ਅਕਾਲੀ ਦਲ ਨੂੰ 1920 ਵਾਲੀ ਹਾਲਤ ਵਿਚ ਲਿਜਾਣ ਦਾ ਆਖ਼ਰੀ ਮੌਕਾ!
ਕਈ ਵਾਰੀ ਜਾਪਦਾ ਹੈ ਕਿ ਇਹ ਲੋਕ ਜੋ ਅੱਜ ਬਾਗ਼ੀ ਹੋ ਰਹੇ ਹਨ, ਉਹ ਕੀ ਕਰ ਲੈਣਗੇ ਕਿਉਂਕਿ ਉਨ੍ਹਾਂ ਨੇ ਏਨੇ ਸਾਲ ਚੁੱਪੀ ਧਾਰੀ ਰੱਖੀ, ਹਰ ਗ਼ਲਤ ਫ਼ੈਸਲੇ ਅੱਗੇ ਸਿਰ ਝੁਕਾਈ ਰਖਿਆ
ਐਤਵਾਰ ਨੂੰ ਅਕਾਲੀ ਦਲਾਂ ਵਿਚਕਾਰ ਦੀਆਂ ਦਰਾੜਾਂ ਦੀ ਲਗਭਗ ਅਸਲ ਤਸਵੀਰ ਸਾਹਮਣੇ ਆ ਹੀ ਗਈ। ਟਕਸਾਲੀ ਅਕਾਲੀ ਆਗੂਆਂ ਦੇ ਵੱਖ ਹੋਣ ਨਾਲ ਅਕਾਲੀ ਦਲ ਬਾਦਲ ਨੂੰ ਕੋਈ ਵੱਡਾ ਝਟਕਾ ਨਹੀਂ ਸੀ ਲਗਿਆ। ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ (ਬਾਦਲ) ਨੂੰ ਝਟਕਾ ਸਿਰਫ਼ ਵੋਟਾਂ ਘਟਣ ਦੀ ਖ਼ਬਰ ਸੁਣ ਕੇ ਹੀ ਲਗਦਾ ਹੈ। ਉਨ੍ਹਾਂ ਦੇ ਵੋਟ ਬੈਂਕ ਉਤੇ ਕੋਈ ਖ਼ਾਸ ਅਸਰ ਨਾ ਪਵੇ ਤਾਂ ਉਹ ਕੁੱਝ ਵੀ ਸਮਝ ਨਹੀਂ ਸਕਦੇ।
ਸੋ ਟਕਸਾਲੀ ਜਿਹੜੇ ਵੱਡੇ ਜ਼ਖ਼ਮ ਨਹੀਂ ਸਨ ਦੇ ਸਕੇ, ਉਹ ਸੁਖਦੇਵ ਸਿੰਘ ਢੀਂਡਸਾ ਨੇ ਇਕੱਲਿਆਂ ਹੀ ਸੁਖਬੀਰ ਬਾਦਲ ਕੋਲੋਂ ਅਕਾਲੀ ਦਲ ਆਜ਼ਾਦ ਕਰਾਉਣ ਦਾ ਪ੍ਰਣ ਲੈ ਕੇ ਦੇ ਦਿਤੇ ਹਨ। ਖ਼ਾਸ ਕਰ ਕੇ ਸੰਗਰੂਰ ਦੇ ਅਕਾਲੀ ਵਰਕਰਾਂ ਤੇ ਸਰਪੰਚਾਂ ਨੇ ਜੋ ਸਵਾਗਤ ਸੁਖਦੇਵ ਸਿੰਘ ਢੀਂਡਸਾ ਦਾ ਕੀਤਾ, ਉਹ ਸਪੱਸ਼ਟ ਕਰ ਗਿਆ ਕਿ ਆਮ ਵਰਕਰਾਂ 'ਚ ਵੀ ਭਾਰੀ ਨਾਰਾਜ਼ਗੀ ਹੈ ਜੋ ਕਿ ਸੁਖਦੇਵ ਸਿੰਘ ਢੀਂਡਸਾ ਦੇ ਆਉਣ ਨਾਲ ਉਮੀਦ ਵਿਚ ਤਬਦੀਲ ਹੋ ਰਹੀ ਹੈ।
