ਆਰ.ਐਸ.ਐਸ. ਵਾਲੇ, ਰਾਜ ਜਾਂਦਾ ਵੇਖ, ਸ਼ਬਦੀ ਹੇਰਾਫੇਰੀ ਨਾਲ ਲੋਕਾਂ ਦੇ ਦਿਲ ਬਦਲਣੇ ਚਾਹੁੰਦੇ ਹਨ ਪਰ...
ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ ਤਿੰਨ ਰੋਜ਼ਾ ਪ੍ਰੋਗਰਾਮ, ਆਰ.ਐਸ.ਐਸ. ਦਾ ਅਕਸ ਠੀਕ ਕਰਨ ਦੇ ਇਰਾਦੇ ਨਾਲ ਕਰਵਾਇਆ ਗਿਆ ਸੀ..............
ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ ਤਿੰਨ ਰੋਜ਼ਾ ਪ੍ਰੋਗਰਾਮ, ਆਰ.ਐਸ.ਐਸ. ਦਾ ਅਕਸ ਠੀਕ ਕਰਨ ਦੇ ਇਰਾਦੇ ਨਾਲ ਕਰਵਾਇਆ ਗਿਆ ਸੀ। ਇਨ੍ਹਾਂ ਦੀ ਬਦਲੀ ਹੋਈ ਸ਼ਬਦਾਵਲੀ ਤੋਂ ਇਹ ਸਮਝਣਾ ਔਖਾ ਨਹੀਂ ਕਿ ਆਰ.ਐਸ.ਐਸ. ਵਾਲੇ ਅਪਣੇ ਬੱਚੇ, ਭਾਜਪਾ ਦੀ ਸਰਕਾਰ ਦੇ ਭਵਿੱਖ ਪ੍ਰਤੀ ਚਿੰਤਤ ਹਨ। ਇਹ ਤਾਂ ਸਾਫ਼ ਹੈ ਕਿ ਭਾਜਪਾ ਸਰਕਾਰ ਪ੍ਰਤੀ ਲੋਕਾਂ ਵਿਚ ਰੋਸ ਹੈ। ਲੋਕ ਮਹਿੰਗਾਈ, ਨੋਟਬੰਦੀ, ਜੀ.ਐਸ.ਟੀ., ਬੇਰੁਜ਼ਗਾਰੀ ਤੋਂ ਪ੍ਰੇਸ਼ਾਨ ਹਨ ਪਰ ਇਹ ਸੱਭ ਗੱਲਾਂ ਸ਼ਾਇਦ ਭਾਜਪਾ/ਆਰ.ਐਸ.ਐਸ. ਦੇ ਥਿੰਕ ਟੈਂਕ ਨੂੰ ਨਜ਼ਰ ਨਹੀਂ ਆਉਂਦੀਆਂ।
ਆਰ.ਐਸ.ਐਸ. ਇਕ ਧਾਰਮਕ ਸੰਸਥਾ ਹੈ ਜਿਸ ਨੇ ਅਜੇ ਤਕ ਅਪਣੇ ਆਪ ਨੂੰ ਰਜਿਸਟਰ ਵੀ ਨਹੀਂ ਕਰਵਾਇਆ। ਆਰ.ਐਸ.