'ਈ ਵੀ ਐਮ ਸਰਕਾਰ' ਦਾ ਤਾਂ ਅਕਾਲੀ ਵੀ ਇਕ ਹਿੱਸਾ ਸਨ--ਕੀ ਉਹ ਇਸ 'ਪਾਪ' ਦੀ ਮਾਫ਼ੀ ਮੰਗਣਗੇ?

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

'ਜਥੇਦਾਰ' ਨੇ ਸਿਰਫ਼ ਇਕ ਪਾਰਟੀ ਦੇ ਸਿਆਸੀ ਏਜੰਡੇ ਨੂੰ ਚੁਕ ਕੇ ਆਪ ਹੀ ਅਹਿਸਾਸ ਕਰਵਾ ਦਿਤਾ ਕਿ ਅਸਲ ਵਿਚ ਸ਼੍ਰੋਮਣੀ ਕਮੇਟੀ ਇਕ ਸਿਆਸੀ ਪਾਰਟੀ ਦੀ ਕਠਪੁਤਲੀ ਬਣ ਚੁੱਕੀ ਹੈ।

PM Modi- Harsimrat Badal and Sukhbir Badal

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ 100ਵੀਂ ਵਰ੍ਹੇਗੰਢ ਤੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਇਹ ਗੱਲ ਕਹੀ ਗਈ ਕਿ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਪੁੱਤਰ ਹੈ। ਉਨ੍ਹਾਂ ਆਖਿਆ ਕਿ ਹੁਣ ਅਕਾਲੀ ਦਲ ਪੰਜਾਬ ਤੋਂ ਪੰਥ ਵਲ ਜਾਂਦਾ ਰਸਤਾ ਤੈਅ ਕਰਨ ਤੇ ਲੱਗ ਜਾਏ।

ਉਨ੍ਹਾਂ ਨੇ ਕਈ ਵਿਰੋਧੀ ਤਾਕਤਾਂ ਨੂੰ ਸਿੱਖ ਧਰਮ ਦਾ ਦੁਸ਼ਮਣ ਆਖਿਆ ਪਰ ਅਫ਼ਸੋਸ ਉਹ ਆਪ ਹੀ ਨਹੀਂ ਸਮਝ ਸਕੇ ਕਿ ਇਨ੍ਹਾਂ ਸ਼ਬਦਾਂ ਤੋਂ ਹੀ ਪਤਾ ਲੱਗ ਗਿਆ ਕਿ ਉਹ ਆਪ ਵੀ ਸਿੱਖ ਫ਼ਲਸਫ਼ੇ ਦੇ ਉਲਟ ਚਲ ਰਹੇ ਹਨ। ਬਾਬੇ ਨਾਨਕ ਦਾ ਜਿਹੜਾ ਫ਼ਲਸਫ਼ਾ ਅੱਜ ਸਿੱਖਾਂ ਦੀ ਸੋਚ ਉਤੇ ਛਾਇਆ ਹੋਣਾ ਚਾਹੀਦਾ ਸੀ, ਉਹ ਤਾਂ 'ਜਥੇਦਾਰ' ਦੀ ਸੋਚ ਵਿਚ ਹੈ ਹੀ ਨਹੀਂ ਸੀ।

ਅੱਜ ਜੇ ਕੋਈ ਗੁਰੂ ਦੀ ਬਾਣੀ ਨਾਲ ਜੁੜਿਆ ਹੁੰਦਾ ਤਾਂ ਉਸ ਮੰਚ ਤੋਂ ਖੜੇ ਹੋ ਕੇ ਪਿਉ ਪੁੱਤਰ ਦੀ ਗੱਲ ਆਖ ਕੇ ਔਰਤ ਨੂੰ ਪੂਰੀ ਤਰ੍ਹਾਂ ਇਕ ਪਾਸੇ ਨਾ ਕਰ ਦੇਂਦਾ। ਉਹ ਸਿੱਖੀ ਦੀ ਜ਼ਿਆਦਾ ਸੇਵਾ ਕਰ ਰਹੇ ਹੁੰਦੇ ਜੇ ਕਹਿ ਦੇਂਦੇ ਕਿ ਸ਼੍ਰੋਮਣੀ ਕਮੇਟੀ ਮਾਂ ਹੈ ਤੇ ਅਕਾਲੀ ਦਲ ਉਸ ਦਾ ਪੁੱਤਰ। ਜੇ ਬਾਬੇ ਨਾਨਕ ਵਲੋਂ ਦਿਤੀ ਸੋਚ ਨੂੰ ਸਮਝਦੇ ਹੁੰਦੇ ਤਾਂ 'ਔਲਾਦ' ਸ਼ਬਦ ਨਾਲ ਉਸੇ ਬਰਾਬਰੀ ਵਾਲੀ ਸੋਚ ਦੀ ਨਾਨਕੀ ਭਾਸ਼ਾ ਵਿਚ ਗੱਲ ਕਰਦੇ ਤੇ ਔਰਤ ਨੂੰ ਮਾਂ ਦੇ ਰੂਪ ਵਿਚ ਨਾਲ ਜ਼ਰੂਰ ਜੋੜ ਲੈਂਦੇ।

