Editorial: ਕੀ ਔਰਤਾਂ ਨੂੰ ‘ਮਾਹਵਾਰੀ’ ਦੇ ਦਿਨਾਂ ਦੀ ਛੁੱਟੀ ਦਿਤੀ ਜਾਣੀ ਚਾਹੀਦੀ ਹੈ?
ਇਸ ਸਰੀਰ ਕਾਰਨ ਜਦ ਔਰਤਾਂ ਨੂੰ ਇਸ ਕਦਰ ਤੋੜਿਆ ਜਾ ਸਕਦਾ ਹੈ ਤਾਂ ਇਸ ਸਰੀਰ ਨੂੰ ਸਤਿਕਾਰ ਦੇਣ ਵਿਚ ਸਮਾਜ ਕਤਰਾਉਂਦਾ ਕਿਉਂ ਹੈ?
Editorial: ਕੀ ਔਰਤਾਂ ਨੂੰ ਮਾਹਵਾਰੀ ਦੇ ਦਿਨਾਂ ਵਿਚ ਹਰ ਮਹੀਨੇ ਛੁੱਟੀਆਂ ਮਿਲਣੀਆਂ ਚਾਹੀਦੀਆਂ ਹਨ? ਇਸ ਵਿਵਾਦ ਵਿਚ ਮਰਦ ਰੁਜ਼ਗਾਰਦਾਤਾ ਦੀ ਸੋਚ ਸਮਝਦੇ ਹੋਏ ਮੰਤਰੀ ਸਿਮਰਤੀ ਇਰਾਨੀ ਨੇ ਔਰਤਾਂ ਨੂੰ ਆਖਿਆ ਹੈ ਕਿ ਜੇ ਛੁੱਟੀਆਂ ਮਿਲ ਗਈਆਂ ਤਾਂ ਵਿਤਕਰਾ ਹੋ ਸਕਦਾ ਹੈ ਤੇ ਉਨ੍ਹਾਂ ਦਾ ਕਥਨ ਜੇ ਇਕ ਨਿਜੀ ਉਦਯੋਗਪਤੀ ਦਾ ਪੱਖ ਸਮਝ ਕੇ ਵਿਚਾਰੀਏ ਤਾਂ ਸਹੀ ਵੀ ਹੈ ਪਰ ਕੋਈ ਸਰਕਾਰ ਔਰਤਾਂ ਨਾਲ ਖੜੀ ਹੋ ਵੀ ਸਕਦੀ ਹੈ। ਜਾਪਾਨ ਵਿਚ ਤਾਂ ਇਹ 1947 ਤੋਂ ਹੁੰਦਾ ਆਇਆ ਹੈ ਤੇ ਹੁਣ ਕੁੱਝ ਦੇਸ਼ਾਂ ਵਿਚ ਇਹ ਗੱਲ ਹੋਰ ਅੱਗੇ ਵੀ ਵੱਧ ਰਹੀ ਹੈ।
ਸਾਡੇ ਅਪਣੇ ਬਿਹਾਰ ਵਿਚ ਲਾਲੂ ਪ੍ਰਸ਼ਾਦ ਯਾਦਵ ਨੇ ਅੱਜ ਤੋਂ 30 ਸਾਲ ਪਹਿਲਾਂ ਔਰਤਾਂ ਲਈ ਹਰ ਮਹੀਨੇ ਦੋ ਛੁੱਟੀਆਂ ਲੈਣ ਦੀ ਯੋਜਨਾ ਲਾਗੂ ਕੀਤੀ ਸੀ। ਹਾਂ ਔਰਤਾਂ ਨੂੰ ਮਰਦਾਂ ਨਾਲ ਮੁਕਾਬਲਾ ਕਰਨ ਵਾਸਤੇ ਮੋਢੇ ਨਾਲ ਮੋਢਾ ਮਿਲਾਉਣਾ ਪਵੇਗਾ ਪਰ ਜੇ ਕੁਦਰਤ ਵਲੋਂ ਹੀ ਔਰਤਾਂ ਨੂੰ ਇਕ ਵਖਰਾ ਭਾਰ ਦੇ ਦਿਤਾ ਗਿਆ ਹੈ ਤਾਂ ਫਿਰ ਸਮਾਜ ਲਈ ਉਸ ਨੂੰ ਅਪਣਾਉਣਾ ਮੁਸ਼ਕਲ ਕਿਉਂ ਬਣ ਰਿਹਾ ਹੈ?
ਰੱਬ ਨੇ ਔਰਤ ਦੇ ਜਿਸਮ ਨੂੰ ਇਸ ਤਰ੍ਹਾਂ ਘੜਿਆ ਹੈ ਕਿ ਉਹ ਮਰਦ ਤੋਂ ਵਖਰਾ ਹੈ। ਤੇ ਇਸੇ ਜਿਸਮ ਕਾਰਨ ਔਰਤ ਨੂੰ ਇਸੇ ਸਮਾਜ ਵਿਚ ਬੜਾ ਕੁੱਝ ਗ਼ਲਤ ਵੀ ਸਹਿਣਾ ਪੈਂਦਾ ਹੈ ਪਰ ਉਹ ਫਿਰ ਵੀ ਬਰਦਾਸ਼ਤ ਕਰ ਲੈਂਦੀ ਹੈ। ਇਸੇ ਜਿਸਮ ਦੇ ਲਾਲਚ ਨੇ ਇਕ ਜੱਜ ਨੂੰ ਅਪਣੇ ਅਧੀਨ ਇਕ ਨਵੀਂ ਨਿਯੁਕਤ ਜੱਜ ਨੂੰ ਇਸ ਕਦਰ ਸਰੀਰ ਕਾਰਨ ਸਤਾਇਆ ਤੇ ਫਿਰ ਇਨਸਾਫ਼ ਤੋਂ ਵਾਂਝਾ ਰਖਿਆ ਕਿ ਉਸ ਮਹਿਲਾ ਨੇ ਫਿਰ ਭਾਰਤ ਦੇ ਚੀਫ਼ ਜਸਟਿਸ ਨੂੰ ਚਿੱਠੀ ਲਿਖ ਕੇ ਅਪਣਾ ਜੀਵਨ ਸਮਾਪਤ ਕਰਨ ਦੀ ਇਜਾਜ਼ਤ ਮੰਗ ਲਈ। ਇਸ ਸਰੀਰ ਕਾਰਨ ਜਦ ਔਰਤਾਂ ਨੂੰ ਇਸ ਕਦਰ ਤੋੜਿਆ ਜਾ ਸਕਦਾ ਹੈ ਤਾਂ ਇਸ ਸਰੀਰ ਨੂੰ ਸਤਿਕਾਰ ਦੇਣ ਵਿਚ ਸਮਾਜ ਕਤਰਾਉਂਦਾ ਕਿਉਂ ਹੈ?
