SYL ਨਹਿਰ ਬਾਰੇ ਭਗਵੰਤ ਮਾਨ ਦਾ ਸਟੈਂਡ ਠੀਕ ਪਰ ਪੰਜਾਬ ਦੇ ਪ੍ਰਤੀਨਿਧ ਹੋ ਕੇ ਵੀ ਸੰਦੀਪ ਪਾਠਕ......

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਅੱਜ ਵੀ ਪਾਣੀ ਦੇ ਡਿਗਦੇ ਪਧਰ ਕਾਰਨ, ਪੰਜਾਬ ਦੇ ਲੋਕ ਅਨੇਕਾਂ ਬੀਮਾਰੀਆਂ ਨਾਲ ਜੂਝ ਰਹੇ ਹਨ

Sandeep Pathak, Sunil Jakhar, Cm Bhagwant Mann

ਪੰਜਾਬ ਦੇ ਸਿਆਸੀ ਆਗੂ, ਇਕ ਦੂਜੇ ਨੂੰ ਨੀਵਾਂ ਵਿਖਾਉਣ ਵਾਸਤੇ ਜਿਸ ਤਰ੍ਹਾਂ ਦੇ ਬਿਆਨ ਦੇ ਰਹੇ ਹਨ, ਸੱਚ ਪੁੱਛੋ ਤਾਂ ਉਨ੍ਹਾਂ ਨਾਲ ਉਹ ਅਪਣੇ ਆਪ ਨੂੰ ਹੀ ਬੇਨਕਾਬ ਕਰ ਰਹੇ ਹਨ। ਸੁਨੀਲ ਜਾਖੜ ਜੀ ਨੇ ਅੱਜ ਸੋਸ਼ਲ ਮੀਡੀਆ ’ਤੇ ਇਕ ਸੁਨੇਹਾ ਦਿੰਦੇ ਹੋਏ ਆਪ ਦੇ ਐਮਪੀ ਸੰਦੀਪ ਪਾਠਕ ਨੂੰ ਸਵਾਲ ਕੀਤਾ ਹੈ ਕਿ ਜਦ ਪੰਜਾਬ ਦੇ ਪਾਣੀਆਂ ਚੋਂ ਹਰਿਆਣੇ ਨੂੰ ਜਾਂਦਾ ਹਿੱਸਾ ਪਹਿਲਾਂ ਹੀ ਵਾਧੂ ਹੈ, (ਪੰਜਾਬ 12.24 ਐਮਏਐਫ਼ ਤੇ ਹਰਿਆਣਾ 13.30 ਐਮਏਐਫ਼) ਤਾਂ ਫਿਰ ਪੰਜਾਬ ਤੋਂ ਹੋਰ ਪਾਣੀ ਕਿਵੇਂ ਮੰਗਿਆ ਜਾ ਰਿਹਾ ਹੈ?

ਜਾਖੜ ਜੀ ਦਾ ਇਹ ਸਵਾਲ ਸਿਰਫ਼ ਪਾਣੀਆਂ ਦੀ ਵੰਡ ਤਕ ਸੀਮਤ ਨਹੀਂ ਬਲਕਿ ਉਹ ਐਮ.ਪੀ. ਸੰਦੀਪ ਪਾਠਕ ਦੀ ਪੰਜਾਬ ਦੇ ਐਮ.ਪੀ. ਦੀ ਸੀਟ ਪ੍ਰਤੀ ਜ਼ਿੰਮੇਵਾਰੀ ਵੀ ਅਪਣੇ ਉਪਰ ਲੈਂਦੇ ਹਨ। ਪਰ ਨਾਲ ਨਾਲ ਜਾਖੜ ਸਾਹਿਬ ਆਪ ਵੀ ਕਟਹਿਰੇ ਵਿਚ ਖੜੇ ਹੁੰਦੇ ਹਨ ਕਿਉਂਕਿ ਪਾਣੀ ਦੀ ਵੰਡ, ‘ਆਪ’ ਵਾਲਿਆਂ ਨੇ ਨਹੀਂ ਸੀ ਕੀਤੀ ਬਲਕਿ ਕਾਂਗਰਸ ਤੇ ਅਕਾਲੀ ਦਲ ਨੇ ਕੀਤੀ ਸੀ ਤੇ ਇਸ ਦੀ ਰਾਖੀ ਵੀ ਕੀਤੀ।

