ਗੋਦੀ ਮੀਡੀਆ ਦਾ ਤਾਕਤਵਰ ਬਣਨਾ ਦੇਸ਼ ਦੀ ਸੁਰੱਖਿਆ ਲਈ ਵੀ ਖ਼ਤਰਾ ਬਣਦਾ ਜਾ ਰਿਹੈ...

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਅਰਨਬ ਗੋਸਵਾਮੀ ਨੂੰ ਗੋਦੀ ਮੀਡੀਆ ਦਾ ਪਿਤਾ ਆਖਿਆ ਜਾ ਸਕਦਾ ਹੈ

Media

ਨਵੀ ਦਿੱਲੀ: ਪਿਛਲੇ ਕੁੱਝ ਵਰਿ੍ਹਆਂ ਵਿਚ ਭਾਰਤੀ ਮੀਡੀਆ ਵਿਚ ਆਈ ਗਿਰਾਵਟ ਜੱਗ ਜ਼ਾਹਰ ਹੋ ਚੁੱਕੀ ਹੈ ਤੇ ਚਰਚਾ ਦਾ ਵਿਸ਼ਾ ਵੀ ਬਣੀ ਹੋਈ ਹੈ। ਹੁਣ ਤਾਂ ਭਾਰਤੀ ਮੀਡੀਆ ਦੇ ਇਕ ਹਿੱਸੇ ਨਾਲ ਗੋਦੀ ਸ਼ਬਦ ਵੀ ਪੱਕਾ ਹੀ ਜੁੜ ਗਿਆ ਹੈ। ਕਿਸਾਨ ਅੰਦੋਲਨ ਵਿਚ ਇਸ ‘ਗੋਦੀ ਮੀਡੀਆ’ ਬਾਰੇ ਲੋਕਾਂ ਦੇ ਮਨ ਵਿਚ ਵਧਦੀ ਨਫ਼ਰਤ ਤੇ ਅਸਹਿਣਸ਼ੀਲਤਾ ਵੀ ਸਾਹਮਣੇ ਆਉਣੋਂ ਨਹੀਂ ਰਹਿ ਸਕੀ ਪਰ ਜਿਹੜਾ ਸੱਚ ਅਰਨਬ ਗੋਸਵਾਮੀ ਬਾਰੇ ਮੁੰਬਈ ਪੁਲਿਸ ਵਲੋਂ ਦਰਜ ਕੀਤੀ ਗਈ ਐਫ਼.ਆਈ.ਆਰ. ਦੇ ਜਨਤਕ ਹੋਣ ਨਾਲ ਸਾਹਮਣੇ ਆਇਆ ਹੈ, ਉਸ ਤੋਂ ਬਾਅਦ ਕਿਸੇ ਸਬੂਤ ਦੀ ਲੋੜ ਨਹੀਂ ਰਹਿ ਜਾਂਦੀ ਕਿ ਭਾਰਤ ਵਿਚ ਗੋਦੀ ਮੀਡੀਆ ਬੜੇ ਉੱਚ ਪੱਧਰ ਤੇ ਕੰਮ ਕਰ ਰਿਹਾ ਹੈ। ਅਰਨਬ ਗੋਸਵਾਮੀ ਨੂੰ ਗੋਦੀ ਮੀਡੀਆ ਦਾ ਪਿਤਾ ਆਖਿਆ ਜਾ ਸਕਦਾ ਹੈ ਤੇ ਉਨ੍ਹਾਂ ਦਾ ਇਕ ਬੜਾ ਚਰਚਿਤ ਫ਼ਿਕਰਾ ਹੈ,‘‘ਦੇਸ਼ ਜਾਨਨਾ ਚਾਹਤਾ ਹੈ।’’ ਅਰਨਬ ਗੋਸਵਾਮੀ ਇਸ ਫ਼ਿਕਰੇ ਨੂੰ ਹਰ ਸ਼ਾਮ ਟੀ.ਵੀ. ਤੇ ਕਈ ਵਾਰ ਬੋਲਦੇ ਸਨ ਤੇ ਦੇਸ਼ਵਾਸੀਆਂ ਨੂੰ ਉਕਸਾਉਂਦੇ ਸਨ ਕਿ ਉਹ ਸੱਚ ਨੂੰ ਜਾਣਨ ਦਾ ਯਤਨ ਕਰਨ। ਉਹ ਟੀ.