ਸੰਪਾਦਕੀ: ਕੋਰੋਨਾ ਟੀਕਾ ਲਗਵਾਉਣ ਤੋਂ ਹਿਚਕਚਾਹਟ ਕਿਉਂ?

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਦਿੱਲੀ ਵਿਚ ਕਿਸਾਨਾਂ ਨੂੰ ਵੈਕਸੀਨ ਲਗਾਉਣ ਦੀ ਕੋਸ਼ਿਸ਼ ਵੀ 100 ਫ਼ੀ ਸਦੀ ਵਿਅਰਥ ਜਾ ਰਹੀ ਹੈ ਕਿਉਂਕਿ ਕਿਸਾਨ ਤਿੰਨ ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ ’ਤੇ ਬੈਠੇ ਹਨ

Corona vaccine

ਹਰ ਪਾਸੇ ਕੋਰੋਨਾ ਦੀ ਮਾਰ ਹੇਠ ਆਏ ਨਵੇਂ ਮਰੀਜ਼ਾਂ ਦੇ ਅੰਕੜੇ ਵਧਣ ਦੇ ਸੰਕੇਤ ਆ ਰਹੇ ਹਨ ਅਤੇ ਪੰਜਾਬ ਵਿਚ ਮੁੜ ਤੋਂ ਰਾਤ ਦਾ ਕਰਫ਼ਿਊ ਲੱਗ ਗਿਆ ਹੈ। ਸਕੂਲ ਅਤੇ ਕਾਲਜ ਫਿਰ ਤੋਂ ਬੰਦ ਕੀਤੇ ਗਏ ਹਨ। ਇਕ ਪਾਸੇ ਕੋਵਿਡ ਦੇ ਅੰਕੜੇ ਵਧਣ ਦੀ ਚਿੰਤਾ ਸਤਾ ਰਹੀ ਹੈ ਅਤੇ ਦੂਜੇ ਪਾਸੇ ਆਰਥਕ ਚਿੰਤਾ ਵੀ ਵਧਦੀ ਜਾ ਰਹੀ ਹੈ। ਪਿਛਲੇ ਸਾਲ ਵੀ ਇਹੀ ਚਿੰਤਾ ਹਾਵੀ ਸੀ।

ਜੇਕਰ ਤਾਲਾਬੰਦੀ ਕਰੀਏ ਤਾਂ ਭੁੱਖੇ ਮਰ ਜਾਵਾਂਗੇ ਅਤੇ ਜੇ ਨਾ ਕਰੀਏ ਤਾਂ ਅਪਣੀ ਜਾਨ ਖ਼ਤਰੇ ਵਿਚ ਪਾ ਕੇ ਕੰਮ ’ਤੇ ਜਾਈਏ? ਭਾਵੇਂ ਇਸ ਸਾਲ ਕੋਵਿਡ ਦੀ ਵੈਕਸੀਨ ਆ ਗਈ ਹੈ, ਪਰ ਇਸ ਦਾ ਓਨਾ ਅਸਰ ਹੁੰਦਾ ਵਿਖਾਈ ਨਹੀਂ ਦੇ ਰਿਹਾ ਜਿੰਨੇ ਦੀ ਆਸ ਕੀਤੀ ਜਾ ਰਹੀ ਸੀ। ਲੋਕ ਸਾਰਾ ਸਾਲ ਕੋਵਿਡ ਦੀ ਵੈਕਸੀਨ ਲਈ ਦੁਆਵਾਂ ਕਰਦੇ ਰਹੇ ਅਤੇ ਅੱਜ ਹਾਲਤ ਅਜਿਹੀ ਹੈ ਕਿ ਵੈਕਸੀਨ ਤਾਂ ਆ ਚੁੱਕੀ ਹੈ ਪਰ ਬਹੁਤੇ ਲੋਕ ਉਸ ਨੂੰ ਲਗਵਾਉਣ ਨੂੰ ਤਿਆਰ ਨਹੀਂ ਹੋ ਰਹੇ। 

ਐਸੀ ਬੇਵਿਸਾਹੀ ਹੈ ਕਿ ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਅਪਣੀ ਪਾਰਟੀ ਦੇ ਮੁੱਖ ਮੰਤਰੀ ਆਦਿਤਿਆ ਨਾਥ ਯੋਗੀ ਦੇ ਸੂਬੇ ਵਿਚ ਕੋਵਿਡ ਸੰਕਟ ਮੀਟਿੰਗ ਨੂੰ ਦੋ ਵਾਰ ਸੰਬੋਧਨ ਕੀਤਾ ਅਤੇ ਦੋਵੇਂ ਵਾਰ ਉੱਤਰ ਪ੍ਰਦੇਸ਼ ਦੀ ਕੋਵਿਡ ਸੰਭਾਲ ਵਿਚ ਕਮੀ ਹੀ ਉਜਾਗਰ ਕੀਤੀ। ਇਕ ਪਾਸੇ ਦੁਨੀਆਂ ਕੋਵਿਡ ਦੀ ਵੈਕਸੀਨ ਦੀ ਘਾਟ ਮਹਿਸੂਸ ਕਰ ਰਹੀ ਹੈ ਅਤੇ ਦੂਜੇ ਪਾਸੇ ਯੂ.ਪੀ. ਵਿਚ ਰੋਜ਼ 10 ਫ਼ੀ ਸਦੀ ਵੈਕਸੀਨ ਬਰਬਾਦ ਹੋ ਰਹੀ ਹੈ।

ਇਸੇ ਤਰ੍ਹਾਂ ਦਿੱਲੀ ਵਿਚ ਕਿਸਾਨਾਂ ਨੂੰ ਵੈਕਸੀਨ ਲਗਾਉਣ ਦੀ ਕੋਸ਼ਿਸ਼ ਵੀ 100 ਫ਼ੀ ਸਦੀ ਵਿਅਰਥ ਜਾ ਰਹੀ ਹੈ ਕਿਉਂਕਿ ਕਿਸਾਨ ਤਿੰਨ ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ ’ਤੇ ਬੈਠੇ ਹਨ ਤੇ ਉਨ੍ਹਾਂ ਵਿਚ ਕੋਵਿਡ ਦਾ ਕੋਈ ਵੀ ਕੇਸ ਸਾਹਮਣੇ ਨਹੀਂ ਆਇਆ। ਅੱਜ ਪੇਂਡੂ ਇਲਾਕਿਆਂ ਵਿਚ ਜਾ ਕੇ ਵੇਖਿਆ ਜਾਵੇ ਤਾਂ ਜ਼ਿਆਦਾਤਰ ਪਿੰਡ ਅਜਿਹੇ ਹਨ ਜਿਥੇ ਕੋਵਿਡ ਦਾ ਇਕ ਵੀ ਮਾਮਲਾ ਨਹੀਂ ਆਇਆ।

ਪੰਜਾਬ ਵਿਚ ਜਦੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਸੀ ਤਾਂ ਸਰਕਾਰ ਨੇ ਮਾਸਕ ਨਾ ਪਾਉਣ ਦੀ ਛੋਟ ਦੇ ਦਿਤੀ ਸੀ ਪਰ ਹੁਣ ਸਰਕਾਰ ਆਖ ਰਹੀ ਹੈ ਕਿ ਮਾਸਕ ਪਾਉਣਾ ਲਾਜ਼ਮੀ ਹੈ ਅਤੇ ਪ੍ਰਸ਼ਾਸਨ ਇਸ ਗੱਲ ’ਤੇ ਜ਼ੋਰ ਦੇ ਰਿਹਾ ਹੈ। ਹੁਣ 50 ਤੋਂ ਵੱਧ ਲੋਕਾਂ ਦੇ ਇਕੱਠ ’ਤੇ ਪਾਬੰਦੀ ਹੈ ਪਰ ਬੰਗਾਲ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪ ਵੱਡੀਆਂ ਵੱਡੀਆਂ ਰੈਲੀਆਂ ਨੂੰ ਸੰਬੋਧਨ ਕਰ ਰਹੇ ਹਨ।

ਬੰਗਾਲ ਵਿਚ ਸਿਰਫ਼ ਭਾਜਪਾ ਹੀ ਨਹੀਂ ਬਲਕਿ ਸਾਰੀਆਂ ਹੀ ਪਾਰਟੀਆਂ ਆਪਣੀ ਛਾਤੀ ਠੋਕ ਕੇ ਆਖ ਰਹੀਆਂ ਹਨ ਕਿ ਸਾਡਾ ਇਕੱਠ ਵੱਡਾ ਹੈ। ਹੋਰ ਕੁੱਝ ਮਹੀਨੇ ਦੀ ਇੰਤਜ਼ਾਰ ਕਰੋ, ਪੰਜਾਬ ਵਿਚ ਵੀ ਵੱਡੀਆਂ ਰੈਲੀਆਂ, ਖ਼ੁਦ ਇਹੀ ਸਿਆਸਤਦਾਨ ਕਰਨਗੇ। ਇਸ ਸਾਰੇ ਸਿਆਸੀ ਭੰਬਲਭੂਸੇ ਵਿਚ ਵਿਚਾਰੇ ਵਿਗਿਆਨਕ ਤੇ ਡਾਕਟਰ,  ਲੋਕਾਂ ਨੂੰ ਵੈਕਸੀਨ ਲਗਾਉਣ ਲਈ ਪ੍ਰੇਰਿਤ ਕਰਦੇ ਹਨ। ਪਰ ਜਿਹੜੇ ਲੋਕ ਸਿਆਸਤਦਾਨਾਂ ਦੇ ਜਲੇਬੀ ਵਰਗੇ ਭਾਸ਼ਨਾਂ ਵਿਚ ਫੱਸ ਵੀ ਚੁੱਕੇ ਹਨ, ਉਹ ਵੀ ਇਸ ਨੂੰ ਨਿਜੀਕਰਨ ਦੇ ਮੁਨਾਫ਼ੇ ਲਈ ਚੱਲੀ ਗਈ ਇਕ ਚਾਲ ਹੀ ਸਮਝਦੇ  ਹਨ ਤੇ ਵੈਕਸੀਨ ਲਗਾਉਣ ਤੋਂ ਭੱਜ ਰਹੇ ਹਨ। ਫਿਰ ਜਦ ਇਸੇ ਤਰ੍ਹਾਂ ਦੀਆਂ ਗੱਲਾਂ ਆਖੀਆਂ ਜਾਂਦੀਆਂ ਹਨ ਕਿ ਵੈਕਸੀਨ ਲਗਾਉਣ ਤੋਂ ਬਾਅਦ ਵੀ ਕੋਰੋਨਾ ਹੋ ਸਕਦਾ ਹੈ ਤਾਂ ਕਿਉਂ ਕੋਈ ਖ਼ਤਰਾ ਮੁਲ ਲਵੇਗਾ?

