ਦਲਿਤਾਂ ਪ੍ਰਤੀ ਸੋਚ ਬਦਲਣੀ ਪਵੇਗੀ ਜਾਂ ਬਾਬੇ ਨਾਨਕ ਨਾਲ ਪਿਆਰ ਦਾ ਵਿਖਾਵਾ ਬੰਦ ਕਰਨਾ ਪਵੇਗਾ!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਪੰਜਾਬ ਕੋਲ ਮਨੁੱਖੀ ਬਰਾਬਰੀ ਦੀ ਅਜਿਹੀ ਦੌਲਤ ਸੀ ਕਿ ਉਹ ਪੂਰੇ ਦੇਸ਼ ਵਾਸਤੇ ਇਕ ਸਬਕ ਬਣ ਕੇ ਜਾਤ-ਪਾਤ ਦੇ ਖ਼ਾਤਮੇ ਦੀ ਮਿਸਾਲ ਬਣ ਸਕਦਾ ਸੀ।

Jagmail Singh

ਕਿੰਨੀ ਸ਼ਰਮਨਾਕ ਗੱਲ ਹੈ ਕਿ ਜਦੋਂ ਬਾਬਾ ਨਾਨਕ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਸੀ ਤਾਂ ਉਨ੍ਹਾਂ ਦੇ ਅਪਣੇ ਹੀ ਪੰਜਾਬ ਵਿਚ ਇਕ ਦਲਿਤ ਨੂੰ ਮਾਰ ਮਾਰ ਕੇ ਅੱਧਮੋਇਆ ਕਰ ਦਿਤਾ ਗਿਆ ਅਤੇ ਜਦੋਂ ਉਸ ਨੇ ਪਾਣੀ ਮੰਗਿਆ ਤਾਂ ਉਸ ਨੂੰ ਪਿਸ਼ਾਬ ਪੀਣ ਲਈ ਮਜਬੂਰ ਕੀਤਾ ਗਿਆ ਤੇ ਜਮੂਰਾਂ ਨਾਲ ਉਸ ਦੀਆਂ ਲੱਤਾਂ ਦਾ ਮਾਸ ਨੋਚਿਆ ਗਿਆ। 16 ਨਵੰਬਰ ਨੂੰ ਉਸ ਦੀ ਚੰਡੀਗੜ੍ਹ ਦੇ ਪੀ.ਜੀ.ਆਈ. ਹਸਪਤਾਲ ਵਿਚ ਮੌਤ ਹੋ ਗਈ ਅਤੇ ਇਹ ਮੌਤ ਵੀ ਸ਼ਾਇਦ ਨਾ ਹੁੰਦੀ ਜੇ ਉਸ ਵਲ ਸਮੇਂ ਸਿਰ ਧਿਆਨ ਦਿਤਾ ਜਾਂਦਾ।

ਪੀ.ਜੀ.ਆਈ. ਆਉਣ ਤੋਂ ਪਹਿਲਾਂ ਉਸ ਨੂੰ ਤਿੰਨ ਹਸਪਤਾਲਾਂ ਵਿਚ ਲਿਜਾਇਆ ਜਾ ਚੁੱਕਾ ਸੀ। ਉਸ ਦੀ ਮਾਰਕੁੱਟ ਤੋਂ ਬਾਅਦ ਉਸ ਦੇ ਇਲਾਜ ਵਿਚ ਅਣਗਹਿਲੀ ਰਹੀ ਹੋਵੇਗੀ ਕਿਉਂਕਿ ਮਰਨ ਤੋਂ ਪਹਿਲਾਂ ਉਸ ਦੀਆਂ ਦੋਵੇਂ ਲੱਤਾਂ ਵੀ ਕਟਣੀਆਂ ਜ਼ਰੂਰੀ ਹੋ ਗਈਆਂ ਸਨ। ਆਖ਼ਰ ਉਸ ਦੀ ਕਿਡਨੀ ਨੇ ਜਵਾਬ ਦੇ ਦਿਤਾ ਪਰ ਭਾਰਤ ਅੰਦਰ ਜਾਤ-ਪਾਤ ਦੀਆਂ ਲਕੀਰਾਂ ਏਨੀਆਂ ਤਾਕਤਵਰ ਹਨ ਕਿ ਇਨ੍ਹਾਂ ਦੇ ਖ਼ਾਤਮੇ ਦਾ ਕੋਈ ਨਾਮੋ-ਨਿਸ਼ਾਨ ਹੀ ਨਹੀਂ ਦਿਸਦਾ। ਭਾਰਤ ਦੀ ਸੋਚ ਏਨੀ ਮੈਲੀ ਹੋ ਚੁੱਕੀ ਹੈ ਕਿ ਇਸ ਸਾਲ ਦੋ ਦਲਿਤ ਬੱਚਿਆਂ ਨੂੰ ਮਾਰ ਦਿਤਾ ਗਿਆ ਸੀ ਕਿਉਂਕਿ ਉਨ੍ਹਾਂ ਨੇ ਖੁੱਲ੍ਹੇ ਵਿਚ ਮਲ-ਤਿਆਗ ਕਰਨ ਦੀ ਗ਼ਲਤੀ ਕਰ ਦਿਤੀ ਸੀ।

