Editorial: ਇਸਰੋ ਨੇ ਚੰਨ ਸੂਰਜ ਯਾਤਰਾ ਨੂੰ ਲੈ ਕੇ ਭਾਰਤ ਨੂੰ ਵਾਹਵਾਹ ਦਿਵਾਈ ਪਰ ਹਵਾਈ ਸੇਵਾ ਉਲਟਾ ਕੰਮ ਕਰ ਰਹੀ ਹੈ!

ਏਜੰਸੀ

ਵਿਚਾਰ, ਸੰਪਾਦਕੀ

ਧੁੰਦ ਦੇ ਚਲਦਿਆਂ ਯਾਤਰੀਆਂ ਨੂੰ ਵਿਖਾ ਦਿਤਾ ਗਿਆ ਹੈ ਕਿ ਸੁਖ ਸਹੂਲਤਾਂ ਦੇ ਮਾਮਲੇ ਵਿਚ ਰੇਲ ਤੇ ਹਵਾਈ ਜਹਾਜ਼ ਦਾ ਅੰਤਰ ਖ਼ਤਮ ਕਰ ਦਿਤਾ ਗਿਆ ਹੈ।

File Photo

 

Editorial: ਭਾਰਤ ਦੇ ਵਿਗਿਆਨੀਆਂ ਨੇ ਚੰਦਰਯਾਨ-3 ਨੂੰ ਚੰਨ ’ਤੇ ਪਹੁੰਚਾ ਕੇ ਭਾਰਤ ਦੀ ਇਸਰੋ ਨੂੰ ਇਸ ਮੁਕਾਮ ’ਤੇ ਲਿਆ ਖੜਾ ਕੀਤਾ ਹੈ ਕਿ ਦੁਨੀਆਂ ਦੇ ਸਪੇਸ ਮਸਲਿਆਂ ਵਿਚ ਪ੍ਰਮੁੱਖ ਮੰਨੇ ਜਾਣ ਵਾਲੇ ਅਮਰੀਕਾ ਦੇ ਨਾਸਾ ’ਚ ਵਿਗਿਆਨੀ ਹੁਣ ਭਾਰਤੀ ਵਿਗਿਆਨੀਆਂ ਵਲ ਮਹੱਤਵਪੂਰਨ ਅਗਵਾਈ ਲਈ ਵੇਖਦੇ ਹਨ। ਕਲ ਹੀ ਇਸਰੋ ਵਿਗਿਆਨੀਆਂ ਨੇ ਚੰਦਰਯਾਨ-3 ਨਾਸਾ ਦੇ ਸਪੇਸਕਰਾਫ਼ਟ ਵਿਚਕਾਰ ਲੇਜ਼ਰ ਦੇ ਆਉਣ ਜਾਣ ਦਾ ਤਜਰਬਾ ਸਫ਼ਲ ਹੋਇਆ

ਜਿਸ ਨਾਲ ਹੁਣ ਚੰਨ ਬਾਰੇ ਅੱਗੇ ਹੋਰ ਜਾਣਕਾਰੀ ਆ ਸਕਦੀ ਹੈ। ਪਰ ਜਿਥੇ ਇਸਰੋ ਦੇ ਵਿਗਿਆਨੀਆਂ ਦੇ ਪੁਲਾੜ ਯਾਨ ਦੀਆਂ ਸਿਫ਼ਤਾਂ ਹੋ ਰਹੀਆਂ ਹਨ, ਸਾਡੀ ਧਰਤੀ ’ਤੇ ਉਡਦੇ ਹਵਾਈ ਜਹਾਜ਼ਾਂ ਤੋਂ ਲੈ ਕੇ ਟ੍ਰੇਨਾਂ ਤਕ ਦੇ ਯਾਤਰੀਆਂ ਵਾਸਤੇ ਦਿੱਕਤਾਂ ਦੇ ਪਹਾੜ ਖੋਦੇ ਹੋਏ ਹਨ। ਅਸੀ ਪਿਛਲੇ ਹਫ਼ਤੇ ਕਈ ਅਜਿਹੇ ਮੌਕੇ ਵੇਖੇ ਹਨ ਜਿਥੇ ਕਦੇ ਸੌ ਸੌ ਲੋਕ ਏਅਰਲਾਈਨਜ਼ ’ਤੇ ਘੰਟਿਆਂਬੱਧੀ ਬਿਨਾਂ ਕਿਸੇ ਖਾਣ-ਪੀਣ ਦੇ ਪ੍ਰਬੰਧ ਜਾਂ ਬਾਥਰੂਮ ਦੀ ਸਹੂਲਤ ਤੋਂ ਬਗ਼ੈਰ ਬੰਦ ਰਹੇ ਹਨ।