ਵੀ. ਚੈਨਲ ਤੇ ਚੀਕਦਾ, ਗਰਜਦਾ ਤੇ ਗ਼ੁਰਾਉਂਦਾ ਰਹਿੰਦਾ ਪਰ ਜੋ ਵੀ ਕਰਦਾ, ਸੱਭ ਕੁੱਝ ਸੋਚ ਸਮਝ ਕੇ ਕਰਦਾ ਸੀ ਪਰ ਉਸ ਦੇ ਉਸ ਸ਼ੋਰ ਸ਼ਰਾਬੇ ਵਾਲੇ ਟੀ.ਵੀ. ਪ੍ਰੋਗਰਾਮਾਂ ਵਿਚ ਸੱਚ ਤੋਂ ਇਲਾਵਾ ਸੱਭ ਕੁੱਝ ਹੁੰਦਾ ਸੀ- ਝੂਠ,ਡਰਾਮਾ, ਗੁੱਸਾ, ਨਫ਼ਰਤ ਅਤੇ ਇਸ ਦੇ ਸਹਾਰੇ ਹੀ ਉਹ ਉਪਰ ਦਾ ਉਪਰ ਚੜ੍ਹਦਾ ਗਿਆ।

ਹੁਣ ਜਦ ਉਸ ਨੇ ਮੁੰਬਈ ਪੁਲਿਸ ਨਾਲ ਦੁਸ਼ਮਣੀ ਮੁੱਲ ਲੈ ਹੀ ਲਈ ਤਾਂ ਮੁੰਬਈ ਪੁਲਿਸ ਨੇ ਵੀ ਉਸ ਦੇ ਸੱਚ ਨੂੰ ਬੇਨਕਾਬ ਕਰਨ ਦਾ ਪ੍ਰਣ ਕਰ ਲਿਆ ਲਗਦਾ ਹੈ। ਪੁਲਿਸ ਨੇ ਅਰਨਬ ਗੋਸਵਾਮੀ ਨੂੰ ਇਕ ਮਾਂ-ਪੁੱਤਰ ਨੂੰ ਖ਼ੁਦਕੁਸ਼ੀ ਕਰਨ ਵਾਸਤੇ ਮਜਬੂਰ ਕਰਨ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਸੀ ਪਰ ਸੁਪਰੀਮ ਕੋਰਟ ਨੇ ਅਪਣੇ ਦਰਵਾਜ਼ੇ ਕਾਹਲ ਵਿਚ ਖੋਲ੍ਹ ਕੇ ਅਰਨਬ ਨੂੰ ਰਾਹਤ ਦੇ ਦਿਤੀ। ਸੁਪਰੀਮ ਕੋਰਟ ਵਿਚ ਜਦ ਅੱਜ ਦੀ ਤਰੀਕ ਵਿਚ ਹੋਰ ਪੱਤਰਕਾਰ ਤੇ ਹੋਰ ਕਈ ਪੁਰਾਣੇ ਕੇਸ ਸੁਣਵਾਈ ਦੀ ਉਡੀਕ ਰਹੇ ਹਨ ਤਾਂ ਅਦਾਲਤ ਵਲੋਂ ਅਰਨਬ ਵਾਸਤੇ ਅਪਣਾ ਸਮਾਂ ਕਾਹਲੀ ਵਿਚ ਕਢ ਦੇਣਾ ਦਸਦਾ ਹੈ ਕਿ ਅਰਨਬ ਗੋਸਵਾਮੀ ਨੂੰ ਦੇਸ਼ ਵਿਚ ਬੜਾ ਮਹੱਤਵਪੂਰਨ ਪੱਤਰਕਾਰ ਸਮਝਿਆ ਜਾਂਦਾ ਹੈ।

