ਮੁਸਲਮਾਨ ਔਰਤਾਂ ਨੂੰ ਇਨਸਾਫ਼ ਦਿਵਾਉਣ ਲਈ ਲੜਨ ਵਾਲੇ, ਅੱਜ ਹਿੰਦੂ ਔਰਤਾਂ ਨੂੰ 'ਅਪਵਿੱਤਰ' ਕਰਾਰ ਦੇਣ...

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਮੁਸਲਮਾਨ ਔਰਤਾਂ ਨੂੰ ਇਨਸਾਫ਼ ਦਿਵਾਉਣ ਲਈ ਲੜਨ ਵਾਲੇ, ਅੱਜ ਹਿੰਦੂ ਔਰਤਾਂ ਨੂੰ 'ਅਪਵਿੱਤਰ' ਕਰਾਰ ਦੇਣ ਲਈ ਕਿਉਂ ਲੜ ਰਹੇ ਹਨ? (2)

Sabarimala Temple

ਹੁਣ ਇਲਾਹਾਬਾਦ ਦਾ ਨਾਂ ਬਦਲ ਦਿਤਾ ਗਿਆ ਹੈ। ਕਿਉਂ? ਇਲਾਹਾਬਾਦ ਨਾਂ ਅਕਬਰ ਨੇ ਰਖਿਆ ਸੀ ਜਿਸ ਦਾ ਮਤਲਬ ਹੈ, ਸਾਰੇ ਧਰਮਾਂ ਦੇ ਰੱਬਾਂ ਦਾ ਸ਼ਹਿਰ। ਜਿਹੜਾ ਨਾਂ ਸੱਭ ਧਰਮਾਂ ਨੂੰ ਅਪਣਾਉਂਦਾ ਹੈ, ਉਸ ਨੂੰ ਹਟਾ ਕੇ ਸਿਰਫ਼ ਹਿੰਦੂ ਧਰਮ ਨਾਲ ਜੋੜ ਦਿਤਾ ਹੈ। ਅਕਬਰ ਨੇ ਦੇਸ਼ ਬਣਾਇਆ ਸੀ ਪਰ ਇਹ ਉਨ੍ਹਾਂ ਰਾਜਿਆਂ ਨੂੰ ਚੁਕਦੇ ਹਨ ਜੋ ਸਿਰਫ਼ ਅਪਣੀ ਜਾਤ ਕੁਲ ਦੀ ਬਹਾਦਰੀ ਦੱਸਣ ਲਈ ਲੜਦੇ ਸਨ। ਸਾਂਝੀ ਸੋਚ ਦੀ ਭਾਵਨਾ ਤਾਂ ਮੁਗਲ ਰਾਜ ਵਿਚ ਆਈ ਸੀ। ਪਰ ਇਤਿਹਾਸ ਨਾਲ ਖਿਲਵਾੜ ਕਰ ਕੇ ਮੁਸਲਮਾਨਾਂ ਨੂੰ ਦੁਸ਼ਮਣ ਕਰਾਰ ਦਿਤਾ ਜਾ ਰਿਹਾ ਹੈ। 

ਅੱਜ ਜਿਹੜੀ ਸਿਆਸੀ ਪਾਰਟੀ ਔਰਤਾਂ ਨੂੰ ਅਪਵਿੱਤਰ ਕਹਿਣ ਲਈ ਕੇਰਲ 'ਚ ਸੱਭ ਤੋਂ ਅੱਗੇ ਖੜੀ ਹੈ, ਉਹੀ ਪਾਰਟੀ ਔਰਤਾਂ ਦੇ ਹੱਕਾਂ ਦੀ ਲੜਾਈ ਦਾ ਨਾਂ ਲੈ ਕੇ ਮੁਸਲਮਾਨ ਔਰਤਾਂ ਨੂੰ ਤਿੰਨ ਤਲਾਕ ਅਤੇ ਹਲਾਲਾ ਤੋਂ ਆਜ਼ਾਦੀ ਦੇਣ ਵਿਚ ਅੱਗੇ ਅੱਗੇ ਸੀ। ਜਿਸ ਪ੍ਰਥਾ ਨੂੰ ਮੁਸਲਮਾਨ ਧਰਮ ਮੰਨਦਾ ਸੀ, ਉਸ ਨੂੰ ਗ਼ਲਤ ਕਹਿ ਕੇ ਤੇ ਮੁਸਲਮਾਨ ਔਰਤਾਂ ਦੀ ਲੜਾਈ ਬਣਾ ਕੇ, ਸਰਕਾਰ ਨੇ ਅਪਣੀ ਔਰਤਾਂ ਪ੍ਰਤੀ ਜ਼ਿੰਮੇਵਾਰੀ ਆਖ ਕੇ ਮੁਸਲਮਾਨ ਔਰਤਾਂ ਵਾਸਤੇ ਕਾਨੂੰਨ ਵੀ ਬਣਾ ਧਰਿਆ। ਬਾਕੀ ਔਰਤਾਂ ਦੇ ਮਨਾਂ ਵਿਚ ਉਸ ਵੇਲੇ ਈਰਖਾ ਸੀ ਕਿ ਸਾਡੀ ਕਿਉਂ ਨਹੀਂ ਸੁਣੀ ਜਾ ਰਹੀ, ਸਿਰਫ਼ ਮੁਸਲਮਾਨ ਔਰਤਾਂ ਦੀ ਹੀ ਕਿਉਂ?