ਤਾਮਿਲਨਾਡੂ ਵਿਚ 'ਉੱਚ ਜਾਤ' ਵਾਲਿਆਂ ਨੇ ਸ਼ਮਸ਼ਾਨ ਨੂੰ ਜਾਣ ਦਾ ਰਸਤਾ ਦਲਿਤਾਂ ਵਾਸਤੇ ਬੰਦ ਕਰ ਦਿਤਾ ਹੈ ਜਿਸ ਕਰ ਕੇ ਸ਼ਮਸ਼ਾਨ ਘਾਟ ਨੂੰ ਜਾਣ ਵਾਸਤੇ 2 ਕਿਲੋਮੀਟਰ ਦਾ ਵਾਧੂ ਸਫ਼ਰ ਨਹਿਰ ਅਤੇ ਗੰਦੀਆਂ ਨਾਲੀਆਂ 'ਚੋਂ ਲੰਘ ਕੇ ਤੈਅ ਕਰਨਾ ਪੈਂਦਾ ਹੈ। ਅਗੱਸਤ ਵਿਚ ਵੈਲੋਰ ਦੇ ਇਕ ਦਲਿਤ ਦੀ ਲਾਸ਼ ਨੂੰ 20 ਫ਼ੁੱਟ ਦੀ ਉਚਾਈ ਤੋਂ ਲਟਕਾ ਕੇ ਦਰਿਆ ਪਾਰ ਕਰਵਾਉਣਾ ਪਿਆ ਕਿਉਂਕਿ 'ਉੱਚ ਜਾਤੀ' ਵਾਲਿਆਂ ਨੇ ਸੜਕ ਤੋਂ ਲੰਘਣ ਦਾ ਰਾਹ ਨਹੀਂ ਸੀ ਦਿਤਾ। ਕਿਤੇ ਘੋੜੀ ਚੜ੍ਹਨ 'ਤੇ ਪਾਬੰਦੀ ਹੈ ਅਤੇ ਕਿਤੇ ਨਾਲ ਬੈਠਣ 'ਤੇ। ਭਾਰਤ ਵਿਚ ਜਾਨਵਰਾਂ ਦੇ ਹੱਕਾਂ ਵਾਸਤੇ ਜ਼ਿਆਦਾ ਲੋਕ ਅੱਗੇ ਆ ਜਾਣਗੇ ਪਰ ਦਲਿਤਾਂ ਵਾਸਤੇ ਨਹੀਂ। ਸੰਗਰੂਰ ਦੇ ਨੌਜੁਆਨ ਵਾਸਤੇ ਜੇ ਲੋਕ ਅੱਗੇ ਆਏ ਹੁੰਦੇ ਤਾਂ ਸ਼ਾਇਦ ਉਹ ਏਨੀ ਦਰਦਨਾਕ ਮੌਤ ਨਾ ਮਰਦਾ।

