ਅਮੀਰ ਦੇਸ਼ਾਂ ਨਾਲੋਂ ਗ਼ਰੀਬ ਦੇਸ਼ਾਂ ਨੂੰ ਕੋਰੋਨਾ ਦੀ ਮਾਰ ਘੱਟ ਪੈਣ ਦਾ ਰਾਜ਼ ਕੀ ਹੈ?

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਭਾਰਤ ਵਿਚ ਕੋਰੋਨਾ ਵਾਇਰਸ ਦੇ ਪੀੜਤਾਂ ਦੀ ਗਿਣਤੀ ਇਕ ਲੱਖ ਤੋਂ ਟੱਪ ਗਈ ਹੈ ਪਰ ਮੌਤਾਂ ਦੀ ਗਿਣਤੀ ਅਜੇ ਵੀ ਕਾਬੂ ਹੇਠ ਹੈ।

Photo

ਭਾਰਤ ਵਿਚ ਕੋਰੋਨਾ ਵਾਇਰਸ ਦੇ ਪੀੜਤਾਂ ਦੀ ਗਿਣਤੀ ਇਕ ਲੱਖ ਤੋਂ ਟੱਪ ਗਈ ਹੈ ਪਰ ਮੌਤਾਂ ਦੀ ਗਿਣਤੀ ਅਜੇ ਵੀ ਕਾਬੂ ਹੇਠ ਹੈ। ਹੁਣ ਇਹ ਅੰਕੜਾ ਦੁਗਣਾ, ਤਿਗਣਾ ਹੋਣੋਂ ਰੋਕਣ ਦੀ ਤਿਆਰੀ ਕਰਨੀ ਪਵੇਗੀ ਕਿਉਂਕਿ ਜਿੰਨੀ ਸਾਡੀ ਆਬਾਦੀ ਹੈ, ਲਾਜ਼ਮੀ ਹੈ ਕਿ ਕੋਰੋਨਾ ਦਾ ਅਸਰ ਵੀ ਓਨੀ ਵੱਡੀ ਆਬਾਦੀ ਅਨੁਸਾਰ ਹੀ ਨਜ਼ਰ ਆਵੇਗਾ।

ਲੱਖ ਕੋਸ਼ਿਸ਼ਾਂ ਦੇ ਬਾਵਜੂਦ ਹੁਣ ਜਾਪਦਾ ਨਹੀਂ ਕਿ ਇਹ ਰੁਕ ਸਕੇਗਾ। ਹੁਣ ਸਿਰਫ਼ ਇਲਾਜ ਵਲ ਧਿਆਨ ਦੇਣ ਦੀ ਜ਼ਰੂਰਤ ਹੈ ਤਾਕਿ ਮੌਤਾਂ ਦੀ ਗਿਣਤੀ ਹੱਦਾਂ ਨਾ ਪਾਰ ਕਰ ਸਕੇ। ਦੁਨੀਆਂ ਭਰ ਦੇ ਦੇਸ਼ਾਂ ਨੂੰ ਇਸ ਵੇਲੇ ਦੋ ਰਾਜ਼ ਪ੍ਰੇਸ਼ਾਨ ਕਰ ਰਹੇ ਹਨ। ਪਹਿਲਾ ਇਹ ਕਿ ਕੀ ਕੋਰੋਨਾ ਵਾਇਰਸ ਜਾਨਵਰਾਂ ਤੋਂ ਫੈਲਿਆ ਜਾਂ ਚੀਨ ਦੀ ਪ੍ਰਯੋਗਸ਼ਾਲਾ ਵਿਚ ਤਿਆਰ ਹੋਇਆ?

ਇਸ ਦਾ ਪਤਾ ਲਾਉਣ ਲਈ ਵਿਸ਼ਵ ਸਿਹਤ ਸੰਗਠਨ ਉਤੇ ਸਾਰੇ ਦੇਸ਼ਾਂ ਨੇ ਜ਼ੋਰ ਪਾਇਆ ਹੈ ਅਤੇ ਹੁਣ ਇਕ ਨਿਰਪੱਖ ਜਾਂਚ ਸਿੱਧ ਕਰ ਦੇਵੇਗੀ ਕਿ ਅਸਲ ਸੱਚ ਕੀ ਹੈ, ਕਿਉਂਕਿ ਡੋਨਾਲਡ ਟਰੰਪ ਵਲੋਂ ਚੀਨ ਵਿਰੁਧ ਇਲਜ਼ਾਮ ਲਾਏ ਗਏ ਹਨ, ਅਤੇ ਬਾਕੀ ਦੇਸ਼ਾਂ ਨੇ ਵੀ ਚੀਨ ਦੀ ਤਾਕਤ ਦੇ ਬਾਵਜੂਦ ਉਸ ਵਿਰੁਧ ਮੋਰਚਾ ਖੋਲਿ੍ਹਆ ਹੈ ਜਿਸ ਸਦਕਾ ਵਿਸ਼ਵ ਸਿਹਤ ਸੰਗਠਨ ਨੂੰ ਵੀ 100 ਦੇਸ਼ਾਂ ਦੀ ਮੰਗ ਅੱਗੇ ਝੁਕਣਾ ਪਿਆ। 

