ਭਾਰਤ ਸਰਕਾਰ- ਜਣੇਪੇ ਸਮੇਂ ਬੱਚਾ ਜੰਮ ਪੈਣ ਮਗਰੋਂ ਔਰਤ ਨੂੰ ਕੋਈ ਮੈਡੀਕਲ ਸਹਾਇਤਾ ਨਾ ਦਿਤੀ ਜਾਵੇ!
ਭਾਰਤੀ ਨਾਰੀ ਨੂੰ ਦਰਪੇਸ਼ ਖ਼ਤਰਿਆਂ ਦੀ ਗੱਲ ਸ਼ੁਰੂ ਕਰੋ ਤਾਂ ਅੱਜਕਲ੍ਹ ਝੱਟ ਮਰਦਾਂ ਦੇ ਹੱਕਾਂ ਦੀ ਗੱਲ ਸ਼ੁਰੂ ਹੋ ਜਾਂਦੀ ਹੈ। ਜੇ ਬਲਾਤਕਾਰ ਦੀ ਗੱਲ ਕਰੋ ਤਾਂ ਇਹ...
ਭਾਰਤੀ ਨਾਰੀ ਨੂੰ ਦਰਪੇਸ਼ ਖ਼ਤਰਿਆਂ ਦੀ ਗੱਲ ਸ਼ੁਰੂ ਕਰੋ ਤਾਂ ਅੱਜਕਲ੍ਹ ਝੱਟ ਮਰਦਾਂ ਦੇ ਹੱਕਾਂ ਦੀ ਗੱਲ ਸ਼ੁਰੂ ਹੋ ਜਾਂਦੀ ਹੈ। ਜੇ ਬਲਾਤਕਾਰ ਦੀ ਗੱਲ ਕਰੋ ਤਾਂ ਇਹ ਕਿਹਾ ਜਾਣ ਲਗਦਾ ਹੈ ਕਿ ਇਸ ਕਾਨੂੰਨ ਦਾ ਦੁਰਉਪਯੋਗ ਹੁੰਦਾ ਹੈ। ਅੱਜ ਦੀ ਆਧੁਨਿਕ ਔਰਤ ਕਿਸੇ ਵੀ ਪਾਸਿਉਂ ਕਮਜ਼ੋਰ ਜਾਂ ਊਣੀ ਨਹੀਂ ਪਰ ਉਸ ਨੂੰ ਮਿਲੇ ਇਕ ਇਕ ਅਧਿਕਾਰ ਦੀਆਂ ਸੌ ਸੌ ਸਫ਼ਾਈਆਂ ਪੇਸ਼ ਕਰਨੀਆਂ ਪੈਂਦੀਆਂ ਹਨ।
ਹੁਣੇ ਹੁਣੇ ਜਾਰੀ ਹੋਈ ਇਕ ਅੰਤਰਰਾਸ਼ਟਰੀ ਰੀਪੋਰਟ ਬਿਆਨ ਕਰਦੀ ਹੈ ਕਿ ਭਾਰਤ, ਮਰਦ ਅਤੇ ਔਰਤ ਦੀ ਬਰਾਬਰੀ ਦੇ ਮਾਮਲੇ 'ਚ ਚਾਰ ਅੰਕ ਹੋਰ ਹੇਠਾਂ ਡਿੱਗ ਕੇ ਦੁਨੀਆਂ ਦੇ ਦੇਸ਼ਾਂ ਵਿਚੋਂ 112ਵੇਂ ਨੰਬਰ ਤੇ ਆ ਗਿਆ ਹੈ। ਹੁਣ ਔਰਤਾਂ ਦੀ ਸਿਹਤ, ਉਨ੍ਹਾਂ ਦੀ ਜਾਨ ਅਤੇ ਕੰਮ ਵਿਚ ਸ਼ਮੂਲੀਅਤ ਨੂੰ ਲੈ ਕੇ ਚੀਨ, ਨੇਪਾਲ, ਬੰਗਲਾਦੇਸ਼ ਵੀ ਸਾਡੇ ਤੋਂ ਅੱਗੇ ਹਨ।