ਕਈ ਵਾਰ ਯਾਤਰੀ ਜਹਾਜ਼ ਦੀ ਉਡੀਕ ਵਿਚ ਘੰਟਿਆਂ ਬੱਧੀ ਭੁੱਖੇ ਬੈਠੇ ਰਹੇ ਹਨ ਤੇ ਇਕ ਵੀਡੀਉ ਸਾਹਮਣੇ ਆਈ ਜਿਸ ਬਾਰੇ ਆਖਿਆ ਗਿਆ ਕਿ ਹਵਾਈ ਅੱਡੇ ਅਤੇ ਰੇਲਵੇ ਵਿਚ ਹੁਣ ਫ਼ਰਕ ਹੀ ਕੀ ਹੈ? ਮੁੰਬਈ ਏਅਰਪੋਰਟ ਤੇ ਯਾਤਰੀਆਂ ਨੂੰ ਟਾਰਮੇਕ (ਹਵਾਈ ਪੱਟੀ) ’ਤੇ ਖਾਣਾ ਲੰਗਰ ਵਾਂਗ ਦਿਤਾ ਗਿਆ ਸੀ ਜਿਵੇਂ ਰੇਲਵੇ ਪਲੇਟਫ਼ਾਰਮ ’ਤੇ ਮਿਲਦਾ ਹੈ। ਹਵਾਈ ਯਾਤਰਾ ਮਹਿੰਗੀ ਹੋਣ ਕਾਰਨ ਆਸ ਕੀਤੀ ਜਾਂਦੀ ਹੈ ਕਿ ਯਾਤਰੀਆਂ ਦੇ ਸੁਖ ਆਰਾਮ ਦਾ ਜ਼ਿਆਦਾ ਖ਼ਿਆਲ ਰਖਿਆ ਜਾਂਦਾ ਹੋਵੇਗਾ

ਪਰ ਧੁੰਦ ਦੇ ਚਲਦਿਆਂ ਯਾਤਰੀਆਂ ਨੂੰ ਵਿਖਾ ਦਿਤਾ ਗਿਆ ਹੈ ਕਿ ਸੁਖ ਸਹੂਲਤਾਂ ਦੇ ਮਾਮਲੇ ਵਿਚ ਰੇਲ ਤੇ ਹਵਾਈ ਜਹਾਜ਼ ਦਾ ਅੰਤਰ ਖ਼ਤਮ ਕਰ ਦਿਤਾ ਗਿਆ ਹੈ। ਜਿਵੇਂ ਰੇਲਵੇ ਵਿਚ ਠੰਢ ਵਿਚ ਵੀ ਲੋਕ ਕੰਬਦੇ ਹੋਏ ਸਾਰੀ ਰਾਤ ਬੈਠਣ ਲਈ ਮਜਬੂਰ ਹਨ, ਉਸੇ ਤਰ੍ਹਾਂ ਹਵਾਈ ਅੱਡਿਆਂ ਤੇ ਲੋਕ ਘੰਟਿਆਂਬੱਧੀ ਕਦੇ ਹਵਾਈ ਜਹਾਜ਼ ਵਿਚ ਫਸੇ ਬੈਠੇ ਹੁੰਦੇ ਹਨ ਤੇ ਕਦੇ ਕਿਸੇ ਹੋਰ ਥਾਂ ਬੰਦ। ਹਵਾਈ ਅੱਡਿਆਂ ਤੋਂ ਬਿਹਤਰ ਹਾਲਾਤ ਤਾਂ ਰੇਲ ਵਾਲੀਆਂ ਸਵਾਰੀਆਂ ਦੀ ਹੈ ਜਿਨ੍ਹਾਂ ਕੋਲ ਖਾਣ ਪੀਣ ਦੀ ਤੇ ਬਾਥਰੂਮ ਜਾਣ ਦੀ ਸਹੂਲਤ ਤਾਂ ਹੈ। 

ਇਸ ਸੱਭ ਕੁੱਝ ਦੇ ਚਲਦਿਆਂ ਹਵਾਈ ਕੰਪਨੀਆਂ ਦੇ ਨਾਲ-ਨਾਲ ਮੁੰਬਈ ਏਅਰਪੋਰਟ ਨੂੰ ਲੱਖਾਂ ਦੇ ਜੁਰਮਾਨੇ ਜ਼ਰੂਰ ਲਗਾਏ ਗਏ ਹਨ ਪਰ ਇਨ੍ਹਾਂ ਛੁੱਟੀਆਂ ਵਿਚ ਯਾਤਰੀਆਂ ਨੂੰ ਅਨੰਦ ਤਾਂ ਦੂਰ ਸਗੋਂ ਖੌਫ਼ਨਾਕ ਵਕਤ ਬਿਤਾਉਣਾ ਪਿਆ। 10 ਘੰਟੇ ਹਵਾਈ ਜਹਾਜ਼ ਵਿਚ ਬਿਨਾਂ ਰੋਟੀ ਪਾਣੀ ਦੇ ਫਸੇ ਇਕ ਯਾਤਰੀ ਨੂੰ ਜਦ ਪਾਇਲਟ ਨੇ ਆਖਿਆ ਕਿ ਜਹਾਜ਼ ਨਾ ਉੱਡਣ ਦਾ ਕਸੂਰ ਯਾਤਰੀਆਂ ਦਾ ਸੀ, ਉਹ ਅਪਣਾ ਆਪਾ ਗਵਾ ਬੈਠੇ ਤੇ ਪਾਇਲਟ ਤੇ ਹਮਲਾ ਕਰ ਦਿਤਾ। ਸਥਿਤੀ ਨੂੰ ਸਮਝੇ ਬਿਨਾਂ ਇਸ ਯਾਤਰੀ ਨੂੰ ਹਿਰਾਸਤ ਵਿਚ ਲੈ ਲਿਆ ਗਿਆ।

