Editorial : ਆਰ ਐਸ ਐਸ ਦੇ ਕਿਸਾਨੀ ਵਿੰਗ ਨੇ ਕਿਸਾਨੀ ਅੰਦੋਲਨ ਦਾ ਵਿਰੋਧ ਕਰਨ ਲਈ ਫਿਰ ਗ਼ਲਤ-ਬਿਆਨੀ ਦਾ ਸਹਾਰਾ ਲਿਆ!
Editorial : ਪੰਜਾਬ ਅਤੇ ਹਰਿਆਣਾ ਦੇ ਕਿਸਾਨ ਸਿਆਸੀ ਤੌਰ ਤੇ ਜ਼ਿਆਦਾ ਬੇਦਾਰ ਹਨ
The peasant wing of the RSS again resorted to misrepresentation to oppose the peasant movement!: ਨਾਗਪੁਰ ਵਿਚ ਤਿੰਨ ਦਿਨਾਂ ਦੀ ਬੈਠਕ ਵਿਚ ਕਿਸਾਨਾਂ ਬਾਰੇ ਆਰ.ਐਸ.ਐਸ. ਦੇ ਕਿਸਾਨੀ ਵਿੰਗ, ਭਾਰਤੀਆ ਕਿਸਾਨ ਸੰਘ ਵਲੋਂ ਕਿਸਾਨਾਂ ਦੀਆਂ ਮੰਗਾਂ ਦੇ ਹੱਕ ਵਿਚ ਆਵਾਜ਼ ਤਾਂ ਚੁੱਕੀ ਗਈ ਪਰ ਨਾਲ ਹੀ ਇਹ ਵੀ ਆਖਿਆ ਗਿਆ ਕਿ ਕਿਸਾਨਾਂ ਦਾ ਮੰਗਾਂ ਮਨਵਾਉਣ ਦਾ ਹਿੰਸਕ ਰਸਤਾ ਸਹੀ ਨਹੀਂ । ਭਾਰਤੀ ਕਿਸਾਨ ਸੰਘ ਵਲੋਂ ਆਖਿਆ ਗਿਆ ਕਿ ਚੋਣਾਂ ਤੋਂ ਪਹਿਲਾਂ ਕਿਸਾਨਾਂ ਵਲੋਂ ਇਹ ਮੁੱਦਾ ਚੁੱਕ ਕੇ ਦੇਸ਼ ਵਿਚ ਤਣਾਅ ਵਾਲਾ ਵਾਤਾਵਰਣ ਬਣਾਉਣਾ ਸਹੀ ਨਹੀਂ। ਇਸ ਬਿਆਨ ਤੇ ਹੋਰ ਚਰਚਾਵਾਂ ਸੁਣ ਕੇ ਤੇ ਫਿਰ ਸੰਘ ਦੀ ਬੈਠਕ ਤੋਂ ਇਹ ਗੱਲ ਨਿਕਲ ਕੇ ਸਾਹਮਣੇ ਆਈ ਕਿ ਆਰ.ਐਸ.ਐਸ. ਦੀ ਨਜ਼ਰ ਵਿਚ ਕਿਸਾਨੀ ਅੰਦੋਲਨ ਦੀ ਆੜ ਵਿਚ ਇਹ ਅਸਲ ਵਿਚ ਪੰਜਾਬ ’ਚੋਂ ਨਿਕਲੀ ਵੱਖਵਾਦੀ ਸੋਚ ਤੇ ਆਧਾਰਤ ਲਹਿਰ ਹੈ।
ਜਿਸ ਮੰਚ ਤੋਂ ਸੰਘ ਤੇ ਉਨ੍ਹਾਂ ਦੇ ਕਾਰਜਕਰਤਾਵਾਂ ਨੂੰ ਦੇਸ਼ ਦੇ ਚੋਣ ਮਹਾਂ ਉਤਸਵ ਵਿਚ ਹਿੱਸਾ ਲੈਣ ਵਾਸਤੇ ਪ੍ਰੇਰਿਆ ਗਿਆ, ਉਸ ਮੰਚ ਤੋਂ ਹੀ ਸਿਆਸਤ ਦੇ ਨਾਮ ’ਤੇ ਪੰਜਾਬ ਅਤੇ ਸਿੱਖਾਂ ਨਾਲ ਡਾਢੀ ਬੇਇਨਸਾਫ਼ੀ ਕੀਤੀ ਗਈ। ਕਿਸਾਨੀ ਸੰਘਰਸ਼ ਨੂੰ ਹਰ ਦਮ ਪੰਜਾਬ ਦੇ ਮੱਥੇ ਮੜਿ੍ਹਆ ਜਾਂਦਾ ਹੈ ਜਿਵੇਂ ਇਹ ਕੋਈ ਗ਼ਲਤੀ ਕਰ ਰਹੇ ਹਨ ਪਰ ਜਦ ਪੰਜਾਬ ਦੇ ਕਿਸਾਨਾਂ ਨੂੰ ਦੇਸ਼ ਨੂੰ ਭੁੱਖਮਰੀ ਤੋਂ ਬਚਾਉਣ ਦੀ ਜ਼ਿੰਮੇਵਾਰੀ ਦਿਤੀ ਗਈ ਸੀ ਤਾਂ ਕੀ ਇਹ ਦੇਸ਼ ਦਾ ਹਿੱਸਾ ਨਹੀਂ ਸਨ? ਜੇ ਦੇਸ਼ ਨੂੰ ਭੁੱਖਮਰੀ ਤੋਂ ਬਚਾਉਂਦੇ ਬਚਾਉਂਦੇ, ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਕੋਲ ਬਾਕੀ ਦੇਸ਼ ਦੇ ਮੁਕਾਬਲੇ ਜ਼ਿਆਦਾ ਪੈਸਾ ਆ ਗਿਆ ਤਾਂ ਇਸ ਵਿਚ ਦੇਸ਼ ਨੂੰ ਇਤਰਾਜ਼ ਕਿਉਂ? ਜਦੋਂ ਕੋਈ ਕਿਸੇ ਭੁੱਖੇ ਨੂੰ ਰੋਟੀ ਦੇ ਕੇ ਉਸ ਦੀ ਜਾਨ ਬਚਾਉਂਦਾ ਹੈ ਜਿਵੇਂ ਪੰਜਾਬ ਦੇ ਕਿਸਾਨਾਂ ਨੇ ਦੇਸ਼ ਨੂੰ ਬਚਾਇਆ ਤਾਂ ਉਨ੍ਹਾਂ ਵਾਸਤੇ ਸ਼ੁਕਰ-ਗੁਜ਼ਾਰ ਲੋਕ ਬੜਾ ਕੁੱਝ ਕਰਦੇ ਹਨ। ਪਰ ਦੇਸ਼ ਵਿਚ ਪੰਜਾਬ ਪ੍ਰਤੀ ਸ਼ੁਕਰ ਗੁਜ਼ਾਰੀ ਨਜ਼ਰ ਨਹੀਂ ਆ ਰਹੀ।
ਜਿਥੇ ਪੈਸਾ ਆਵੇਗਾ, ਉਥੇ ਸਿਖਿਆ ਤੇ ਸਹੂਲਤਾਂ ਵੀ ਆਉਣਗੀਆਂ ਹੀ ਅਤੇ ਲੋਕ ਅਪਣੇ ਹੱਕਾਂ ਬਾਰੇ ਸੋਚਣਗੇ ਵੀ ਜ਼ਰੂਰ। ਇਸੇ ਕਰ ਕੇ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਸਿਆਸੀ ਤੌਰ ਤੇ ਜ਼ਿਆਦਾ ਬੇਦਾਰ ਹਨ ਪਰ ਇਸ ਨੂੰ ਵੱਖਵਾਦ ਕਹਿਣਾ ਸਹੀ ਨਹੀਂ। ਕਿਸਾਨੀ ਸੰਘਰਸ਼ ਨੂੰ ਵੱਖਵਾਦੀ ਲਹਿਰ ਦੀ ਸ਼ੁਰੂਆਤ ਕਹਿਣ ਦਾ ਮਤਲਬ ਇਹ ਵੀ ਹੈ ਕਿ ਇਹ ਲਹਿਰ ਸਫ਼ਲ ਹੋ ਰਹੀ ਹੈ ਤੇ ਦੇਸ਼ ਭਰ ਦੇ ਕਿਸਾਨ ਅਪਣੇ ਹੱਕਾਂ ਦੀ ਰਖਵਾਲੀ ਪ੍ਰਤੀ ਜਾਗਰੂਕ ਹੋ ਰਹੇ ਹਨ। ਮੀਡੀਆ ਵਲੋਂ ਲੱਖ ਛੁਪਾਉਣ ਦੇ ਬਾਵਜੂਦ ਉਨ੍ਹਾਂ ਨੂੰ ਪਤਾ ਲੱਗ ਗਿਆ ਕਿ ਹਰਿਆਣਾ ਦੀ ਸਰਹੱਦ ਤੇ ਉਨ੍ਹਾਂ ਦੇ ਸਾਥੀ ਨਾਲ ਕੀ ਕੀ ਕੀਤਾ ਗਿਆ।
