Editorial: ਨਸ਼ਾ ਵੇਚਣ ਵਾਲਿਆਂ ਵਿਰੁਧ ਪੰਜਾਬ ਸਰਕਾਰ ਦੀ ‘ਸਬਕ ਸਿਖਾਊ’ ਲਹਿਰ
ਨਸ਼ਾ ਤਸਕਰੀ ਦੀ ਬੁਰੀ ਆਦਤ ਜੋ ਪੰਜਾਬ ਨੂੰ ਲੱਗੀ ਹੈ, ਉਸ ਬਾਰੇ ਰੋਜ਼ਾਨਾ ਸਪੋਕਸਮੈਨ ਨੇ ਵੀ ਅਪਣਾ ਯੋਗਦਾਨ ਪਾ ਦੇਣ ਦਾ ਯਤਨ ਕੀਤਾ।
Editorial: ਪਿਛਲੇ 14 ਦਿਨਾਂ ਵਿਚ ਪੰਜਾਬ ਵਿਚ 14 ਮੌਤਾਂ ਹੋਈਆਂ। ਇਕ ਅਜਿਹਾ ਪਿੰਡ ਹੈ ਜਿਸ ਵਿਚ ਤਿੰਨ ਨੌਜੁਆਨਾਂ ਦੀਆਂ ਲਾਸ਼ਾਂ ਪਈਆਂ ਮਿਲੀਆਂ। ਬਾਅਦ ਵਿਚ ਪਤਾ ਲੱਗਾ, ਉਹ ਤਿੰਨੇ ਨਸ਼ਾ ਲੈਣ ਕਾਰਨ ਜ਼ਿੰਦਗੀਆਂ ਗੁਆ ਬੈਠੇ ਸਨ। ਸਰਕਾਰ ਦਾ ਧਿਆਨ ਵੀ ਅਜਿਹੀਆਂ ਘਟਨਾਵਾਂ ਨੇ ਖਿਚਿਆ ਅਤੇ ਅਫ਼ਸਰਾਂ ਨੂੰ ਬੁਲਾ ਕੇ ਨਸ਼ਾ ਤਸਕਰਾਂ ਦੀ ਗ੍ਰਿਫ਼ਤਾਰੀ ਤੇ ਜਾਇਦਾਦਾਂ ਜ਼ਬਤ ਕਰਨ ਦਾ ਹੁਕਮ ਦਿਤਾ ਗਿਆ। ਉਸ ਤੋਂ ਬਾਅਦ ਛੋਟੇ ਪੁਲਿਸ ਅਫ਼ਸਰਾਂ ਤੇ ਮੁਲਾਜ਼ਮਾਂ ਦੇ ਤਬਾਦਲੇ ਵੀ ਹੋਏ ਹਨ। ਕੁੱਝ ਨਸ਼ਾ ਤਸਕਰਾਂ ਦੀ ਇਕ ਦਿਨ ਵਿਚ ਹੀ ਪਛਾਣ ਹੋ ਚੁੱਕੀ ਹੈ।
ਨਸ਼ਾ ਤਸਕਰੀ ਦੀ ਬੁਰੀ ਆਦਤ ਜੋ ਪੰਜਾਬ ਨੂੰ ਲੱਗੀ ਹੈ, ਉਸ ਬਾਰੇ ਰੋਜ਼ਾਨਾ ਸਪੋਕਸਮੈਨ ਨੇ ਵੀ ਅਪਣਾ ਯੋਗਦਾਨ ਪਾ ਦੇਣ ਦਾ ਯਤਨ ਕੀਤਾ। ਦੋ ਸਾਲ ਪਹਿਲਾਂ ਇਕ ਹੈਲਪ ਲਾਈਨ ਸ਼ੁਰੂ ਕੀਤੀ ਗਈ ਜਿਸ ਨੂੰ ਨਸ਼ਾ ਮੁਕਤ ਪੰਜਾਬ ਕਿਹਾ ਗਿਆ ਤੇ ਉਸ ਉਤੇ ਸਾਰੇ ਪੰਜਾਬ ਨੂੰ ਕਿਹਾ ਗਿਆ ਕਿ ਜੇ ਤੁਹਾਡੇ ਇਲਾਕੇ ਵਿਚ ਵੀ ਨਸ਼ਾ ਵਿਕਦਾ ਹੈ ਤਾਂ ਤੁਸੀ ਸਾਨੂੰ ਦੱਸੋ ਕਿਉਂਕਿ ਆਮ ਇਨਸਾਨ ਪੁਲਿਸ ਕੋਲ ਜਾਣ ਤੋਂ ਘਬਰਾਉਂਦਾ ਹੈ ਤੇ ਅਸੀ ਪੁਲਿਸ ਤੇ ਆਮ ਇਨਸਾਨ ਵਿਚਕਾਰ ਰਾਬਤਾ ਕਾਇਮ ਕਰ ਦਿਤਾ। ਪਹਿਲੇ ਦਿਨ ਕੁੱਝ ਦਰਜਨ ਕਾਲਾਂ ਆਈਆਂ।
