ਤਾਉਤੇ ਚੱਕਰਵਾਤ ਤੋਂ ਸਾਰੀ ਸਰਕਾਰ ਫ਼ਿਕਰਮੰਦ ਹੈ ਪਰ ਸੜਕਾਂ ਤੇ ਬੈਠੇ ਕਿਸਾਨਾਂ ਬਾਰੇ ਸਰਕਾਰ ਦੀ......

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਦਿੱਲੀ ਸਰਕਾਰ, ਸਿਆਸਤਦਾਨਾਂ ਦੇ ਦਬਾਅ ਹੇਠ ਦਬੀ ਹੋਈ ਕੁੱਝ ਛੋਟੀਆਂ ਛੋਟੀਆਂ ਸਹੂਲਤਾਂ ਦੇਣ ਤਕ ਹੀ ਸੀਮਤ ਹੈ

farmer protest

ਤਾਉਤੇ ਚੱਕਰਵਾਤ (ਤੂਫ਼ਾਨ) ਆਉਣ ਦੀਆਂ ਚੇਤਾਵਨੀਆਂ ਮੰਗਲਵਾਰ ਰਾਤ ਤੋਂ ਸ਼ੁਰੂ ਹੋ ਗਈਆਂ ਸਨ: ਅਪਣੀਆਂ ਗੱਡੀਆਂ ਦਰੱਖ਼ਤਾਂ ਥੱਲਿਉਂ ਹਟਾ ਦੇਵੋ ਤਾਕਿ ਨੁਕਸਾਨ ਨਾ ਹੋਵੇ, ਅਪਣੇ ਘਰਾਂ ਦੀਆਂ ਖਿੜਕੀਆਂ ਅਤੇ ਦਰਵਾਜ਼ੇ ਬੰਦ ਕਰ ਲਵੋ। ਬਾਹਰ ਕੋਈ ਟੁਟ ਸਕਣ ਵਾਲਾ ਜਾਂ ਹਲਕਾ ਸਮਾਨ ਪਿਆ ਹੈ ਤਾਂ ਹਟਾ ਲਵੋ। ਪਰ ਕੀ ਕਿਸੇ ਦੇ ਮੂੰਹੋਂ ਇਹ ਵੀ ਸੁਣਿਆ ਕਿ ਦਿੱਲੀ ਦੀਆਂ ਸਰਹੱਦਾਂ ’ਤੇ ਬੈਠੇ ਕਿਸਾਨਾਂ ਨੂੰ ਕੀ ਕਰਨਾ ਚਾਹੀਦਾ ਹੈ ਜਦ ਤੂਫ਼ਾਨ ਬਾਰੇ ਸਾਡੇ ਵਾਤਾਵਰਣ ਮਹਿਕਮੇ ਵਲੋਂ ਚੇਤਾਵਨੀ ਦਿਤੀ ਜਾ ਰਹੀ ਹੈ? ਇਹ ਬਹੁਤ ਹੀ ਭਿਆਨਕ ਤੂਫ਼ਾਨ ਹੈ ਜਿਸ ਦੀ ਤੇਜ਼ ਰਫ਼ਤਾਰ ਨਾਲ ਦਰੱਖ਼ਤ ਵੀ ਉਖੜ ਜਾਣਗੇ। ਤੂਫ਼ਾਨ ਨੇ ਭਾਰਤ ਦੇ ਸਮੁੰਦਰੀ ਤਟ ਤੇ 12 ਲੋਕਾਂ ਦੀ ਜਾਨ ਲੈ ਲਈ ਹੈ ਤੇ ਅਰਬਾਂ ਦੀ ਬਰਬਾਦੀ ਕਰ ਦਿਤੀ ਹੈ।

ਫਿਰ ਸਾਡੇ ਕਿਸਾਨਾਂ ਦੀਆਂ ਦਿੱਲੀ ਦੀਆਂ ਸਰਹੱਦਾਂ ਤੇ ਬਣੀਆਂ ਕੱਚੀਆਂ ਇਮਾਰਤਾਂ ਅਤੇ ਟੀਨਾਂ ਦੀਆਂ ਛੱਤਾਂ ਦਾ ਕੀ ਹਾਲ ਹੋਵੇਗਾ? ਬੁਧਵਾਰ ਦੁਪਹਿਰ ਤਕ ਦਿੱਲੀ ਦੀ ਬਾਰਸ਼ ਵਿਚ ਕਿਸਾਨ ਟੀਨਾਂ, ਟਰਾਲੀਆਂ ਹੇਠ ਤੇਜ਼ ਬਾਰਸ਼ ਵਿਚ ਬੈਠੇ ਹਨ। ਉਨ੍ਹਾਂ ਦਾ ਹਾਲ ਵੇਖ ਕੇ ਸਾਨੂੰ ਕੇਂਦਰ ਸਰਕਾਰ ਤੇ ਗੁੱਸਾ ਆ ਰਿਹਾ ਹੈ। ਪਰ ਪ੍ਰਸ਼ਾਸਨ ਇਸ ਵਿਚ ਵੀ ਅਪਣੇ ਲਈ ਇਕ ਮੌਕਾ ਵੇਖ ਰਿਹਾ ਹੋਵੇਗਾ ਸ਼ਾਇਦ। ਜੇ ਚਿੰਤਾ ਹੁੰਦੀ ਤਾਂ ਸਰਕਾਰ ਇਸ ਤੂਫ਼ਾਨ ਵਿਚ ਕਿਸਾਨਾਂ ਵਾਸਤੇ ਕੋਈ ਇੰਤਜ਼ਾਮ ਨਾ ਕਰਦੀ? ਦਿੱਲੀ ਦੇ ਬਾਰਡਰ ਤੇ ਬੈਠੇ ਕਿਸਾਨਾਂ ਨੂੰ ਜਾਪਦਾ ਹੈ ਕਿ ਉਹ ਦੋ ਦੁਸ਼ਮਣ ਦੇਸ਼ਾਂ ਵਿਚਕਾਰ ਨੋ ਮੈਨ ਲੈਂਡ ਉਤੇ ਬੈਠੇ ਰਫ਼ਿਊਜੀ ਹਨ ਜਿਨ੍ਹਾਂ ਬਾਰੇ ਕਿਸੇ ਨੂੰ ਕੋਈ ਚਿੰਤਾ ਨਹੀਂ ਤੇ ਨਾ ਕੋਈ ਜ਼ਿੰਮੇਵਾਰੀ ਲੈਣ ਨੂੰ ਹੀ ਤਿਆਰ ਹੈ।

ਹਰਿਆਣਾ ਸਰਕਾਰ ਮੌਕਾ ਲੱਭਦੀ ਫਿਰਦੀ ਹੈ ਜਦ ਉਹ ਕਿਸਾਨਾਂ ਤੇ ਲਾਠੀਆਂ ਵਰ੍ਹਾ ਸਕੇ ਜਾਂ ਕਿਸੇ ਤਰ੍ਹਾਂ ਦੀ ਤੰਗੀ ਪੈਦਾ ਕਰ ਸਕੇ। ਜਦ ਕਿਸਾਨ ਨਵੰਬਰ ਦੇ ਦਿਨਾਂ ਵਿਚ ਦਿੱਲੀ ਪਹੁੰਚੇ ਤਾਂ ਹਰਿਆਣਾ ਸਰਕਾਰ ਨੇ ਸੜਕਾਂ ਦੀਆਂ ਲਾਈਟਾਂ ਹੀ ਬੰਦ ਕਰ ਦਿਤੀਆਂ ਸਨ। ਦੂਜੇ ਪਾਸੇ ਦਿੱਲੀ ਦੀ ਪੁਲਿਸ ਅਜਿਹੀ ਤਿਆਰੀ ਕਰੀ ਬੈਠੀ ਹੈ ਜਿਵੇਂ ਕਿ ਇਹ ਦੇਸ਼ ਦੇ ਕਿਸਾਨ ਨਾ ਹੋਣ ਬਲਕਿ ਮਨੁੱਖੀ ਬੰਬ ਹੋਣ, ਜੋ ਦਿੱਲੀ ਵਿਚ ਆ ਕੇ ਦਿੱਲੀ ਨੂੰ ਤਬਾਹ ਕਰ ਦੇਣਗੇ। 

