ਗ਼ਰੀਬ ਬੱਚਿਆਂ ਲਈ ਸ਼੍ਰੋਮਣੀ ਕਮੇਟੀ ਕੋਲ ਕੋਈ ਥਾਂ ਨਹੀਂ?
ਦਲਿਤ ਤੇ ਪਛੜੀ ਜਾਤੀ ਦੇ ਬੱਚਿਆਂ ਲਈ ਪਿਛਲੇ ਤਿੰਨ ਸਾਲਾਂ ਤੋਂ ਪੰਜਾਬ ਸਰਕਾਰ ਵਲੋਂ ਅਪਣੀ ਬਣਦੀ ਰਕਮ ਨਾ ਦੇਣ ਕਾਰਨ..
ਦਲਿਤ ਤੇ ਪਛੜੀ ਜਾਤੀ ਦੇ ਬੱਚਿਆਂ ਲਈ ਪਿਛਲੇ ਤਿੰਨ ਸਾਲਾਂ ਤੋਂ ਪੰਜਾਬ ਸਰਕਾਰ ਵਲੋਂ ਅਪਣੀ ਬਣਦੀ ਰਕਮ ਨਾ ਦੇਣ ਕਾਰਨ, ਗੁਰੂ ਨਾਨਕ ਕਾਲਜ, ਮੋਗਾ ਵਿਚ ਦਲਿਤ ਬੱਚਿਆਂ ਨੂੰ ਸਿਖਿਆ ਦੇਣ ਤੋਂ ਇਨਕਾਰ ਕਰ ਦਿਤਾ ਗਿਆ। ਇਨ੍ਹਾਂ ਗ਼ਰੀਬ ਬੱਚਿਆਂ ਨੇ 5-5 ਹਜ਼ਾਰ ਦੀ ਰਕਮ ਖ਼ੁਦ ਜਮ੍ਹਾਂ ਕਰਵਾਈ ਤਾਕਿ ਜਦ ਤਕ ਸਰਕਾਰ ਕੋਲੋਂ ਪੈਸਾ ਨਹੀਂ ਆ ਜਾਂਦਾ, ਉਨ੍ਹਾਂ ਦੀ ਸਿਖਿਆ ਚਲਦੀ ਰਹੇ। ਪਰ ਪ੍ਰਿੰਸੀਪਲ ਨੇ ਫਿਰ ਵੀ ਇਨ੍ਹਾਂ ਬੱਚਿਆ ਨੂੰ ਕਾਲਜ ਵਿਚੋਂ ਕੱਢ ਦਿਤਾ। ਇਹ ਕਾਲਜ ਸ਼੍ਰੋਮਣੀ ਕਮੇਟੀ ਵਲੋਂ ਚਲਾਇਆ ਜਾ ਰਿਹਾ ਹੈ।
ਇਸ ਸਖ਼ਤ ਰਵਈਏ ਨੂੰ ਵੇਖ ਕੇ ਅੱਜ ਹੈਰਾਨੀ ਵੀ ਹੁੰਦੀ ਹੈ ਕਿ ਸਿੱਖ ਧਰਮ ਦੀ ਲਗਾਮ ਕਿਹੜੇ ਹੱਥਾਂ ਵਿਚ ਆ ਗਈ ਹੈ। ਇਹ ਉਹ ਲੋਕ ਹਨ ਜੋ ਗੁਰੂ ਦੇ ਨਾਂ ਤੇ ਚੜ੍ਹਾਏ ਗਏ ਚੜ੍ਹਾਵੇ ਦੇ ਪੈਸੇ ਨੂੰ ਨੌਜਵਾਨਾਂ ਦੀ ਪੜ੍ਹਾਈ ਵਾਸਤੇ ਵੀ ਖ਼ਰਚਣਾ ਨਹੀਂ ਚਾਹੁੰਦੇ। ਕਿਸਾਨਾਂ ਦੀ ਮਦਦ ਕਰਨਾ ਇਨ੍ਹਾਂ ਭਾਣੇ ਬੜਾ ਹਲਕਾ ਕੰਮ ਹੈ। ਪਰ ਇਹ ਲੋਕ ਜੋ ਅਪਣੇ ਆਪ ਨੂੰ ਰਹਿਤਵਾਨ ਧਰਮੀ ਪੁਰਸ਼ ਅਖਵਾਉਂਦੇ ਹਨ, ਅਰਬਾਂ ਰੁਪਏ ਦਾ ਚੜ੍ਹਾਵਾ ਤੇ ਹੋਰ ਆਮਦਨ, ਹਵਾ ਵਿਚ ਉਛਾਲ ਕੇ, ਸਰਕਾਰੀ ਬਜਟ ਵਾਂਗ ਬਿੱਲੇ ਲਾ ਦੇਂਦੇ ਹਨ ਪਰ ਇਨ੍ਹਾਂ ਦੀ ਸ਼੍ਰੋਮਣੀ ਕਮੇਟੀ ਕੋਲ ਗ਼ਰੀਬਾਂ ਨੂੰ ਮੁਫ਼ਤ ਸਿਖਿਆ ਦੇਣ ਵਾਸਤੇ ਕੋਈ ਪੈਸਾ ਨਹੀਂ ਜੇ। ਸਾਫ਼ ਹੈ ਕਿ ਸ਼੍ਰੋਮਣੀ ਕਮੇਟੀ ਵਿਚ ਬੈਠੇ ਲੋਕ ਅੱਜ ਗੁਰੂ ਦੀ ਸਿਖਿਆ ਤੋਂ ਬਹੁਤ ਦੂਰ ਚਲੇ ਗਏ ਹਨ। ਜੇ ਗੁਰੂ ਦੀ ਬਾਣੀ ਨਾਲ ਜੁੜੇ ਹੁੰਦੇ ਤਾਂ ਸਮਝ ਲੈਂਦੇ ਕਿ ਸਿੱਖੀ ਦੀ ਸੋਚ ਸਾਦਗੀ ਤੇ ਗ਼ਰੀਬ ਦੀ ਮਦਦ ਨੂੰ ਪਹਿਲ ਦੇਂਦੀ ਹੈ ਨਾਕਿ ਵਿਖਾਵੇ ਨੂੰ। ਜੇ ਸ਼੍ਰੋਮਣੀ ਕਮੇਟੀ ਤੋਂ ਸਿੱਖੀ ਸੋਚ ਪਰਾਂ ਹੋ ਗਈ ਹੈ ਤਾਂ ਬਾਕੀ ਸਿੱਖਾਂ ਨੂੰ ਤਾਂ ਬਾਣੀ ਸਾਫ਼-ਸਾਫ਼ ਸੱਭ ਕੁੱਝ ਦਸ ਰਹੀ ਹੈ। ਫਿਰ ਕਿਉਂ ਅਪਣਾ ਦਸਵੰਧ ਗੁਰੂ ਘਰਾਂ ਵਿਚ ਬੈਠੇ ਠੇਕੇਦਾਰਾਂ ਨੂੰ ਦੇ ਰਹੇ ਹੋ? ਕਿਉਂ ਨਹੀਂ ਸਿੱਖ ਸੰਗਤ ਅਪਣੇ ਪੈਸੇ ਅਪਣੇ ਨੇੜੇ ਰਹਿੰਦੇ ਗ਼ਰੀਬਾਂ ਦੀ ਮਦਦ ਵਿਚ ਲਗਾਉਂਦੀ? ਕਿਸੇ ਕਿਸਾਨ ਦੀ ਜਾਨ ਬਚਾਉ, ਕਿਸੇ ਵਿਧਵਾ ਨੂੰ ਪੈਰਾਂ ਤੇ ਖੜਾ ਕਰੋ, ਕਿਸੇ ਗ਼ਰੀਬ ਦੇ ਬੱਚੇ ਨੂੰ ਪੜ੍ਹਾ ਲਿਖਾ ਕੇ ਕਾਬਲ ਬਣਾਉ। ਗੁਰਦਵਾਰਿਆਂ ਤੇ ਡੇਰਿਆਂ ਵਿਚ ਤਾਂ ਸੰਗਤ ਦੇ ਪੈਸੇ ਨੂੰ ਗੁਰੂ-ਆਸ਼ੇ ਦੇ ਉਲਟ ਹੀ ਵਰਤਿਆ ਜਾ ਰਿਹਾ ਹੈ। -ਨਿਮਰਤ ਕੌਰ