ਜਵਾਬ ਅੱਜ ਮਿਲ ਗਿਆ ਹੈ। ਅਸਲ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਔਰਤਾਂ ਦੇ ਹੱਕ ਵਿਚ ਨਹੀਂ ਸਗੋਂ ਔਰਤਾਂ ਦੇ ਅਧਿਕਾਰਾਂ ਦੇ ਨਾਂ ਤੇ ਮੁਸਲਮਾਨ ਧਰਮ ਉਤੇ ਵਾਰ ਕਰ ਰਹੀ ਸੀ। ਮੁਸਲਮਾਨ ਧਰਮ ਦੇ ਜਿਹੜੇ ਠੇਕੇਦਾਰ ਸਨ, ਉਹ ਉਸੇ ਤਰ੍ਹਾਂ ਚੀਕ ਰਹੇ ਸਨ ਕਿ ਸਾਡੇ ਧਰਮ ਵਿਚ ਦਖ਼ਲਅੰਦਾਜ਼ੀ ਨਾ ਕਰੋ, ਜਿਸ ਤਰ੍ਹਾਂ ਅੱਜ ਹਿੰਦੂ ਧਰਮ ਦੇ ਠੇਕੇਦਾਰ ਤੜਪ ਰਹੇ ਹਨ। ਇਸ ਦਾ ਮਤਲਬ ਇਹ ਨਹੀਂ ਕਿ ਔਰਤਾਂ ਦਾ ਮੁੱਦਾ ਗ਼ਲਤ ਹੈ ਪਰ ਇਸ ਤੋਂ ਇਹ ਜ਼ਰੂਰ ਸਪੱਸ਼ਟ ਹੋ ਗਿਆ ਕਿ ਭਾਜਪਾ ਨੂੰ ਔਰਤਾਂ ਦੇ ਕਿਸੇ ਅਧਿਕਾਰ ਨਾਲ ਕੋਈ ਹਮਦਰਦੀ ਨਹੀਂ। ਇਹ ਸਿਰਫ਼ ਅਤੇ ਸਿਰਫ਼ ਸਿਆਸਤ ਸੀ।

ਜਦੋਂ ਉਨ੍ਹਾਂ ਦੇ ਅਪਣੇ ਮੰਤਰੀ ਬਲਾਤਕਾਰੀਆਂ ਦੀ ਹਮਾਇਤ ਕਰਦੇ ਹਨ, ਜਦੋਂ ਉਨ੍ਹਾਂ ਦੇ ਅਪਣੇ ਇਕ ਮੰਤਰੀ ਉਤੇ 31 ਔਰਤਾਂ ਸ਼ੋਸ਼ਣ ਦਾ ਇਲਜ਼ਾਮ ਲਾ ਰਹੀਆਂ ਹਨ ਅਤੇ ਇਸ ਤਰ੍ਹਾਂ ਦੇ ਮੰਤਰੀਆਂ ਨੂੰ ਪਾਰਟੀ 'ਚੋਂ ਬੇਦਖ਼ਲ ਨਹੀਂ ਕੀਤਾ ਜਾਂਦਾ ਤਾਂ ਸਾਫ਼ ਹੈ ਕਿ 'ਬੇਟੀ ਬਚਾਉ' ਸਿਰਫ਼ ਇਕ ਜੁਮਲਾ ਹੀ ਹੈ, ਹੋਰ ਕੁੱਝ ਨਹੀਂ। ਦੂਜਾ ਪੱਖ ਇਹ ਵੀ ਸਾਹਮਣੇ ਆਉਂਦਾ ਹੈ ਕਿ ਜੇ ਉਹ ਔਰਤਾਂ ਦੀ ਇਕ ਅਜਿਹੀ ਫ਼ੌਜ ਤਿਆਰ ਕਰ ਸਕਦੇ ਹਨ ਜੋ ਚੀਕ-ਚੀਕ ਕੇ ਆਖਦੀ ਹੈ ਕਿ ਅਸੀ ਆਪ ਅਪਵਿੱਤਰ ਹਾਂ, ਤਾਂ ਫਿਰ ਇਕ ਅਜਿਹੀ ਫ਼ੌਜ ਤਿਆਰ ਕਰਨੀ ਵੀ ਮੁਸ਼ਕਲ ਨਹੀਂ ਜੋ ਮੁਸਲਮਾਨੀ ਧਰਮ ਨੂੰ ਦੇਸ਼ ਦਾ ਦੁਸ਼ਮਣ ਆਖ ਦੇਵੇ।

