ਜਗਮੀਤ ਸਿੰਘ ਬਰਾੜ ਨੇ ਇਹ ਦਰ ਤਾਂ ਆਪ ਹੀ ਅਪਣੇ ਲਈ ਬੰਦ ਕੀਤਾ ਸੀ...

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਬੜੇ ਸਿਆਸਤਦਾਨਾਂ ਨੂੰ ਪਾਰਟੀ ਬਦਲਦਿਆਂ ਵੇਖਿਆ ਹੈ ਪਰ ਸ਼ਾਇਦ ਜਗਮੀਤ ਸਿੰਘ ਬਰਾੜ ਨੂੰ ਦਲ-ਬਦਲ ਦਾ ਰਾਜਾ ਆਖਿਆ ਜਾ ਸਕਦਾ ਹੈ

Jagmeet Brar

ਬੜੇ ਸਿਆਸਤਦਾਨਾਂ ਨੂੰ ਪਾਰਟੀ ਬਦਲਦਿਆਂ ਵੇਖਿਆ ਹੈ ਪਰ ਸ਼ਾਇਦ ਜਗਮੀਤ ਸਿੰਘ ਬਰਾੜ ਨੂੰ ਦਲ-ਬਦਲ ਦਾ ਰਾਜਾ ਆਖਿਆ ਜਾ ਸਕਦਾ ਹੈ। ਅਕਾਲੀ ਦਲ ਦੇ ਬਾਦਲ ਪ੍ਰਵਾਰ ਨੂੰ ਪੰਜ ਪਾਪੀਆਂ ਦਾ ਸੰਗਠਨ ਆਖਣਾ ਸਿਆਸਤ 'ਚ ਕੋਈ ਵੱਡੀ ਗੱਲ ਨਹੀਂ ਸ਼ਾਇਦ। ਸਿਆਸਤਦਾਨ ਅਪਣੇ 'ਗੁਰੂ' ਆਪ ਬਦਲਦੇ ਹਨ ਅਤੇ ਨਾਲ ਹੀ ਅਪਣੇ ਪਹਿਲਾਂ ਬਿਆਨ ਕੀਤੇ ਵਿਚਾਰ ਵੀ ਪੁੱਠੇ ਲਟਕਾ ਦੇਂਦੇ ਹਨ। ਆਖ਼ਰ ਇਹ ਉਨ੍ਹਾਂ ਦੀ ਰਾਏ ਹੈ ਜੋ ਬਦਲ ਸਕਦੀ ਹੈ। ਸੋ ਅੱਜ ਜਗਮੀਤ ਬਰਾੜ, ਉਨ੍ਹਾਂ 'ਪੰਜ ਪਾਪੀਆਂ' ਨਾਲ ਸਟੇਜ ਉਤੇ ਬੈਠ ਕੇ ਨਵਾਂ ਦੌਰ ਸ਼ੁਰੂ ਕਰ ਰਹੇ ਹਨ ਤਾਂ ਸਿਆਸਤ ਵਿਚ ਇਹ ਕੋਈ ਖ਼ਾਸ ਗੱਲ ਨਹੀਂ ਸਮਝੀ ਜਾਣੀ ਚਾਹੀਦੀ। 

ਪਰ ਜਗਮੀਤ ਬਰਾੜ ਲਗਾਤਾਰ ਇਹ ਆਖਦੇ ਰਹੇ ਹਨ ਕਿ ਅਕਾਲੀ ਦਲ ਦੇ ਬਾਦਲ ਪ੍ਰਵਾਰ ਨੇ ਉਨ੍ਹਾਂ ਦੇ ਪਿਤਾ ਦਾ ਕਤਲ ਕਰਵਾਇਆ ਸੀ ਅਤੇ ਇਸ ਬਦਲੇ ਉਹ ਅਕਾਲੀ ਬਾਦਲਾਂ ਨੂੰ ਕਦੇ ਮਾਫ਼ ਨਹੀਂ ਕਰਨਗੇ। ਸਿਆਸਤਦਾਨ ਲੋਕਾਂ ਦਾ ਸਕਾ ਨਹੀਂ ਹੁੰਦਾ ਪਰ ਜੇ ਉਹ ਅਪਣੇ ਪ੍ਰਵਾਰ ਦਾ ਸਕਾ ਵੀ ਨਹੀਂ ਤਾਂ ਹੋਰ ਕੀ ਆਖਿਆ ਜਾਵੇ? ਜਗਮੀਤ ਬਰਾੜ ਦੀ ਦਲ-ਬਦਲੀ ਨੂੰ ਹੋਰ ਵੀ ਗੰਦਾ ਕਰਦੇ ਉਹ ਸੁਨੇਹੇ ਹਨ ਜੋ ਉਨ੍ਹਾਂ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੇ ਗਏ ਸਨ ਜੋ ਕਿ ਹੁਣ ਜਨਤਕ ਹੋ ਗਏ ਹਨ।

ਕੈਪਟਨ ਅਮਰਿੰਦਰ ਸਿੰਘ ਨੂੰ 'ਮਹਾਰਾਜਾ ਸਾਹਿਬ' ਕਰ ਕੇ ਸੰਬੋਧਨ ਕਰਦਿਆਂ ਹੋਇਆਂ ਲਿਖਿਆ ਕਿ ਉਹ ਗੁਨਾਹਗਾਰ ਹਨ ਅਤੇ ਪਟਿਆਲਾ ਦੇ ਮਹਾਰਾਜੇ ਦੀ ਸੇਵਾ ਕਰਨਾ ਚਾਹੁੰਦੇ ਹਨ ਅਤੇ ਬਾਦਲਾਂ ਨੂੰ 'ਟਿੱਚ' ਕਰ ਦੇਣਗੇ। ਆਖ਼ਰੀ ਸੁਨੇਹਾ 11 ਅਪ੍ਰੈਲ ਨੂੰ ਭੇਜਿਆ ਗਿਆ। ਕਾਂਗਰਸ ਵਿਚ ਥਾਂ ਨਾ ਮਿਲਣ ਕਾਰਨ ਉਹ ਹੁਣ ਬਾਦਲ ਪ੍ਰਵਾਰ ਦਾ ਹੱਥ ਫੜ ਕੇ ਬਾਦਲਾਂ ਨੂੰ 'ਟਿੱਚ' ਕਿਵੇਂ ਕਰਨਗੇ?

ਰਾਏ ਬਦਲਣਾ, ਮੌਕਾਪ੍ਰਸਤੀ ਅਤੇ ਖ਼ੁਦ ਦੀ ਚੜ੍ਹਤ ਵਾਸਤੇ ਅਪਣੇ ਆਪ ਦੀਆਂ ਜੜ੍ਹਾਂ ਵਿਰੁਧ ਚਲਣਾ ਸਿਆਸਤ ਦਾ ਇਕ ਬਹੁਤ ਭੱਦਾ ਸੱਚ ਹੈ। ਅਕਾਲੀ ਅਪਣੇ ਆਪ ਨੂੰ ਉੱਪਰ ਚੁੱਕਣ ਦੀ ਆਸ ਵਿਚ ਅਪਣੇ ਤਿੱਖੇ ਆਲੋਚਕਾਂ ਨਾਲ ਹੱਥ ਮਿਲਾਉਣ ਲਈ ਵੀ ਤਿਆਰ ਹਨ ਜੋ ਸਿੱਧ ਕਰਦਾ  ਹੈ ਕਿ ਉਹ ਘਬਰਾਹਟ ਵਿਚ ਆ ਕੇ ਬਹੁਤ ਕਮਜ਼ੋਰ ਪੈ ਚੁੱਕੇ ਹਨ।  - ਨਿਮਰਤ ਕੌਰ