ਡੇਰੇਦਾਰਾਂ ਨੇ ਗੁਰਦਵਾਰਿਆਂ ਦੁਆਲੇ ਘੇਰਾ ਪਾ ਲਿਆ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਪੰਜਾਬ ਵਿਚ ਬਾਬਾਵਾਦ, ਸੰਤਵਾਦ ਨੂੰ ਪ੍ਰਫੁੱਲਤ ਕਰਨ ਵਿਚ ਸਮੇਂ ਦੀਆਂ ਸਰਕਾਰਾਂ ਦਾ ਪੂਰਾ ਹੱਥ ਰਿਹਾ ਹੈ.........

Derawad

ਪੰਜਾਬ ਵਿਚ ਬਾਬਾਵਾਦ, ਸੰਤਵਾਦ ਨੂੰ ਪ੍ਰਫੁੱਲਤ ਕਰਨ ਵਿਚ ਸਮੇਂ ਦੀਆਂ ਸਰਕਾਰਾਂ ਦਾ ਪੂਰਾ ਹੱਥ ਰਿਹਾ ਹੈ ਪਰ ਇਸ ਵਿਚ ਸ਼੍ਰੋਮਣੀ ਕਮੇਟੀ ਨੇ ਵੀ ਕੋਈ ਕਸਰ ਬਾਕੀ ਨਹੀਂ ਛੱਡੀ। ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਸਥਾਨ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਦੁਆਲੇ ਕਈ ਡੇਰੇਦਾਰਾਂ, ਬਾਬਿਆਂ ਨੇ ਅਪਣੀਆਂ ਦੁਕਾਨਾਂ ਖੋਲ੍ਹ ਕੇ ਤੇ ਅਪਣੇ ਡੇਰੇ ਬਣਾ ਕੇ ਘੇਰਾ ਪਾ ਰਖਿਆ ਹੈ। ਭੋਲੇ ਸਿੱਖਾਂ ਨੂੰ ਚੋਗਾ ਪਾਉਣ ਲਈ ਇਨ੍ਹਾਂ ਸਾਰੇ ਹੀ ਡੇਰੇਦਾਰਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਵੀ ਕੀਤੇ ਹੋਏ ਹਨ ਤੇ ਜਦੋਂ ਵੀ ਇਨ੍ਹਾਂ ਡੇਰੇਦਾਰਾਂ ਨੇ ਅਪਣੇ ਬਾਬਿਆਂ ਦੀਆਂ ਬਰਸੀਆਂ ਮਨਾਉਣੀਆਂ ਹੁੰਦੀਆਂ ਹਨ

ਜਾਂ ਹੋਰ ਪ੍ਰੋਗਰਾਮ ਕਰਨੇ ਹੁੰਦੇ ਹਨ ਤਾਂ ਵੱਡੇ-ਵੱਡੇ ਹੋਰਡਿੰਗ ਬੋਰਡ ਗੁਰਦਵਾਰਾ ਫਤਹਿਗੜ੍ਹ ਸਾਹਿਬ ਦੇ ਮੁੱਖ ਦਰਵਾਜ਼ੇ 'ਤੇ ਲਗਾ ਦਿਤੇ ਜਾਂਦੇ ਹਨ ਜਿਨ੍ਹਾਂ ਵਿਚ ਸ਼ਰੇਆਮ ਜਪ ਤਪ ਸਮਾਗਮਾਂ ਵਿਚ ਆਉਣ ਦਾ ਹੋਕਾ ਦੇ ਕੇ ਅਪਣੇ ਮਰੇ ਹੋਏ ਬਾਬਿਆਂ ਨੂੰ ਬ੍ਰਹਮਗਿਆਨੀਆਂ ਦਾ ਦਰਜਾ ਦਿਤਾ ਹੁੰਦਾ ਹੈ। ਹੋ ਸਕਦਾ ਹੈ ਕਿ ਅਜਿਹੇ ਬੋਰਡ ਜੋ ਬਾਬਾਵਾਦ ਅਤੇ ਮਨਮਤਿ ਦਾ ਪ੍ਰਚਾਰ ਕਰਦੇ ਹਨ, ਰਾਤ ਬਰਾਤ ਨੂੰ ਗੁਰਦਵਾਰਾ ਫਤਹਿਗੜ੍ਹ ਸਾਹਿਬ ਦੇ ਬਾਹਰ ਲਗਾ ਦਿਤੇ ਜਾਂਦੇ ਹੋਣ ਤੇ ਪ੍ਰਬੰਧਕਾਂ ਨੂੰ ਨਾ ਪਤਾ ਚਲਦਾ ਹੋਵੇ ਪਰ ਜਦੋਂ ਇਹ ਬੋਰਡ ਕਈ-ਕਈ ਦਿਨ ਜਾਂ ਪੂਰਾ ਮਹੀਨਾ ਗੁਰਦਵਾਰੇ ਦੇ ਬਾਹਰ ਲੱਗੇ ਰਹਿਣ

