ਅਰਵਿੰਦ ਕੇਜਰੀਵਾਲ ਨੂੰ ਮੋਦੀ ਨਾ ਹਰਾ ਸਕੇ ਪਰ ਅੰਦਰ ਦੀ ਕਮਜ਼ੋਰੀ ਹੀ ਪਾਰਟੀ ਤੇ ਲੀਡਰ ਦੁਹਾਂ ਨੂੰ ਖ਼ਤਮ
ਅਰਵਿੰਦ ਕੇਜਰੀਵਾਲ ਨੂੰ ਮੋਦੀ ਨਾ ਹਰਾ ਸਕੇ ਪਰ ਅੰਦਰ ਦੀ ਕਮਜ਼ੋਰੀ ਹੀ ਪਾਰਟੀ ਤੇ ਲੀਡਰ ਦੁਹਾਂ ਨੂੰ ਖ਼ਤਮ ਕਰ ਗਈ...
ਸਰਕਾਰ ਅਤੇ ਕਾਲੇ ਧਨ ਦਾ ਸਤਾਇਆ ਹੋਇਆ ਉਹ ਵਿਚਾਰਾ ਮਫ਼ਲਰ ਵਿਚ ਲਪੇਟਿਆ ਆਮ ਆਦਮੀ, ਬਿਮਾਰੀ ਕਾਰਨ ਖੰਘਦਾ, ਜੋ ਆਮ ਇਨਸਾਨ ਵਾਸਤੇ ਜਦੋਜਹਿਦ ਕਰਨ ਦਾ ਦਾਅਵਾ ਕਰਦਾ ਸੀ, ਲੋਕ-ਆਗੂ ਬਣ ਗਿਆ ਪਰ ਅਸਲ ਵਿਚ ਉਹ ਨੌਟੰਕੀ ਕਰ ਰਿਹਾ ਸੀ। ਕੋਈ ਸਮਾਂ ਹੁੰਦਾ ਸੀ ਜਦੋਂ ਚੋਲਾ ਪਾ ਕੇ ਜਾਂ ਸਾੜ੍ਹੀ ਲਪੇਟੀ ਕੋਈ ਸਾਧ ਦੁਨੀਆਂ ਨੂੰ ਪਾਗ਼ਲ ਬਣਾ ਜਾਂਦਾ ਸੀ ਪਰ ਸ਼ਾਇਦ ਇਹ ਪਹਿਲੀ ਵਾਰ ਹੋਇਆ ਹੋਵੇਗਾ ਕਿ ਕਿਸੇ ਅਫ਼ਸਰ ਨੇ ਇਸ ਤਰ੍ਹਾਂ ਆਮ ਬਿਮਾਰ ਬੰਦਾ ਹੋਣ ਦਾ ਨਾਟਕ ਕਰ ਕੇ ਲੋਕਾਂ ਨੂੰ ਅਪਣੇ ਪਿੱਛੇ ਲਾ ਲਿਆ। ਨਿਤੀਸ਼ ਕੁਮਾਰ ਵਾਂਗ, ਕੇਜਰੀਵਾਲ ਨੇ ਵੀ ਅਪਣੇ ਆਪ ਨੂੰ ਜ਼ੀਰੋ ਬਣਾ ਕੇ, ਭਾਜਪਾ ਦਾ ਕੰਮ ਆਸਾਨ ਕਰ ਦਿਤਾ ਹੈ।