ਜਿਸ ਅਫ਼ਸਰ ਨਾਲ ਅਸੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤੇ ਇਹ ਸੱਭ ਦੱਸਣ ਦੀ ਕੋਸ਼ਿਸ਼ ਕੀਤੀ, ਉਸ ਦਾ ਜਵਾਬ ਸੀ ਕਿ ਤੁਸੀ ਦਸ ਦਿਤਾ ਕਿ ਨਸ਼ਾ ਵਿਕ ਰਿਹੈ ਪਰ ਕੌਣ ਵੇਚ ਰਿਹਾ ਹੈ, ਕਿਥੇ ਵੇਚ ਰਿਹਾ ਹੈ, ਸਾਨੂੰ ਸਬੂਤ ਦਿਉ। ਦੂਜੀ ਗੱਲ ਸੋਚਣ ਵਾਲੀ ਇਹ ਹੈ ਕਿ ਅੱਜ ਪਿੰਡਾਂ ਵਿਚ ਜਾਉ ਤਾਂ ਅਜਿਹੀਆਂ ਕਿੰਨੀਆਂ ਹੀ ਕਹਾਣੀਆਂ ਸੁਣਨ ਨੂੰ ਮਿਲਣਗੀਆਂ ਜਿਥੇ ਜਿਹੜਾ ਵੀ ਵੀ ਇਨਸਾਨ ਨਸ਼ਾ ਤਸਕਰ ਨੂੰ ਫੜਾਉਣ ਦੀ ਕੋਸ਼ਿਸ਼ ਕਰਦਾ ਹੈ, ਉਹ ਆਪ ਮੁਸੀਬਤ ਵਿਚ ਫਸ ਜਾਂਦਾ ਹੈ। ਪਿੰਡਾਂ ਵਿਚ ਅਸੀ ਖ਼ੁਦ ਬਹੁਤ ਮੁਹਿੰਮਾਂ ਵੇਖੀਆਂ ਜੋ ਪਿੰਡ ਵਾਲਿਆਂ ਨੇ ਖ਼ੁਦ ਸ਼ੁਰੂ ਕੀਤੀਆਂ। ਉਹ ਪਿੰਡ ਵਿਚ ਪਹਿਰਾ ਦਿੰਦੇ ਹਨ ਤੇ ਜਿਹੜਾ ਫੜਿਆ ਜਾਂਦਾ ਹੈ, ਉਸ ਨੂੰ ਪੁਲਿਸ ਕੋਲ ਲੈ ਜਾਂਦੇ ਹਨ। ਪਰ ਉਲਟਾ ਪੁਲਿਸ ਵਾਲਿਆਂ ਨੇ ਮੁਹਿੰਮ ਸ਼ੁਰੂ ਕਰਨ ਵਾਲਿਆਂ ਨੂੰ ਹੀ ਨਿਸ਼ਾਨਾ ਬਣਾ ਧਰਿਆ।
ਕਹਿਣ ਦਾ ਭਾਵ ਕਿ ਉਪਰ ਤੋਂ ਲੈ ਕੇ ਹੇਠਾਂ ਤਕ ਨਸ਼ਾ ਤਸਕਰੀ ਦਾ ਜਾਲ ਫੈਲਿਆ ਹੋਇਆ ਹੈ। ਇਕ ਵੱਡੇ ਪੁਲਿਸ ਅਫ਼ਸਰ ਵਲੋਂ ਇਹ ਪੁਛਿਆ ਜਾਣਾ ਕਿ ਜੇ ਨਸ਼ਾ ਵਿਕ ਰਿਹੈ ਤਾਂ ਸਬੂਤ ਦਿਉ, ਦਾ ਮਤਲਬ ਇਹੀ ਬਣਦਾ ਹੈ ਕਿ ਉਹ ਨਸ਼ਿਆਂ ਵਿਰੁਧ ਕੰਮ ਕਰਨਾ ਨਹੀਂ ਸਨ ਚਾਹੁੰਦੇ। ਜੇ ਇਕ ਦਿਨ ਵਿਚ ਪੁਲਿਸ ਵਾਲਿਆਂ ਨੇ ਪਛਾਣ ਲਿਆ ਕਿ ਕੌਣ ਨਸ਼ਾ ਤਸਕਰੀ ਕਰਦਾ ਹੈ, ਇਸ ਦਾ ਮਤਲਬ ਉਹ ਪਹਿਲਾਂ ਤੋਂ ਹੀ ਜਾਣਦੇ ਸਨ ਕਿ ਨਸ਼ਾ ਤਸਕਰੀ ਹੋ ਰਹੀ ਹੈ।