ਹਾਂ, ਜੇ ਸਿਰਫ਼ ਮੁਕਾਬਲਾ ਪਾਕਿਸਤਾਨ ਨਾਲ ਹੀ ਸੀਮਤ ਰਖਣਾ ਹੈ ਤਾਂ ਭਾਰਤ ਇਸ ਮਾਮਲੇ 'ਚ ਪਾਕਿਸਤਾਨ ਤੋਂ ਥੋੜਾ ਜਿਹਾ ਅੱਗੇ ਹੈ ਪਰ ਜੇ ਸਾਡਾ ਦੇਸ਼ ਅੰਤਰਰਾਸ਼ਟਰੀ ਤਾਕਤ ਬਣਨਾ ਚਾਹੁੰਦਾ ਹੈ ਤਾਂ ਅੱਜ ਦੀ ਤਰੀਕ ਵਿਚ ਗਿਰਾਵਟ ਹੀ ਵੇਖੀ ਜਾ ਸਕਦੀ ਹੈ। ਔਰਤਾਂ ਦੀ ਸਿਹਤ ਵਲ ਵੇਖੀਏ ਤਾਂ ਅੱਜ ਦੇ ਦਿਨ ਹੀ ਭਾਰਤ ਸਰਕਾਰ ਵਲੋਂ ਇਕ ਐਡਵਾਈਜ਼ਰੀ (ਨਸੀਹਤ) ਜਾਰੀ ਕੀਤੀ ਗਈ ਹੈ ਜੋ ਆਖਦੀ ਹੈ ਕਿ ਬੱਚਾ ਜੰਮਣ ਦੀ ਆਖ਼ਰੀ ਘੜੀ ਵਿਚ ਜਦੋਂ ਬੱਚਾ ਕੁੱਖ ਤੋਂ ਅਲੱਗ ਹੋ ਕੇ ਬਾਹਰ ਨਿਕਲਦਾ ਹੈ
ਉਸ ਸਮੇਂ ਔਰਤ ਨੂੰ ਕੋਈ ਮੈਡੀਕਲ ਮਦਦ ਨਾ ਦਿਤੀ ਜਾਵੇ। ਇਹ ਸਮਾਂ 6 ਤੋਂ ਲੈ ਕੇ 30 ਮਿੰਟਾਂ ਦਾ ਹੋ ਸਕਦਾ ਹੈ ਅਤੇ ਇਸ ਸਮੇਂ ਦੌਰਾਨ ਔਰਤ ਦਾ ਬਹੁਤ ਸਾਰਾ ਖ਼ੂਨ ਵੱਗ ਜਾਂਦਾ ਹੈ। ਵਿਸ਼ਵ ਸਿਹਤ ਸੰਗਠਨ ਦੀ ਸਲਾਹ ਅਨੁਸਾਰ ਇਸ ਸਮੇਂ ਦੌਰਾਨ ਮਾਂ ਦੀ ਜਾਨ ਬਚਾਉਣ ਵਾਸਤੇ ਦਵਾਈਆਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ। ਪਰ ਭਾਰਤ ਸਰਕਾਰ ਗੁਜਰਾਤ ਮਾਡਲ ਤਹਿਤ ਔਰਤ ਨੂੰ ਮਦਦ ਨਹੀਂ ਦੇਣਾ ਚਾਹੁੰਦੀ ਭਾਵੇਂ ਉਸ ਦੀ ਜਾਨ ਹੀ ਚਲੀ ਜਾਵੇ।