ਅੱਜ ਵੀ ਪੰਜਾਬ ਦੇ ਕਈ ਪਿੰਡਾਂ ਵਿਚ ਦਲਿਤਾਂ ਵਾਸਤੇ ਵਖਰੇ ਸ਼ਮਸ਼ਾਨਘਾਟ ਅਤੇ ਗੁਰੂਘਰ ਹਨ। ਅੱਜ ਵੀ ਜਿਥੇ ਬਾਬੇ ਨਾਨਕ ਦਾ ਫ਼ਲਸਫ਼ਾ ਦੁਨੀਆਂ ਭਰ ਵਿਚ ਪ੍ਰਚਾਰਿਆ ਜਾਣ ਲੱਗਾ ਹੈ, ਉਨ੍ਹਾਂ ਦੇ ਅਖੌਤੀ 'ਸਿੱਖ' ਉਨ੍ਹਾਂ ਦੀ ਸਿਖਿਆ ਦੀ ਤੌਹੀਨ ਹਰ ਹੀਲੇ ਬਹਾਨੇ ਕਰਦੇ ਰਹਿੰਦੇ ਹਨ। ਪੰਜਾਬ ਕੋਲ ਮਨੁੱਖੀ ਬਰਾਬਰੀ ਦੀ ਅਜਿਹੀ ਦੌਲਤ ਸੀ ਕਿ ਉਹ ਪੂਰੇ ਦੇਸ਼ ਵਾਸਤੇ ਇਕ ਸਬਕ ਬਣ ਕੇ ਜਾਤ-ਪਾਤ ਦੇ ਖ਼ਾਤਮੇ ਦੀ ਮਿਸਾਲ ਬਣ ਸਕਦਾ ਸੀ। ਪਰ ਜਿਹੜਾ ਪੰਜਾਬ ਸਭ ਤੋਂ ਵੱਧ ਐਸ.ਸੀ./ਐਸ.ਟੀ. ਦੀ ਆਬਾਦੀ ਵਾਲਾ ਰਾਜ ਹੈ, ਉਹ ਅਪਣੇ ਇਨ੍ਹਾਂ ਭੈਣਾਂ-ਭਰਾਵਾਂ ਨਾਲ ਬੜਾ ਵਿਤਕਰਾ ਕਰਦਾ ਹੈ।

ਇਸ ਸਤੰਬਰ ਤਕ ਦਲਿਤਾਂ ਨਾਲ ਜਾਤ-ਪਾਤੀ ਅਪਰਾਧਾਂ ਦੀਆਂ 1148 ਸ਼ਿਕਾਇਤਾਂ ਦਰਜ ਹੋ ਚੁਕੀਆਂ ਸਨ। ਪੰਜਾਬ ਬਰਾਬਰੀ ਤੋਂ ਕੋਹਾਂ ਦੂਰ ਹੈ। ਆਪਸੀ ਲੜਾਈਆਂ ਪੰਜਾਬ ਵਿਚ ਬੜੀਆਂ ਹੁੰਦੀਆਂ ਹਨ ਪਰ ਕੀ ਇਹ ਲੜਾਈ ਏਨਾ ਘਾਤਕ ਮੋੜ ਲੈ ਸਕਦੀ ਸੀ ਜੇ ਪੀੜਤ ਦਲਿਤ ਨਾ ਹੁੰਦਾ? ਸੰਗਰੂਰ ਵਿਚ ਦਲਿਤਾਂ ਵਲੋਂ ਸ਼ਾਮਲਾਟ ਦੀ ਜ਼ਮੀਨ ਉਤੇ ਅਪਣਾ ਕਾਨੂੰਨੀ ਹੱਕ ਜਤਾਉਣ ਦਾ ਸੰਘਰਸ਼ ਕਾਫ਼ੀ ਤੇਜ਼ੀ ਨਾਲ ਸਫ਼ਲ ਚਲ ਰਿਹਾ ਹੈ। ਦਲਿਤਾਂ ਦੀ ਜ਼ੋਰ ਫੜ ਰਹੀ ਤਾਕਤ ਪੰਜਾਬ ਵਿਚ 'ਉੱਚ' ਜਾਤੀਆਂ ਤੋਂ ਬਰਦਾਸ਼ਤ ਨਹੀਂ ਹੋ ਰਹੀ।

