ਭਲਵਾਨੀ ਵਿਚ ਨਾਂ ਕਮਾਉਣ ਵਾਲੀਆਂ ਕੁੜੀਆਂ ਨੇ ਮਰਦਾਂ ਦੇ ‘ਸ਼ੋਸ਼ਣ’ ਵਿਰੁਧ ਭਲਵਾਨੀ ਆਵਾਜ਼ ਚੁੱਕੀ!

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

‘ਸਿਸਟਮ’ ਤਾਕਤਵਰ ਦੇ ਹੱਥ ਵਿਚ ਹੈ ਤੇ ਭਾਵੇਂ ਦੋਵੇਂ ਮਰਦ ਤੇ ਔਰਤ ਪੀੜਤ ਹਨ ਪਰ ਔਰਤਾਂ ਦੇ ਸੌਖੇ ਸ੍ਰੀਰਕ ਸ਼ੋਸ਼ਣ ਕਾਰਨ ਇਹ ਲੜਾਈ ਇਕ ਔਰਤ ਵਾਸਤੇ ਜ਼ਿਆਦਾ ਔਖੀ ਹੋ ਜਾਂਦੀ ਹੈ

Indian Wrestlers' protest


ਜਿਹੜੀਆਂ ਕੁੜੀਆਂ ਰਵਾਇਤੀ ਬੰਦਸ਼ਾਂ ਤੋੜ ਕੇ ਤੇ ਪਹਿਲਵਾਨੀ ਵਿਚ ਤਗ਼ਮੇ ਜਿੱਤ ਕੇ ਅਪਣਾ ਤੇ ਦੇਸ਼ ਦਾ ਮਾਣ ਵਧਾ ਚੁਕੀਆਂ ਹਨ, ਉਹ ਅੱਜ ਅਪਣੇ ਸਮਾਜ ਦੇ ਸਿਸਟਮ ਸਾਹਮਣੇ ਭਲਵਾਨੀ ਅਣਖ ਨਾਲ ਤਣ ਖੜੀਆਂ ਹੋਈਆਂ ਹਨ ਤੇ ਸ਼ੋਸ਼ਣ ਕਰਨ ਵਾਲੇ ਅਧਿਕਾਰੀਆਂ ਵਿਰੁਧ ਆਵਾਜ਼ ਉੱਚੀ ਕਰਨ ਦੀ ਉਨ੍ਹਾਂ ਨੇ ਜਿਹੜੀ ਨਵੀਂ ਸ਼ੁਰੂਆਤ ਕੀਤੀ ਹੈ, ਇਸ ਦਾ ਫ਼ਾਇਦਾ ਉਨ੍ਹਾਂ ਨੂੰ ਨਹੀਂ ਮਿਲਣਾ ਕਿਉਂਕਿ ਭਾਵੇਂ ਸਾਰੇ ਦੋਸ਼ ਸਹੀ ਵੀ ਸਾਬਤ ਹੋ ਜਾਂਦੇ ਹਨ, ਇਸ ਸਿਸਟਮ ਵਿਚ ਇਨ੍ਹਾਂ ਦੀ ਬਗ਼ਾਵਤ ਨੂੰ ਕੋਈ ਮਾਫ਼ ਨਹੀਂ ਕਰੇਗਾ। ਪਰ ਫ਼ਾਇਦਾ ਸ਼ਾਇਦ ਆਉਣ ਵਾਲੀਆਂ ਪੀੜ੍ਹੀਆਂ ਨੂੰ ਮਿਲੇਗਾ ਜਿਨ੍ਹਾਂ ਵਾਸਤੇ ਇਨ੍ਹਾਂ ਸਾਹਸੀ ਮਹਿਲਾਵਾਂ ਨੇ ਸਿਸਟਮ ਨੂੰ ਤੋੜਨ ਦਾ ਯਤਨ ਕੀਤਾ ਹੈ।