ਜਦੋਂ ਕਿਸੇ ਪ੍ਰਵਾਰ ਨੂੰ ਨੀਵਾਂ ਵਿਖਾਉਣਾ ਹੁੰਦਾ ਹੈ ਤਾਂ ਔਰਤ ਨੂੰ ਉਸ ਦੇ ਜਿਸਮ ਕਾਰਨ ਹੀ ਫੜਿਆ ਜਾਂਦਾ ਹੈ। ਮਨੀਪੁਰ ਵਿਚ ਕੁਕੀ ਤੇ ਮੈਤੇਈਆਂ ਦੀ ਲੜਾਈ ਵਿਚਕਾਰ ਔਰਤਾਂ ਨੂੰ ਨੰਗਾ ਕਰ ਕੇ ਦੂਜੀ ਜਾਤ ਨੂੰ ਨੀਵਾਂ ਵਿਖਾਇਆ ਗਿਆ। ਪਿਛਲੇ ਹਫ਼ਤੇ ਕਰਨਾਟਕਾ ਵਿਚ ਇਕ ਲੜਕਾ, ਇਕ ਲੜਕੀ ਨਾਲ ਦੌੜ ਗਿਆ ਤਾਂ ਕੁੜੀ ਦੇ ਪ੍ਰਵਾਰ ਨੇ ਮੁੰਡੇ ਦੀ ਮਾਂ ਨੂੰ ਨੰਗਾ ਕਰ ਕੇ ਸਰੇ ਬਾਜ਼ਾਰ ਜ਼ਲੀਲ ਕੀਤਾ। ਮਰਦ ਨਾਲ ਇੰਜ ਨਹੀਂ ਕੀਤਾ ਜਾਂਦਾ ਕਿਉਂਕਿ ਮਰਦ ਦੇ ਜਿਸਮ ਨਾਲ ਸਮਾਜ ਨੇ ਉਸ ਸੱਭ ਕੁੱਝ ਨੂੰ ਜੋੜਿਆ ਹੀ ਨਹੀਂ ਜੋ ਇਕ ਔਰਤ ਦੇ ਜਿਸਮ ਨਾਲ ਜੁੜਿਆ ਹੁੰਦਾ ਹੈ।
ਉਹ ਹਰ ਪਹਿਲੂ ਜੋ ਉਸ ਨੂੰ ਮਰਦ ਤੋਂ ਵਖਰਾ ਬਣਾਉਂਦਾ ਹੈ, ਉਹ ਮਾਹਵਾਰੀ ਨਾਲ ਹੀ ਜੁੜਿਆ ਹੁੰਦਾ ਹੈ। ਜਦ ਇਕ ਔਰਤ ਮਾਹਵਾਰੀ ਦੇ ਕਾਬਲ ਨਹੀਂ ਹੁੰਦੀ ਤਾਂ ਉਹ ਮਰਦ ਨਾ ਔਰਤ ਸਗੋਂ ਤੀਜੀ ਸ਼ੇ੍ਰਣੀ ਵਿਚ ਗਿਣੀ ਜਾਣ ਲਗਦੀ ਹੈ। ਮਾਹਵਾਰੀ ਨਾਲ ਉਸ ਦੇ ਅੰਗ ਵਿਚ ਬਦਲਾਅ, ਉਸ ਦੀ ਚਮੜੀ ਵਿਚ ਨਰਮੀ ਤੇ ਬੱਚਾ ਜੰਮਣ ਦੀ ਕਾਬਲੀਅਤ ਪੈਦਾ ਹੁੰਦੀ ਹੈ।
ਜਦ ਉਸੇ ਮਾਹਵਾਰੀ ਤੋਂ ਮਿਲਦੇ ਹਰ ਫ਼ਾਇਦੇ ਦਾ ਸਮਾਜ ਅਨੰਦ ਮਾਣ ਸਕਦਾ ਹੈ, ਇਨਸਾਨ ਦੀ ਅਗਲੀ ਪੀੜ੍ਹੀ ਦੀ ਆਮਦ ਯਕੀਨੀ ਬਣ ਸਕਦੀ ਹੈ ਤਾਂ ਫਿਰ ਉਸੇ ਮਾਹਵਾਰੀ ਤੋਂ ਉਠਦੀ ਤਕਲੀਫ਼ ਤੋਂ ਔਰਤ ਨੂੰ ਇਕ ਜਾਂ ਦੋ ਦਿਨ ਦੇ ਆਰਾਮ ਦੀ ਸਹੂਲਤ ਦੇਣ ਤੋਂ ਝਿਜਕ ਕਿਉਂ?
- ਨਿਮਰਤ ਕੌਰ