ਇਕ ਹੋਰ ਗੱਲ, ਜਿਹੜੇ ਮੁਲਾਜ਼ਮ ਭਾਵ ਜਿਨ੍ਹਾਂ ਦੇ ਅੱਜ ਤਬਾਦਲੇ ਹੋਏ ਹਨ, ਉਨ੍ਹਾਂ ਦੇ ਜੇ ਆਪਸ ਵਿਚ ਇਲਾਕੇ ਬਦਲੇ ਗਏ, ਸਫ਼ਾਈ ਕਿਸ ਤਰ੍ਹਾਂ ਹੋਵੇਗੀ? ਹਰ ਰੋਜ਼ ਜੇ ਇਕ ਘਰ ’ਚੋਂ ਜਾਂ ਪੰਜਾਬ ’ਚ ਨਸ਼ੇ ਕਾਰਨ ਇਕ ਨੌਜੁਆਨ ਮਰਦਾ ਜਾ ਰਿਹੈ ਤਾਂ ਇਹ ਬਹੁਤ ਦਰਦਨਾਕ ਗੱਲ ਹੈ ਤੇ ਇਹ ਦੋ ਚਾਰ ਛੋਟੇ ਕਦਮ ਨਹੀਂ ਬਲਕਿ ਇਕ ਵੱਡੀ ਤੇ ਵਿਆਪਕ ਨੀਤੀ ਦੀ ਮੰਗ ਕਰਦੇ ਹਨ ਅਰਥਾਤ ਉਹ ਨੀਤੀ ਜੋ ਸਾਰੇ ਸਿਸਟਮ ਨੂੰ ਸਾਫ਼ ਕਰੇ ਕਿਉਂਕਿ ਜਿਨ੍ਹਾਂ ਹੱਥਾਂ ਨੇ ਕਾਨੂੰਨ ਦੀ ਪਾਲਣਾ ਕਰਨੀ ਹੈ, ਉਹ ਤਸਕਰੀ ਵਿਚ ਲੱਗੇ ਹੋਏ ਹੋਣ ਤਾਂ ਸਫ਼ਾਈ ਮੁਮਕਿਨ ਨਹੀਂ ਹੋਵੇਗੀ।
ਅੱਜ ਪੰਜਾਬ ਪੁਲਿਸ ਦੇ ਇਕ ਇਕ ਵੱਡੇ ਤੇ ਛੋਟੇ ਅਫ਼ਸਰ ਤੋਂ ਲੈ ਕੇ ਸਿਪਾਹੀ ਤਕ, ਉਨ੍ਹਾਂ ਦੀ ਜਾਂਚ ਕਰਨੀ ਜ਼ਰੂਰੀ ਹੈ ਕਿ ਉਨ੍ਹਾਂ ਕੋਲ ਆਮਦਨ ਤੋਂ ਵੱਧ ਦੌਲਤ ਕਿਵੇਂ ਆਈ। ਚਾਰ ਕੁ ਸਾਲ ਪਹਿਲਾਂ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦਾ ਨਸ਼ਾ ਟੈਸਟ ਕਰਵਾਇਆ ਗਿਆ ਸੀ ਕਿ ਉਨ੍ਹਾਂ ਦੇ ਖ਼ੂਨ ’ਚ ਨਸ਼ਾ ਹੈ ਜਾਂ ਨਹੀਂ। ਜਿਹੜਾ ਕੋਈ ਨਸ਼ਾ ਵੇਚਦਾ ਹੈ, ਉਹ ਬਹੁਤ ਵੱਡੀ ਮਾਤਰਾ ਵਿਚ ਆਪ ਸਟਾਕ ਵੀ ਰੱਖਣ ਲਗਦਾ ਹੈ ਕਿਉਂਕਿ ਉਸ ਨੂੰ ਵੀ ਨਸ਼ੇ ਦੀ ਮਾੜੀ ਬੀਮਾਰੀ ਲੱਗ ਜਾਂਦੀ ਹੈ। ਸੋ ਇਹ ਐਕਸ਼ਨ ਕਾਮਯਾਬ ਹੋਵੇਗਾ ਪਰ ਇਸ ਨੂੰ ਕੁੱਝ ਸਮੇਂ ਲਈ ਨਹੀਂ ਬਲਕਿ ਲੰਮੇ ਸਮੇਂ ਦਾ ਐਕਸ਼ਨ ਬਣਾਉਣ ਲਈ ਸਿਸਟਮ ਦੇ ਅੰਦਰੋਂ ਸਫ਼ਾਈ ਸ਼ੁਰੂ ਕਰਨੀ ਪਵੇਗੀ। ਬੜੀ ਵਾਰੀ ਅਦਾਲਤਾਂ ਤੋਂ ਫਿਟਕਾਰ ਪੈ ਚੁੱਕੀ ਹੈ ਤੇ ਅੱਜ ਲੋਕਾਂ ਦੀ ਵੀ ਦੁਹਾਈ ਸੁਣੀ ਜਾ ਰਹੀ ਹੈ ਪਰ ਇਸ ਨੂੰ ਲੈ ਕੇ ਹੋਰ ਡੂੰਘਾ ਕੰਮ ਕੀਤਾ ਗਿਆ ਤਾਂ ਅਸਲ ਵਿਚ ਨਸ਼ਾ ਪੰਜਾਬ ’ਚੋਂ ਜਾ ਸਕਦਾ ਹੈ।
- ਨਿਮਰਤ ਕੌਰ