ਕੱਲ੍ਹ ਦੇ ਕਾਂਗਰਸ ਪ੍ਰਧਾਨ, ਅੱਜ ਬੀਜੇਪੀ ਦੇ ਪ੍ਰਚਾਰਕ ਬਣੇ ਜਾਖੜ ਜੀ!

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਜਾਖੜ ਨਾਲੋਂ ਜ਼ਿਆਦਾ ਸੱਚੀ ਟਿਪਣੀ ਹਾਰਦਿਕ ਪਟੇਲ ਦੀ ਸੀ ਜਿਸ ਨੇ ਆਖਿਆ ਕਿ ਇਹ ਪਾਰਟੀ ਹੁਣ ਸਿਰਫ਼ ਕੁੱਝ ਖ਼ਾਸ ਲੋਕਾਂ ਦੀ ਸੇਵਾ ਵਾਸਤੇ ਹੀ ਰਹਿ ਗਈ ਹੈ

Sunil Jakhar Join BJP

 

ਸੁਨੀਲ ਜਾਖੜ ਦੇ ਸ਼ਬਦੀ ਇਸ਼ਾਰਿਆਂ ਤੋਂ ਤਾਂ ਇਹੀ ਪਤਾ ਲੱਗ ਰਿਹਾ ਸੀ ਕਿ ਉਹ ‘ਆਪ’ ਵਲ ਜਾਣਗੇ ਪਰ ਆਖ਼ਰਕਾਰ ਉਹ ਭਾਜਪਾ ਵਿਚ ਸ਼ਾਮਲ ਹੋ ਗਏ। ਉਂਜ ਉਨ੍ਹਾਂ ਵਲੋਂ ਭਾਜਪਾ ਵਿਚ ਸ਼ਾਮਲ ਹੋਣ ਵੇਲੇ ਬੋਲੇ ਕੁੱਝ ਵਾਕ ਸੁਣ ਕੇ ਪਹਿਲੀ ਵਾਰ ਜਾਖੜ ਦੇ ਇਕ ਸਿਆਸਤਦਾਨ ਹੋਣ ਦਾ ਅਹਿਸਾਸ ਹੋਇਆ। ਉਨ੍ਹਾਂ ਪ੍ਰਧਾਨ ਮੰਤਰੀ ਵਲੋਂ ਲਾਲ ਕਿਲ੍ਹੇ ਤੋਂ ਗੁਰੂ ਤੇਗ਼ ਬਹਾਦਰ ਜੀ ਨੂੰ ਸ਼ਰਧਾਂਜਲੀ ਦੇਣ ਨੂੰ ਡਾ. ਮੁਹੰਮਦ ਇਕਬਾਲ ਦੀ ਗੁਰੂ ਨਾਨਕ ਸਾਹਿਬ ਨੂੰ ਦਿਤੀ ਸ਼ਰਧਾਂਜਲੀ ਨਾਲ ਰਲਗੱਡ ਕਰ ਦਿਤਾ, ‘‘ਫਿਰ ਉਠੀ ਤੌਹੀਦ ਕੀ ਸਦਾ ਇਕ ਪੰਜਾਬ ਸੇ ਹਿੰਦ ਕੋ ਇਕ ਮਰਦ-ਇ ਕਾਮਲ ਨੇ ਜਗਾਇਆ ਖ਼ਵਾਬ ਸੇ।’’ ‘ਖ਼ਾਲਸੇ ਦੇ ਹਥਿਆਰਬੰਦ ਇਨਕਲਾਬ ਨੂੰ ਇਕਬਾਲ ਦੀ ਤੌਹੀਦ (ਰੂਹਾਨੀਅਤ) ਦੀ ਸਦਾਅ ਨਾਲ ਜੋੜ ਕੇ ਵੱਡੇ ਸਵਾਲ ਖੜੇ ਕਰ ਦਿਤੇ ਹਨ।

