ਦੇਸ਼ ਵਿਚ ‘ਆਮ’ ਆਗੂ ਢੇਰਾਂ ਵਿਚ ਪਰ ਕੋਈ ਅਸਾਧਾਰਣ ਆਗੂ ਹੀ ਸਮੇਂ ਦਾ ਆਗੂ ਬਣ ਸਕਦਾ ਹੈ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਅੱਜ ਸਾਧਾਰਣ ਭਾਰਤੀ ਹੋਣਾ ਜ਼ਿਆਦਾ ਵੱਡੀ ਗੱਲ ਬਣ ਗਈ ਹੈ।

Charanjeet Channi, Bhagwant Mann

 

ਪੰਜਾਬ ਵਿਚ ਅੱਜ ਇਕ ਨਵੀਂ ਲੜਾਈ ਛਿੜ ਪਈ ਹੈ ਕਿ ਅਸਲ ਆਮ ਆਦਮੀ ਕੌਣ ਹੈ? ਇਹ ਲੜਾਈ ਬੇਸ਼ੱਕ ਪ੍ਰਧਾਨ ਮੰਤਰੀ ਮੋਦੀ ਨੇ ਸ਼ੁਰੂ ਕੀਤੀ ਸੀ ਜਦ ਇਹ ਦਾਅਵਾ ਕੀਤਾ  ਗਿਆ ਸੀ ਕਿ ਉਹ ਚਾਹ ਦੀ ਦੁਕਾਨ ਤੇ ਕੰਮ ਕਰਨ ਵਾਲੇ ਇਕ ‘ਆਮ’ ਭਾਰਤੀ ਸਨ। ਜੇ ਇਕ ਚਾਹ ਵੇਚਣ ਵਾਲਾ ਪ੍ਰਧਾਨ ਮੰਤਰੀ ਬਣ ਸਕਦਾ ਹੈ ਤਾਂ ਫਿਰ ਬਾਕੀ ਕਿਉਂ ਨਹੀਂ? ਜਿਥੇ ਕਦੇ ਕਿਸੇ ਵੱਡੇ ਘਰਾਣੇ ਤੋਂ ਹੋਣਾ ਤੇ ਕਿਸੇ ਰਾਜੇ ਮਹਾਰਾਜੇ ਨਾਲ ਜੁੜੇ ਹੋਣਾ ਇਕ ਫਖ਼ਰ ਵਾਲੀ ਗੱਲ ਹੁੰਦੀ ਸੀ, ਅੱਜ ਸਾਧਾਰਣ ਭਾਰਤੀ ਹੋਣਾ ਜ਼ਿਆਦਾ ਵੱਡੀ ਗੱਲ ਬਣ ਗਈ ਹੈ।

ਇਹੀ ਲੜਾਈ ਪੰਜਾਬ ਵਿਚ‘ਆਮ’ ਆਦਮੀ ਪਾਰਟੀ ਤੇ ਕਾਂਗਰਸ ਵਿਚਕਾਰ ਚੱਲ ਰਹੀ ਹੈ। ਅਸਲ ਵਿਚ ‘ਆਮ’ ਕੌਣ ਹੈ? ‘ਆਪ’ ਦੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਜਾਂ ਮੁੱਖ ਮੰਤਰੀ ਚੰਨੀ? ਤੇ ਜਿਹੜੇ ਹੁਣ ਅਪਣੇ ਆਪ ਨੂੰ ‘ਆਮ’ ਨਹੀਂ ਅਖਵਾ ਸਕਦੇ, ਉਹ ਤਾਂ ਇਨ੍ਹਾਂ ਚਿਹਰਿਆਂ ਦੀ ‘ਆਮੀਅਤ’ ਤੇ ਇਕ ਨਜ਼ਰ ਹੀ ਫੇਰ ਸਕਦੇ ਹਨ ਤੇ ਅਮੀਰ ਤੇ ਤਾਕਤਵਰ ਸਿੱਖਾਂ ਦੀ ਸ਼ੇ੍ਰਣੀ ’ਚੋਂ ਸ਼ਾਇਦ ਅੱਵਲ ਆਉਣ ਵਾਲੇ ਸੁਖਬੀਰ ਬਾਦਲ ਇਨ੍ਹਾਂ ‘ਆਮ’ ਚਿਹਰਿਆਂ ਦਾ ਮਜ਼ਾਕ ਹੀ ਉਡਾ ਸਕਦੇ ਹਨ ਤੇ ਕਦੇ ਇਨ੍ਹਾਂ ਨੂੰ ਗ਼ਰੀਬ, ਕਦੇ ਬਾਂਦਰ ਤੇ ਕਦੇ ਕੁੱਝ ਹੋਰ ਨਾਮ ਦੇ ਕੇ ਇਨ੍ਹਾਂ ਦੀ ਛਵੀ ਕਮਜ਼ੋਰ ਕਰਨ ਦਾ ਯਤਨ ਹੀ ਕਰ ਸਕਦੇ ਹਨ।

