ਨਸ਼ੇ ਨੂੰ ਪੰਜਾਬ ਵਿਚੋਂ ਬਾਹਰ ਕਢਣਾ ਜ਼ਰੂਰੀ ਪਰ ਇਹ ਕੰਮ ਦਿੱਲੀ ਵਾਲੇ ਨਹੀਂ ਕਰ ਸਕਦੇ
ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਨਿਗਰਾਨੀ ਹੇਠ 1.40 ਲੱਖ ਕਿਲੋ ਨਸ਼ੇ ਨੂੰ ਤਬਾਹ ਕੀਤਾ ਗਿਆ ਤੇ ਸਾਰੇ ਸੂਬਿਆਂ ਨਾਲ ਮਿਲ ਕੇ ਨਸ਼ੇ ਵਿਰੁਧ ਸਖ਼ਤ ਕਦਮ ਚੁੱਕਣ ਦੀ ਗੱਲ ਕੀਤੀ ਗਈ।
ਸੋਮਵਾਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਨਿਗਰਾਨੀ ਹੇਠ 1.40 ਲੱਖ ਕਿਲੋ ਨਸ਼ੇ ਨੂੰ ਤਬਾਹ ਕੀਤਾ ਗਿਆ ਤੇ ਸਾਰੇ ਸੂਬਿਆਂ ਨਾਲ ਮਿਲ ਕੇ ਨਸ਼ੇ ਵਿਰੁਧ ਸਖ਼ਤ ਕਦਮ ਚੁੱਕਣ ਦੀ ਗੱਲ ਕੀਤੀ ਗਈ। ਹਿਮਾਚਲ ਤੇ ਪੰਜਾਬ ਦੇ ਮੁੱਖ ਮੰਤਰੀਆਂ ਨੇ ਵੀ ਐਨਡੀਪੀਐਸ ਐਕਟ ਵਿਚ ਸੋਧਾਂ ਮੰਗੀਆਂ ਹਨ। ਇਨ੍ਹਾਂ ਸੱਭ ਨੂੰ ਸੁਣ ਕੇ ਇਹੀ ਲੱਗ ਰਿਹਾ ਸੀ ਜਿਵੇਂ ਦੇਸ਼ ਆਖ਼ਰਕਾਰ, ਨਸ਼ੇ ਦੀ ਬਲਾਅ ਨਾਲ ਨਜਿੱਠਣ ਲਈ ਇਕ ਹੋਣ ਵਾਸਤੇ ਤਿਆਰ ਹੋ ਚੁੱਕਾ ਹੈ। ਪੰਜਾਬ ਨੇ ਤਾਂ ਐਨਸੀਬੀ ਨੂੰ ਝੱਟ ਜ਼ਮੀਨ ਦੇ ਕੇ ਜੋਸ਼ ਵਿਚ ਕੇਂਦਰ ਨੂੰ ਲੜਨ ਵਾਸਤੇ ਹੋਰ ਤਾਕਤ ਦੇ ਦਿਤੀ। ਪੰਜਾਬ ਦੀ ਪਾਕਿਸਤਾਨ ਨਾਲ ਸਰਹੱਦ ਲੱਗਣ ਕਾਰਨ ਇਸ ਰਸਤੇ ਰਾਹੀਂ ਨਸ਼ੇ ਭੇਜਣ ਨਾਲ ਪਾਕਿਸਤਾਨ ਦੇ ਪੰਜਾਬ ਨੂੰ ਕਮਜ਼ੋਰ ਕਰਨ ਦੀ ਮਨਸੂਬਿਆਂ ਵਿਚ ਮਿਲ ਰਹੀ ਕਾਮਯਾਬੀ ਜੱਗ ਜ਼ਾਹਰ ਹੈ।