ਇਸ ਮਾਮਲੇ ਦੀ ਜਾਂਚ ਜਨਤਕ ਹੋਈ ਤਾਂ ਅਰਨਬ ਦੇ ਚੈਨਲ ਰੀਪਬਲਿਕ ਟੀ.ਵੀ. ਤੇ ਟੀ.ਵੀ. ਚੈਨਲਾਂ ਦੇ ਦਰਸ਼ਕਾਂ ਦੀ ਗਿਣਤੀ ਦਸਣ ਵਾਲੀ ਸੰਸਥਾ ਬੀ.ਏ.ਆਰ.ਐਲ ਦੇ ਸਾਬਕਾ ਸੀ.ਆਰ.ਏ. ਦਾਸ ਗੁਪਤਾ ਵਿਚਕਾਰ ਗੱਲਬਾਤ ਵਿਚ ਝੂਠੇ ਅੰਕੜੇ ਦਿਖਾਉਣ ਦਾ ਮਾਮਲਾ ਸਾਹਮਣੇ ਆ ਗਿਆ। ਅਰਨਬ ਤੇ ਦਾਸਗੁਪਤਾ ਦਾ ਦੋਸ਼ ਹੈ ਕਿ ਉਨ੍ਹਾਂ ਤੇ ਅਰਨਬ ਦੇ ਪ੍ਰੋਗਰਾਮ ਵੇਖਣ ਵਾਲੇ ਦਰਸ਼ਕਾਂ ਦੀ ਗਿਣਤੀ ਨੂੰ ਵਧਾ ਚੜ੍ਹਾ ਕੇ ਤੇ ਝੂਠੇ ਅੰਕੜੇ ਪੇਸ਼ ਕਰ ਕੇ, ਝੂਠਾ ਸਰਟੀਫ਼ੀਕੇਟ ਪ੍ਰਾਪਤ ਕਰਨ ਲਈ ਦਬਾਅ ਬਣਾਇਆ ਗਿਆ। ਇਸ ਦਾ ਅਸਰ ਸਿਰਫ਼ ਇਸ਼ਤਿਹਾਰਾਂ ਦੇ ਵੱਧ ਪੈਸੇ ਲੈਣ ਵਿਚ ਹੀ ਨਾ ਨਿਕਲਿਆ ਸਗੋਂ ਦੇਸ਼ ਵਿਚ ਇਹ ਗ਼ਲਤ ਧਾਰਣਾ ਵੀ ਪ੍ਰਚਲਿਤ ਹੋ ਗਈ ਕਿ ਭਾਰਤੀ ਲੋਕ ਨਫ਼ਰਤ ਦਾ ਪ੍ਰਚਾਰ ਕਰਨ ਵਾਲੇ ਹਮਲਾਵਰ ਟੀ.ਵੀ. ਪ੍ਰੋਗਰਾਮਾਂ ਨੂੰ ਪਸੰਦ ਕਰਦੇ ਹਨ। ਇਸ ਨਾਲ ਦੇਸ਼ ਵਿਚ ਅਰਨਬ ਗੋਸਵਾਮੀ ਵਰਗੀ ਨਫ਼ਰਤ ਉਗਲਣ ਵਾਲੇ ਐਂਕਰ ਤਕਰੀਬਨ ਹਰ ਚੈਨਲ ਤੇ ਨਜ਼ਰ ਆਉਣ ਲੱਗ ਪਏ।

ਇਸ ਦਾ ਅਸਰ ਅਰਨਬ ਦੀਆਂ ਸਿਆਸੀ ਦੋਸਤੀਆਂ ਤੇ ਵੀ ਪਿਆ। ਭਾਰਤੀ ਮੀਡੀਆ ਨਾਲ ਗੋਦੀ ਮੀਡੀਆ ਦਾ ਨਾਮ ਇਸ ਕਰ ਕੇ ਜੁੜ ਗਿਆ ਕਿਉਂਕਿ ਇਹ ਮੰਨਿਆ ਜਾਂਦਾ ਹੈ ਕਿ ਇਸ ਤਰ੍ਹਾਂ ਦੇ ਪੱਤਰਕਾਰ ਸਿਆਸਤਦਾਨਾਂ ਦੀ ਗੋਦੀ ਵਿਚ ਬੈਠ ਕੇ ਕੰਮ ਕਰਦੇ ਹਨ। ਪਰ ਜੋ ਕੁੱਝ ਦਾਸ ਗੁਪਤਾ ਤੇ ਅਰਨਬ ਦੀ ਆਪਸੀ ਵਟਸਐਪ ਗੱਲਬਾਤ ਵਿਚ ਸਾਹਮਣੇ ਆਇਆ ਹੈ, ਉਹ ਇਹੀ ਸੰਦੇਸ਼ ਦਿੰਦਾ ਹੈ ਕਿ ਸਿਆਸਤਦਾਨ ਤੇ ਗੋਦੀ ਪੱਤਰਕਾਰ ਘਿਉ ਖਿਚੜੀ ਹੋ ਕੇ ਝੂਠ ਅਤੇ ਨਫ਼ਰਤ ਦੀ ਰਾਜਨੀਤੀ ਕਰਦੇ ਹਨ। ਇਨ੍ਹਾਂ ਵਿਚ ਇਕ ਦੂਜੇ ਨੂੰ ਤਾਕਤਵਰ ਬਣਾਉਣ ਦਾ ਇਕਰਾਰਨਾਮਾ ਹੋਇਆ ਹੁੰਦਾ ਹੈ ਤੇ ਇਕ ਸਮਾਂ ਅਜਿਹਾ ਵੀ ਆ ਜਾਂਦਾ ਹੈ ਜਦ ਅਰਨਬ ਵਰਗੇ ਪੱਤਰਕਾਰ ਅਪਣੇ ਆਪ ਨੂੰ ਸਿਆਸਤਦਾਨਾਂ ਨਾਲੋਂ ਵੀ ਵੱਡੇ ਸਮਝਣ ਲਗਦੇ ਹਨ ਜਿਨ੍ਹਾਂ ਦੀ ਹਰ ਗੱਲ ਉਤੇ ਸਿਆਸਤਦਾਨ ਅਪਣੀ ਮੋਹਰ ਲਾਉਣ ਲਈ ਤਿਆਰ ਰਹਿੰਦੇ ਹਨ। ਅਰਨਬ ਵਲੋਂ ਦਾਸਗੁਪਤਾ ਨੂੰ ਬਾਲਾਕੋਟ ਹਮਲੇ ਤੋਂ ਤਿੰਨ ਦਿਨ ਪਹਿਲਾਂ ਹੀ ਦਸ ਦਿਤਾ ਗਿਆ ਸੀ ਕਿ ਸਰਕਾਰ ਪਾਕਿਸਤਾਨ ਵਿਚ ਕੋਈ ਵੱਡਾ ਧਮਾਕਾ ਕਰਨ ਜਾ ਰਹੀ ਹੈ। ਇਸ ਗੱਲਬਾਤ ਵਿਚ ਅਰੁਣ ਜੇਤਲੀ ਤੇ ਰਜਤ ਸ਼ਰਮਾ ਦੀ ਦੋਸਤੀ ਬਾਰੇ ਵੀ ਗੱਲ ਕੀਤੀ ਗਈ।

ਅਰੁਣ ਜੇਤਲੀ ਦੀ ਬੀਮਾਰੀ ਅਤੇ ਮੌਤ ਬਾਰੇ ਅਰਨਬ ਵਲੋਂ ਗੱਲ ਕਰਨ ਦਾ ਹਲਕਾ ਅੰਦਾਜ਼ ਉਸ ਦੀ ਸ਼ਖ਼ਸੀਅਤ ਦੀ ਤਸਵੀਰ ਪੇਸ਼ ਕਰਦਾ ਹੈ ਪਰ ਗੱਲ ਸਿਰਫ਼ ਉਸ ਦੇ ਕਿਰਦਾਰ ਦੀ ਹੀ ਨਹੀਂ ਬਲਕਿ ਦੇਸ਼ ਦੇ ਖ਼ੁਫ਼ੀਆ ਸੁਰੱਖਿਆ ਫ਼ੈਸਲਿਆਂ ਬਾਰੇ ਇਕ ਪੱਤਰਕਾਰ ਦੀ ‘ਬੜਬੜ’ ਦੀ ਵੀ ਹੈ। ਅਰਨਬ ਵਲੋਂ ਇਹ ਵੀ ਦਸਿਆ ਗਿਆ ਕਿ ਉਹ ਧਾਰਾ 370 ਦੀ ਸੋਧ ਤੋਂ ਕੁੱਝ ਦਿਨ ਪਹਿਲਾਂ ਹੀ ਅਪਣੇ ਟੀ.ਵੀ. ਦੇ 50 ਪੱਤਰਕਾਰਾਂ ਨੂੰ ਉਥੇ ਭੇਜ ਸਕਿਆ ਸੀ ਜਿਸ ਨਾਲ ਉਸ ਨੂੰ ਬਹੁਤ ਫ਼ਾਇਦਾ ਹੋਇਆ। ਇਸ ਗੱਲਬਾਤ ਵਿਚ ਅਰਨਬ ਵਲੋਂ ਦਾਸ ਗੁਪਤਾ ਨੂੰ ਟੀ.ਆਰ.