ਪਰ 'ਜਥੇਦਾਰ' ਨੇ ਸਿਰਫ਼ ਇਕ ਪਾਰਟੀ ਦੇ ਸਿਆਸੀ ਏਜੰਡੇ ਨੂੰ ਚੁਕ ਕੇ ਆਪ ਹੀ ਅਹਿਸਾਸ ਕਰਵਾ ਦਿਤਾ ਕਿ ਅਸਲ ਵਿਚ ਸ਼੍ਰੋਮਣੀ ਕਮੇਟੀ ਇਕ ਸਿਆਸੀ ਪਾਰਟੀ ਦੀ ਕਠਪੁਤਲੀ ਬਣ ਚੁੱਕੀ ਹੈ। ਉਸ ਸਿਆਸੀ ਪਾਰਟੀ ਦੇ ਨੇਤਾ ਭਾਵੇਂ ਸੌਦਾ ਸਾਧ ਨੂੰ ਜਾ ਮੱਥੇ ਟੇਕਣ ਜਾਂ ਬੀਜੇਪੀ ਨੂੰ 'ਪਤੀ' ਬਣਾ ਲੈਣ, ਸ਼੍ਰੋਮਣੀ ਕਮੇਟੀ ਲਈ ਉਹ 'ਮਹਾਨ' ਹੀ ਹਨ ਤੇ ਸਾਰੇ ਸਿੱਖਾਂ ਨੂੰ ਉਨ੍ਹਾਂ ਦੇ ਮਗਰ ਲੱਗ ਜਾਣਾ ਚਾਹੀਦਾ ਹੈ। ਇਹ ਹੁਕਮ ਹੈ 'ਜਥੇਦਾਰ' ਦਾ।

ਕੇਂਦਰ ਦੀ ਸਰਕਾਰ ਨੂੰ 'ਈ.ਵੀ.ਐਮ ਦੀ ਸਰਕਾਰ' ਆਖ ਕੇ 'ਜਥੇਦਾਰ' ਨੇ ਅਕਾਲੀ ਦਲ ਦੀ ਭਾਈਵਾਲ ਰਹੀ ਪਾਰਟੀ ਉਤੇ ਸ਼ਬਦੀ ਹਮਲਾ ਤਾਂ ਕੀਤਾ ਪਰ ਕੀ ਉਹ ਇਹ ਵੀ ਆਖ ਰਹੇ ਹਨ ਕਿ ਅਕਾਲੀ ਦਲ ਵੀ ਈ.ਵੀ.ਐਮ ਦੇ ਕਾਰਨ ਦੋ ਸੀਟਾਂ ਜਿਤਿਆ ਸੀ? ਜੇ ਕਿਸਾਨ ਮਜਬੂਰ ਨਾ ਕਰਦੇ ਤਾਂ ਅਕਾਲੀ ਅੱਜ ਵੀ 'ਈ ਵੀ ਐਮ' ਸਰਕਾਰ ਦਾ ਹਿੱਸਾ ਬਣੇ ਹੋਏ ਹੋਣੇ ਸਨ। ਕੀ ਇਸ ਪਾਪ ਲਈ ਉਹ ਅਕਾਲੀਆਂ ਕੋਲੋਂ ਮਾਫ਼ੀ ਮੰਗਵਾਉਣਗੇ?

ਇਕ ਗੱਲ ਤਾਂ ਉਨ੍ਹਾਂ ਮੰਨ ਲਈ ਕਿ ਅਕਾਲੀ ਦਲ ਅਪਣੀ ਪੰਥਕ ਸੋਚ ਤੋਂ ਪਿਛੇ ਹਟ ਗਿਆ ਸੀ। ਸੋ ਇਕ ਸੱਚ ਸ਼ਾਇਦ ਗ਼ਲਤੀ ਨਾਲ ਹੀ ਸਹੀ ਪਰ ਮੂੰਹ ਤੋਂ ਨਿਕਲ ਤਾਂ ਆਇਆ। ਪਰ ਜਦ ਆਪ ਸ਼੍ਰੋਮਣੀ ਕਮੇਟੀ ਦੇ ਪੁੱਤਰ ਨੂੰ 'ਘਰ ਵਾਪਸੀ' ਵਾਸਤੇ ਪ੍ਰੇਰਿਤ ਕਰ ਰਹੇ ਹਨ ਤਾਂ ਇਹ ਵੀ ਵੇਖਣ ਕਿ ਜੇ 'ਮਾਂ' ਆਪ ਹੀ ਪੰਥਕ ਸੋਚ ਤੋਂ ਦੂਰ ਹੋ ਚੁੱਕੀ ਹੈ ਤਾਂ ਫਿਰ ਸਿੱਖ ਪੰਥ ਵਾਸਤੇ ਅੱਗੇ ਕੀ ਰਸਤਾ ਹੈ?