ਜਾਖੜ ਜੀ ਗੁਰਬਾਣੀ ਦਾ ਸਹਾਰਾ ਲੈ ਕੇ ‘‘ਮਾਨਸ ਕੀ ਜਾਤ ਸਭੈ ਏਕੈ ਹੀ ਪਹਿਚਾਨਬੋ’’ ਅਪਣੇ ਸਿਆਸੀ ਫ਼ੈਸਲੇ ਨੂੰ ਸਹੀ ਦਰਸਾਉਣ ਦਾ ਯਤਨ ਵੀ ਕਰ ਗਏ ਪਰ ਫਿਰ ਉਹ ਉਸ ਸਮੇਂ ਕੀ ਕਰ ਰਹੇ ਸਨ ਜਦ ਉਹ ਕੁੱਝ ਮਹੀਨੇ ਪਹਿਲਾਂ ਹੀ ਭਾਜਪਾ ਨੂੰ ਫ਼ਿਰਕਾਪ੍ਰਸਤ ਤੇ ਗ਼ਰੀਬ ਦੀ ਦੁਸ਼ਮਣ ਆਖ ਰਹੇ ਸਨ? ਕਿਉਂਕਿ ਉਨ੍ਹਾਂ ਨੂੰ ਅੰਬਿਕਾ ਸੋਨੀ ਨੇ ਉਨ੍ਹਾਂ ਦੇ ਧਰਮ ਦਾ ਜ਼ਿਕਰ ਕਰ ਕੇ ਮੁੱਖ ਮੰਤਰੀ ਨਹੀਂ ਸੀ ਬਣਨ ਦਿਤਾ, ਅੱਜ ਉਨ੍ਹਾਂ ਨੂੰ ਉਹ ਸੱਭ ਭਾਜਪਾ ਵਿਚ ਦਿਖਾਈ ਦੇ ਗਿਆ ਜੋ ਪਹਿਲਾਂ ਕਾਂਗਰਸ ਵਿਚ ਦਿਸਦਾ ਸੀ।

ਜਾਖੜ ਜੀ ਨਾਲੋਂ ਜ਼ਿਆਦਾ ਸੱਚੀ ਟਿਪਣੀ ਹਾਰਦਿਕ ਪਟੇਲ ਦੀ ਸੀ ਜਿਸ ਨੇ ਕਾਂਗਰਸ ਨੂੰ ਛਡਦੇ ਹੋਏ ਆਖਿਆ ਕਿ ਇਹ ਪਾਰਟੀ ਹੁਣ ਸਿਰਫ਼ ਕੁੱਝ ਖ਼ਾਸ ਲੋਕਾਂ ਦੀ ਸੇਵਾ ਵਾਸਤੇ ਹੀ ਰਹਿ ਗਈ ਹੈ ਤੇ ਆਉਣ ਵਾਲੇ ਸਮੇਂ ਵਿਚ ਸਿਰਫ਼ ‘ਆਪ’ ਹੋਵੇਗੀ ਜਾਂ ‘ਭਾਜਪਾ’। ਅਸਲ ਵਿਚ ਅੱਜ ਦੇਸ਼ ਦੋ ਧੜਿਆਂ ਦੀ ਸਿਆਸਤ ਵਿਚੋਂ ਕਿਸੇ ਇਕ ਦੀ ਚੋਣ ਕਰਨ ਜਾ ਰਿਹਾ ਹੈ। ਇਕ ਉਹ ਜੋ ਇਕ ਫ਼ੀ ਸਦੀ ਕਾਰਪੋਰੇਟ ਜਗਤ ਦਾ ਪੱਖ ਲਵੇਗਾ ਤੇ ਦੂਜਾ ਉਹ ਜੋ ਆਮ ਗ਼ਰੀਬ ਵਾਸਤੇ ਹੇਠਲੇ ਪੱਧਰ ’ਤੇ ਕੰਮ ਕਰੇਗਾ।

ਭਾਜਪਾ ‘ਹਿੰਦੂਤਵਾ’ ਤੇ ਪੰਜਾਬ ਵਿਚ ਸਿੱਖ ਧਰਮ ਦੀ ਗੱਲ ਕਰੇਗੀ ਪਰ ਅਸਲ ਫ਼ਰਕ ਆਰਥਕ ਸੋਚ ਦਾ ਹੈ। ਜਿਸ ਤਰ੍ਹਾਂ ਪੰਜਾਬ ਵਿਚ ਮੁੱਖ ਮੰਤਰੀ ਨੇ ਕਿਸਾਨ ਆਗੂਆਂ ਨਾਲ ਜੱਫੀ ਪਾ ਕੇ ਉਨ੍ਹਾਂ ਦਾ ਦਿਲ ਜਿੱਤ ਲਿਆ ਹੈ, ਉਸੇ ਤਰ੍ਹਾਂ ਪ੍ਰਧਾਨ ਮੰਤਰੀ ਦੀਆਂ ਤਸਵੀਰਾਂ ਅੰਬਾਨੀ ਅਡਾਨੀ ਨਾਲ ਆਉਂਦੀਆਂ ਹਨ। ਭਾਜਪਾ ਦੀ ਸੋਚ ਸੀ ਕਿ ਉਪਰਲੇ 1 ਫ਼ੀ ਸਦੀ ਨੂੰ ਹੋਰ ਤਾਕਤਵਰ ਬਣਾ ਕੇ ਦੇਸ਼ ਨੂੰ ਆਰਥਕ ਮਜ਼ਬੂਤੀ ਵਲ ਲਿਜਾਇਆ ਜਾ ਸਕਦਾ ਹੈ ਪਰ ‘ਆਪ’ ਹੇਠਲੇ ਪੱਧਰ ’ਤੇ ਅੱਗੇ ਚਲ ਰਹੀ ਹੈ, ਜਿਵੇਂ ਅਸੀ ਵੇਖ ਰਹੇ ਹਾਂ ਕਿ ਪੰਜਾਬ ਵਿਚ ਸਰਕਾਰੀ ਜ਼ਮੀਨਾਂ ਤੋਂ ਖ਼ਾਸਮਖ਼ਾਸ ਤੇ ਉਨ੍ਹਾਂ ਦੇ ਕਰੀਬੀਆਂ ਦੇ ਕਬਜ਼ੇ ਹਟਾਏ ਜਾ ਰਹੇ ਹਨ।