ਐਸ. ਵਲੋਂ ਤਿੰਨ- ਦਿਨਾਂ ਸਰਬ-ਭਾਰਤੀ ਸੰਮੇਲਨ ਰਖਿਆ ਗਿਆ ਤੇ ਪਹਿਲੀ ਵਾਰ ਯਤਨ ਕੀਤਾ ਗਿਆ ਕਿ ਸਾਰੀਆਂ ਪਾਰਟੀਆਂ ਉਸ ਕੋਲ ਆ ਕੇ ਉਨ੍ਹਾਂ ਨਾਲ ਸੰਵਾਦ ਰਚਾਉਣ। ਮੋਹਨ ਭਾਗਵਤ ਵਲੋਂ ਸੰਮੇਲਨ ਵਿਚ ਦਿਤੇ ਗਏ ਭਾਸ਼ਨਾਂ ਨੇ ਸੱਭ ਨੂੰ ਹੈਰਾਨ ਕਰ ਦਿਤਾ ਹੈ। ਅੱਜ ਤਕ ਆਰ.ਐਸ.ਐਸ. ਜਿਹੜੀ ਵਿਚਾਰਧਾਰਾ ਦਾ ਪ੍ਰਚਾਰ ਕਰਦੀ ਰਹੀ ਹੈ, ਮੋਹਨ ਭਾਗਵਤ ਨੇ ਇਸ ਸੰਮੇਲਨ ਵਿਚ ਉਸ ਦੇ ਐਨ ਉਲਟ ਬਿਆਨ ਦੇ ਦਿਤੇ।
ਅੱਜ ਉਹ ਹਰ ਸ਼ਹਿਰੀ ਦਾ ਇਹ ਹੱਕ ਮੰਨਣ ਦਾ ਐਲਾਨ ਕਰਦੇ ਹਨ ਕਿ ਉਹ ਚਾਹੇ ਤਾਂ ਅਪਣੇ ਆਪ ਨੂੰ 'ਹਿੰਦੂ' ਆਖੇ ਜਾਂ ਭਾਰਤੀ ਜਦਕਿ ਇਸ ਤੋਂ ਪਹਿਲਾਂ ਇਨ੍ਹਾਂ ਨੇ ਖ਼ੁਦ ਹੀ 2014 ਵਿਚ ਆਖਿਆ ਸੀ ਕਿ ਭਾਰਤ ਵਿਚ ਰਹਿਣ ਵਾਲੇ ਸਾਰੇ ਲੋਕ ਹਿੰਦੂ ਹਨ ਤੇ ਜਿਹੜਾ ਅਪਣੇ ਆਪ ਨੂੰ ਹਿੰਦੂ ਨਹੀਂ ਮੰਨਦਾ, ਉਹ ਦੇਸ਼ ਛੱਡ ਜਾਏ। ਘਟਗਿਣਤੀਆਂ, ਖ਼ਾਸ ਤੌਰ ਤੇ ਮੁਸਲਮਾਨਾਂ ਨੇ ਜਵਾਬ ਵਿਚ ਕਿਹਾ ਸੀ ਕਿ ਉਹ ਅਪਣੇ ਆਪ ਨੂੰ ਭਾਰਤੀ ਜਾਂ 'ਹਿੰਦੁਸਤਾਨੀ' ਕਹਿਣ ਨੂੰ ਤਿਆਰ ਹਨ, ਹਿੰਦੂ ਨਹੀਂ। ਆਰ.ਐਸ.ਐਸ. ਨੇ ਇਸ ਦਲੀਲ ਨੂੰ ਰੱਦ ਕਰ ਦਿਤਾ ਸੀ।
ਮੋਹਨ ਭਾਗਵਤ ਨੇ ਆਰ.ਐਸ.ਐਸ. ਨੂੰ ਇਕ ਲੋਕਤੰਤਰੀ ਸੰਸਥਾ ਦਸਿਆ, ਜੋ ਕਿ ਕਿਸੇ ਦੇ ਵੀ ਵਿਰੁਧ ਨਹੀਂ ਹੈ ਯਾਨੀ ਕਿ ਉਹ ਭਾਰਤ ਨੂੰ ਕਿਸੇ ਸੋਚ ਜਾਂ ਧਰਮ ਜਾਂ ਵਰਗ ਤੋਂ ਮੁਕਤ ਨਹੀਂ ਕਰਨਾ ਚਾਹੁੰਦੀ। ਇਸ ਸੰਮੇਲਨ ਵਿਚ ਬੜੇ ਸ਼ਬਦ ਬੋਲੇ ਗਏ ਜੋ ਆਰ.ਐਸ.