ਪੁਰਾਤਨ ਰਵਾਇਤਾਂ ਰਿਵਾਜਾਂ ਨੂੰ ਤੋੜਨਾ ਪਵੇਗਾ ਜੇ ਮਨੁੱਖਾਂ ਦੀ ਆਜ਼ਾਦੀ ਤੇ ਬਰਾਬਰੀ ਸਾਡਾ ਟੀਚਾ ਹੈ ਤਾਂ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਇਸ ਨੂੰ ਟਰੰਪ ਦੀ ਬੇਧਿਆਨੀ ਹੀ ਸਮਝੋ ਕਿ ਇੰਗਲੈਂਡ ਦੀ ਮਹਾਰਾਣੀ ਅੱਗੇ ਚੱਲਣ ਦਾ 'ਗੁਨਾਹ' ਉਨ੍ਹਾਂ ਕੋਲੋਂ ਹੋ ਗਿਆ............

Donald Trump

ਇਸ ਨੂੰ ਟਰੰਪ ਦੀ ਬੇਧਿਆਨੀ ਹੀ ਸਮਝੋ ਕਿ ਇੰਗਲੈਂਡ ਦੀ ਮਹਾਰਾਣੀ ਅੱਗੇ ਚੱਲਣ ਦਾ 'ਗੁਨਾਹ' ਉਨ੍ਹਾਂ ਕੋਲੋਂ ਹੋ ਗਿਆ। ਦੁਨੀਆਂ ਭਰ ਵਿਚ ਇਸ 'ਗੁਸਤਾਖ਼ੀ' ਨੇ ਸੱਭ ਨੂੰ ਸਦਮੇ ਵਿਚ ਪਾ ਦਿਤਾ। ਇੰਗਲੈਂਡ ਦੀ ਮਹਾਰਾਣੀ ਦੇ ਅੱਗੇ ਕੋਈ ਨਹੀਂ ਚਲ ਸਕਦਾ। ਪਰ ਕਿਉਂ? ਅੱਜ ਦੇ ਬਰਾਬਰੀ ਦੇ ਦੌਰ ਵਿਚ ਰਾਣੀ-ਰਾਜੇ ਦੀ ਗੱਲ ਕਿਉਂ ਕੀਤੀ ਜਾਂਦੀ ਹੈ? ਇਨ੍ਹਾਂ ਪੁਰਾਣੀਆਂ ਰਵਾਇਤਾਂ ਨੂੰ ਤੋੜਨ ਦਾ ਸਮਾਂ ਨਹੀਂ ਆਇਆ ਅਜੇ? ਡੋਨਲਡ ਟਰੰਪ ਅਜਿਹੇ ਆਗੂ ਤਾਂ ਨਹੀਂ ਜਿਨ੍ਹਾਂ ਕਿਸੇ ਸੋਚੀ ਸਮਝੀ ਸਾਜ਼ਸ਼ ਤਹਿਤ ਪੁਰਾਤਨ ਰਿਵਾਜਾਂ ਨੂੰ ਚੁਨੌਤੀ ਦੇਣ ਬਾਰੇ ਸੋਚਿਆ ਹੋਵੇਗਾ ਪਰ ਇਸ ਨੂੰ ਟਰੰਪ ਦੀ ਬੇਧਿਆਨੀ ਹੀ ਸਮਝੋ ਕਿ ਇੰਗਲੈਂਡ ਦੀ ਮਹਾਰਾਣੀ ਅੱਗੇ ਚੱਲਣ ਦਾ

'ਗੁਨਾਹ' ਉਨ੍ਹਾਂ ਕੋਲੋਂ ਹੋ ਗਿਆ। ਦੁਨੀਆਂ ਭਰ ਵਿਚ ਇਸ 'ਗੁਸਤਾਖ਼ੀ' ਨੇ ਸੱਭ ਨੂੰ ਸਦਮੇ ਵਿਚ ਪਾ ਦਿਤਾ। ਇੰਗਲੈਂਡ ਦੀ ਮਹਾਰਾਣੀ ਦੇ ਅੱਗੇ ਕੋਈ ਨਹੀਂ ਚਲ ਸਕਦਾ। ਪਰ ਕਿਉਂ? ਅੱਜ ਦੇ ਬਰਾਬਰੀ ਦੇ ਦੌਰ ਵਿਚ ਰਾਣੀ-ਰਾਜੇ ਦੀ ਗੱਲ ਕਿਉਂ ਕੀਤੀ ਜਾਂਦੀ ਹੈ? ਇਨ੍ਹਾਂ ਪੁਰਾਣੀਆਂ ਰਵਾਇਤਾਂ ਨੂੰ ਤੋੜਨ ਦਾ ਸਮਾਂ ਨਹੀਂ ਆਇਆ ਅਜੇ? ਰਾਣੀ ਦੇ ਘਰ ਇਕ ਅਫ਼ਰੀਕੀ-ਅਮਰੀਕੀ ਨੂੰਹ ਆਈ ਹੈ ਜੋ ਕਿ ਇਕ ਫ਼ਿਲਮੀ ਅਦਾਕਾਰਾ ਰਹਿ ਚੁੱਕੀ ਹੈ। ਇਹ ਕਦਮ ਤਾਂ ਪੁਰਾਣੀ ਰਵਾਇਤ ਨੂੰ ਤੋੜਦਾ ਹੈ ਪਰ ਉਸ ਤੋਂ ਬਾਅਦ ਇੰਗਲੈਂਡ ਦਾ ਮੀਡੀਆ ਅਪਣੀ ਨਵੀਂ ਰਾਜਕੁਮਾਰੀ ਦੇ ਚਰਿੱਤਰ ਦੀ ਸਫ਼ਾਈ ਕਰਨ ਵਿਚ ਜੁਟਿਆ ਹੋਇਆ ਹੈ। ਉਸ ਨੂੰ ਇਕ ਦਲੇਰ ਅਦਾਕਾਰਾ ਦੀ