ਇਹੀ ਕੁੱਝ ਅਸੀਂ ਹਰਿਆਣਾ ਦੀ ਮਹਿਲਾ ਕੋਚ ਦੇ ਮਾਮਲੇ ਵਿਚ ਵੇਖਿਆ ਸੀ ਜਿਥੇ ਇਕ ਮੰਤਰੀ ਨੇ ਉਸ ਦੇ ਕਹੇ ਅਨੁਸਾਰ ਉਸ ਦਾ ਸ਼ੋਸ਼ਣ ਕਰਨ ਦਾ ਯਤਨ ਕੀਤਾ। ਇਹ ਗੱਲ ਵਾਰ-ਵਾਰ ਸਾਹਮਣੇ ਆਉਂਦੀ ਹੈ ਪਰ ਫਿਰ ਦੱਬੀ ਜਾਂਦੀ ਹੈ। ਹਰਿਆਣੇ ਦੇ ਮੰਤਰੀ ਸੰਦੀਪ ਸਿੰਘ ਵਿਰੁਧ ਕੁੱਝ ਗੱਲਾਂ ਸਾਹਮਣੇ ਆਈਆਂ ਜਿਵੇਂ ਉਨ੍ਹਾਂ ਇਸ ਮਹਿਲਾ ਕੋਚ ਨੂੰ ‘ਸਨੈਪਚੈਟ’ ਐਪ ਤੋਂ ਕਾਲ ਕਰ ਕੇ ਅਪਣੇ ਘਰ ਬੁਲਾਇਆ ਪਰ ਫਿਰ ਵੀ ਹਰਿਆਣਾ ਸਰਕਾਰ ਉਨ੍ਹਾਂ ਨਾਲ ਖੜੀ ਹੈ ਤੇ ਖੜੀ ਰਹੇਗੀ, ਜਦ ਤਕ ਅਦਾਲਤ ਅਪਣਾ ਫ਼ੈਸਲਾ ਨਹੀਂ ਦਿੰਦੀ।

ਸਾਡੇ ਸਿਸਟਮ ਵਿਚ ਮਰਦ ਕੋਲ ਐਨੀ ਤਾਕਤ ਹੈ ਕਿ ਉਹ ਅਪਣੇ ਆਪ ਨੂੰ ਬੇਗੁਨਾਹ ਸਾਬਤ ਕਰਵਾ ਲੈਂਦਾ ਹੈ ਕਿਉਂਕਿ ਫ਼ੈਸਲੇ ਮਰਦਾਂ ਨੇ ਹੀ ਕਰਨੇ ਹੁੰਦੇ ਹਨ। ਇਸ ਨੂੰ ‘ਬਰੋ ਕੋਡ’ ਯਾਨੀ ‘ਭਰਾਚਾਰਾ’ ਆਖਦੇ ਹਨ ਜਿਸ ਨਾਲ ਮਰਦ ਇਕ ਦੂਜੇ ਦੇ ਪਰਦੇ ਢਕਦੇ ਹਨ ਕਿਉਂਕਿ ਪਤਾ ਨਹੀਂ ਕਦੋਂ ਉਨ੍ਹਾਂ ਦੇ ਅਪਣੇ ਪਾਪ ਸਾਹਮਣੇ ਆ ਜਾਣਗੇ। ਇਹ ਸਾਂਝ ਟੁਟਦੀ ਉਸ ਵਕਤ ਹੈ ਜਦ ਮਕਸਦ ਕੁੱਝ ਹੋਰ ਹੋਵੇ ਜਿਵੇਂ ਤਰੁਨ ਤੇਜਪਾਲ ਦੇ ਕੇਸ ਵਿਚ ਵਾਧੂ ਸਜ਼ਾ ਮਿਲੀ ਕਿਉਂਕਿ ਤਹਿਲਕਾ ਦੀਆਂ ਖ਼ਬਰਾਂ ‘ਸਿਸਟਮ’ ਨੂੰ ਪਸੰਦ ਨਹੀਂ ਸਨ।

ਸਾਬਕਾ ਜਸਟਿਸ ਗੋਗੋਈ ਵਿਰੁਧ ਜਦ ਸਟਾਫ਼ ਦੀ ਇਕ ਬੀਬੀ ਨੇ ਜਿਸਮਾਨੀ ਸ਼ੋਸ਼ਣ ਦੇ ਇਲਜ਼ਾਮ ਲਗਾਏ ਤਾਂ ਉਹ ਅਪਣੇ ਖ਼ਿਲਾਫ਼ ਕੇਸ ਦਾ ਫ਼ੈਸਲਾ ਦੇਣ ਲਈ ਆਪ ਹੀ ਜੱਜ ਬਣ ਬੈਠੇ ਤੇ ਫਿਰ ਉਨ੍ਹਾਂ ਨੂੰ ਰਾਜਸਭਾ ਦੀ ਕੁਰਸੀ ਨਾਲ ਨਿਵਾਜਿਆ ਗਿਆ। ਹਾਲ ਵਿਚ ਹੀ ਹਕੂਮਤ ਕਰ ਰਹੇ ਲੋਕਾਂ ਨੇ ਬਲਾਤਕਾਰੀ ਸੌਦਾ ਸਾਧ ਦੇ ਖ਼ਿਲਾਫ਼ ਅਦਾਲਤ ਦੇ ਫ਼ੈਸਲੇ ਨੂੰ ਨਾ ਮੰਨਦੇ ਹੋਏ, ਉਸ ਦਾ ਸਤਿਕਾਰ ਕੀਤਾ ਕਿਉਂਕਿ ਉਨ੍ਹਾਂ ਨੂੰ ਸਾਧ ਦਾ ਡੇਰਾ ਵੋਟਾਂ ਵਿਚ ਜਿੱਤ ਦਿਵਾਉਂਦਾ ਹੈ।

