਪ ਵਿਚ ਆਰ.ਐਸ.ਐਸ ਦਾ ਇਕ ਧੜਾ ਸ਼ਾਮਲ ਹੁੰਦਾ ਹੀ ਹੈ, ਚਾਹੇ ਉਹ ਕਾਂਗਰਸ ਹੋਵੇ, ਚਾਹੇ ਹੋਵੇ ਆਮ ਆਦਮੀ ਪਾਰਟੀ। ਅਕਾਲੀ ਦਲ ਨੂੰ ਵੀ ਉਨ੍ਹਾਂ ਨੇ ਸੋਚੀ ਸਮਝੀ ਯੋਜਨਾ ਅਨੁਸਾਰ, ਅਪਣੇ ਨਾਲ ਰਲਾ ਕੇ ਪੰਥ ਤੋਂ ਦੂਰ ਕਰ ਦਿਤਾ ਹੈ। ਭਾਜਪਾ ਤਾਂ ਹੈ ਹੀ ਆਰ.ਐਸ.ਐਸ ਦਾ ਸਿਆਸੀ ਵਿੰਗ। ਸਿੱਖ ਧਰਮ ਉਤੇ ਗੰਧਲੀ ਤੇ ਪ੍ਰਵਾਰਵਾਦੀ ਸਿਆਸਤ ਨੇ ਅਜਿਹਾ ਕਬਜ਼ਾ ਕੀਤਾ ਹੈ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਪਣੇ ਅਸਲ ਨਿਸ਼ਾਨੇ ਵਲ ਤੁਰੀ ਹੀ ਨਹੀਂ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਬਾਅਦ ਸਿੱਖਾਂ ਨੂੰ ਇਨਸਾਫ਼ ਨਾ ਮਿਲ ਸਕਣਾ ਅਕਾਲੀ ਦਲ ਲਈ ਮਾਰੂ ਸਾਬਤ ਹੋ ਰਿਹਾ ਹੈ। ਕੁੱਝ ਕੁਰਸੀਵਾਦੀ ਸਿੱਖ ਆਗੂ ਤੇ ਕੇਂਦਰ ਵਿਚ ਬੈਠੀ ਐਂਟੀ ਸਿੱਖ ਲਾਬੀ ਪੰਜਾਬ ਵਿਚ ਫਿਰ ਤੋਂ ਹਾਲਾਤ ਨੂੰ ਵਿਗਾੜਨਾ ਚਾਹੁੰਦੇ ਹਨ ਪਰ ਸਿੱਖ ਭਰਾਉ, ਹੁਣ ਕੌਮ ਲਈ ਸਿਰ ਵਾਰਨ ਦੀ ਥਾਂ ਸਿਰਾਂ ਨੂੰ ਵਰਤਣ ਵਾਲੇ ਤਰੀਕੇ ਨਾਲ ਚਲ ਕੇ ਹੀ ਕੁੱਝ ਪ੍ਰਾਪਤ ਕਰ ਸਕਾਂਗੇ।
-ਤੇਜਵੰਤ ਸਿੰਘ ਭੰਡਾਲ, ਸੰਪਰਕ : 98152-67963