ਇਨ੍ਹਾਂ ਛੇੜ-ਛਾੜ ਵਾਲੀਆਂ ਗੱਲਾਂ ਨੂੰ ‘ਉੱਚ ਜਾਤੀਏ’ ਕਿਸੇ ‘ਛੋਟੀ ਜਾਤੀ’ ਵਾਲੇ ਨੂੰ ਅਪਣਾ ਬਣਾ ਕੇ ਇਨ੍ਹਾਂ ਜਾਤ-ਪਾਤ ਦੀਆਂ ਪਰਾਤਨ ਲਕੀਰਾਂ ਨੂੰ ਮਿਟਾ ਦੇਣ ਨਾਲ ਸਕੂਨ ਵੀ ਦੇਂਦੇ ਹਨ ਅਤੇ ਸਾਧਾਰਣ ਲੋਕਾਂ ਦੀ ਛਵੀ ਤੇ ਲੱਗਾ ਦਾਗ਼ ਮਿਟ ਜਾਂਦਾ ਹੈ। ਪਰ ਅੱਜ ਤੁਸੀਂ ਕੀ ਮੰਨਦੇ ਹੋ, ਕੀ ਸਾਧਾਰਣ ਤੇ ਗ਼ਰੀਬ ਪ੍ਰਵਾਰ ਤੋਂ ਆਉਣਾ ਇਕ ਗ਼ਲਤ ਰੀਤ ਹੈ? ਕੀ ਉੱਚੇ ਅਹੁਦੇ ਤੇ ਸਿਰਫ਼ ਵੱਡੇ ਪ੍ਰਵਾਰ ਵਾਲੇ ਹੀ ਬੈਠ ਸਕਦੇ ਹਨ? ਤੇ ਜਿਹੜਾ ਚਿਹਰਾ ਮੁੱਖ ਮੰਤਰੀ ਪਦ ਦਾ ਦਾਵੇਦਾਰ ਹੈ, ਕੀ ਉਹ ਸਾਧਾਰਣ ਹੀ ਹੋਣਾ ਚਾਹੀਦਾ ਹੈ?

ਜਿਸ ਆਗੂ ਨੇ ਅਗਲੀ ਪੀੜ੍ਹੀ ਨੂੰ ਧਿਆਨ ਵਿਚ ਰਖਦੇ ਹੋਏ ਅੱਜ ਦੀਆਂ ਜ਼ਰੂਰਤਾਂ ਨੂੰ ਖ਼ਿਆਲ ਵਿਚ ਰਖਦੇ  ਹੋਏ ਯੋਜਨਾਵਾਂ ਬਣਾਈਆਂ ਹਨ, ਕੀ ਉਹ ਅਸਲ ਵਿਚ ਸਾਧਾਰਣ ਮੰਨਿਆ ਜਾਣਾ ਚਾਹੀਦਾ ਹੈ? ਕੀ ਅਸੀਂ ਚਾਹੁੰਦੇ ਹਾਂ ਕਿ ਸਾਡਾ ਆਗੂ ਐਨਾ ਸਿਆਣਾ ਹੋਵੇ ਕਿ ਉਹ ਅੱਜ ਦੀ ਆਧੁਨਿਕ ਦੁਨੀਆਂ ਨੂੰ ਸਮਝ ਸਕੇ ਤੇ ਦੇਸ਼ ਤੇ ਵਿਦੇਸ਼ ਦੀਆਂ ਵਡੀਆਂ ਕੰਪਨੀਆਂ ਨਾਲ ਗੱਲਬਾਤ ਕਰ ਕੇ ਸਾਡੇ ਵਾਸਤੇ ਵਧੀਆ ਮੌਕੇ ਪੈਦਾ ਕਰ ਸਕੇ? ਕੀ ਸਾਡਾ ਆਗੂ ਪੜਿ੍ਹਆ ਲਿਖਿਆ ਨਾ ਹੋਵੇ? ਕੀ ਸਾਡੇ ਆਗੂ ਵਿਚ ਐਬ ਹੋਣ? ਕੀ ਸਾਡਾ ਆਗੂ ਔਰਤਾਂ ਤੇ ਪ੍ਰਵਾਰਕ ਰਿਸ਼ਤਿਆਂ ਦੀ ਕਦਰ ਕਰਨ ਵਾਲਾ ਹੋਵੇ?