ਇਹ ਕਬਜ਼ੇ ਕਾਂਗਰਸ ਦੇ ਰਾਜ ਵਿਚ ਸੁਨੀਲ ਜਾਖੜ ਦੀ ਕਾਂਗਰਸ ਪ੍ਰਧਾਨਗੀ ਸਮੇਂ ਵੀ ਨਹੀਂ ਸਨ ਹਟਾਏ ਗਏ। ਹੁਣ ਜਿਸ ਤਰੀਕੇ ਨਾਲ ਭਾਜਪਾ ਅੱਗੇ ਵੱਧ ਰਹੀ ਹੈ, ਉਹ ਕਾਂਗਰਸ ਵਾਲੀ ਖ਼ਾਸਮਖ਼ਾਸ ਵਾਲੀ ਸੋਚ ਵੀ ਅਪਣਾਉਂਦੀ ਜਾ ਰਹੀ ਹੈ। ‘ਆਪ’ ਜੇ ਪੰਜਾਬ ਵਿਚ ਗ਼ਲਤ ਕਬਜ਼ੇ ਹਟਾ ਕੇ ਸਰਕਾਰੀ ਖ਼ਜ਼ਾਨੇ ਨੂੰ ਭਰ ਸਕੇ ਅਤੇ ਇਸ ਖ਼ਜ਼ਾਨੇ ਨਾਲ ਪੰਜਾਬ ਵਿਚ ਆਮ ਇਨਸਾਨ ਨੂੰ ਸਿਖਿਆ, ਸਿਹਤ ਤੇ ਮਾਫ਼ੀਆ-ਮੁਕਤ ਜ਼ਿੰਦਗੀ ਦੇ ਸਕੇ ਤਾਂ ਇਹ ਕਾਂਗਰਸ ਦਾ ਖ਼ਾਤਮਾ ਹੀ ਨਹੀਂ ਬਲਕਿ ਦੇਸ਼ ਵਿਚ ਨਵੀਂ ਸਿਆਸੀ ਸੋਚ ਦਾ ਨਵਾਂ ਮਾਡਲ ਵੀ ਪੇਸ਼ ਕਰ ਸਕੇਗੀ।

ਕਾਂਗਰਸ ਨੂੰ ਪੰਜਾਬ ਨੇ ਮੌਕਾ ਦਿਤਾ ਪਰ ਉਹ ਉਸ ਮੌਕੇ ਦਾ ਲਾਭ ਨਹੀਂ ਲੈ ਸਕੀ। ਹੁਣ ਵੇਖਣਾ ਪਵੇਗਾ ਕਿ ‘ਆਪ’ ਇਨ੍ਹਾਂ ਦੇ ਖ਼ਾਸਮਖ਼ਾਸ ਦਾ ਮੁਕਾਬਲਾ ਕਰ ਸਕਦੀ ਹੈ ਜਾਂ ਇਹ ਵੀ ਸਿਸਟਮ ਵਿਚ ਹੀ ਡੁਬ ਜਾਵੇਗੀ। ਜਵਾਬ 2024 ਤਕ ਸਾਹਮਣੇ ਆਵੇਗਾ ਤੇ ਇਕ ਨਵੀਂ ਹਵਾ ਪੰਜਾਬ ਵਲੋਂ ਆ ਸਕਦੀ ਹੈ।
-ਨਿਮਰਤ ਕੌਰ