ਜਦੋਂ ਰਾਹੁਲ ਗਾਂਧੀ ਨੇ ਆਖਿਆ ਕਿ ਭਾਰਤ ਵਿਚ ਅੱਜਕਲ 'ਮੇਕ ਇਨ ਇੰਡੀਆ' ਨਹੀਂ ਬਲਕਿ 'ਰੇਪ ਇਨ ਇੰਡੀਆ' ਵਿਖਾਈ ਦਿੰਦਾ ਹੈ ਤਾਂ ਅੱਜ ਦੇ ਹਾਲਾਤ ਵਲ ਵੇਖ ਕੇ ਇਸ ਬਿਆਨ ਪਿੱਛੇ ਛੁਪੀ ਸਚਾਈ ਸਮਝ ਵਿਚ ਆ ਜਾਂਦੀ ਹੈ ਤੇ ਚੰਗਾ ਵੀ ਲਗਦਾ ਹੈ ਕਿ ਕੋਈ ਮਰਦ ਤਾਂ ਹੈ ਜੋ ਭਾਰਤ ਦੀਆਂ ਔਰਤਾਂ ਵਾਸਤੇ ਨਿਰਸੰਕੋਚ ਹੋ ਕੇ ਬੋਲ ਸਕਦਾ ਹੈ। ਰਾਹੁਲ ਗਾਂਧੀ ਦੇ ਬਿਆਨ ਤੇ ਸਮ੍ਰਿਤੀ ਇਰਾਨੀ ਵਰਗੀਆਂ ਤਾਕਤਵਰ ਆਗੂ ਔਰਤਾਂ ਰਾਹੁਲ ਗਾਂਧੀ ਦਾ ਵਿਰੋਧ ਤਾਂ ਚੀਕ ਚੀਕ ਕੇ ਕਰਦੀਆਂ ਹਨ ਪਰ ਉਂਜ ਔਰਤਾਂ ਦੇ ਹੱਕਾਂ ਬਾਰੇ ਧੀਮੀ ਆਵਾਜ਼ ਵਿਚ ਵੀ ਨਹੀਂ ਬੋਲਦੀਆਂ।
ਇਹ ਉਹੀ ਆਗੂ ਬੀਬੀਆਂ ਹਨ ਜੋ ਉਦੋਂ ਵੀ ਨਹੀਂ ਸਨ ਬੋਲੀਆਂ ਜਦੋਂ ਉੱਤਰ ਪ੍ਰਦੇਸ਼ ਦੇ ਸਿਆਸੀ ਸਵਾਮੀ ਨੂੰ ਬਚਾਉਣ ਵਾਸਤੇ ਬਲਾਤਕਾਰ ਪੀੜਤ ਨੂੰ ਹੀ ਜੇਲ ਵਿਚ ਸੁਟ ਦਿਤਾ ਗਿਆ ਸੀ। ਉਨਾਉ ਦੇ ਬਲਾਤਕਾਰੀ ਵਿਧਾਇਕ ਦੇ ਕੇਸ ਵਿਚ ਜਦ ਅਦਾਲਤ ਨੇ ਸੀ.ਬੀ.ਆਈ. ਨੂੰ ਫਟਕਾਰਿਆ ਸੀ ਕਿ ਉਸ ਨੇ ਹੀ ਗ਼ਲਤ ਜਾਂਚ ਕੀਤੀ ਹੈ, ਸਮ੍ਰਿਤੀ ਈਰਾਨੀ ਉਸ ਸਮੇਂ ਵੀ ਚੁੱਪ ਰਹੀ ਸੀ। ਇਕੱਲੀ ਸਮ੍ਰਿਤੀ ਈਰਾਨੀ ਹੀ ਨਹੀਂ, ਸੱਤਾ ਵਿਚ ਬੈਠੀਆਂ ਸਾਰੀਆਂ ਹੀ ਆਗੂ ਬੀਬੀਆਂ, ਔਰਤਾਂ ਨਾਲ ਹੁੰਦੀ ਹਰ ਜ਼ਿਆਦਤੀ ਸਮੇਂ ਚੁੱਪ ਹੀ ਰਹਿੰਦੀਆਂ ਹਨ ਜਦਕਿ ਰਾਹੁਲ ਦੇ ਇਕ ਬਿਆਨ ਮਾਤਰ ਨੂੰ ਲੈ ਕੇ ਇਸ ਤਰ੍ਹਾਂ ਬੋਲਣ ਲੱਗ ਪਈਆਂ ਜਿਵੇਂ ਅਸਮਾਨ ਡਿੱਗ ਪਿਆ ਹੋਵੇ।
