ਰਾਹੁਲ ਗਾਂਧੀ, ਮਨਮੋਹਨ ਸਿੰਘ ਅਤੇ ਚਿਦਾਂਬਰਮ ਨੇ ਮਜ਼ਬੂਤ ਤੇ ਸਮਝਦਾਰ ਵਿਰੋਧੀ ਧਿਰ ਦੀ ਆਸ ਤਾਂ ਜਗਾਈ!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਕਾਂਗਰਸ ਪ੍ਰਧਾਨ ਵਜੋਂ ਰਾਹੁਲ ਗਾਂਧੀ ਦਾ ਪਹਿਲਾ ਭਾਸ਼ਣ ਜਿਸ ਤਰ੍ਹਾਂ ਆਕਾਸ਼ ਵਿਚ ਗੂੰਜਿਆ, ਸੁਣਨ ਵਾਲੇ ਕੁੱਝ ਪਲਾਂ ਲਈ ਤਾਂ ਹੈਰਾਨ ਹੀ ਰਹਿ ਗਏ |

Rahul Gandhi

ਰਾਹੁਲ ਦਾ ਭਾਸ਼ਣ ਸੁਣ ਕੇ ਹੈਰਾਨੀ ਤਾਂ ਹੋਈ ਪਰ ਬਹੁਤੀਆਂ ਉਮੀਦਾਂ ਜਗਾਉਣ ਉਤੇ ਅਜੇ ਕਾਬੂ ਰਖਣਾ ਪਵੇਗਾ। ਜੇ ਫਿਰ ਨਾਨੀ ਦੀ ਯਾਦ ਆ ਗਈ ਤਾਂ ਉਨ੍ਹਾਂ ਨੂੰ ਇਸ ਗੱਲ ਦੀ ਕੋਈ ਪ੍ਰਵਾਹ ਨਹੀਂ ਹੋਣੀ ਕਿ ਦੇਸ਼ ਵਿਚ ਚੋਣਾਂ ਵੀ ਹੋਣ ਵਾਲੀਆਂ ਹਨ। ਰਾਹੁਲ ਨੂੰ ਪੰਜ ਸਾਲ ਕਿਸੇ ਅਹੁਦੇ ਨੂੰ ਜ਼ਿੰਮੇਵਾਰੀ ਨਾਲ ਨਿਭਾਉਂਦਿਆਂ ਵੇਖਣ ਤੋਂ ਬਾਅਦ ਹੀ ਕਿਹਾ ਜਾ ਸਕਦਾ ਹੈ ਕਿ ਉਹ ਅਪਣੀ ਜ਼ਿੰਮੇਵਾਰੀ ਦਾ ਬੋਝ ਚੁੱਕਣ ਵਾਸਤੇ ਤਿਆਰ ਹਨ। ਜੇ ਉਨ੍ਹਾਂ ਨੇ ਵਿਰੋਧੀ ਧਿਰ ਦੇ ਲੀਡਰ ਵਜੋਂ ਜ਼ਿੰਮੇਵਾਰੀ ਨਿਭਾਈ ਹੁੰਦੀ ਤਾਂ ਇਸ ਵੇਲੇ ਦੇਸ਼ ਵਿਚ ਉਨ੍ਹਾਂ ਦੀਆਂ ਗੱਲਾਂ ਦਾ ਅਸਰ ਹੀ ਕੁੱਝ ਹੋਰ ਹੁੰਦਾ।


ਕਾਂਗਰਸ ਪ੍ਰਧਾਨ ਵਜੋਂ ਰਾਹੁਲ ਗਾਂਧੀ ਦਾ ਪਹਿਲਾ ਭਾਸ਼ਣ ਜਿਸ ਤਰ੍ਹਾਂ ਆਕਾਸ਼ ਵਿਚ ਗੂੰਜਿਆ, ਸੁਣਨ ਵਾਲੇ ਕੁੱਝ ਪਲਾਂ ਲਈ ਤਾਂ ਹੈਰਾਨ ਹੀ ਰਹਿ ਗਏ। ਰਾਹੁਲ ਗਾਂਧੀ ਵਿਚ ਕਾਬਲੀਅਤ ਹੈ, ਨਵੀਂ ਸੋਚ ਹੈ ਪਰ ਉਸ ਦੀ ਸੂਝ ਦੀਆਂ ਸਿਰਫ਼ ਝਲਕਾਂ ਹੀ ਗਾਹੇ ਬਗਾਹੇ ਵੇਖਣ ਨੂੰ ਮਿਲਦੀਆਂ ਹਨ। ਉਹ ਪਹਿਲਾਂ ਵੀ ਕਈ ਵਾਰ ਨਜ਼ਰ ਆਈਆਂ ਸਨ ਤੇ ਹਰ ਵਾਰ ਕਾਂਗਰਸ ਅੰਦਰ ਉਮੀਦ ਜਾਗੀ ਸੀ। ਲੋਕਤੰਤਰ ਦੇ ਪ੍ਰੇਮੀ ਵੀ ਇਕ ਅਸਰਦਾਰ ਵਿਰੋਧੀ ਧਿਰ ਦੇ ਜੰਮ ਪੈਣ ਦੀ ਆਸ ਨਾਲ ਖ਼ੁਸ਼ ਹੁੰਦੇ ਰਹੇ ਹਨ। ਪਰ ਫਿਰ ਰਾਹੁਲ ਛੇਤੀ ਹੀ ਥੱਕ ਜਾਂਦੇ ਹਨ ਅਤੇ ਗ਼ਾਇਬ ਹੋ ਜਾਂਦੇ ਹਨ। ਸੋ ਰਾਹੁਲ ਦਾ ਭਾਸ਼ਣ ਸੁਣ ਕੇ ਹੈਰਾਨੀ ਤਾਂ ਹੋਈ ਪਰ ਬਹੁਤੀਆਂ ਉਮੀਦਾਂ ਜਗਾਉਣ ਉਤੇ ਅੱਜ ਕਾਬੂ ਰਖਣਾ ਪਵੇਗਾ। ਜੇ ਫਿਰ ਨਾਨੀ ਦੀ ਯਾਦ ਆ ਗਈ ਤਾਂ ਉਨ੍ਹਾਂ ਨੂੰ ਇਸ ਗੱਲ ਦੀ ਕੋਈ ਪ੍ਰਵਾਹ ਨਹੀਂ ਹੋਣੀ ਕਿ ਦੇਸ਼ ਵਿਚ ਚੋਣਾਂ ਵੀ ਹੋਣ ਵਾਲੀਆਂ ਹਨ। ਰਾਹੁਲ ਨੂੰ ਪੰਜ ਸਾਲ ਕਿਸੇ ਅਹੁਦੇ ਨੂੰ ਜ਼ਿੰਮੇਵਾਰੀ ਨਾਲ ਨਿਭਾਉਂਦਿਆਂ ਵੇਖਣ ਤੋਂ ਬਾਅਦ ਹੀ ਕਿਹਾ ਜਾ ਸਕਦਾ ਹੈ ਕਿ ਉਹ ਅਪਣੀ ਜ਼ਿੰਮੇਵਾਰੀ ਦਾ ਬੋਝ ਚੁੱਕਣ ਵਾਸਤੇ ਤਿਆਰ ਹਨ। ਜੇ ਉਨ੍ਹਾਂ ਵਿਰੋਧੀ ਧਿਰ ਦੇ ਲੀਡਰ ਵਜੋਂ ਜ਼ਿੰਮੇਵਾਰੀ ਨਿਭਾਈ ਹੁੰਦੀ ਤਾਂ ਇਸ ਵੇਲੇ ਦੇਸ਼ ਵਿਚ ਉਨ੍ਹਾਂ ਦੀਆਂ ਗੱਲਾਂ ਦਾ ਅਸਰ ਹੀ ਕੁੱਝ ਹੋਰ ਹੁੰਦਾਰਾਹੁਲ ਅਪਣੀ ਪਾਰਟੀ ਨੂੰ ਜ਼ਰੂਰ ਸਮਝਦੇ ਹਨ ਅਤੇ ਉਨ੍ਹਾਂ ਜਦੋਂ ਆਖਿਆ ਕਿ 2019 ਦੀਆਂ ਚੋਣਾਂ ਤਕ ਸਾਰੇ ਅਪਣੀਆਂ ਲੜਾਈਆਂ ਛੱਡ ਕੇ ਪਾਰਟੀ ਨੂੰ ਜਿਤਾਉਣ ਵਿਚ ਜੁਟ ਜਾਣ ਤਾਂ ਲਗਦਾ ਹੈ, ਜਿੱਤਣ ਤੋਂ ਬਾਅਦ ਦੀ ਨਸੀਹਤ ਉਨ੍ਹਾਂ ਸ਼ਾਇਦ ਪ੍ਰਸ਼ਾਂਤ ਕਿਸ਼ੋਰ ਤੋਂ ਸਿਖੀ ਸੀ ਜਿਸ ਦੇ ਸਾਹਮਣੇ ਪੰਜਾਬ ਦੇ ਕਾਂਗਰਸੀ ਵੀ ਚੋਣਾਂ ਵੇਲੇ ਕੁੱਝ ਹੋਰ ਸਨ ਅਤੇ ਅੱਜ ਕੁੱਝ ਹੋਰ ਹੀ ਬਣ ਗਏ ਹਨ ਅਤੇ ਆਪਸ ਵਿਚ ਲੜਦੇ ਹੋਏ ਉਹ ਲੋਕਾਂ ਦੇ ਵਾਅਦਿਆਂ ਤੇ ਖਰੇ ਨਹੀਂ ਉਤਰ ਰਹੇ। ਰਾਹੁਲ ਨੂੰ ਕਾਂਗਰਸੀਆਂ ਦੀਆਂ ਨਿਜੀ ਰੰਜਿਸ਼ਾਂ ਨਾਲ ਨਿਪਟਣ ਦਾ ਤਰੀਕਾ ਬਦਲਣਾ ਪਵੇਗਾ ਕਿਉਂਕਿ ਇਨ੍ਹਾਂ ਦੇ ਹੁੰਦਿਆਂ, ਰਾਜ ਪ੍ਰਬੰਧ ਵਿਚ ਕਮਜ਼ੋਰੀ ਆ ਜਾਂਦੀ ਹੈ।


ਪਰ ਕਾਂਗਰਸ ਅਤੇ ਭਾਜਪਾ ਵਿਚ ਇਕ ਵੱਡਾ ਫ਼ਰਕ ਹੈ ਜਿਸ ਕਰ ਕੇ ਰਾਹੁਲ ਦੀ 50-70% ਮਿਹਨਤ ਵੀ ਅਸਰ ਕਰ ਸਕਦੀ ਹੈ। ਭਾਜਪਾ ਕੋਲ ਸਿਰਫ਼ ਮੋਦੀ ਸੀ ਅਤੇ ਮੋਦੀ ਕੋਲ ਸਿਰਫ਼ ਅਮਿਤ ਸ਼ਾਹ। ਕਾਂਗਰਸ ਕੋਲ ਵੱਡੇ-ਵੱਡੇ ਦਿੱਗਜ ਅਤੇ ਮਾਹਰ ਲੋਕ ਹਨ ਜਿਨ੍ਹਾਂ ਕਰ ਕੇ ਉਹ ਅਪਣੀ ਢਿੱਲੀ ਚਾਲ ਦੇ ਬਾਵਜੂਦ ਵੀ 14 ਕਰੋੜ ਲੋਕਾਂ ਨੂੰ ਗ਼ਰੀਬੀ ਵਿਚੋਂ ਕੱਢ ਗਈ ਸੀ।ਭਾਰਤ ਦੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ, ਜਿਨ੍ਹਾਂ ਨੇ ਡਾ. ਮਨਮੋਹਨ ਸਿੰਘ ਨਾਲ ਮਿਲ ਕੇ ਭਾਰਤ ਦੇ ਅਰਥਚਾਰੇ ਨੂੰ ਨਵੀਆਂ ਉਚਾਈਆਂ ਤੇ ਪਹੁੰਚਾਇਆ ਸੀ, ਨੇ ਠੀਕ ਕਿਹਾ ਹੈ ਕਿ ਅੱਜ ਭਾਰਤ ਦਾ ਅਰਥਚਾਰਾ ਕੁੱਝ ਅਜਿਹੇ ਲੋਕਾਂ ਦੇ ਹੱਥਾਂ ਵਿਚ ਹੈ ਜੋ ਉਸ ਨੂੰ ਚਲਾਉਣਾ ਜਾਣਦੇ ਹੀ ਨਹੀਂ। ਅਰੁਣ ਜੇਤਲੀ ਬਹੁਤ ਵਧੀਆ ਵਕੀਲ ਹਨ ਪਰ ਅਰਥਸ਼ਾਸਤਰੀ ਨਹੀਂ। ਉਹ ਅਦਾਲਤ ਵਿਚ ਅਰਵਿੰਦ ਕੇਜਰੀਵਾਲ ਦੇ ਗੋਡੇ ਟਿਕਵਾ ਸਕਦੇ ਹਨ ਪਰ ਉਨ੍ਹਾਂ ਭਾਰਤ ਦੀ ਤੇਜ਼-ਰਫ਼ਤਾਰ ਵਿਕਾਸ-ਗੱਡੀ ਦੇ ਡਰਾਈਵਰ ਵਜੋਂ ਵੱਡੀਆਂ ਗ਼ਲਤੀਆਂ ਕੀਤੀਆਂ ਹਨ। ਭਾਰਤ ਦੇ ਅਰਥਚਾਰੇ ਨੂੰ ਸਿਆਸੀ ਝਮੇਲਿਆਂ ਦੇ ਹਵਾਲੇ ਕਰਨ ਦੀ ਸੱਭ ਤੋਂ ਵੱਡੀ ਗ਼ਲਤੀ ਕੀਤੀ ਗਈ ਹੈ।

ਚਿਦੰਬਰਮ ਦੇ ਭਾਸ਼ਣ ਵਿਚ ਜੁਮਲੇ ਅਤੇ ਵੱਡੀ ਗੂੰਜਦੀ ਆਵਾਜ਼ ਤਾਂ ਨਹੀਂ ਸੀ ਪਰ ਜੋ ਗੱਲਾਂ ਉਨ੍ਹਾਂ ਕਹੀਆਂ, ਉਹ ਭਾਰਤ ਨੂੰ ਸੁਣਨ ਅਤੇ ਸਮਝਣ ਦੀ ਜ਼ਰੂਰਤ ਹੈ। ਮੋਦੀ ਅਤੇ ਰਾਹੁਲ ਨੇ ਇਕ-ਦੂਜੇ ਤੇ ਵਾਰ ਕਰਨਾ ਹੈ, ਬਾਕੀ ਦੇ ਛੋਟੇ ਆਗੂਆਂ ਨੇ ਅਪਣੇ-ਅਪਣੇ ਆਗੂ ਦੀਆਂ ਗੱਲਾਂ ਹੀ ਦੁਹਰਾਈਆਂ ਹਨ ਪਰ ਚਿਦੰਬਰਮ ਅਤੇ ਡਾ. ਮਨਮੋਹਨ ਸਿੰਘ ਵਰਗਿਆਂ ਦੀਆਂ ਗੱਲਾਂ ਨੇ ਵਿਕਾਸ ਦੇ ਰਾਹ ਤੇ ਪਾ ਦੇਣਾ ਹੈ ਅਤੇ ਅੰਤ ਵਿਚ ਵਿਕਾਸ ਵਾਸਤੇ ਪੈਸਾ ਉਨ੍ਹਾਂ ਦੀਆਂ ਯੋਜਨਾਵਾਂ ਤੋਂ ਹੀ ਆਉਣਾ ਹੈ। ਭਾਜਪਾ ਸਰਕਾਰ ਦੀ ਕਮਜ਼ੋਰੀ ਜਾਂ ਮੁਸਤੈਦੀ ਦਾ ਸਬੂਤ ਇਹ ਹੈ ਕਿ ਅਜੇ ਤਕ ਨੋਟਬੰਦੀ ਕਰ ਕੇ ਵਾਪਸ ਮੁੜੇ ਨੋਟਾਂ ਨੂੰ ਗਿਣਨ ਦਾ ਕੰਮ ਆਰ.ਬੀ.ਆਈ. ਵਲੋਂ ਪੂਰਾ ਨਹੀਂ ਹੋ ਸਕਿਆ। ਚਿਦੰਬਰਮ ਨੇ ਠੀਕ ਹੀ ਕਿਹਾ ਹੈ ਕਿ ਮੰਦਰਾਂ ਤੋਂ ਪੈਸੇ ਗਿਣਨ ਵਾਲੇ ਆਰ.