ਐਸ. ਦੀ ਵਿਚਾਰਧਾਰਾ ਨਾਲ ਤਾਂ ਬਿਲਕੁਲ ਕੋਈ ਮੇਲ ਨਹੀਂ ਖਾਂਦੇ ਬਲਕਿ ਉਨ੍ਹਾਂ ਦੇ ਕਰਮਾਂ ਨਾਲ ਵੀ ਮੇਲ ਨਹੀਂ ਖਾਂਦੇ। ਆਰ.ਐਸ.ਐਸ. ਅਪਣੇ ਆਪ ਨੂੰ ਭਾਜਪਾ ਦੀ ਜਨਮਦਾਤਾ ਮੰਨਦੀ ਹੋਈ ਆਖਦੀ ਹੈ ਕਿ ਉਹ ਸਿਆਸਤ ਵਿਚ ਦਖ਼ਲਅੰਦਾਜ਼ੀ ਨਹੀਂ ਕਰਦੀ ਪਰ ਉੱਤਰ ਪ੍ਰਦੇਸ਼ ਵਿਚ ਇਕ ਮੱਠ ਦੇ ਮੁਖੀ ਨੂੰ ਮੁੱਖ ਮੰਤਰੀ ਬਣਾ ਕੇ ਇਨ੍ਹਾਂ ਸ਼ਬਦਾਂ ਨੂੰ ਵੀ ਝੁਠਲਾ ਦਿਤਾ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ ਤਿੰਨ-ਰੋਜ਼ਾ ਪ੍ਰੋਗਰਾਮ, ਆਰ.ਐਸ.ਐਸ. ਦਾ ਅਕਸ ਠੀਕ ਕਰਨ ਦੇ ਇਰਾਦੇ ਨਾਲ ਕਰਵਾਇਆ ਗਿਆ ਸੀ। ਇਨ੍ਹਾਂ ਦੀ ਬਦਲੀ ਹੋਈ ਸ਼ਬਦਾਵਲੀ ਤੋਂ ਇਹ ਸਮਝਣਾ ਔਖਾ ਨਹੀਂ ਕਿ ਆਰ.ਐਸ.ਐਸ. ਵਾਲੇ ਅਪਣੇ ਬੱਚੇ, ਭਾਜਪਾ ਦੀ ਸਰਕਾਰ ਦੇ ਭਵਿੱਖ ਪ੍ਰਤੀ ਚਿੰਤਤ ਹਨ। ਇਹ ਤਾਂ ਸਾਫ਼ ਹੈ ਕਿ ਭਾਜਪਾ ਸਰਕਾਰ ਪ੍ਰਤੀ ਲੋਕਾਂ ਵਿਚ ਰੋਸ ਹੈ। ਲੋਕ ਮਹਿੰਗਾਈ, ਨੋਟਬੰਦੀ, ਜੀ.ਐਸ.ਟੀ. ਤੇ ਬੇਰੁਜ਼ਗਾਰੀ ਤੋਂ ਪ੍ਰੇਸ਼ਾਨ ਹਨ ਪਰ ਇਹ ਸੱਭ ਗੱਲਾਂ ਸ਼ਾਇਦ ਭਾਜਪਾ/ਆਰ.ਐਸ.ਐਸ. ਦੇ ਥਿੰਕ ਟੈਂਕ ਨੂੰ ਨਜ਼ਰ ਨਹੀਂ ਆਉਂਦੀਆਂ।