ਪੀ. ਮਾਮਲੇ ਵਿਚ ਕੈਬਨਿਟ ਦੇ ਸਮਰਥਨ ਦੀ ਗੱਲ ਵੀ ਆਖੀ ਗਈ। ਜੱਜਾਂ ਨੂੰ ਖ਼ਰੀਦਣ ਤਕ ਦੀ ਗੱਲ ਵੀ ਹੋਈ। ਇਹ ਵੀ ਗੱਲ ਹੋਈ ਕਿ ਉਸ ਦੀ ਪਹੁੰਚ ਪ੍ਰਧਾਨ ਮੰਤਰੀ ਤਕ ਵੀ ਹੈ ਤੇ ਉਹ ਦਾਸਗੁਪਤਾ ਨੂੰ ਪ੍ਰਧਾਨ ਮੰਤਰੀ ਦਾ ਮੀਡੀਆ ਸਲਾਹਕਾਰ ਲਗਵਾ ਸਕਦਾ ਹੈ। 

ਇਸ ਗੱਲਬਾਤ ਦੇ ਅਸਲ ਹੋਣ ਬਾਰੇ ਅਜੇ ਪੱਕਾ ਨਹੀਂ ਕਿਹਾ ਜਾ ਸਕਦਾ ਪਰ ਜਿਸ ਤਰ੍ਹਾਂ ਦੀ ਬਾਰੀਕੀ ਨਾਲ ਇਹ ਪ੍ਰਗਟਾਵੇ ਪੇਸ਼ ਹੋਏ ਹਨ, ਜਾਪਦਾ ਹੈ ਕਿ ਇਹ ਸੱਚ ਹੈ ਤੇ ਜਿਸ ਤਰ੍ਹਾਂ ਦੀ ਖ਼ਾਮੋਸ਼ੀ ਬਾਕੀ ਮੀਡੀਆ ਨੇ ਇਨ੍ਹਾਂ ਪ੍ਰਗਟਾਵਿਆਂ ਬਾਰੇ ਧਾਰੀ ਹੋਈ ਹੈ, ਉਸ ਤੋਂ ਵੀ ਜਾਪਦਾ ਹੈ ਕਿ ਇਹ ਸੱਚ ਹੀ ਹੋਵੇਗੀ। ਬਾਕੀ ਮੀਡੀਆ ਦੀ ਚੁੱਪੀ ਦਸਦੀ ਹੈ ਕਿ ਉਹ ਚੁੱਪ ਇਸ ਕਰ ਕੇ ਹਨ ਕਿਉਂਕਿ ਉਹ ਅਪਣੀ ਤਾਕਤ ਦੇ ਇਸ ਰਾਜ਼ ਨੂੰ ਰਾਜ਼ ਹੀ ਰਖਣਾ ਚਾਹੁੰਦੇ ਹਨ। ਪਰ ਦੇਸ਼ ਜਾਣਨਾ ਚਾਹੰਦਾ ਹੈ ਕਿ ਅਸਲ ਸੱਚ ਕੀ ਹੈ। ਕੌਣ ਕਿਸ ਦੀ ਗੋਦੀ ਵਿਚ ਹੈ ਜਾਂ ਫਿਰ ਗੋਦੀ ਵਿਚ ਕੋਈ ਵੀ ਨਹੀਂ ਬਲਕਿ ਇਕ ਦੂਜੇ ਦੀ ਤਾਕਤ ਬਣਾਉਣ ਦਾ ਅਪਵਿੱਤਰ ਗਠਜੋੜ ਹੈ ਜਾਂ ਮੀਡੀਆ ਦੇ ਕੁੱਝ ਮੀਡੀਆ ਮਹੰਤ, ਅਪਣੀ ਟੀ.ਆਰ.ਪੀ. ਦੇ ਝੂਠੇ ਅੰਕੜੇ ਬਣਾ ਕੇ ਤੇ ਉਨ੍ਹਾਂ ਨੂੰ ਅਪਣੀ ਤਾਕਤ ਦੱਸ ਕੇ, ਸਿਆਸਤਦਾਨਾਂ ਨੂੰ ਬਲੈਕਮੇਲ ਕਰ ਰਹੇ ਹਨ। ਕੌਣ ਕਿਸ ਦੀ ਗੋਦੀ ਵਿਚ ਹੈ, ਰਾਸ਼ਟਰ ਜਾਣਨਾ ਚਾਹੁੰਦਾ ਹੈ!                 - ਨਿਮਰਤ ਕੌਰ