ਅਰਵਿੰਦ ਕੇਜਰੀਵਾਲ ਜਦੋਂ ਵੱਡੇ ਸਿਆਸੀ ਮੰਚ ਉਤੇ ਆਏ ਸਨ ਤਾਂ ਉਨ੍ਹਾਂ ਨੇ ਹੱਥ ਵਿਚ ਕਾਗ਼ਜ਼ਾਂ ਦਾ ਇਕ ਪੁਲੰਦਾ ਚੁਕਿਆ ਹੁੰਦਾ ਸੀ ਜਿਸ ਨੂੰ ਲਹਿਰਾ ਕੇ ਕਈ ਵੱਡੇ ਨਾਵਾਂ ਵਾਲਿਆਂ ਦੇ ਕਾਲੇ ਧਨ ਦੇ ਖਾਤਿਆਂ ਦੀ ਜਾਣਕਾਰੀ ਜਨਤਕ ਕਰਨ ਦਾ ਵਾਅਦਾ ਉਨ੍ਹਾਂ ਨੇ ਵਾਰ ਵਾਰ ਦੁਹਰਾਇਆ। ਕਿਸੇ ਨੇ ਅਰਵਿੰਦ ਕੇਜਰੀਵਾਲ ਦੀ ਗੱਲ ਮੰਨੀ ਅਤੇ ਕਿਸੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਗੱਲਾਂ ਉਤੇ ਭਰੋਸਾ ਕੀਤਾ। ਦੋਹਾਂ ਦੀਆਂ ਕਥਨੀਆਂ ਤੇ ਜ਼ਬਾਨੀ ਵਾਅਦਿਆਂ ਉਤੇ ਇਤਬਾਰ ਕਰਨ ਵਾਲੀਆਂ ਭੀੜਾਂ ਸਦਕਾ, ਦੋਵੇਂ ਹੀ ਚੋਣਾਂ ਜਿੱਤ ਗਏ ਪਰ ਦੋਹਾਂ ਦੇ ਬਿਆਨ ਸਿਰਫ਼ ਸਿਆਸੀ ਜੁਮਲੇ ਹੀ ਸਾਬਤ ਹੋਏ। ਮੋਦੀ ਨੇ ਗੱਦੀ ਉਤੇ ਬਹਿ ਕੇ ਅਪਣੇ ਜੁਮਲੇ ਬਦਲ ਲਏ ਤੇ ਕੇਜਰੀਵਾਲ ਨੂੰ ਨੀਵਾਂ ਵਿਖਾਉਣ ਦੀ ਤਾਕ ਵਿਚ ਘਾਤ ਲਾ ਕੇ ਬੈਠ ਗਏ। ਚੀਫ਼ ਸਕੱਤਰ ਦਾ ਮਾਮਲਾ ਸ਼ਾਇਦ ਉਹ ਆਖ਼ਰੀ ਡੰਡਾ ਸੀ ਜਿਸ ਨੇ ਕੇਜਰੀਵਾਲ ਨੂੰ ਹਾਰ ਕਬੂਲਣ ਵਾਸਤੇ ਮਜਬੂਰ ਕਰ ਦਿਤਾ।
ਪਰ ਜਿਹੜੀ ਹਾਰ ਉਨ੍ਹਾਂ ਨੇ ਮਜੀਠੀਆ ਸਾਹਮਣੇ ਕਬੂਲੀ ਹੈ, ਉਸ ਦਾ ਅਸਰ ਉਨ੍ਹਾਂ ਨੂੰ ਦਿੱਲੀ ਵਿਚ ਛੇਤੀ ਹੀ ਵੇਖਣ ਨੂੰ ਮਿਲੇਗਾ। 'ਆਪ' ਦਾ ਦਾਅਵਾ ਹੈ ਕਿ ਕੇਜਰੀਵਾਲ ਅਪਣਾ ਸਾਰਾ ਸਮਾਂ ਕੰਮ ਕਰਨ ਵਿਚ ਬਿਤਾਉਣਾ ਚਾਹੁੰਦੇ ਹਨ ਨਾਕਿ ਅਦਾਲਤਾਂ ਦੀਆਂ ਪੇਸ਼ੀਆਂ ਭੁਗਤਣ ਵਿਚ। ਸ਼ਾਇਦ ਇਹ ਸਫ਼ਾਈ ਠੀਕ ਹੀ ਹੋਵੇ ਪਰ ਉਹ ਇਕ ਆਮ ਇਨਸਾਨ ਨਹੀਂ ਜੋ ਅਦਾਲਤਾਂ ਦੀਆਂ ਅਣਗਿਣਤ ਪੇਸ਼ੀਆਂ ਅਤੇ ਹਕੂਮਤ ਦੇ ਦਬਾਅ ਅੱਗੇ ਹਾਰ ਮੰਨ ਰਹੇ ਹਨ। ਉਹ ਇਕ ਮੁੱਖ ਮੰਤਰੀ ਹਨ ਜੋ ਇਕ ਲੋਕ-ਲਹਿਰ ਦੀ ਅਗਵਾਈ ਕਰ ਕੇ ਸਿਆਸਤ ਵਿਚ ਆਏ ਸਨ। ਅਪਣੇ ਲਫ਼ਜ਼ਾਂ ਨੂੰ ਗ਼ਲਤ ਮੰਨਣ ਦਾ ਮਤਲਬ ਹੈ ਕਿ ਜਿਸ ਆਤਮਵਿਸ਼ਵਾਸ ਨਾਲ ਉਹ ਕਾਗ਼ਜ਼ਾਂ ਨੂੰ ਇਕ ਸਬੂਤ ਵਜੋਂ ਲਹਿਰਾਂਦੇ ਸਨ, ਉਹ ਝੂਠ ਸੀ ਯਾਨੀ ਕਿ ਉਨ੍ਹਾਂ ਦਾ ਹਰ ਬਿਆਨ ਝੂਠਾ ਸੀ। ਸਰਕਾਰ ਅਤੇ ਕਾਲੇ ਧਨ ਦਾ ਸਤਾਇਆ ਹੋਇਆ ਉਹ ਵਿਚਾਰਾ ਮਫ਼ਲਰ ਵਿਚ ਲਪੇਟਿਆ ਆਮ ਆਦਮੀ, ਬਿਮਾਰੀ ਨਾਲ ਖੰਘਦਾ, ਜੋ ਆਮ ਇਨਸਾਨ ਵਾਸਤੇ ਜੱਦੋਜਹਿਦ ਕਰਨ ਦਾ ਦਾਅਵਾ ਕਰਦਾ ਸੀ, ਉਹ ਅਸਲ ਵਿਚ ਨੌਟੰਕੀ ਕਰ ਰਿਹਾ ਸੀ। ਕੋਈ ਸਮਾਂ ਹੁੰਦਾ ਸੀ ਜਦੋਂ ਚੋਲਾ ਪਾ ਕੇ ਜਾਂ ਸਾੜ੍ਹੀ ਲਪੇਟੀ ਸਾਧ, ਦੁਨੀਆਂ ਨੂੰ ਪਾਗ਼ਲ ਬਣਾ ਜਾਂਦਾ ਸੀ ਪਰ ਸ਼ਾਇਦ ਇਹ ਪਹਿਲੀ ਵਾਰ ਹੋਇਆ ਹੋਵੇਗਾ ਕਿ ਕਿਸੇ ਅਫ਼ਸਰ ਨੇ ਇਸ ਤਰ੍ਹਾਂ ਆਮ ਬਿਮਾਰ ਬੰਦਾ ਹੋਣ ਦਾ ਨਾਟਕ ਕਰ ਕੇ ਲੋਕਾਂ ਨੂੰ ਅਪਣੇ ਪਿੱਛੇ ਲਾ ਲਿਆ। ਨਿਤੀਸ਼ ਕੁਮਾਰ ਵਾਂਗ, ਕੇਜਰੀਵਾਲ ਨੇ ਵੀ ਅਪਣੇ ਆਪ ਨੂੰ ਜ਼ੀਰੋ ਬਣਾ ਕੇ, ਭਾਜਪਾ ਦਾ ਕੰਮ ਆਸਾਨ ਕਰ ਦਿਤਾ ਹੈ।