ਆਰ.ਐਸ.ਐਸ. ਇਕ ਧਾਰਮਕ ਸੰਸਥਾ ਹੈ ਜਿਸ ਨੇ ਅਜੇ ਤਕ ਅਪਣੇ ਆਪ ਨੂੰ ਰਜਿਸਟਰ ਵੀ ਨਹੀਂ ਕਰਵਾਇਆ। ਇਸ ਦੀਆਂ ਸ਼ਾਖ਼ਾਵਾਂ ਵਿਚ ਛੋਟੇ ਛੋਟੇ ਬੱਚਿਆਂ ਨੂੰ ਜੋ ਵੀ ਸਿਖਿਆ ਮਿਲਦੀ ਹੈ, ਉਸ ਦਾ ਅਸਰ ਅਸੀ ਅੱਜ ਜਲੂਸਾਂ ਵਿਚ ਨੰਗੀਆਂ ਤਲਵਾਰਾਂ ਲੈ ਕੇ ਨਚਦੇ ਨਾਬਾਲਗ਼ਾਂ ਵਿਚ ਤਾਂ ਵੇਖਦੇ ਹੀ ਹਾਂ, ਪਰ ਨਾਲ ਹੀ ਉਨ੍ਹਾਂ ਦੀਆਂ ਸ਼ਾਖ਼ਾਵਾਂ ਵਿਚੋਂ ਪੜ੍ਹੇ-ਲਿਖੇ ਸਿਆਸਤਦਾਨਾਂ ਵਲੋਂ, ਧਾਰਮਕ ਨਫ਼ਰਤ ਦੇ ਖੁਲੇਆਮ ਕੀਤੇ ਜਾਂਦੇ ਪ੍ਰਚਾਰ ਵਿਚ ਵੀ ਵੇਖਦੇ ਹਾਂ। ਆਰ.ਐਸ.ਐਸ. ਦੇ ਭਾਜਪਾ ਵਰਗੇ ਹੋਰ ਵੀ ਕਈ ਬੱਚੇ ਹਨ।
ਕੁੱਝ ਮੁਸਲਮਾਨ ਵੀ ਹਨ, ਪਰ ਜੋ ਕਹਿਰ ਬਜਰੰਗ ਦਲ, ਵਿਸ਼ਵ ਹਿੰਦੂ ਪਰਿਸ਼ਦ ਵਰਗੇ ਆਰ.ਐਸ.ਐਸ. ਦੇ ਬੱਚੇ ਢਾਹੁੰਦੇ ਹਨ, ਉਸ ਦਾ ਅਸਰ ਅੱਜ ਸਮਾਜ ਵਿਚ ਵਧੀ ਨਫ਼ਰਤ ਦੇ ਰੂਪ ਵਿਚ ਸਾਹਮਣੇ ਆ ਰਿਹਾ ਵੇਖਿਆ ਜਾ ਸਕਦਾ ਹੈ। 2014 ਤੋਂ ਬਾਅਦ ਗਊ ਰਕਸ਼ਕਾਂ ਤੇ ਫ਼ਿਰਕੂ ਭੀੜਾਂ ਵਲੋਂ ਲਵ ਜੇਹਾਦ ਵਰਗੀਆਂ ਮੁਹਿੰਮਾਂ ਪ੍ਰਚਲਤ ਕੀਤੀਆਂ ਗਈਆਂ। ਅੱਜ ਮੋਹਨ ਭਾਗਵਤ ਆਖਦੇ ਹਨ ਕਿ ਅਜਿਹਾ ਆਗੂ ਚਾਹੀਦਾ ਹੈ ਜੋ ਸਮਾਜਕ ਕ੍ਰਾਂਤੀ ਲਿਆ ਸਕੇ। 2014 ਵਿਚ ਚੌਕੀਦਾਰ, ਦੋ ਕਰੋੜ ਨੌਕਰੀਆਂ ਲੈ ਕੇ ਆਇਆ ਸੀ ਅਤੇ ਅੱਜ ਬੱਚਿਆਂ ਨੂੰ ਪਕੌੜੇ ਵੇਚਣ ਦੀ ਨਸੀਹਤ ਮਿਲਦੀ ਹੈ।
ਜਦੋਂ ਭਾਜਪਾ ਅਤੇ ਆਰ.ਐਸ.