72 ਸਾਲ ਤੋਂ ਰਾਖਵਾਂਕਰਨ ਚਲ ਰਿਹਾ ਹੈ ਅਤੇ ਹੁਣ ਉਸ ਵਿਰੁਧ ਆਵਾਜ਼ ਉਠ ਰਹੀ ਹੈ। ਉੱਚ ਜਾਤੀ ਲੋਕਾਂ ਨੂੰ ਚੁਭਦਾ ਹੈ ਇਹ ਰਾਖਵਾਂਕਰਨ ਪਰ ਇਹ ਵਿਤਕਰਾ ਕਿਉਂ ਨਹੀਂ ਚੁਭਦਾ? ਕਿਉਂ ਨਹੀਂ ਕਿਸੇ ਇਨਸਾਨ ਨਾਲ ਦੁਰਵਿਹਾਰ ਚੁਭਦਾ ਜੋ ਕਿ ਸਿਰਫ਼ ਉਸ ਦੀ ਜਾਤ ਸਦਕਾ ਕੀਤਾ ਜਾਂਦਾ ਹੈ? ਜੇ ਪੰਜਾਬ ਦੇ ਦਲਿਤਾਂ ਵਲ ਵੇਖਿਆ ਜਾਵੇ ਤਾਂ ਉਹ ਅਜੇ ਕੋਹਾਂ ਪਛੜੇ ਹਨ, ਆਰਥਕ ਪੱਖੋਂ, ਹੱਕਾਂ ਪੱਖੋਂ, ਧਾਰਮਕ ਬਰਾਬਰੀ ਪੱਖੋਂ, ਮਾਨਵ ਅਧਿਕਾਰਾਂ ਪੱਖੋਂ। ਅੱਜ ਵੀ ਗੁਰੂ ਘਰਾਂ ਦੇ ਲਾਊਡ ਸਪੀਕਰ ਤੋਂ ਗ੍ਰੰਥੀ, ਪਿੰਡ ਦੇ ਦਲਿਤਾਂ ਦੇ ਵਿਰੋਧ ਜਾਂ ਬਾਈਕਾਟ ਦੀ ਪੁਕਾਰ ਲਗਾਉਂਦੇ ਹਨ ਜੋ ਪਿੰਡ ਵਾਲਿਆਂ ਵਲੋਂ ਮੰਨੀ ਵੀ ਜਾਂਦੀ ਹੈ।

ਦਲਿਤਾਂ ਦੇ ਘਰ ਅਜੇ ਵੀ ਪਿੰਡਾਂ ਦੀਆਂ ਫਿਰਨੀਆਂ 'ਤੇ ਵਸੇ ਹੋਏ ਹਨ ਜਿਵੇਂ ਉਹ ਸਾਡੇ ਸਮਾਜ ਤੋਂ ਬਾਹਰ ਦੇ ਲੋਕ ਹੋਣ। ਆਖ਼ਰ ਕਦੋਂ ਤਕ ਇਹ ਚਲਦਾ ਰਹੇਗਾ? ਕਦੋਂ ਤਕ ਜੱਟ, ਭਾਪਾ, ਚਮਾਰ ਆਦਿ ਦੀਆਂ ਉਪਾਧੀਆਂ ਸਿੱਖ ਹੋਣ ਤੋਂ ਉਪਰ ਮੰਨੀਆਂ ਜਾਂਦੀਆਂ ਰਹਿਣਗੀਆਂ? ਸਿੱਖਾਂ ਅਤੇ ਬਾਕੀ ਧਰਮਾਂ ਵਿਚ ਕੀ ਫ਼ਰਕ ਰਹਿ ਗਿਆ ਜੇ ਉਹ ਅੱਜ ਨੀਵੀਂ ਉੱਚੀ ਜਾਤ ਨਾਲ ਪਛਾਣੇ ਜਾਂਦੇ ਹਨ? 550 ਸਾਲ ਦੇ ਸਮਾਗਮ ਕਿੰਨੇ ਖੋਖਲੇ ਲੱਗ ਰਹੇ ਹਨ ਕਿਉਂਕਿ ਅੱਜ ਵੀ ਬਾਬੇ ਨਾਨਕ ਦਾ ਫ਼ਲਸਫ਼ਾ ਸਾਡੀ ਸੋਚ ਵਿਚ ਨਹੀਂ ਸਮਾ ਸਕਿਆ ਤੇ ਅਸੀ ਐਵੇਂ ਵਿਖਾਵੇ ਦੇ ਮੇਲੇ ਹੀ ਕਰ ਰਹੇ ਹਾਂ।                                                                      -ਨਿਮਰਤ ਕੌਰ