ਅਸਲ ਵਿਚ ਸਾਨੂੰ ਆਦਤ ਪੈ ਗਈ ਹੈ ਕਿ ਅਸੀ ਕਿਸੇ ਨਾ ਕਿਸੇ ਹੋਰ ਨੂੰ ਅਪਣੀ ਕਮਜ਼ੋਰੀ ਵਾਸਤੇ ਜ਼ਿੰਮੇਵਾਰ ਠਹਿਰਾਉਂਦੇ ਰਹੀਏ। ਬਾਹਰਲੀਆਂ ਤਾਕਤਾਂ ਸਿੱਖ ਪੰਥ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਵਿਚ ਹਨ, ਇਹ ਸੱਭ ਤੋਂ ਪਸੰਦੀਦਾ ਤੇ ਪ੍ਰਚਲਤ ਫ਼ਿਕਰਾ ਹੈ। ਪਰ ਕੀ ਸ਼੍ਰੋਮਣੀ ਅਕਾਲੀ ਦਲ ਦਾ ਹਰ ਆਗੂ ਜੋ 10 ਸਾਲਾਂ ਤਕ ਨਸ਼ਾ, ਰੇਤਾ, ਸ਼ਰਾਬ ਮਾਫ਼ੀਆ ਨੂੰ ਵਧਾਉਂਦਾ ਰਿਹਾ, ਜੋ ਸੌਦਾ ਸਾਧ ਦੇ ਡੇਰੇ ਜਾ ਕੇ ਸਿਰ ਝੁਕਾਉਂਦਾ ਰਿਹਾ, ਜੋ ਸਰਕਾਰੀ ਪੈਸੇ ਦਾ ਗ਼ਲਤ ਇਸਤੇਮਾਲ ਕਰਦਾ ਰਿਹਾ, ਜਿਸ ਨੇ ਪੰਜਾਬ ਪੁਲਿਸ ਨੂੰ ਜਨਰਲ ਡਾਇਰ ਦੀ ਗ਼ੁਲਾਮ ਫ਼ੌਜ ਬਣਾ ਦਿਤਾ ਤੇ ਅਣਗਣਿਤ ਹੋਰ ਗ਼ਲਤੀਆਂ ਕਰਨ ਵਾਲੇ ਵੀ ਬਾਹਰ ਤੋਂ ਆਏ ਸਨ?

ਬੜਾ ਆਸਾਨ ਹੈ ਇਹ ਕਹਿਣਾ ਕਿ ਬਾਹਰਲੀਆਂ ਤਾਕਤਾਂ ਸਾਨੂੰ ਖ਼ਤਮ ਕਰਨਾ ਚਾਹੁੰਦੀਆਂ ਹਨ ਪਰ ਇਕ ਅਜਿਹਾ ਤਾਕਤਵਰ ਸਿੱਖ ਵੀ ਤਾਂ ਚਾਹੀਦਾ ਹੈ ਜੋ ਆਖ ਸਕੇ ਕਿ ਇਹ ਮੇਰੀ ਗ਼ਲਤੀ ਹੈ ਕਿ ਮੈਂ ਆਪ ਸਿੱਖ ਸੋਚ ਤੋਂ ਦੂਰ ਹੋ ਗਿਆ ਸੀ ਤੇ ਫਿਰ ਮੇਰੀ ਅਗਵਾਈ ਵਿਚ ਪੰਥ ਤਾਂ ਦੂਰ ਹੋਣਾ ਹੀ ਸੀ। ਪਰ ਚਲੋ ਇਸ ਮਾਂ (ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ) ਨੇ ਅਪਣੇ ਪੁੱਤਰ (ਸ਼੍ਰੋਮਣੀ ਅਕਾਲੀ ਦਲ) ਦੇ ਮੋਹ ਵਿਚ ਅਪਣੀਆਂ ਬਾਕੀ ਔਲਾਦਾਂ ਨੂੰ ਗੁਮਰਾਹ ਕਰਨ ਦਾ ਫ਼ੈਸਲਾ ਕਰ ਲਿਆ ਹੈ ਤਾਂ  ਬਾਕੀ ਸਾਰੀਆਂ ਔਲਾਦਾਂ ਨੂੰ ਕੀ ਹੋ ਗਿਆ ਹੈ?