ਬਜਾਏ ਇਕ ਸਮਾਜਕ ਕਾਰਜਕਰਤਾ ਵਾਂਗ ਪੇਸ਼ ਕੀਤਾ ਜਾ ਰਿਹਾ ਹੈ। ਕਿਉਂ? ਕਿਉਂਕਿ ਰਾਜ ਘਰਾਣੇ ਦੇ ਦਸਤੂਰ ਹੀ ਇਸ ਤਰ੍ਹਾਂ ਦੇ ਕਿਰਦਾਰਾਂ ਦੀ ਮੰਗ ਕਰਦੇ ਹਨ। ਰਾਜ ਘਰਾਣੇ ਦੇ ਦਸਤੂਰ ਹਨ ਕਿ ਔਰਤਾਂ ਅਪਣੇ ਨਹੁੰਆਂ ਨੂੰ ਰੰਗ ਨਹੀਂ ਲਾ ਸਕਦੀਆਂ, ਸੋ ਹੁਣ ਇਹ ਅਪਣੀ ਕਾਬਲੀਅਤ ਸਦਕਾ ਬਣੀ ਮਸ਼ਹੂਰ ਅਦਾਕਾਰਾ ਅਪਣੀਆਂ ਬਹੁਤ ਸਾਰੀਆਂ ਨਿਜੀ ਖ਼ਾਹਿਸ਼ਾਂ ਭੁਲਾ ਕੇ ਇਸ ਢਾਂਚੇ ਵਿਚ ਚਲ ਰਹੀ ਹੈ। ਰਵਾਇਤੀ ਢਾਂਚਾ ਭਾਵੇਂ ਔਰਤਾਂ ਦੇ ਕਿਰਦਾਰ ਬਾਰੇ ਹੋਵੇ, ਭਾਵੇਂ ਮਰਦਾਂ ਬਾਰੇ ਹੋਵੇ ਜਾਂ ਬੱਚਿਆਂ ਦੇ ਸਲੂਕ ਬਾਰੇ, ਉਨ੍ਹਾਂ ਦੇ ਟੁੱਟਣ ਤੇ ਹੀ ਦੁਨੀਆਂ ਬਰਾਬਰੀ ਵਲ ਅੱਗੇ ਵਧੇਗੀ। ਹਰ ਰਵਾਇਤ, ਜੋ ਖ਼ਾਸ ਕਰ ਕੇ ਕਿਸੇ ਦੀ ਖ਼ੁਸ਼ੀ ਜਾਂ ਸੁਰੱਖਿਆ ਨੂੰ

ਕੁਰਬਾਨ ਕਰਦੀ ਹੋਵੇ, ਉਸ ਰਵਾਇਤ ਦਾ ਟੁਟਣਾ ਹੀ ਠੀਕ ਹੈ। ਅਦਾਲਤ ਨੇ ਹੁਣ ਪਤੀ ਵਲੋਂ ਅਪਣੀ ਪਤਨੀ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਉਣ ਨੂੰ ਬਲਾਤਕਾਰ ਕਾਨੂੰਨ ਦੇ ਘੇਰੇ ਵਿਚ ਲਿਆਉਣ ਬਾਰੇ ਗੱਲ ਕਰ ਕੇ ਸਦੀਆਂ ਪੁਰਾਣੀ ਸੋਚ ਨੂੰ ਚੁਨੌਤੀ ਦਿਤੀ ਹੈ। ਪਤਨੀ ਦੇ ਜਿਸਮ ਨੂੰ ਅਪਣੀ ਜਾਇਦਾਦ ਸਮਝਣ ਵਾਲੇ ਮਰਦ ਅੱਜ ਭਾਵੇਂ ਦੁਖੀ ਹੋਣਗੇ ਪਰ ਅੰਤ ਵਿਚ ਓਨਾ ਫ਼ਾਇਦਾ ਮਰਦਾਂ ਨੂੰ ਵੀ ਹੋਵੇਗਾ ਜਿੰਨਾ ਔਰਤਾਂ ਨੂੰ ਹੋਵੇਗਾ ਕਿਉਂਕਿ ਜਦ ਰਿਸ਼ਤਾ ਪਿਆਰ ਅਤੇ ਆਪਸੀ ਸਹਿਮਤੀ ਉਤੇ ਨਿਰਭਰ ਹੋਵੇਗਾ ਤਾਂ ਦੋਹਾਂ ਵਿਚ ਨੇੜਤਾ ਹੀ ਵਧੇਗੀ। ਮਰਦਾਂ ਨੂੰ ਵੀ ਬੜੇ ਪੁਰਾਣੇ ਢਾਂਚਿਆਂ ਤੋਂ ਆਜ਼ਾਦ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਦੀ ਸਾਰੀ