ਅੱਜ ਜੇ ਅਸੀਂ ਦੁਨੀਆਂ ਦੇ ਸੱਭ ਤੋਂ ਚਹੇਤੇ ਆਗੂਆਂ ਦੀ ਗੱਲ ਕਰੀਏ ਤਾਂ ਉਹ ਜਸਟਿਨ ਟਰੂਡੋ (ਕੈਨੇਡਾ), ਐਨਜਿਲਾ ਮਿਰਕਲ (ਜਰਮਨੀ), ਜੇਸੀਂਡਾ ਆਰਡਨ (ਨਿਊਜ਼ੀਲੈਂਡ), ਹਨ ਤੇ ਇਨ੍ਹਾਂ ਵਿਚੋਂ ਕੋਈ ਅਮੀਰ ਘਰਾਣੇ ਦਾ ਹੈ, ਕੋਈ ਸਾਧਾਰਣ, ਕੋਈ ਵੱਧ ਪੜਿ੍ਹਆ ਲਿਖਿਆ ਹੈ ਤੇ ਕੋਈ ਨਹੀਂ ਵੀ। ਪਰ ਸਾਰੇ ਹੀ ਹਮਦਰਦ, ਪ੍ਰਵਾਰਕ ਕਦਰਾਂ ਕੀਮਤਾਂ ਨੂੰ ਮੰਨਣ ਵਾਲੇ, ਦੂਰਅੰਦੇਸ਼ ਆਗੂ ਹਨ। ਇਨਸਾਨ ਭਾਵੇਂ ਅਮੀਰ ਹੋਵੇ ਜਾਂ ਗ਼ਰੀਬ, ਜੇ ਉਸ ਦੇ ਮਨ ਵਿਚ ਹਮਦਰਦੀ ਨਾ ਹੋਵੇ ਤਾਂ ਉਹ ਇਨਸਾਨ ਹੀ ਨਹੀਂ, ਫਿਰ ਆਗੂ ਕਿਉਂ ਮੰਨ ਲਿਆ ਜਾਂਦਾ ਹੈ?

ਰਾਹੁਲ ਗਾਂਧੀ ਤੇ ਜਸਟਿਨ ਟਰੂਡੋ ਦੀ ਜ਼ਿੰਦਗੀ ਤੇ ਪ੍ਰਵਾਰਕ ਜ਼ਿੰਮੇਦਾਰੀ ਵਿਚ ਘੱਟ ਹੀ ਅੰਤਰ ਹੋਵੇਗਾ। ਪਰ ਸਾਡੇ ਦੇਸ਼ ਨੇ ਇਕ ਚੋਣ ਮੁਹਿੰਮ ਨੂੰ ਅਪਣੀ ਨਵੀਂ ਸੋਚ ਮੰਨ ਕੇ ਇਕ ਪ੍ਰਵਾਰਕ ਆਗੂ ਨੂੰ ਪੱਪੂ ਬਣਾ ਦਿਤਾ ਤੇ ਭਾਰਤ ਵਿਚ ਭੇਡ ਚਾਲ ਦੀ ਸੋਚ ਵਿਚ ਇਕ ਬਗ਼ਾਵਤੀ ਸੋਚ ਨੂੰ ਅਪਣਾ ਕੇ ਫ਼ੈਸਲੇ ਕਰਨ ਲੱਗ ਪਿਆ। 
ਅੱਜ ਇਨ੍ਹਾਂ ਨੂੰ ਪੁੱਛੋ ਕਿ ਤੁਹਾਡਾ ਆਗੂ ਕਿੰਨਾ ਸਾਧਾਰਣ ਹੈ ਜਾਂ ਗ਼ਰੀਬ ਹੈ? ਕੋਈ ਆਗੂ ਸਧਾਰਣ ਨਹੀਂ ਹੋ ਸਕਦਾ। ਅਸੀਂ ਉਸ ਦੀ ਗ਼ੈਰ-ਸਾਧਾਰਣ ਸੋਚ ਕਰ ਕੇ ਹੀ ਉਸ ਨੂੰ ਆਗੂ ਮੰਨਦੇ ਹਾਂ। ਸਾਡਾ ਆਗੂ ਕਿੰਨਾ ਹਮਦਰਦ ਹੈ, ਕਿੰਨਾ ਸਿਆਣਾ ਹੈ, ਕੀ ਅਪਣੀਆਂ ਪ੍ਰਵਾਰਕ ਜ਼ਿੰਮੇਦਾਰੀਆਂ ਨੂੰ ਇਮਾਨਦਾਰੀ ਨਾਲ ਨਿਭਾ ਰਿਹਾ ਹੈ? ਕਿੰਨਾ ਦਲੇਰ ਹੈ? ਕਿੰਨਾ ਸਾਹਸੀ ਹੈ? ਕੀ ਸਾਰਿਆਂ ਵਾਸਤੇ ਖੜਾ ਹੋ ਸਕਦਾ ਹੈ? ਕੀ ਉਹ ਸਹੀ ਫ਼ੈਸਲੇ ਲੈਣ ਦੀ ਤਾਕਤ ਰਖਦਾ ਹੈ? ਕੀ ਉਸ ਦਾ ਦਿਲ ਵੱਡਾ ਹੈ? ਇਹ ਗੁਣ ਇਕ ਕਿਰਦਾਰ ਨੂੰ ਗ਼ੈਰ-ਸਾਧਾਰਣ ਬਣਾਉਂਦੇ ਹਨ ਤੇ ਉਹ ਗ਼ੈਰ-ਸਾਧਾਰਣ ਆਗੂ ਹੀ ਸਾਡਾ ਆਗੂ ਬਣਨ ਦੇ ਕਾਬਲ ਹੋਵੇਗਾ।    -ਨਿਮਰਤ ਕੌਰ