ਇਨ੍ਹਾਂ ਕੁੜੀਆਂ ਵਲੋਂ ਜਿਸ ਸਿਸਟਮ ਨੂੰ ਤੋੜਨ ਦਾ ਯਤਨ ਕੀਤਾ ਜਾ ਰਿਹਾ ਹੈ, ਸੱਚ ਕਹੀਏ ਤਾਂ ਉਹ ਸਿਰਫ਼ ਖੇਡਾਂ ਦੇ ਇਕ ਖੇਤਰ ਵਿਚ ਹੀ ਨਹੀਂ ਸਗੋਂ ਸਾਡੇ ਸਮਾਜ ਦੀ ਹਰ ਸੰਸਥਾ ਵਿਚ ਮੌਜੂਦ ਹੈ ਤੇ ਔਰਤ ਦੇ ਜਿਸਮ ਦੇ ਸਹਾਰੇ ਔਰਤਾਂ ਨੂੰ ਕਮਜ਼ੋਰ ਹੋਣ ਦਾ ਅਹਿਸਾਸ ਕਰਵਾਇਆ ਜਾਂਦਾ ਹੈ। ਕੰਮ ਕਰਨ ਵਾਲੀਆਂ ਔਰਤਾਂ ਜਦ ਅਜਿਹੇ ਮਰਦਾਂ ਦੇ ਸਿਸਟਮ ਵਿਚ ਥਾਂ ਬਣਾਉਣ ਦਾ ਯਤਨ ਕਰਦੀਆਂ ਹਨ ਤਾਂ ਤਾਕਤਵਰ ਮਰਦ ਉਨ੍ਹਾਂ ਨੂੰ ਵਰਤਣ ਦਾ ਮੌਕਾ ਲਭਦੇ ਹਨ। ਇਹ ਉਨ੍ਹਾਂ ਮਰਦਾਂ ਨਾਲ ਵੀ ਹੁੰਦਾ ਹੈ ਜਿਨ੍ਹਾਂ ਦੇ ਆਤਮ ਸਨਮਾਨ ਨੂੰ ਠੇਸ ਪਹੁੰਚਾ ਕੇ ਉਨ੍ਹਾਂ ਨੂੰ ਨੀਵਾਂ ਤੇ ਕਮਜ਼ੋਰ ਵਿਖਾਇਆ ਜਾਣਾ ਹੁੰਦਾ ਹੈ।

‘ਸਿਸਟਮ’ ਤਾਕਤਵਰ ਦੇ ਹੱਥ ਵਿਚ ਹੈ ਤੇ ਭਾਵੇਂ ਦੋਵੇਂ ਮਰਦ ਤੇ ਔਰਤ ਪੀੜਤ ਹਨ ਪਰ ਔਰਤਾਂ ਦੇ ਸੌਖੇ ਸ੍ਰੀਰਕ ਸ਼ੋਸ਼ਣ ਕਾਰਨ ਇਹ ਲੜਾਈ ਇਕ ਔਰਤ ਵਾਸਤੇ ਜ਼ਿਆਦਾ ਔਖੀ ਹੋ ਜਾਂਦੀ ਹੈ। ਸਦੀਆਂ ਦੇ ਬਣੇ ਬਣਾਏ ਸਿਸਟਮ ਨੂੰ ਤੋੜਨਾ ਆਸਾਨ ਨਹੀਂ ਹੁੰਦਾ ਪਰ ਜੇ ਔਰਤਾਂ ਅੱਗੇ ਆ ਕੇ ਅਪਣੇ ਜ਼ਖ਼ਮ ਤੇ ਦਰਦ ਸਾਂਝੇ ਕਰਦੀਆਂ ਹਨ ਤਾਂ ਉਹ ਇਸ ‘ਸਿਸਟਮ’ ਦੀਆਂ ਬੁਨਿਆਦਾਂ ਨੂੰ ਢਾਹੁਣ ਵਿਚ ਅੱਜ ਨਹੀਂ ਤਾਂ ਸ਼ਾਇਦ ਇਕ ਸਦੀ ਬਾਅਦ ਹੀ ਸਹੀ ਪਰ ਕਾਮਯਾਬ ਜ਼ਰੂਰ ਹੋਣਗੀਆਂ। ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਵਿਚ ਸੁਧਾਰ ਲਿਆਉਣ ਵਾਸਤੇ ਅੱਜ ਆਵਾਜ਼ ਬੁਲੰਦ ਰਖਣੀ ਹੀ ਸਾਡਾ ਯੋਗਦਾਨ ਹੈ ਤੇ ਇਨ੍ਹਾਂ ਲੜਕੀਆਂ ਨੂੰ ਦਿਲੋਂ ਸਲਾਮ।
 - ਨਿਮਰਤ ਕੌਰ