ਦਿੱਲੀ ਸਰਕਾਰ, ਸਿਆਸਤਦਾਨਾਂ ਦੇ ਦਬਾਅ ਹੇਠ ਦਬੀ ਹੋਈ ਕੁੱਝ ਛੋਟੀਆਂ ਛੋਟੀਆਂ ਸਹੂਲਤਾਂ ਦੇਣ ਤਕ ਹੀ ਸੀਮਤ ਹੈ ਪਰ ਇਸ ਕਠੋਰ ਸਿਆਸਤ ਦੇ ਸਮੁੰਦਰ ਵਿਚ ਛੋਟਾ ਜਿਹਾ ਪਿਆਰ ਦਾ ਕਦਮ ਵੀ ਬੜਾ ਆਰਾਮ ਦੇ ਸਕਦਾ ਹੈ। ਪਰ ਕਿਸਾਨਾਂ ਨੂੰ ਨਜ਼ਰ ਅੰਦਾਜ਼ ਹੀ ਕੀਤਾ ਜਾ ਰਿਹਾ ਹੈ। ਮਮਤਾ ਬੈਨਰਜੀ ਦੀ ਜਿੱਤ ਵਿਚ ਕਿਸਾਨਾਂ ਦਾ ਵੱਡਾ ਹੱਥ ਹੈ ਪਰ ਉਹ ਵੀ ਖੁਲ੍ਹ ਕੇ ਇਕ ਵਾਰ ਵੀ ਕਿਸਾਨਾਂ ਨੂੰ ‘ਸ਼ੁਕਰੀਆ’ ਕਹਿਣ ਲਈ ਨਹੀਂ ਆਈ। 

ਮੋਦੀ ਜੀ ਅਪਣੇ ਗੁਜਰਾਤ ਵਿਚ ਆਕਸੀਜਨ ਦੀ ਮਾਰ ਤੋਂ ਬਾਅਦ ਹਵਾਈ ਦੌਰਾ ਕਰਨ ਤਾਂ ਚਲੇ ਗਏ ਪਰ ਅਪਣੇ ਜਹਾਜ਼ ਨੂੰ ਮੋੜ ਕੇ, ਇਕ ਵਾਰ ਹੀ ਕਿਸਾਨਾਂ ਵਲੋਂ ਸਰਹੱਦਾਂ ਉਤੇ ਵਸਾਏ ਪਿੰਡਾਂ ਦੀ ਇਕ ਝਲਕ ਵੀ ਵੇਖ ਲੈਂਦੇ ਤਾਂ ਸ਼ਾਇਦ ਸਮਝ ਜਾਂਦੇ ਕਿ ਇਹ ਤੂਫ਼ਾਨ ਕਿਸਾਨਾਂ ਵਾਸਤੇ ਕਿੰਨਾ ਘਾਤਕ ਸਾਬਤ ਹੋ ਸਕਦਾ ਹੈ। ਸਾਡੇ ਕਿਸਾਨ ਹੱਡ ਚੀਰਵੀਂ ਠੰਢ, ਗਰਮੀ, ਬਾਰਸ਼ ਤੇ ਹੁਣ ਇਸ ਤੂਫ਼ਾਨ ਦੀ ਕਰੋਪੀ ਵੀ ਸਰਕਾਰ ਦੀ ਨਰਮੀ ਦੀ ਉਡੀਕ ਕਰਦੇ ਕਰਦੇ ਝੱਲ ਲੈਣਗੇ। ਕੋਰੋਨਾ ਨੇ ਇਨਸਾਨ ਦੀ ਕਮਜ਼ੋਰ ਫ਼ਿਤਰਤ ਨੂੰ ਭਾਂਪਦੇ ਹੋਏ ਅਪਣੇ ਆਪ ਦੇ ਕਈ ਰੂਪ ਵਿਕਸਤ ਕਰ ਲਏ ਹਨ। ਜਿਹੜਾ ਕੋਰੋਨਾ ਪਹਿਲਾਂ ਬਜ਼ੁਰਗਾਂ ਵਾਸਤੇ ਘਾਤਕ ਸਾਬਤ ਹੋ ਰਿਹਾ ਸੀ, ਹੁਣ ਨੌਜਵਾਨ (20-50) ਵਰਗ ਵਾਸਤੇ ਘਾਤਕ ਸਾਬਤ ਹੋ ਰਿਹਾ ਹੈ।