ਕਮਾਈ ਨੂੰ ਪ੍ਰਵਾਰ ਨੂੰ ਸੰਭਾਲਣ ਦੀ ਮਜਬੂਰੀ ਤੋਂ ਵੀ ਆਜ਼ਾਦ ਕਰਨ ਦੀ ਜ਼ਰੂਰਤ ਹੈ। ਮਰਦ ਨੂੰ ਇਹ ਆਜ਼ਾਦੀ ਹੋਣੀ ਚਾਹੀਦੀ ਹੈ ਕਿ ਉਹ ਹਮਦਰਦ, ਭਾਵੁਕ, ਵਫ਼ਾਦਾਰ ਹੋ ਸਕਦੇ ਹਨ। ਉਨ੍ਹਾਂ ਦਾ ਹੈਵਾਨ ਹੋਣਾ ਉਨ੍ਹਾਂ ਦੀ ਫ਼ਿਤਰਤ ਨਹੀਂ ਬਲਕਿ ਇਕ ਗ਼ਲਤ ਸਿਖਿਆ ਹੈ।  ਸਿੱਖ ਔਰਤਾਂ ਦੀ ਗੱਲ ਕਰੀਏ ਤਾਂ ਉਹ ਇਸ ਸੋਚ ਨੂੰ ਵੀ ਬਦਲ ਲੈਣ ਕਿ ਉਨ੍ਹਾਂ ਦੇ ਸਿਰ ਲੋਹੇ ਦੇ ਬਣੇ ਹੋਏ ਹਨ। ਜੇ ਉਨ੍ਹਾਂ ਨੇ ਸਕੂਟਰਾਂ ਅਤੇ ਮੋਟਰਸਾਈਕਲ ਤੇ ਹਵਾ ਵਾਂਗ ਉਡਣਾ ਹੈ ਤਾਂ ਹੈਲਮੇਟ ਪਾ ਲੈਣ।

ਜੋ ਆਗੂ ਸਿੱਖ ਔਰਤਾਂ ਦੇ ਸਿਰ ਉਤੇ ਹੈਲਮੇਟ ਨਹੀਂ ਵੇਖ ਸਕਦੇ, ਉਹ ਆਪ ਤਾਂ ਸਰਕਾਰ ਜਾਂ ਸ਼੍ਰੋਮਣੀ ਕਮੇਟੀ ਦੀਆਂ ਗੱਡੀਆਂ ਵਿਚ ਚਾਰ ਚਾਰ ਸੁਰੱਖਿਆ ਕਰਮਚਾਰੀਆਂ ਨਾਲ ਸਫ਼ਰ ਕਰਦੇ ਹਨ। ਇਹ ਰਵਾਇਤਾਂ ਕਿਸੇ ਨਾ ਕਿਸੇ ਨੂੰ ਗ਼ੁਲਾਮ ਹੀ ਬਣਾਉਂਦੀਆਂ ਹਨ। ਰਾਣੀ ਤੋਂ ਲੈ ਕੇ, ਦੁਨੀਆਂ ਦਾ ਹਰ ਆਮ ਇਨਸਾਨ ਸਮਝ ਲਵੇ ਕਿ ਲੋਕਤੰਤਰ ਦੇ ਦੌਰ ਵਿਚ ਬਰਾਬਰੀ ਦੀ ਸੋਚ ਹੀ ਚਲੇਗੀ ਅਤੇ ਰਵਾਇਤਾਂ ਨੂੰ ਅਪਣੀ ਬੁੱਧੀ ਉਤੇ ਪਰਦਾ ਪਾਉਣ ਦੇਣਾ ਨਾਸਮਝੀ ਵੀ ਹੈ ਅਤੇ ਹਾਰ ਵੀ ਹੈ।