ਇਸ ਦੇ ਨਾਲ ਨਾਲ ਅਕਾਲੀ ਮੰਚ ਤੋਂ ਸ. ਪ੍ਰਕਾਸ਼ ਸਿੰਘ ਬਾਦਲ ਦੀ ਗ਼ੈਰਹਾਜ਼ਰੀ ਵੀ ਬਾਕੀ ਸਾਰਿਆਂ ਦੀ ਹਾਜ਼ਰੀ ਨੂੰ ਫਿੱਕੀ ਕਰ ਗਈ। ਦੂਜੀ ਗ਼ੈਰਹਾਜ਼ਰੀ ਰਹੀ ਪਰਮਿੰਦਰ ਸਿੰਘ ਢੀਂਡਸਾ ਦੀ ਜਿਨ੍ਹਾਂ ਬਾਰੇ ਸੁਖਬੀਰ ਸਿੰਘ ਬਾਦਲ ਅਤੇ ਸੁਖਦੇਵ ਸਿੰਘ ਢੀਂਡਸਾ ਦੋਵੇਂ ਹੀ ਆਪੋ ਅਪਣੇ ਦਾਅਵੇ ਪੇਸ਼ ਕਰ ਰਹੇ ਹਨ। ਜਿਥੇ ਅਕਾਲੀ ਦਲ ਬਾਦਲ ਆਖਦਾ ਹੈ ਕਿ ਉਹ ਸ. ਸੁਖਬੀਰ ਸਿੰਘ ਦੀ ਇਜਾਜ਼ਤ ਨਾਲ ਗ਼ੈਰਹਾਜ਼ਰ ਰਹੇ, ਉਥੇ ਦੂਜੇ ਪਾਸੇ ਸ. ਸੁਖਦੇਵ ਸਿੰਘ ਢੀਂਡਸਾ ਬੜੇ ਭਰੋਸੇ ਨਾਲ ਆਖਦੇ ਹਨ ਕਿ 'ਮੇਰਾ ਪੁੱਤਰ ਹੈ, ਮੇਰੇ ਨਾਲ ਹੈ।'
ਸਮਾਂ ਆਉਣ ਤੇ ਸਾਹਮਣੇ ਆ ਜਾਵੇਗਾ ਕਿ ਕਿਹੜਾ ਕਿਸ ਦੇ ਨਾਲ ਹੈ। ਪਰ ਜਿਹੜੀ ਲਹਿਰ ਅੱਜ ਸ਼ੁਰੂ ਹੋਈ ਹੈ, ਉਹ ਸਿਰਫ਼ ਕੌਣ ਕਿਸ ਖ਼ੇਮੇ ਵਿਚ ਹੈ ਜਾਂ ਨਹੀਂ, ਦੇ ਸਵਾਲਾਂ ਦੀ ਗੁੱਥੀ ਸੁਲਝਾਉਣ ਲਈ ਨਹੀਂ ਸ਼ੁਰੂ ਹੋਈ, ਅੱਜ ਲਹਿਰ ਦਾ ਮਕਸਦ ਨਜ਼ਰਅੰਦਾਜ਼ ਕੀਤੇ ਆਗੂਆਂ ਨੂੰ ਉਨ੍ਹਾਂ ਦੀ ਥਾਂ ਦਿਵਾਉਣਾ ਵੀ ਨਹੀਂ।
ਇਸ ਲਹਿਰ ਦਾ ਇਕੋ-ਇਕ ਮਕਸਦ ਭਾਵੇਂ ਸ. ਢੀਂਡਸਾ ਇਹੀ ਦਸਦੇ ਹਨ ਕਿ ਅਕਾਲੀ ਦਲ ਨੂੰ ਇਕ ਪ੍ਰਵਾਰ ਤੋਂ ਮੁਕਤ ਕਰਨਾ ਹੈ ਪਰ ਹੋਣਾ ਇਹ ਚਾਹੀਦਾ ਹੈ ਕਿ ਜਿਹੜੀਆਂ ਕਮਜ਼ੋਰੀਆਂ ਅੱਜ ਤਕ ਸਾਡੀਆਂ ਸੰਸਥਾਵਾਂ ਅਤੇ ਮਰਿਆਦਾਵਾਂ ਵਿਚ ਆ ਗਈਆਂ ਹਨ, ਉਨ੍ਹਾਂ ਨੂੰ ਮੁੜ ਤੋਂ ਬਾਬੇ ਨਾਨਕ ਦੇ 'ਨਿਰਮਲ ਪੰਥ' ਵਾਲੇ ਫ਼ਲਸਫ਼ੇ ਨਾਲ ਜੋੜਨਾ ਤੇ ਅਕਾਲੀ ਦਲ ਨੂੰ 1920 ਵਿਚ ਮਿਥੇ ਟੀਚਿਆਂ ਤੇ ਆਸ਼ਿਆਂ ਤੋਂ ਦੂਰ ਜਾਣੋਂ ਰੋਕਣਾ।
ਸੁਖਦੇਵ ਸਿੰਘ ਢੀਂਡਸਾ ਦਾ ਇਕ ਬਿਆਨ ਉਸ ਸੋਚ ਵਲ ਉਠਿਆ ਪਹਿਲਾ ਕਦਮ ਜਾਪਦਾ ਹੈ ਜਦ ਉਨ੍ਹਾਂ ਕਿਹਾ ਕਿ ਉਹ ਸਿੱਖ ਬੁੱਧੀਜੀਵੀਆਂ, ਸੰਸਥਾਵਾਂ, ਪਿਆਰਿਆਂ ਨੂੰ ਸੱਦਾ ਦਿੰਦੇ ਹਨ ਕਿ ਆ ਕੇ ਸਾਡੇ ਨਾਲ ਅਪਣੇ ਵਿਚਾਰ ਸਾਂਝੇ ਕਰਨ ਅਤੇ ਉਨ੍ਹਾਂ ਵਾਰ ਵਾਰ ਸਿੱਖ ਸੰਸਥਾਵਾਂ ਦੇ ਆਗੂਆਂ ਦੀ ਨਿਰਪੱਖ ਤੇ ਆਜ਼ਾਦ ਤੇ ਚੋਣ ਬਾਰੇ ਗੱਲ ਵੀ ਕੀਤੀ।
ਕਈ ਵਾਰੀ ਜਾਪਦਾ ਹੈ ਕਿ ਇਹ ਲੋਕ ਜੋ ਅੱਜ ਬਾਗ਼ੀ ਹੋ ਰਹੇ ਹਨ, ਉਹ ਕੀ ਕਰ ਲੈਣਗੇ ਕਿਉਂਕਿ ਉਨ੍ਹਾਂ ਨੇ ਏਨੇ ਸਾਲ ਚੁੱਪੀ ਧਾਰੀ ਰੱਖੀ ਅਤੇ ਹਰ ਗ਼ਲਤ ਫ਼ੈਸਲੇ ਅੱਗੇ ਸਿਰ ਝੁਕਾਈ ਰਖਿਆ। ਦੂਜੇ ਪਾਸੇ ਇਹ ਵੀ ਕਹਿਣਾ ਬਣਦਾ ਹੈ ਕਿ ਇਸ ਸਮੇਂ ਜੇ ਇਹ ਹੁਣ ਵੀ ਸੁਧਾਰ ਲਈ ਨਾ ਨਿਤਰੇ ਤਾਂ ਕੋਈ ਹੋਰ ਸੁਧਾਰ ਲਹਿਰ ਵੀ ਨਜ਼ਰ ਨਹੀਂ ਆ ਰਹੀ ਜੋ ਅਕਾਲੀ ਦਲ ਨੂੰ ਫਿਰ ਤੋਂ ਪੰਥਕ ਸੰਸਥਾ ਵਜੋਂ ਜੀਵਤ ਕਰ ਸਕੇ।