ਤਾਂ ਸ਼ੱਕ ਦੀ ਸੂਈ ਸਿੱਧਾ ਗੁਰਦਵਾਰਾ ਪ੍ਰਬੰਧ ਉਤੇ ਟਿਕ ਹੀ ਜਾਂਦੀ ਹੈ। ਇਸ ਲਈ ਮੈਂ ਗੁਰਦਵਾਰਾ ਫਤਿਹਗੜ੍ਹ ਸਾਹਿਬ ਦੇ ਮੈਨੇਜਰ ਜੀ ਤੇ ਸਮੂਹ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਇਸ ਤਰ੍ਹਾਂ ਦੇ ਇਸ਼ਤਿਹਾਰਾਂ ਤੇ ਤੁਰੰਤ ਰੋਕ ਲਗਾਈ ਜਾਵੇ, ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬਉਚਤਾ ਨੂੰ ਚੈਲੇਂਜ ਕਰਦੇ ਹੋਣ। ਮੈਨੂੰ ਇੰਜ ਵੀ ਲਗਦਾ ਹੈ ਕਿ ਪੰਜਾਬ ਵਿਚ ਗੁਰਦਵਾਰਾ ਫਤਿਹਗੜ੍ਹ ਸਾਹਿਬ ਹੀ ਇਕ ਅਜਿਹਾ ਗੁਰੂ ਘਰ ਹੋਵੇਗਾ ਜਿਸ ਦੇ ਆਲੇ ਦੁਆਲੇ ਸੱਭ ਤੋਂ ਵੱਧ ਡੇਰੇ (ਪਖੰਡੀਆਂ ਦੀਆਂ ਦੁਕਾਨਦਾਰੀਆਂ) ਬਣੇ ਹੋਏ ਹਨ।

ਕਹਿਣ ਤੋਂ ਭਾਵ ਗੁਰਦਵਾਰਾ ਫਤਹਿਗੜ੍ਹ ਸਾਹਿਬ ਦੀ ਮਹਾਨਤਾ ਨੂੰ ਘਟਾਉਣ ਲਈ ਬਾਬਾਵਾਦ ਪੂਰੀ ਤਰ੍ਹਾਂ ਤਤਪਰ ਹੈ ਤੇ ਸੱਭ ਤੋਂ ਦੁਖਦਾਈ ਗੱਲ ਇਹ ਹੈ ਕਿ ਸਿੱਖ (ਸਾਰੇ ਨਹੀਂ) ਹਰ ਪੱਖੋਂ ਜਾਗਰੂਕ ਹਨ, ਤਰੱਕੀ ਕਰ ਗਏ ਹਨ ਪਰ ਧਰਮ ਪੱਖੋਂ ਉਨ੍ਹਾਂ ਨੂੰ ਕੋਈ ਵੀ ਮੂਰਖ ਬਣਾ ਸਕਦਾ ਹੈ। ਇਸ ਲਈ ਆਪ ਜੀ ਨੂੰ ਦੁਬਾਰਾ ਫਿਰ ਬੇਨਤੀ ਹੈ ਕਿ ਗੁਰੂਘਰ ਦੇ ਬਾਹਰ ਇਹੋ ਜਹੇ ਬੋਰਡ ਨਾ ਲੱਗਣ ਜੋ ਨਕਲੀ ਸੰਤਵਾਦ ਦਾ ਪ੍ਰਚਾਰ ਕਰ ਰਹੇ ਹੋਣ।

-ਹਰਪ੍ਰੀਤ ਸਿੰਘ ਸਰਹਿੰਦ, ਸੰਪਰਕ : 88475-46903