ਐਸ., ਵਿਕਾਸ ਦੇ ਏਜੰਡੇ ਤੇ ਹਾਰ ਚੁੱਕੇ ਹਨ ਤਾਂ ਹੁਣ ਉਹ ਧਰਮ ਦਾ ਪੱਤਾ ਖੇਡ ਰਹੇ ਹਨ। ਅਸਲ ਵਿਚ ਇਸ ਸੰਸਥਾ ਵਿਚ ਇਕ ਬੁਨਿਆਦੀ ਕਮਜ਼ੋਰੀ ਹੈ। ਇਹ ਅਪਣਾ ਵਜੂਦ ਅਪਣੇ ਬੀਤੇ ਕਲ 'ਚੋਂ ਲਭਦੇ ਹਨ ਅਤੇ ਅੱਗੇ ਵਧਣ ਦੀ ਬਜਾਏ ਪਿੱਛੇ ਨੂੰ ਚਲਦੇ ਰਹਿੰਦੇ ਹਨ। ਇਨ੍ਹਾਂ ਵਿਚ ਅੱਜ ਦੇ ਹਾਲਾਤ ਨਾਲ ਲੜਨ ਦੀ ਕਾਬਲੀਅਤ ਦੀ ਘਾਟ ਇਨ੍ਹਾਂ ਨੂੰ ਮੁੜ ਕੇ ਪਿੱਛੇ ਵਲ ਝਾਕਣ ਲਈ ਮਜਬੂਰ ਕਰਦੀ ਹੈ। ਵਿਗਿਆਨ ਹੋਵੇ ਜਾਂ ਗਣਿਤ ਹੋਵੇ, ਇਹ ਹਰਦਮ ਪਿਛਲੇ ਇਤਿਹਾਸ ਬਾਰੇ ਹਾਸੋਹੀਣੇ ਦਾਅਵੇ ਕਰ ਕੇ ਅੱਜ ਦੇ ਭਾਰਤ ਨੂੰ ਭਟਕਾ ਰਹੇ ਹੁੰਦੇ ਹਨ।
ਭਾਰਤ ਨੂੰ ਇਹ ਕਹਿ ਕੇ ਅੱਜ ਅੱਛਾ ਅੱਛਾ ਮਹਿਸੂਸ ਕਰਵਾਉਣਾ ਚਾਹੁੰਦੇ ਹਨ ਕਿ ਬੀਤੇ ਵਿਚ ਇਨ੍ਹਾਂ ਕੋਲ ਬਹੁਤ ਵੱਡੇ ਸੂਰਮੇ ਸਨ ਪਰ ਅਸਲ ਵਿਚ ਕੋਈ ਅਜਿਹਾ ਸੂਰਮਾ ਨਹੀਂ ਸੀ ਜੋ ਭਾਰਤ ਨੂੰ ਇਕ ਦੇਸ਼ ਬਣਾ ਸਕਿਆ ਹੋਵੇ। ਅਪਣੇ ਅਪਣੇ 'ਰਾਜ' ਦੀ ਰਾਖੀ ਲਈ ਇਕਜੁਟ ਹੋਣ ਦਾ ਇਤਿਹਾਸ, ਰਾਜਾਂ ਦਾ ਇਤਿਹਾਸ ਹੋ ਸਕਦਾ ਹੈ, ਭਾਰਤ ਦਾ ਨਹੀਂ।
ਭਾਰਤ ਦਾ ਭਵਿੱਖ ਭਾਰਤ ਦੇ ਸੰਵਿਧਾਨ ਵਿਚ ਹੈ ਜੋ ਅੱਡ ਅੱਡ ਸਭਿਆਚਾਰਾਂ ਨੂੰ ਇਕ ਧਾਗੇ ਵਿਚ ਪਰੋਣਾ ਚਾਹੁੰਦਾ ਹੈ। ਪਰ ਆਰ.ਐਸ.ਐਸ. ਦੀ ਸੋਚ ਸੰਵਿਧਾਨ ਦੇ ਉਲਟ ਜਾਣ ਵਾਲੀ ਸੋਚ ਹੈ। ਸਾਨੂੰ ਉਹ ਆਗੂ ਚਾਹੀਦੇ ਹਨ ਜੋ ਸੰਵਿਧਾਨ ਦੇ ਝੰਡੇ ਹੇਠ ਤੇ ਇਸ ਦੇ ਆਸ਼ਿਆਂ ਨੂੰ ਸਾਹਮਣੇ ਰੱਖ ਕੇ, ਸਾਡੇ ਕਲ ਨੂੰ ਸੰਵਾਰਨ ਦੀ ਸੂਝ ਰਖਦੇ ਹੋਣ। -ਨਿਮਰਤ ਕੌਰ