ਇਹ ਆਪ ਵੀ ਮਾਵਾਂ ਹਨ, ਜਿਨ੍ਹਾਂ ਆਪ ਜਣੇਪੇ ਦਾ ਦਰਦ ਸਹਾਰਿਆ ਅਤੇ ਇਨ੍ਹਾਂ ਵਿਚੋਂ ਕੋਈ ਨਹੀਂ ਬੋਲੀ ਕਿ ਅੱਜ ਸਰਕਾਰ ਅਪਣੇ ਕਿਸੇ ਪੁਰਾਤਨ ਗ੍ਰੰਥ ਦੇ ਟੋਟਕੇ ਮੁਤਾਬਕ ਔਰਤਾਂ ਨੂੰ ਮਰਨ ਦੇਣ ਦੀ ਯੋਜਨਾ ਦਾ ਸੁਝਾਅ ਕਿਉਂ ਦੇ ਰਹੀ ਹੈ? ਬਰਾਬਰੀ ਕਿਸੇ ਵੀ ਵਰਗ ਦੀ ਹੋਵੇ, ਜਾਤ, ਧਰਮ, ਲਿੰਗ ਨੂੰ ਲੈ ਕੇ ਕੀਤੇ ਜਾਂਦੇ ਵਿਤਕਰੇ ਦੀ ਗੱਲ ਸ਼ੁਰੂ ਹੋਵੇ ਤਾਂ ਭਾਰਤ, ਬਰਾਬਰੀ ਦਾ ਇਮਤਿਹਾਨ ਪਾਸ ਨਹੀਂ ਕਰ ਸਕਦਾ।
ਕਈ ਆਖਦੇ ਹਨ ਕਿ ਔਰਤ ਦਾ ਸੱਭ ਤੋਂ ਵੱਡਾ ਦੁਸ਼ਮਣ ਔਰਤ ਆਪ ਹੁੰਦੀ ਹੈ। ਇਹ ਕਥਨ ਸ਼ਾਇਦ ਠੀਕ ਹੀ ਹੈ ਕਿਉਂਕਿ ਜਿਸ ਔਰਤ ਕੋਲ ਕੁੱਝ ਤਾਕਤ ਜਾਂ ਰੁਤਬਾ ਆਉਂਦਾ ਹੈ, ਉਹ ਉਸ ਦਾ ਇਸਤੇਮਾਲ ਅਪਣੇ ਆਪ ਵਾਸਤੇ ਹੀ ਕਰਦੀ ਹੈ ਪਰ ਅਪਣੇ ਨਾਲ ਦੀ ਔਰਤ ਨੂੰ ਤਾਕਤਵਰ ਨਹੀਂ ਬਣਨ ਦਿੰਦੀ। ਜਦੋਂ ਸਰਕਾਰੀ ਸੋਚ, ਔਰਤ ਦੀ ਬਰਾਬਰੀ ਵਿਰੁਧ ਹੋਵੇ ਤਾਂ ਭਾਰਤ ਉੱਚਾ ਤਾਂ ਉਠ ਹੀ ਨਹੀਂ ਸਕਦਾ। ਜਦੋਂ ਤਕ ਭਾਰਤ 'ਚ ਬਰਾਬਰੀ ਨਹੀਂ ਆਵੇਗੀ, ਭਾਰਤ ਕਦੇ ਸੁਪਰਪਾਵਰ ਨਹੀਂ ਬਣ ਸਕਦਾ। -ਨਿਮਰਤ ਕੌਰ