ਦੂਜਾ ਵੱਡਾ ਰਾਜ਼ ਹੈ ਕੋਰੋਨਾ ਕਰ ਕੇ ਹੋ ਰਹੀਆਂ ਮੌਤਾਂ ਦਾ ਅਤੇ ਇਹ ਸਵਾਲ ਉਠ ਕੇ ਆ ਰਿਹਾ ਹੈ ਕਿ ਕੁੱਝ ਦੇਸ਼ਾਂ ਵਿਚ ਅਸਲ ਮੌਤਾਂ ਦੀ ਗਿਣਤੀ ਵੱਧ ਹੋਈ ਹੈ ਪਰ ਸਾਰੀਆਂ ਮੌਤਾਂ ਕੋਰੋਨਾ ਦੇ ਅੰਕੜਿਆਂ ਵਿਚ ਸ਼ਾਮਲ ਨਹੀਂ ਕੀਤੀਆਂ ਜਾ ਰਹੀਆਂ। 23 ਦੇਸ਼ਾਂ ਵਿਚ 2019 ਮਾਰਚ ਮਹੀਨੇ ਹੋਈਆਂ ਮੌਤਾਂ ਅਤੇ ਮਾਰਚ 2020 ਦੀਆਂ ਮੌਤਾਂ ਦੇ ਅੰਕੜੇ ਵਿਚ ਫ਼ਰਕ ਸਮਝ ਤੋਂ ਬਾਹਰ ਦੀ ਗੱਲ ਹੈ।

ਇੰਗਲੈਂਡ, ਇਟਲੀ, ਇਕੁਆਡੋ, ਸਪੇਨ, ਪੁਰਤਗਾਲ, ਨਿਊਯਾਰਕ ਵਰਗੀਆਂ ਥਾਵਾਂ ਵਿਚ ਪਿਛਲੇ ਸਾਲ ਦੇ ਮੁਕਾਬਲੇ ਵੱਧ ਮੌਤਾਂ ਦਾ ਭੇਤ ਸਮਝ ਨਹੀਂ ਆ ਰਿਹਾ। ਜਿਵੇਂ ਇੰਗਲੈਂਡ ਵਿਚ ਹਰ ਹਫ਼ਤੇ 2019 ਵਿਚ 10 ਹਜ਼ਾਰ ਮੌਤਾਂ ਹੁੰਦੀਆਂ ਸਨ ਪਰ ਇਸ ਸਾਲ ਮਾਰਚ ਵਿਚ ਤਕਰੀਬਨ 20 ਹਜ਼ਾਰ ਮੌਤਾਂ ਹੋਈਆਂ ਹਨ।

ਸਰਕਾਰੀ ਅੰਕੜਿਆਂ ਅਨੁਸਾਰ 3,17,000 ਮੌਤਾਂ ਹੋਈਆਂ ਹਨ ਪਰ ਜਦੋਂ ਤਕ ਇਹ ਅੰਕੜਾ ਸੱਚਾ ਸਾਬਤ ਨਹੀਂ ਹੋ ਜਾਂਦਾ, ਇਸ ਮਹਾਂਮਾਰੀ ਦਾ ਪੂਰਾ ਅਸਰ ਸਮਝ ਵਿਚ ਨਹੀਂ ਆਉਣ ਵਾਲਾ। ਦੂਜਾ ਭੇਤ ਇਹ ਹੈ ਕਿ ਦਖਣੀ ਏਸ਼ੀਆ ਵਿਚ ਮੌਤਾਂ ਵਿਚ ਕਮੀ ਰਹੀ ਹੈ। ਭਾਰਤ, ਚੀਨ, ਪਾਕਿਸਤਾਨ, ਬੰਗਲਾਦੇਸ਼ ਆਦਿ ਵਿਚ ਮੌਤਾਂ ਦੀ ਗਿਣਤੀ ਵੀ ਘੱਟ ਰਹੀ ਹੈ ਅਤੇ ਨਾਲ ਹੀ ਮੌਤਾਂ ਦੀ ਦਰ ਵੀ ਘੱਟ ਰਹੀ ਹੈ।