ਭਾਰਤ ਵਿਚ ਬਿਮਾਰੀਆਂ ਵਿਰੁਧ ਸਸਤਾ ਇਲਾਜ ਆਮ ਮਿਲਦਾ ਹੈ ਤੇ ਕਿਹਾ ਜਾਂਦਾ ਹੈ ਕਿ ਕਾਹੜਾ ਪੀ ਲਵੋ, ਖ਼ੂਬ ਹਲਦੀ ਤੇ ਗਰਮ ਪਾਣੀ ਪੀਉ ਤੇ ਅਪਣੇ ਆਪ ਨੂੰ ਬੀਮਾਰੀਆਂ ਤੋਂ ਦੂਰ ਰੱਖੋ ਪਰ ਇਕ ਗੱਲ ਸਮਝਣ ਦੀ ਜ਼ਰੂਰਤ ਹੈ ਕਿ ਭਾਵੇਂ ਭਾਰਤੀਆਂ ਵਿਚ ਰੋਗਾਂ ਵਿਰੁਧ ਲੜਨ ਦੀ ਸ਼ਕਤੀ ਕਾਫ਼ੀ ਹੈ, ਸ਼ਾਇਦ ਇਹ ਇਕ ਕਮਜ਼ੋਰ ਸ਼ਹਿਰੀ ਦੀ ਬਿਮਾਰੀ ਹੈ। 

ਇਹ ਬਿਮਾਰੀ ਸੱਭ ਲਈ ਹੀ ਨਵੀਂ ਹੈ। ਸਾਡੇ ਵਾਂਗ ਸਰਕਾਰਾਂ ਵੀ ਇਸ ਨਾਲ ਜੂਝਣਾ ਸਿਖ ਰਹੀਆਂ ਹਨ। ਕੋਵਿਡ ਵੈਕਸੀਨ ਮੁਫ਼ਤ ਵੀ ਹੈ ਅਤੇ ਪ੍ਰਾਈਵੇਟ ਹਸਪਤਾਲਾਂ ਵਿਚ ਇਹ 250 ਰੁਪਏ ਦੀ ਪੈਂਦੀ ਹੈ। 100 ਫ਼ੀ ਸਦੀ ਸੁਰੱਖਿਆ ਦੀ ਗਾਰੰਟੀ ਤਾਂ ਨਹੀਂ ਦਿਤੀ ਜਾ ਸਕਦੀ ਪਰ ਇਹ ਜ਼ਰੂਰ ਆਖਿਆ ਜਾ ਸਕਦਾ ਹੈ ਕਿ ਬਜ਼ੁਰਗਾਂ ਅਤੇ ਹੋਰ ਬਿਮਾਰੀ ਵਾਲਿਆਂ ’ਤੇ ਕੋਵਿਡ ਦਾ ਅਸਰ ਜਾਨ ਲੇਵਾ ਨਹੀਂ ਹੋਵੇਗਾ। ਇਕ ਮਾਸਕ ਪਾ ਕੇ ਤੇ ਇਕ ਵੈਕਸੀਨ ਲਵਾ ਕੇ ਅਸੀ ਅਪਣਾ ਯੋਗਦਾਨ ਇਸ ਤਰ੍ਹਾਂ ਪਾ ਸਕਦੇ ਹਾਂ ਕਿ ਕੋਵਿਡ ਦਾ ਤੀਜਾ ਗੇੜ ਦੂਜੇ ਤੋਂ ਵੀ ਫਿੱਕਾ ਹੋਵੇ। ਅੱਜ ਭਾਵੇਂ ਸਿਆਸਤਦਾਨਾਂ ’ਤੇ ਵਿਸ਼ਵਾਸ ਨਾ ਵੀ ਹੋਵੇ ਪਰ ਵਿਗਿਆਨੀਆਂ ਅਤੇ ਡਾਕਟਰਾਂ ’ਤੇ ਤਾਂ ਵਿਸ਼ਵਾਸ ਕੀਤਾ ਜਾਣਾ ਹੀ ਚਾਹੀਦਾ ਹੈ।                   (ਨਿਮਰਤ ਕੌਰ)