ਪ੍ਰਿਤਪਾਲ ਸਿੰਘ ਦੀ ਐਸਆਈਟੀ ਵਲੋਂ ਰੀਪੋਰਟ ਤੇ ਹਰਿਆਣਾ ਦੀਆਂ ਸਰਹੱਦਾਂ ’ਤੇ ਤਾਇਨਾਤ ਵੱਖ ਵੱਖ ਸੁਰੱਖਿਆ ਬਲਾਂ ਵਲੋਂ ਬੇਰਹਿਮੀ ਨਾਲ ਮਾਰਕੁਟ ਬੜੇ ਵੱਡੇ ਸਵਾਲ ਚੁਕਦੀ ਹੈ। ਇਹ ਕਿਹੜਾ ਸੁਰੱਖਿਆ ਬਲ ਹੈ ਜੋ ਕਿਸਾਨਾਂ ਵਲੋਂ ਬਚਾਅ ਵਿਚ ਸੁੱਟੀ ਥੋੜੀ ਜਹੀ ਮਿਰਚੀ ਦੀ ਹਵਾ ਵੀ ਸਹਾਰ ਨਾ ਸਕਿਆ ਤੇ ਨੌਜੁਆਨਾਂ ਤੇ ਰਬੜ ਦੀਆਂ ਗੋਲੀਆਂ ਮਾਰ ਕੇ ਅਤੇ ਉਨ੍ਹਾਂ ਨੂੰ ਬੋਰੀਆਂ ਵਿਚ ਪਾ ਕੇ ਕੁੱਟਣ ’ਤੇ ਉਤਰ ਆਏ? ਕਿਸਾਨਾਂ ਦੇ ਸੰਘਰਸ਼ ਨੂੰ ਹਿੰਸਕ ਬਣਾਉਣ ਵਾਲੇ ਕਿਸਾਨ ਨਹੀਂ ਸਨ ਬਲਕਿ ਹਰਿਆਣਾ ਦੀ ਸਰਹੱਦ ’ਤੇ ਤਾਇਨਾਤ ਸੁਰੱਖਿਆ ਬਲ ਸਨ।
ਪਰ ਕਮਜ਼ੋਰੀ ਸਿੱਖਾਂ ਦੀ ਹੈ ਜੋ ਤਾਕਤਵਰ ਹੋਣ ਦੇ ਬਾਵਜੂਦ ਅਪਣਾ ਐਸਾ ਰੋਹਬ ਨਹੀਂ ਬਣਾ ਸਕੇ ਕਿ ਕੋਈ ਉਨ੍ਹਾਂ ਵਿਰੁਧ ਵੱਖਵਾਦ ਤੇ ਹਿੰਸਾ ਆਦਿ ਵਰਗੇ ਇਲਜ਼ਾਮ ਲਗਾਉਣ ਤੋਂ ਪਹਿਲਾਂ ਸੌ ਵਾਰ ਸੋਚੇ। ਪੰਜਾਬ ਦੀਆਂ ਚੋਣਾਂ ਅਖ਼ੀਰ ਵਿਚ ਕਰਨ ਦਾ ਮਤਲਬ ਇਹ ਵੀ ਹੈ ਕਿ ਜਿਥੇ ਵੀ ਕਿਸਾਨਾਂ ਦੀ ਗੱਲ ਆਵੇਗੀ, ਪੰਜਾਬ ਦੇ ਸਿਰ ਝੂਠੇ ਇਲਜ਼ਾਮ ਲਗਾ ਕੇ ਦਬਾਉਣ ਦੀ ਰਣਨੀਤੀ ਜ਼ਰੂਰ ਅਪਣਾਈ ਜਾਵੇਗੀ। ਜੇ ਅੱਜ ਸਿੱਖਾਂ ਦੀ ਇਕ ਆਵਾਜ਼ ਹੁੰਦੀ, ਇਕ ਐਸੀ ਸੰਸਥਾ ਤੇ ਇਸ ਕੋਲ ਇਕ ਐਸਾ ਲੀਡਰ ਹੁੰਦਾ ਜਿਸ ’ਤੇ ਸਿੱਖ ਆਪ ਵੀ ਵਿਸ਼ਵਾਸ ਕਰ ਸਕਦੇ ਤਾਂ ਸਾਰੀ ਕੌਮ ਇਸ ਅਪਮਾਨ ਤੇ ਇਕੱਠੀ ਰੋਸ ਕਰਦੀ ਤਾਂ ਵਾਰ-ਵਾਰ ਸਿੱਖਾਂ ਨੂੰ ਅਤਿਵਾਦੀ ਕਹਿਣ ਦੀ ਗ਼ਲਤੀ ਸ਼ਾਇਦ ਕੋਈ ਨਾ ਕਰਦਾ।
ਨਿਮਰਤ ਕੌਰ