ਮੁੰਬਈ ਵਿਚ 2019 ਦੇ ਮੁਕਾਬਲੇ ਇਸ ਸਾਲ ਘੱਟ ਮੌਤਾਂ ਹੋਈਆਂ ਅਤੇ ਕੋਰੋਨਾ ਤੋਂ ਵੀ ਪੀੜਤ ਘੱਟ ਹੀ ਮਰੇ। ਜਿਥੇ ਗ਼ਰੀਬ ਅਤੇ ਵੱਧ ਆਬਾਦੀ ਕਰ ਕੇ ਇਨ੍ਹਾਂ ਦੇਸ਼ਾਂ ਵਿਚ ਅਸਰ ਜ਼ਿਆਦਾ ਹੋਣਾ ਸੀ, ਉਹ ਘੱਟ ਹੋ ਰਿਹਾ ਹੈ। ਇਸ ਗੁੰਝਲ ਪਿੱਛੇ ਜਾਂ ਤਾਂ ਘੱਟ ਟੈਸਟ ਇਕ ਕਾਰਨ ਹੋ ਸਕਦਾ ਹੈ ਪਰ ਮੌਤਾਂ ਦੀ ਦਰ ਫਿਰ ਹੋਰ ਵੀ ਘੱਟ ਹੋਵੇਗੀ।

ਇਨ੍ਹਾਂ ਦੇਸ਼ਾਂ ਵਿਚ ਇਹ ਜ਼ਰੂਰ ਹੋ ਸਕਦਾ ਹੈ ਕਿ ਮੌਤ ਦਾ ਕਾਰਨ ਲੁਕਾਇਆ ਜਾਂਦਾ ਹੋਵੇ ਕਿਉਂਕਿ ਕੋਰੋਨਾ ਇਕ ਸਮਾਜਕ ਬਲਾ ਮੰਨੀ ਜਾਂਦੀ ਹੈ। ਪਰ ਫਿਰ ਵੀ ਯੂਰੋਪ, ਅਮਰੀਕਾ ਦੇ ਮੁਕਾਬਲੇ ਦਖਣੀ ਏਸ਼ੀਆ ਵਿਚ ਕੋਰੋਨਾ ਦਾ ਅਸਰ ਬਹੁਤ ਘੱਟ ਰਿਹਾ। ਮੌਤ ਦੇ ਅੰਕੜਿਆਂ ਵਿਚ ਨਾ ਸਿਰਫ਼ ਕੋਰੋਨਾ ਬਲਕਿ ਕੋਰੋਨਾ ਨਾਲ ਸਬੰਧਤ ਗ਼ਰੀਬੀ, ਭੁੱਖਮਰੀ ਦੀਆਂ ਮੌਤਾਂ ਦੀ ਗਿਣਤੀ ਵੀ ਜ਼ਰੂਰੀ ਹੈ।

ਇਹ ਵੀ ਸਾਹਮਣੇ ਲਿਆਉਣਾ ਪਵੇਗਾ ਕਿ ਸਰਕਾਰਾਂ ਦੀ ਨੀਤ ਅਤੇ ਨੀਤੀਆਂ ਨੇ ਕਿਸ ਤਰ੍ਹਾਂ ਇਸ ਮਹਾਂਮਾਰੀ ਦੇ ਅਸਰ ਨੂੰ ਘਟਾਉਣ ਅਤੇ ਵਧਾਉਣ ਦਾ ਕੰਮ ਕੀਤਾ ਹੈ। ਪਹਿਲੇ ਰਾਜ਼ ਨੂੰ ਖੋਲ੍ਹਣ ਲਈ ਕੰਮ ਸ਼ੁਰੂ ਹੋ ਚੁੱਕਾ ਹੈ ਕਿਉਂਕਿ ਇਸ ਨੂੰ ਸਰਕਾਰਾਂ ਖੋਲ੍ਹਣਾ ਚਾਹੁੰਦੀਆਂ ਹਨ, ਪਰ ਦੂਜੇ ਰਾਜ਼ ਤੋਂ ਪਰਦਾ ਹਟਾਉਣ ਵਿਚ ਸਰਕਾਰਾਂ ਕਿਉਂਕਿ ਆਪ ਜਨਤਾ ਸਾਹਮਣੇ ਨੰਗੀਆਂ ਹੋਣਗੀਆਂ, ਇਸ ਤੇ ਕੰਮ ਕਰਨ ਦੀ ਪਹਿਲ ਘੱਟ ਹੀ ਕੋਈ ਸਰਕਾਰ ਕਰੇਗੀ। ਸਰਕਾਰਾਂ ਵੀ ਕਹਿਣਗੀਆਂ ਕਿ ਲੋਕ ਉਲਝੇ ਹੋਏ ਹਨ ਅਪਣੀ ਜਾਨ, ਰੋਜ਼ੀ-ਰੋਟੀ ਬਚਾਉਣ ਵਿਚ, ਇਨ੍ਹਾਂ ਨੂੰ ਉਲਝਾਈ ਰੱਖੋ। ਪਰ ਇਸ ਮਹਾਂਮਾਰੀ ਦੀ ਸਚਾਈ ਸਿਰਫ਼ ਸਰਕਾਰਾਂ ਵਾਸਤੇ ਨਹੀਂ ਬਲਕਿ ਧਰਤੀ ਵਾਸਤੇ ਵੀ ਜ਼ਰੂਰੀ ਹੈ।     -ਨਿਮਰਤ ਕੌਰ