ਸੱਜਣ ਕੁਮਾਰ ਪ੍ਰਤੀ ਅਜੇ ਵੀ ਕਾਂਗਰਸੀ ਗੋਲ ਮੋਲ ਗੱਲ ਹੀ ਕਰਦੇ ਹਨ ਜਾਂ ਚੁੱਪੀ ਧਾਰਨ ਕਰ ਲੈਂਦੇ ਹਨ
ਸੱਜਣ ਕੁਮਾਰ ਨੇ 34 ਸਾਲ ਬਾਅਦ ਆਖ਼ਰ ਕਾਂਗਰਸ ਨੂੰ ਛੱਡ ਦਿਤਾ ਹੈ.......
ਸੱਜਣ ਕੁਮਾਰ ਨੇ 34 ਸਾਲ ਬਾਅਦ ਆਖ਼ਰ ਕਾਂਗਰਸ ਨੂੰ ਛੱਡ ਦਿਤਾ ਹੈ। ਉਸ ਵਲੋਂ ਚੁਕਿਆ ਗਿਆ ਇਹ ਕਦਮ ਦਰਸਾਉਂਦਾ ਹੈ ਕਿ ਕਾਂਗਰਸ ਨੂੰ ਅੱਜ ਵੀ ਅਪਣੇ ਕੀਤੇ ਦਾ ਕੋਈ ਪਛਤਾਵਾ ਨਹੀਂ। ਇਹ ਠੀਕ ਹੈ ਕਿ ਡਾ. ਮਨਮੋਹਨ ਸਿੰਘ ਨੇ ਹੀ ਜਗਦੀਸ਼ ਕੌਰ ਦੀ ਗਵਾਹੀ ਸੀ.ਬੀ.ਆਈ. ਨੂੰ ਸੌਂਪੀ ਸੀ ਅਤੇ ਇਸ ਮਰੀ ਹੋਈ ਜਾਂਚ ਨੂੰ ਮੁੜ ਤੋਂ ਸ਼ੁਰੂ ਕਰਵਾਇਆ ਸੀ। ਅੱਜ ਕਮਲ ਨਾਥ ਨੂੰ ਕਾਂਗਰਸੀ ਭਾਈ, ਦੋਸ਼ੀ ਨਾ ਵੀ ਮੰਨਣ ਪਰ ਸੱਜਣ ਕੁਮਾਰ ਬਾਰੇ ਤਾਂ ਕਿਸੇ ਨੂੰ ਕੋਈ ਸ਼ੱਕ ਹੀ ਨਹੀਂ ਸੀ।
ਫਿਰ ਅਦਾਲਤ ਦੇ ਫ਼ੈਸਲੇ ਤੋਂ ਬਾਅਦ ਵੀ ਉਸ ਨੂੰ ਪਾਰਟੀ 'ਚੋਂ ਕਢਿਆ ਨਹੀਂ ਗਿਆ। ਸੱਜਣ ਕੁਮਾਰ ਨੂੰ ਇਸ ਤਰ੍ਹਾਂ ਦਾ ਸਤਿਕਾਰ ਕਿਉਂ ਬਖ਼ਸ਼ਿਆ ਗਿਆ ਕਿ ਉਸ ਦੇ ਅਸਤੀਫ਼ੇ ਦੀ ਉਡੀਕ ਕੀਤੀ ਗਈ? ਅੱਜ ਭਾਜਪਾ, ਅਕਾਲੀ ਦਲ ਕੁੱਝ ਵੀ ਕਹਿ ਲੈਣ, ਉਹ ਵੀ ਅਪਣੇ ਆਗੂਆਂ ਵਿਰੁਧ ਲੱਗੇ ਇਲਜ਼ਾਮਾਂ ਬਾਰੇ ਅਦਾਲਤੀ ਠੱਪੇ ਤੋਂ ਬਾਅਦ ਹੀ ਕੁੱਝ ਕਹਿਣਗੇ। ਇਸੇ ਕਰ ਕੇ ਸੀ.ਬੀ.ਆਈ. ਨੂੰ ਇਕ ਸਿਆਸੀ ਤੋਤਾ ਬਣਾ ਦਿਤਾ ਗਿਆ ਹੈ।
ਅਫ਼ਸੋਸ ਕਿ ਸਾਡੇ ਸਿਆਸਤਦਾਨ ਤਕਰੀਬਨ ਸਾਰੇ ਹੀ ਖ਼ੂਨ ਦੇ ਧੱਬਿਆਂ ਨਾਲ ਦਾਗ਼ੀ ਹਨ ਅਤੇ ਹੁਣ ਉਹ ਖ਼ੂਨਰੇਜ਼ੀ ਨੂੰ ਅਪਣੇ ਕੰਮ ਦਾ ਹਿੱਸਾ ਹੀ ਮੰਨਣ ਲੱਗ ਪਏ ਹਨ। ਇਹ ਲੋਕ ਭਾਰਤੀ ਕਾਨੂੰਨ ਵਿਚ ਕਦੇ ਨਸਲਕੁਸ਼ੀ ਨੂੰ ਅਪਰਾਧ ਨਹੀਂ ਬਣਨ ਦੇਣਗੇ ਕਿਉਂਕਿ ਇਨ੍ਹਾਂ ਦੀਆਂ ਸਿਆਸੀ ਦੁਕਾਨਾਂ ਨਫ਼ਰਤ ਅਤੇ ਖ਼ੂਨ ਦੀ ਹੋਲੀ ਦੇ ਸਿਰ ਤੇ ਹੀ ਤਾਂ ਚਲਦੀਆਂ ਹਨ। -ਨਿਮਰਤ ਕੌਰ