ਹੁਣ ਹੋਰ ਤੱਥ ਸਾਹਮਣੇ ਆ ਰਹੇ ਹਨ ਜੋ ਸੰਕੇਤ ਦਿੰਦੇ ਹਨ ਕਿ ਪੰਜਾਬ ’ਚੋਂ ਨਿਕਲੇ ਗੈਂਗਸਟਰਾਂ, ਗਰਮ ਖ਼ਿਆਲੀਆਂ, ਨਸ਼ੇ ਦੇ ਤਸਕਰਾਂ ਅਤੇ ਪਾਕਿਸਤਾਨ ਵਿਚਕਾਰ ਗਠਜੋੜ ਬਣਿਆ ਹੋਇਆ ਹੈ। ਇਸੇ ਗੱਲ ਨੂੰ ਸਮਝਦੇ ਹੋਏ ਸ਼ਾਇਦ ਪੰਜਾਬ ਸਰਕਾਰ ਨੇ ਬੀਐਸਐਫ਼ ਦਾ ਦਾਇਰਾ ਵਧਾ ਕੇ ਤੇ 50 ਕਿਲੋਮੀਟਰ ਕਰ ਕੇ, ਅੱਧੇ ਪੰਜਾਬ ਵਿਚ ਉਸ ਨੂੰ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਦੇ ਸਮਰੱਥ ਬਣਾਇਆ ਸੀ। ਪਰ ਜ਼ਮੀਨੀ ਹਕੀਕਤ ਕੁੱਝ ਹੋਰ ਹੀ ਤਸਵੀਰ ਬਿਆਨ ਕਰਦੀ ਹੈ। ਭਾਵੇਂ ਪੰਜਾਬ ਸਰਕਾਰ ਆਖਦੀ ਹੈ ਕਿ ਉਨ੍ਹਾਂ ਨੇ 16,360 ਨਸ਼ਾ ਤਸਕਰ ਹਿਰਾਸਤ ਵਿਚ ਲਏ ਹਨ ਤੇ ਪੰਜਾਬ ਨੇ 1.221 ਕਿਲੋ ਅਫੀਮ ਵੀ ਫੜੀ ਹੈ, ਅੱਜ ਪਿੰਡ-ਪਿੰਡ, ਗਲੀ ਗਲੀ ਵਿਚ ਨਸ਼ਾ ਵਿਕ ਰਿਹਾ ਹੈ। ਜੇ ਬੀਐਸਐਫ਼ ਨੂੰ 50 ਕਿਲੋਮੀਟਰ ਦਾ ਦਾਇਰਾ ਦੇਣ ਨਾਲ ਵੀ ਲੋਕਾਂ ਨੂੰ ਆਰਾਮ ਨਹੀਂ ਮਿਲ ਰਿਹਾ ਤਾਂ ਫਿਰ ਐਨ.ਸੀ.ਬੀ. ਦਾ ਦਫ਼ਤਰ ਕਿਹੜੀ ਮਲ ਮਾਰ ਲਵੇਗਾ?
ਪਿਛਲੇ ਦਿਨੀਂ ਪਰਵਿੰਦਰ ਝੋਟਾ ਨਾਮਕ ਇਕ ਸੋਸ਼ਲ ਮੀਡੀਆ ਦੇ ਮਕਬੂਲ ਸਮਾਜ ਸੇਵੀ ਨੂੰ ਪੰਜਾਬ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ। ਲੋਕ ਝੋਟਾ ਨੂੰ ਬਹੁਤ ਪਿਆਰ ਤੇ ਵਿਸ਼ਵਾਸ ਨਾਲ ਉਸ ਦੀਆਂ ਕੋਸ਼ਿਸ਼ਾਂ ਤੇ ਯਕੀਨ ਕਰਦੇ ਸਨ ਪਰ ਪੁਲਿਸ ਵਲੋਂ ਉਸ ਦੀ ਨਾਰਕਾਟਿਕਸ ਰੀਪੋਰਟ ਵਿਚ ਵਿਖਾਇਆ ਗਿਆ ਕਿ ਉਹ ਆਪ ਨਸ਼ਾ ਲੈਂਦਾ ਹੈ। ਪਰ ਲੋਕ ਅਜੇ ਵੀ ਝੋਟੇ ’ਤੇ ਹੀ ਵਿਸ਼ਵਾਸ ਕਰਦੇ ਹਨ ਨਾਕਿ ਪੁਲਿਸ ’ਤੇ ਅਤੇ ਇਸ ਗੱਲ ਨੂੰ ਸਮਝੇ ਬਿਨਾਂ ਨਸ਼ਾ ਸਾਡੇ ਦੇਸ਼ ਜਾਂ ਸੂਬੇ ’ਚੋਂ ਬਾਹਰ ਨਹੀਂ ਕਢਿਆ ਜਾ ਸਕਦਾ।