ਹਾਂ, ਐਸ.ਵਾਈ.ਐਲ. ਦੇ ਆਖ਼ਰੀ ਪੜਾਅ ਦੇ ਬਣਨ ਤੇ ਪਾਣੀਆਂ ਦੇ ਰਾਖੇ ਅਖਵਾਉਣ ਵਾਲੇ ਕੈਪਟਨ ਅਮਰਿੰਦਰ ਦੀ ਰੀਸ ਵਿਚ ਸਾਰੇ ਸਿਆਸਤਦਾਨ ਲੱਗ ਜਾਂਦੇ ਹਨ ਪਰ ਅੱਜ ਤਕ ਕਿਸੇ ਨੇ ਇਹ ਆਵਾਜ਼ ਨਹੀਂ ਚੁਕੀ ਕਿ ਜਿਹੜਾ ਵਾਧੂ ਪਾਣੀ ਪੰਜਾਬ ਤੋਂ ਜਾ ਰਿਹਾ ਹੈ, ਉਸ ਦਾ ਪੰਜਾਬ ਦੇ ਲੋਕਾਂ ਨੂੰ ਖ਼ਮਿਆਜ਼ਾ ਕਿੰਨਾ ਭੁਗਤਣਾ ਪੈ ਰਿਹਾ ਹੈ।

ਪੰਜਾਬ ਤੇ ਹਰਿਆਣਾ ਵਿਚ ਇਸ ਪਾਣੀ ਸਦਕਾ ਹਰੀ ਕ੍ਰਾਂਤੀ ਸ਼ੁਰੂ ਕੀਤੀ ਗਈ ਪਰ ਇਸ ਪਾਣੀ ਨੂੰ ਵੰਡ ਕੇ ਨੀਤੀਕਾਰਾਂ ਨੇ ਪੰਜਾਬ ਤੇ ਹਰਿਆਣਾ ਦੀ ਧਰਤੀ ਨਾਲ ਧੋਖਾ ਕੀਤਾ ਹੈ। ਜੇ ਇਹ ਪਾਣੀ ਪੰਜਾਬ ਵਿਚ ਰਹਿੰਦਾ ਤਾਂ ਹਰੀ ਕ੍ਰਾਂਤੀ ਵੀ ਇਥੇ ਹੀ ਸੀਮਤ ਰਹਿੰਦੀ। ਪਰ ਫਿਰ ਦੇਸ਼ ਨੂੰ ਚਾਵਲ ਤੇ ਕਣਕ ਘੱਟ ਪੈ ਜਾਣੇ ਸਨ। ਇਸ ਤਰ੍ਹਾਂ ਵੰਡ ਕੇ ਨੀਤੀਕਾਰਾਂ ਨੇ ਦੇਸ਼ ਨੂੰ ਬਚਾ ਲਿਆ ਪਰ ਪੰਜਾਬ ਤੇ ਹਰਿਆਣਾ ਦੇ ਪਾਣੀ ਦਾ ਜ਼ਮੀਨੀ ਪਧਰ ਏਨਾ ਨੀਵਾਂ ਹੋ ਗਿਆ ਹੈ ਕਿ ਆਉਣ ਵਾਲੇ ਸਾਲਾਂ ਵਿਚ ਪੰਜਾਬ ਦੇ ਕਈ ਇਲਾਕਿਆਂ ਵਿਚ ਸੋਕਾ ਪੈ ਸਕਦਾ ਹੈ।

ਪਰ ਅੱਜ ਵੀ ਪਾਣੀ ਦੇ ਡਿਗਦੇ ਪਧਰ ਕਾਰਨ, ਪੰਜਾਬ ਦੇ ਲੋਕ ਅਨੇਕਾਂ ਬੀਮਾਰੀਆਂ ਨਾਲ ਜੂਝ ਰਹੇ ਹਨ। ਜ਼ਮੀਨ ਦੀ ਗਹਿਰਾਈ ’ਚੋਂ ਪਾਣੀ ਪੀਣ ਕਾਰਨ ਪੰਜਾਬ ਵਿਚ ਕੈਂਸਰ ਵੱਧ ਗਿਆ ਹੈ। ਚਮੜੀ ਦੀਆਂ, ਅੱਖਾਂ ਦੀਆਂ ਬੀਮਾਰੀਆਂ ਵੱਧ ਗਈਆਂ ਹਨ। ਦੂਜਾ ਕਿਸਾਨ ਅਪਣੀ ਫ਼ਸਲ ਦਾ ਖ਼ਰਚਾ ਵੀ ਨਹੀਂ ਵਸੂਲ ਕਰ ਸਕਦਾ ਤੇ ਉਹ ਇਸ ਗਧੀਗੇੜ ਵਿਚ ਫਸੇ ਖ਼ੁਦਕੁਸ਼ੀਆਂ ਕਰਨ ਨੂੰ ਮਜਬੂਰ ਹੋ ਜਾਂਦੇ ਹਨ।

ਅੱਜ ਨਿਤਿਨ ਗਡਕਰੀ ਜੀ ਦਰਬਾਰ ਸਾਹਿਬ ਆਏ ਤੇ ਸਹੀ ਗੱਲ ਆਖ ਗਏ ਕਿ ਐਸ.ਵਾਈ.ਐਲ. ਦਾ ਮੁੱਦਾ ਚੋਣਾਂ ਨੇੜੇ ਹੀ ਉਠਦਾ ਹੈ। ਸਾਡੇ ਸਿਆਸਤਦਾਨਾਂ ਦੀ ਪ੍ਰੰਪਰਾ ਇਹੀ ਰਹੀ ਹੈ ਕਿ ਸਾਰੀਆਂ ਪਾਰਟੀਆਂ ਦੇ ਮੁਖੀ ਇਸ ਮੁੱਦੇ ਨੂੰ ਵੋਟਰਾਂ ਨੂੰ ਭਾਵੁਕ ਕਰਨ ਵਾਸਤੇ ਇਸਤੇਮਾਲ ਕਰਦੇ ਰਹੇ ਹਨ। ਪੰਜਾਬ ਕਾਂਗਰਸ ਅਪਣੇ ਆਪ ਨੂੰ ਪਾਣੀਆਂ ਦਾ ਰਾਖਾ ਅਖਵਾਉਂਦੀ ਰਹੀ ਪਰ ਸਮਝੌਤਾ ਤਾਂ ਉਨ੍ਹਾਂ ਨੇ ਹੀ ਕਰਵਾਇਆ ਸੀ। 

ਅਕਾਲੀ ਦਲ ਤਾਂ ਆਪ ਐਸ.ਵਾਈ.ਐਲ ਵਾਸਤੇ ਜ਼ਮੀਨ ਤਿਆਰ ਕਰਨ ਵਾਲੀ ਪਾਰਟੀ ਸੀ। ਦੋਵੇਂ ਕਾਂਗਰਸ ਤੇ ਅਕਾਲੀ ਕਦੇ ਕੇਂਦਰ ਕੋਲ ਪੰਜਾਬ ਨਾਲ ਹੋ ਰਹੀ ਬਰਬਾਦੀ ਰੋਕਣ ਵਾਸਤੇ ਨਹੀਂ ਗਏ ਸਗੋਂ ਮੰਨਿਆ ਜਾਂਦਾ ਹੈ ਕਿ ਬਾਦਲ ਪ੍ਰਵਾਰ ਨੂੰ ਹਰਿਆਣੇ ਵਿਚ ਹੋਟਲ ਦੀ ਥਾਂ ਐਸ.ਵਾਈ.ਐਲ. ਵਾਸਤੇ ਜ਼ਮੀਨ ਦੇਣ ਬਦਲੇ ਸਸਤੇ ਭਾਅ ’ਤੇ ਦਿਵਾਈ ਗਈ ਸੀ।

ਪਰ ਜਿਥੇ ਭਗਵੰਤ ਮਾਨ ਪੰਜਾਬ ਦੇ ਹੱਕ ਦੀ ਗੱਲ ਕਰ ਰਹੇ ਹਨ, ਖ਼ਾਸ ਸੈਸ਼ਨ ਰੱਖ ਰਹੇ ਹਨ, ਰਵਾਇਤੀ ਸਿਆਸਤਦਾਨਾਂ ਨੂੰ ਚੁਨੌਤੀ ਦੇ ਰਹੇ ਹਨ, ਉਥੇ ਉਨ੍ਹਾਂ ਕੋਲੋਂ ਪੰਜਾਬ ਤੋਂ ਹੀ ਰਾਜ ਸਭਾ ਦੀ ਸੀਟ ਲੈਣ ਵਾਲੇ ਆਪ ਸਾਂਸਦ ਸੰਦੀਪ ਪਾਠਕ ਵਲੋਂ ਪੰਜਾਬ ਦੇ ਹੱਕਾਂ ਦੇ ਉਲਟ ਜਾਣ ਵਾਲਾ ਬਿਆਨ ਜਚਦਾ ਨਹੀਂ। ਹਰਿਆਣੇ ਦੇ ਆਗੂ ਜੋ ਵੀ ਕਹਿ ਲੈਣ, ਪੰਜਾਬ ਦੇ ਪ੍ਰਤੀਨਿਧ ਵਲੋਂ ਕੀਤੀ ਗਈ ਅਜਿਹੀ ਗੱਲ ਬਰਦਾਸ਼ਤ ਨਹੀਂ ਹੋ ਸਕਦੀ।                              - ਨਿਮਰਤ ਕੌਰ