ਪਾਕਿਸਤਾਨ ਨਾਲ ਲੜਾਈ ਉਸੇ ਤਰ੍ਹਾਂ ਚਲ ਰਹੀ ਹੈ ਜਿਸ ਤਰ੍ਹਾਂ ਹਮੇਸ਼ਾ ਤੋਂ ਚਲਦੀ ਆ ਰਹੀ ਸੀ ਪਰ ਅੱਜ ਮਨਾਂ ਅੰਦਰ ਡਰ ਜ਼ਿਆਦਾ ਹੈ। ਉਸ ਡਰ ਨੂੰ ਮੁਸਲਮਾਨ ਧਰਮ ਨਾਲ ਜੋੜਿਆ ਜਾ ਰਿਹਾ ਹੈ ਅਤੇ ਉਸ ਦਾ ਅਸਰ ਭਾਰਤ ਦੇ ਮੁਸਲਮਾਨਾਂ ਉਤੇ ਪੈ ਰਿਹਾ ਹੈ। ਹੁਣ ਇਲਾਹਾਬਾਦ ਦਾ ਨਾਂ ਬਦਲ ਦਿਤਾ ਗਿਆ ਹੈ। ਕਿਉਂ? ਇਲਾਹਾਬਾਦ ਨਾਂ ਅਕਬਰ ਨੇ ਰਖਿਆ ਸੀ ਜਿਸ ਦਾ ਮਤਲਬ ਹੈ, ਸਾਰੇ ਧਰਮਾਂ ਦੇ ਰੱਬਾਂ ਦਾ ਸ਼ਹਿਰ। ਜਿਹੜਾ ਨਾਂ ਸੱਭ ਧਰਮਾਂ ਨੂੰ ਅਪਣਾਉਂਦਾ ਹੈ, ਉਸ ਨੂੰ ਹਟਾ ਕੇ ਸਿਰਫ਼ ਹਿੰਦੂ ਧਰਮ ਨਾਲ ਜੋੜ ਦਿਤਾ ਹੈ।

ਅਕਬਰ ਨੇ ਦੇਸ਼ ਬਣਾਇਆ ਸੀ ਪਰ ਇਹ ਉਨ੍ਹਾਂ ਰਾਜਿਆਂ ਨੂੰ ਚੁਕਦੇ ਹਨ ਜੋ ਸਿਰਫ਼ ਅਪਣੀ ਜਾਤ ਕੁਲ ਦੀ ਸਰਦਾਰੀ ਸਥਾਪਤ ਕਰਨ ਲਈ ਲੜਦੇ ਸਨ। ਸਾਂਝੀ ਸੋਚ ਦੀ ਭਾਵਨਾ ਤਾਂ ਮੁਗਲ ਰਾਜ ਵਿਚ ਆਈ ਸੀ। ਪਰ ਇਤਿਹਾਸ ਨਾਲ ਖਿਲਵਾੜ ਕਰ ਕੇ ਮੁਸਲਮਾਨਾਂ ਨੂੰ ਦੁਸ਼ਮਣ ਕਰਾਰ ਦਿਤਾ ਜਾ ਰਿਹਾ ਹੈ। ਕੀ ਸੱਤਾਧਾਰੀ ਪਾਰਟੀ ਮੁਸਲਮਾਨਾਂ ਨਾਲ ਨਫ਼ਰਤ ਕਰਦੀ ਹੈ? ਸ਼ਾਇਦ ਨਹੀਂ। ਇਹ ਸਿਰਫ਼ ਇਕ ਚੋਣ-ਰਣਨੀਤੀ ਹੈ। 2014 ਵਿਚ ਵੀ ਇਹੀ ਰਣਨੀਤੀ ਸੀ ਇਸ ਪਾਰਟੀ ਵਲੋਂ ਜਿੱਤ ਪ੍ਰਾਪਤ ਕਰਨ ਦੀ ਅਤੇ ਜਦੋਂ ਅੱਜ ਪਾਰਟੀ ਵਿਕਾਸ, ਭ੍ਰਿਸ਼ਟਾਚਾਰ ਦੇ ਮੁੱਦੇ ਤੇ ਘਬਰਾਈ ਹੋਈ ਉਹ ਅਪਣਾ 'ਪਲਾਨ ਬੀ' ਯਾਨੀ ਕਿ ਛੁਪਿਆ ਏਜੰਡਾ ਕੱਢ ਰਹੀ ਹੈ।