ਮੀਰੀ-ਪੀਰੀ ਦੀ ਉਦਾਹਰਣ ਦਿੰਦੇ ਹੋਏ, ਹਰ ਵਾਰ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਦੀ ਜੋੜੀ ਨੂੰ ਸਰਾਹਿਆ ਜਾਂਦਾ ਹੈ ਪਰ ਅੱਜ ਇਸ ਮੋੜ ਤੇ ਆ ਕੇ ਸਾਫ਼ ਹੈ ਕਿ ਇਨ੍ਹਾਂ ਦੋਹਾਂ ਬੇੜੀਆਂ ਤੇ ਸਵਾਰ ਹੋਣ ਕਾਰਨ ਹੀ ਅੱਜ ਦੇ ਹਾਲਾਤ ਉਤਪਨ ਹੋਏ ਹਨ। ਦੋ ਘੋੜਿਆਂ ਤੇ ਸਵਾਰੀ ਕੋਈ ਨਿਹੰਗ ਜਥੇਦਾਰ ਕਰ ਸਕਦਾ ਹੈ ਜਾਂ ਕੋਈ ਮਾਹਰ। ਅਣਜਾਣ ਬੰਦਾ ਤਾਂ ਲੱਤਾਂ ਬਾਹਾਂ ਤੁੜਾ ਕੇ ਹਸਪਤਾਲ ਜਾ ਪੁੱਜੇਗਾ।
ਮੀਰੀ ਪੀਰੀ ਦਾ ਨਾਂ ਵਰਤ ਕੇ, ਧਰਮ ਦੇ ਅਨਾੜੀ ਅਕਾਲੀਆਂ ਦੀ ਵੀ ਇਹੀ ਹਾਲਤ ਬਣ ਚੁੱਕੀ ਹੈ। ਅੱਜ ਦੇ ਭਾਰਤ ਵਿਚ ਘੱਟ ਗਿਣਤੀਆਂ ਸਾਹਮਣੇ ਬਹੁਤ ਵੱਡੀਆਂ ਚੁਨੌਤੀਆਂ ਆਉਣ ਵਾਲੀਆਂ ਹਨ ਜਿਨ੍ਹਾਂ ਵਿਚ ਅਪਣੀ ਹੋਂਦ ਨੂੰ ਬਚਾ ਕੇ ਰੱਖਣ ਵਾਸਤੇ ਇਕ ਤਾਕਤਵਰ ਸਿੱਖ ਜਥੇਬੰਦੀ ਚਾਹੀਦੀ ਹੈ ਜੋ ਏਨੀ ਤਾਕਤਵਰ ਹੋਣੀ ਚਾਹੀਦੀ ਹੈ ਕਿ ਉਹ ਸੱਤਾ ਵਿਚ ਰਹਿ ਕੇ ਵੀ ਤੇ ਸੱਤਾ ਤੋਂ ਬਾਹਰ ਵੀ ਸਿੱਖਾਂ ਤੇ ਸਿੱਖੀ ਦੁਆਲੇ ਸੁਰੱਖਿਆ ਕਵਚ ਬਣ ਕੇ ਵਿਚਰ ਸਕੇ, ਜਿਵੇਂ 1920 ਤੋਂ 1960 ਦੇ 40 ਸਾਲਾਂ ਦੇ ਅਰਸੇ ਵਿਚ ਵੇਖਿਆ ਜਾ ਸਕਦਾ ਸੀ।
ਉਸ ਸਮੇਂ ਅਕਾਲੀ ਦਲ, ਕਾਂਗਰਸ ਦੀ ਭਾਈਵਾਲ ਪਾਰਟੀ ਵੀ ਸੀ ਪਰ ਇਕ ਦਿਨ ਲਈ ਵੀ ਕਾਂਗਰਸ ਦੇ ਅਧੀਨ ਨਹੀਂ ਸੀ। ਅੱਜ ਕੀ ਹੈ, ਕਹਿਣ ਦੀ ਲੋੜ ਨਹੀਂ ਹੋਣੀ ਚਾਹੀਦੀ। ਇਸ ਲਹਿਰ ਰਾਹੀਂ ਅਸਲ ਅਕਾਲੀ ਦਲ ਦੀ ਹੋਂਦ ਮੁੜ ਤੋਂ ਬਹਾਲ ਕਰਨ ਦੀ ਤਾਕਤ ਕਿਸ ਕੋਲ ਹੈ? ਇਹ ਤਾਂ ਸਮਾਂ ਹੀ ਦੱਸੇਗਾ। -ਨਿਮਰਤ ਕੌਰ