ਕਰੋਨਾ ਸਮਝ ਗਿਆ ਹੈ ਕਿ ਇਹ ਵਰਗ ਬਾਹਰ ਨਿਕਲਣ ਵਾਸਤੇ ਕੰਮ ਕਰਨ ਲਈ ਮਜਬੂਰ ਹੈ ਤੇ ਉਸ ਨੂੰ ਪੈ ਗਿਆ। ਅਗਲੇ ਬਦਲਾਅ ਬਾਰੇ ਦਸਿਆ ਜਾ ਰਿਹਾ ਹੈ ਕਿ ਬੱਚਿਆਂ ਵਾਸਤੇ ਖ਼ਤਰਨਾਕ ਸਾਬਤ ਹੋਵੇਗਾ ਪਰ ਅੱਜ ਦਾ ਦੇਸੀ ਕੋਰੋਨਾ ਪੇਂਡੂ ਜਨਤਾ ਵਿਚ ਵੀ ਪਸਰ ਗਿਆ ਹੈ। ਸੋ ਇਹ ਵਾਇਰਸ ਲੋੜ ਅਨੁਸਾਰ ਅਪਣਾ ਰੂਪ ਬਦਲਣ ਦੀ ਕਾਬਲੀਅਤ ਰਖਦਾ ਹੈ ਪਰ ਸਾਡੀਆਂ ਸਰਕਾਰਾਂ ਲੋੜ ਅਨੁਸਾਰ ਅਪਣੇ ਆਪ ਨੂੰ ਢਾਲਣ ਦੀ ਕਾਬਲੀਅਤ ਕਿਉਂ ਨਹੀਂ ਰਖਦੀਆਂ? 

26 ਮਈ ਨੂੰ ਕਿਸਾਨ ਅੰਦੋਲਨ ਨੂੰ ਸ਼ੁਰੂ ਹੋਏ ਨੂੰ ਛੇ ਮਹੀਨੇ ਹੋ ਜਾਣਗੇ ਤੇ ਇਹ ਦੁਨੀਆਂ ਦੇ ਸੱਭ ਤੋਂ ਵੱਡੇ ਤੇ ਲੰਮੇ ਵਿਰੋਧ ਦਾ ਰੁਤਬਾ ਤਾਂ ਪ੍ਰਾਪਤ ਕਰ ਚੁਕਾ ਹੋਵੇਗਾ ਪਰ ਨਾਲ ਹੀ ਸਾਡੀ ਕੇਂਦਰ ਸਰਕਾਰ ਆਧੁਨਿਕ ਦੁਨੀਆਂ ਦੀ ਸੱਭ ਤੋਂ ਕਠੋਰ ਸਰਕਾਰ ਦਾ ਰੁਤਬਾ ਵੀ ਪ੍ਰਾਪਤ ਕਰ ਲਵੇਗੀ। ਕੋਰੋਨਾ ਤੋਂ ਕਿਸਾਨ ਅਪਣੇ ਆਪ ਨੂੰ ਬਚਾਅ ਕੇ ਰੱਖ ਰਹੇ ਸਨ ਪਰ ਕੁਦਰਤ ਦੇ ਇਸ ਕਹਿਰ ਸਾਹਮਣੇ ਉਹ ਬੜਾ ਔਖਾ ਸਮਾਂ ਬਿਤਾਉਣ ਜਾ ਰਹੇ ਹਨ। ਲੋੜ ਹੈ ਕਿ ਅਸੀ ਅਪਣੇ ਬਚਾਅ ਦੇ ਫ਼ਿਕਰ ਵਿਚ ਗ੍ਰਸਤ ਹੋਏ ਹੋਏ, ਕਿਤੇ ਅਪਣੇ ਕਿਸਾਨਾਂ ਦਾ ਸਾਥ ਦੇਣਾ ਨਾ ਭੁਲ ਜਾਈਏ।                                                          -ਨਿਮਰਤ ਕੌਰ