ਬੀ.ਆਈ. ਕੋਲ ਭੇਜ ਦਿਉ ਤਾਕਿ ਸੱਚ ਸਾਹਮਣੇ ਆ ਸਕੇ। ਪਰ ਲਗਦਾ ਨਹੀਂ ਕਿ 2019 ਤੋਂ ਪਹਿਲਾਂ ਆਰ.ਬੀ.ਆਈ. ਗਿਣਤੀ ਪੂਰੀ ਕਰ ਸਕੇਗਾ। ਇਸ ਸਰਕਾਰ ਦੀ ਭੰਬਲਭੂਸੇ ਵਾਲੀ ਸੋਚ ਨੂੰ 'ਗੋਲ ਮੈਡਲ' ਤਾਂ ਵਿਸ਼ਵ ਬੈਂਕ ਨੇ ਦੇ ਹੀ ਦਿਤਾ ਹੈ ਜਿਸ ਨੇ ਕਿਹਾ ਹੈ ਕਿ ਭਾਰਤ ਵਰਗੀ ਗੁੰਝਲਦਾਰ ਜੀ.ਐਸ.ਟੀ. ਹੋਰ ਕਿਸੇ ਮੁਲਕ ਵਿਚ ਨਹੀਂ। ਭਾਰਤ ਦੀ ਅਰਥਵਿਵਸਥਾ ਇਕ ਬੰਬ ਵਾਂਗ ਫਟਣ ਵਾਸਤੇ ਤਿਆਰ ਬੈਠੀ ਹੈ ਜਿਥੇ ਕਿਸਾਨ, ਨੌਜਵਾਨ ਘਬਰਾਹਟ ਵਿਚ ਖ਼ੁਦਕੁਸ਼ੀਆਂ ਕਰ ਰਹੇ ਹਨ। ਭਾਸ਼ਣਾਂ ਅਤੇ ਚੋਣਾਂ ਜਿਤਾਉਂਦੀ ਆ ਰਹੀ ਭਾਰਤ ਦੀ ਆਬਾਦੀ ਦੀ ਹੁਣ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਭਾਰਤ ਦੀ ਅਰਥਵਿਵਸਥਾ ਨੂੰ ਅਤੇ ਦੋਹਾਂ ਪਾਰਟੀਆਂ ਦੇ ਕੰਮ ਕਰਨ ਦੇ ਤਰੀਕੇ ਵਿਚਲੇ ਫ਼ਰਕ ਨੂੰ ਵੀ ਸਮਝੇ। 2014 ਤੋਂ 2019 ਵਿਚਕਾਰ ਭਾਰਤ ਦੇ ਅਰਥਸ਼ਾਸਤਰ ਦੀਆਂ ਬਾਰੀਕੀਆਂ ਨੂੰ ਸਮਝਦੇ ਹੋਏ ਵੋਟ ਪਾਉ, ਧਰਮ ਨੂੰ ਦਿਲ ਅੰਦਰ ਸਮੇਟ ਕੇ ਰੱਖੋ ਤੇ ਡਰਾਮੇ ਨੂੰ ਸਿਨੇਮਾ ਹਾਲ ਵਿਚ ਹੀ ਵੇਖੋ, ਰਾਜਸੀ ਪਾਰਟੀਆਂ ਦੇ ਜਲਸਿਆਂ ਵਿਚ ਨਹੀਂ ਅਤੇ ਫਿਰ ਜਿਹੜੀ ਪਾਰਟੀ ਵਿਕਾਸ, ਬੇਰੁਜ਼ਗਾਰੀ ਤੇ ਖ਼ੁਸ਼ਹਾਲੀ ਦਾ ਬਿਹਤਰੀਨ ਪ੍ਰੋਗਰਾਮ ਲੈ ਕੇ ਆਉਂਦੀ ਹੈ, ਉਸ ਨੂੰ ਵੋਟ ਪਾ ਆਉ।  -ਨਿਮਰਤ ਕੌਰ