100 ਸਾਲ ਦੇ ਸ਼੍ਰੋਮਣੀ ਕਮੇਟੀ ਦੇ ਰਾਜ ਵਿਚ ਸੈਂਕੜੇ ਗ਼ਲਤੀਆਂ ਦੁਹਰਾਈਆਂ ਗਈਆਂ ਹਨ। ਅੱਜ ਮਹੰਤਾਂ ਦੀ ਛਵੀ ਸਿੱਖ ਆਗੂਆਂ ਵਿਚ ਨਜ਼ਰ ਆ ਰਹੀ ਹੈ। ਸ਼ਾਇਦ ਉਸ ਤੋਂ ਵੀ ਵੱਧ ਖ਼ਤਰਨਾਕ ਕਿਉਂਕਿ ਇਹ ਸਿਰਫ਼ ਪੈਸੇ ਤੇ ਫ਼ਲਸਫ਼ੇ ਤਕ ਸੀਮਤ ਨਹੀਂ ਸਗੋਂ ਵਾਰ-ਵਾਰ ਸਿੱਖ ਨੌਜਵਾਨ ਨੂੰ ਉਕਸਾ ਕੇ, ਗ਼ਲਤ ਰਾਹ ਤੇ ਵੀ ਪਾ ਦੇਂਦੇ ਹਨ।

ਕੁੱਝ ਚਿਰ ਪਹਿਲਾਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਖ਼ਾਲਿਸਤਾਨ ਦਾ ਸਮਰਥਨ ਕੀਤਾ ਗਿਆ ਸੀ ਤੇ ਕਲ ਵੀ ਬੜੇ ਗਰਮ ਸ਼ਬਦਾਂ ਵਿਚ ਹਰ ਸਿੱਖ ਨੂੰ ਸ਼ੇਰ ਬਣ ਕੇ ਜਵਾਬ ਦੇਣ ਵਾਸਤੇ ਵੰਗਾਰਿਆ ਗਿਆ। ਪਰ ਸੁਣਨ ਵਾਲੇ ਨੌਜਵਾਨ ਪਹਿਲਾਂ ਵੱਖ-ਵੱਖ ਪੰਥਕ ਮੰਚਾਂ ਤੋਂ ਦਹਾੜਨ ਵਾਲੇ ਆਗੂਆਂ ਨੂੰ ਆਪ ਸੱਚ ਬੋਲਣ ਦਾ ਸਾਹਸ ਵਿਖਾ ਕੇ ਅਪਣੇ ਗਲੇ ਵਿਚੋਂ ਸਿਆਸਤਦਾਨਾਂ ਦੀ ਗੁਲਾਮੀ ਦੇ ਪਟੇ ਉਤਾਰਨ ਵਾਸਤੇ ਕਿਉਂ ਨਹੀਂ ਕਹਿੰਦੇ?

ਪਹਿਲਾਂ ਜਦ ਇਹ ਸਾਰੇ ਆਗੂ ਆਪ ਗੁਰਬਾਣੀ ਪੜ੍ਹ ਅਤੇ ਸਮਝ ਲੈਣਗੇ ਤੇ ਗੁਰੂਆਂ ਦੀ ਸੋਚ ਨੂੰ ਅਪਣੇ ਕਿਰਦਾਰ ਵਿਚ ਉਤਾਰ ਲੈਣਗੇ ਤਾਂ ਇਨ੍ਹਾਂ ਦਾ ਅਸਲ ਸਤਿਕਾਰ ਉਦੋਂ ਸ਼ੁਰੂ ਹੋਵੇਗਾ। ਇਸ ਮਰਦ-ਔਰਤ ਦੀ ਬਰਾਬਰੀ ਵਾਲੀ ਸੋਚ ਹੇਠ ਪਲੀ ਇਸ ਬੇਟੀ ਵਲੋਂ, 'ਪੁੱਤਰ' ਮੋਹ ਵਿਚ ਗੁਆਚੇ ਬਾਪੂਆਂ ਨੂੰ ਪਹਿਲਾਂ ਆਪ ਗੁਰੂ ਦੀ ਸ਼ਰਨ ਵਿਚ ਮੁੜਨ ਦੀ ਬੇਨਤੀ ਹੈ।
- ਨਿਮਰਤ ਕੌਰ