ਪੰਜ ਸਾਲ ਬਾਅਦ ਨਸ਼ੇ ਦੀ ਫ਼ਾਈਲ ਖੁਲ੍ਹਦੀ ਖੁਲ੍ਹਦੀ, ਹਾਈ ਕੋਰਟ ਵਿਚ ਦਫਨ ਹੋ ਗਈ ਹੈ ਤੇ ਜਦ ਸਿਸਟਮ ਵੱਡੇ ਨਾਵਾਂ ਨੂੰ ਬਿਠਾ ਕੇ ਛੋਟੇ ਗ਼ਰੀਬ ਤਸਕਰਾਂ ਨੂੰ ਹੀ ਹੱਥ ਪਾਏਗਾ ਤਾਂ ਕੋਈ ਵੀ ਕੋਸ਼ਿਸ਼ ਕਾਮਯਾਬ ਨਹੀਂ ਹੋਵੇਗੀ। ਜੋ ਲੋਕ ਨਸ਼ਾ ਤਸਕਰੀ ਕਰਦੇ ਹਨ, ਉਹ ਜਾਂ ਤਾਂ ਅਪਣੀ ਆਦਤ ਤੋਂ ਮਜਬੂਰ ਹੁੰਦੇ ਹਨ ਜਾਂ ਗ਼ਰੀਬੀ ਤੇ ਲਾਲਚ ਵਾਸਤੇ ਇਸ ਕੰਮ ’ਚ ਪੈਂਦੇ ਹਨ। ਪਰ ਜੋ ਵੱਡੇ ਪੁਲਿਸ ਅਧਿਕਾਰੀ, ਸਿਆਸਤਦਾਨ ਜਾਂ ਉਦਯੋਗਪਤੀ ਇਸ ਵਿਚ ਸ਼ਾਮਲ ਹੁੰਦੇ ਹਨ, ਉਹ ਮੁੱਠੀ ਭਰ ਹੈਵਾਨ ਹੁੰਦੇ ਹਨ। ਸਰਕਾਰ ਉਨ੍ਹਾਂ ਨੂੰ ਬਿਠਾ ਕੇ ਜਦ ਤਕ ਗ਼ਰੀਬਾਂ ਨੂੰ ਮਾਰ ਮਾਰਦੀ ਰਹੇਗੀ, ਨਾ ਲੋਕ ਸਰਕਾਰ ਤੇ ਵਿਸ਼ਵਾਸ ਕਰ ਪਾਉਣਗੇ, ਨਾ ਨਸ਼ੇ ਦੀ ਬਿਮਾਰੀ ਰੁਕ ਸਕੇਗੀ। ਕੁੱਝ ਪਿੰਡਾਂ ਨੇ ਅਪਣੇ ਪੱਧਰ ਤੇ ਜੋ ਉਪਰਾਲੇ ਸ਼ੁਰੂ ਕੀਤੇ ਹਨ, ਉਹ ਜ਼ਿਆਦਾ ਸਫ਼ਲ ਸਾਬਤ ਹੋ ਸਕਦੇ ਹਨ ਤੇ ਆਸ ਇਹੀ ਹੈ ਕਿ ਵੱਧ ਤੋਂ ਵੱਧ ਲੋਕ ਅਪਣੇ ਪੱਧਰ ਤੇ ਜਾਗਰੂਕ ਹੋਣ। ਅੱਜ ਭਾਵੇਂ ਕਿਸੇ ਹੋਰ ਦਾ ਘਰ ਬਰਬਾਦ ਹੋ ਰਿਹਾ ਹੈ ਪਰ ਕਲ ਨੂੰ ਤੁਹਾਡੇ ਘਰ ਵਿਚ ਵੀ ਇਹ ਜ਼ਹਿਰ ਫੈਲ ਸਕਦਾ ਹੈ!
- ਨਿਮਰਤ ਕੌਰ