ਜਿਵੇਂ ਜਿਵੇਂ ਮੌਸਮ ਵਿਚ ਧੁੰਦ ਵਧਦੀ ਜਾ ਰਹੀ ਹੈ, ਇਹ ਸਾਫ਼ ਹੁੰਦਾ ਜਾ ਰਿਹਾ ਹੈ ਕਿ ਭਾਰਤੀ ਹਵਾਈ ਕੰਪਨੀਆਂ ਤੇ ਏਅਰਪੋਰਟ ਸਰਦੀ ਦੀ ਰੁੱਤ ਨਾਲ ਨਜਿੱਠਣ ਵਿਚ ਓਨੇ ਹੀ ਨਾਕਾਮ ਹਨ ਜਿੰਨੇ ਰੇਲ ਡਰਾਈਵਰ ਹਨ। ਪਰ ਰੇਲਵੇ ਦੀ ਮਜਬੂਰੀ ਵਖਰੀ ਹੁੰਦੀ ਹੈ ਜਦਕਿ ਹਵਾਈ ਕੰਪਨੀਆਂ ਤੇ ਏਅਰਪੋਰਟ ਦੀ ਨਾਕਾਬਲੀਅਤ ਦਾ ਕਾਰਨ ਤਿਆਰੀ ਦੀ ਘਾਟ ਹੈ। ਜੇ ਉਹ ਅਜਿਹੇ ਪਾਇਲਟ ਰੱਖਣ ਜਿਨ੍ਹਾਂ ਕੋਲ ਧੁੰਦ ਵਿਚ ਉੱਡਣ (31“-111) ਦਾ ਲਾਇਸੈਂਸ ਹੋਵੇ ਤਾਂ ਮੁਸ਼ਕਲਾਂ ਘੱਟ ਜਾਣ। ਦੂਜਾ ਯਾਤਰੀਆਂ ਨੂੰ ਮੁਨਾਸਬ ਸਹੂਲਤਾਂ ਦੇਣ ਲਈ ਹਵਾਈ ਕਰਮਚਾਰੀਆਂ ਨੂੰ ਇਸ ਤਰ੍ਹਾਂ ਦੀ ਅਸਾਧਾਰਣ ਸਥਿਤੀ ਨਾਲ ਨਜਿੱਠਣ ਵਾਸਤੇ ਤਿਆਰ ਕੀਤਾ ਜਾਣਾ ਚਾਹੀਦਾ ਹੈ। 

ਇਸਰੋ ਦੇ ਵਿਗਿਆਨੀਆਂ ਨੂੰ ਪੈਸਾ ਆਮ ਤਨਖ਼ਾਹ ਵਾਂਗ ਮਿਲਦਾ ਹੈ ਜਿਵੇਂ ਰੇਲ ਕਰਮਚਾਰੀਆਂ ਨੂੰ। ਉਧਰ ਹਵਾਈ ਜਹਾਜ਼ ਚਲਾਉਣ ਵਾਲੇ ਟਿਕਟਾਂ ਤਾਂ ਮਹਿੰਗੀਆਂ ਵੇਚਦੇ ਹਨ ਪਰ ਉਸ ਨਾਲ ਯਾਤਰੀ ਨੂੰ ਜ਼ਰੂਰੀ ਸਹੂਲਤਾਂ ਨਹੀਂ ਦੇਂਦੇ। ਇਸ ਨਾਲ ਭਾਰਤ ਵਿਚ ਸੈਰ ਸਪਾਟੇ ਨੂੰ ਉਹ ਹੁੰਗਾਰਾ ਨਹੀਂ ਮਿਲ ਸਕਦਾ ਜੋ ਇਸਰੋ ਨੂੰ ਮਿਲ ਰਿਹਾ ਹੈ। ਇਕ ਪਾਸੇ ਇਸਰੋ ਦੇਸ਼ ਵਾਸਤੇ ਇੱਜ਼ਤ ਖੱਟ ਰਿਹਾ ਹੈ ਤੇ ਦੂਜੇ ਪਾਸੇ ਹਵਾਈ ਉਦਯੋਗ ਬਦਨਾਮੀ ਖੱਟ ਕੇ ਦੇ ਰਿਹਾ ਹੈ।
- ਨਿਮਰਤ ਕੌਰ