ਵਾਜਪਾਈ ਨੇ ਐਨ.ਡੀ.ਏ.-1 ਵਿਚ ਇਹ ਤਰਕੀਬ ਨਹੀਂ ਵਰਤੀ ਸੀ ਜਿਸ ਕਾਰਨ ਉਹ ਹਾਰ ਗਏ ਸਨ। ਸੋ ਪਾਰਟੀ ਨੇ, ਲਗਦਾ ਹੈ ਕਿ ਪੂਰੀ ਤਿਆਰੀ ਕਰ ਲਈ ਹੈ ਕਿ ਇਸ ਵਾਰ ਚੋਣ ਜਿੱਤਣ ਵਾਸਤੇ ਮੁਸਲਮਾਨਾਂ ਦੀ ਬਲੀ ਦੇਣੀ ਹੀ ਦੇਣੀ ਹੈ। ਆਈ.ਐਸ.ਆਈ. ਦੀ ਭਾਰਤ ਭਰ ਵਿਚ ਘੁੰਮਦੇ ਫਿਰਨ ਦੀ ਗੱਲ ਕਿੰਨੀ ਕੁ ਸਹੀ ਹੈ, ਇਹ ਤਾਂ ਖ਼ੁਫ਼ੀਆ ਏਜੰਸੀਆਂ ਹੀ ਜਾਣਦੀਆਂ ਹਨ ਪਰ ਜਦੋਂ ਕਸ਼ਮੀਰ ਵਿਚੋਂ ਭਾਰਤ ਦੇ ਦੂਜੇ ਸੂਬਿਆਂ ਵਿਚ ਪੜ੍ਹਨ ਆਏ ਕਸ਼ਮੀਰੀ ਵਿਦਿਆਰਥੀਆਂ ਨੂੰ  ਅਤਿਵਾਦੀ ਕਹਿ ਕੇ ਫੜ ਲਿਆ ਜਾਂਦਾ ਹੈ ਤਾਂ ਸਵਾਲ ਜ਼ਰੂਰ ਉਠਦਾ ਹੈ ਕਿ ਕੀ ਇਹ ਸੱਚ ਹੈ ਜਾਂ ਇਹ ਨੌਜਵਾਨ ਇਸ ਸਿਆਸੀ ਖੇਡ ਦੇ ਮੋਹਰੇ ਬਣਾਏ ਜਾ ਰਹੇ ਹਨ?

ਸੱਤਾ ਹਾਸਲ ਕਰਨ ਦੀ ਖੇਡ ਵਿਚ ਘੱਟਗਿਣਤੀ ਔਰਤਾਂ ਤੇ ਮਨੁੱਖੀ ਅਧਿਕਾਰਾਂ ਨੂੰ ਪੈਰਾਂ ਹੇਠ ਰੋਲਣ ਦਾ ਸਿਲਸਿਲਾ ਅਜੇ 2019 ਤਕ ਚਲਦਾ ਹੀ ਰਹੇਗਾ। ਜਦੋਂ ਚੋਣਾਂ ਇਸ 'ਵਿਉਂਤ' ਨਾਲ ਜਿੱਤ ਲਈਆਂ ਤਾਂ ਫਿਰ ਪਾਰਟੀਆਂ ਤਾਂ ਅਪਣੇ ਕੰਮਾਂ ਵਿਚ ਰੁਝ ਜਾਣਗੀਆਂ ਪਰ ਕੀ ਇਹ ਫ਼ਿਰਕੂ ਫ਼ੌਜਾਂ ਵੀ ਰੁਕ ਜਾਣਗੀਆਂ ਜਾਂ ਸਮਾਜ ਵਿਚ ਨਫ਼ਰਤ ਦਾ ਜ਼ਹਿਰ ਫੈਲਾਉਂਦੀਆਂ ਰਹਿਣਗੀਆਂ?  -ਨਿਮਰਤ ਕੌਰ