ਕਸ਼ਮੀਰ ਨੂੰ ਹਿੰਦੁਸਤਾਨ ਦਾ ਅਨਿਖੜਵਾਂ ਅੰਗ ਬਣਾਉਣ ਵਾਲੀ ਨੀਤੀ ਵਿਚ ਕਮੀ
ਪਾਕਿਸਤਾਨ ਵਿਰੁਧ ਨਾਰਾਜ਼ਗੀ ਜ਼ਰੂਰੀ ਪਰ ਭਾਰਤ ਵਿਚ ਰਹਿ ਰਹੇ ਕਸ਼ਮੀਰੀਆਂ ਨੂੰ ਬੇਗਾਨੇਪਨ ਦਾ ਅਹਿਸਾਸ ਨਾ ਕਰਾਉ!
ਅੱਜ ਬਸਾਂ ਭਰ ਕੇ ਕਸ਼ਮੀਰੀ ਵਿਦਿਆਰਥੀ ਵਾਪਸ ਭੇਜੇ ਜਾ ਰਹੇ ਹਨ ਕਿਉਂਕਿ ਉਹ ਅਪਣੇ ਹੀ ਦੇਸ਼ ਵਿਚ ਵੀ ਸੁਰੱਖਿਅਤ ਨਹੀਂ ਹਨ। ਕੀ ਉਹ ਮੁੜ ਤੋਂ ਪੜ੍ਹਨ ਲਈ ਵਾਪਸ ਆਉਣਗੇ? ਕੀ ਇਨ੍ਹਾਂ ਬਸਾਂ ਨੂੰ ਵੇਖ ਕੇ ਬੰਦੂਕ ਚੁਕੀ ਨੌਜੁਆਨ ਘਰਾਂ ਨੂੰ ਪਰਤਣਗੇ? ਜੋ ਬੰਦੂਕ ਨਾ ਚੁੱਕ ਕੇ, ਕਿਤਾਬ ਚੁੱਕ ਰਹੇ ਹਨ, ਉਨ੍ਹਾਂ ਨੂੰ ਕਿਉਂ ਭਾਰਤ ਦੇ ਹਰ ਸੂਬੇ 'ਚੋਂ ਕਢਿਆ ਜਾ ਰਿਹਾ ਹੈ? ਇਸ ਤੋਂ ਤਾਂ ਇਹੀ ਸੰਦੇਸ਼ ਮਿਲੇਗਾ ਕਿ ਭਾਰਤ ਕਸ਼ਮੀਰ ਨੂੰ ਅਪਣਾ ਨਹੀਂ ਮੰਨਦਾ। ਅੱਜ ਇਮਰਾਨ ਖ਼ਾਨ ਦੇ ਬਿਆਨ ਨਾਲ ਜ਼ਿਆਦਾ ਮਹੱਤਵਪੂਰਨ ਗੱਲ ਇਹ ਹੈ ਕਿ ਭਾਰਤ, ਕਸ਼ਮੀਰ ਨੂੰ ਭਾਰਤ ਦਾ ਹਿੱਸਾ ਬਣਾਉਣ ਲਈ ਕੀ ਕਰਦਾ ਹੈ।
ਇਮਰਾਨ ਖ਼ਾਨ ਵਲੋਂ ਬੜਾ ਮਿੱਠਾ ਜਿਹਾ ਸੁਨੇਹਾ ਭਾਰਤ ਸਰਕਾਰ ਨੂੰ ਭੇਜਿਆ ਗਿਆ ਹੈ ਜੋ ਇਕ ਨਵੇਂ ਪਾਕਿਸਤਾਨ ਦੀ ਗੱਲ ਕਰਦਾ ਹੈ ਜਿੱਥੇ ਅਤਿਵਾਦ ਲਈ ਕੋਈ ਥਾਂ ਨਹੀਂ। ਇਮਰਾਨ ਖ਼ਾਨ ਵਲੋਂ ਤਾਂ ਭਾਰਤ ਨੂੰ ਅਪਣੇ ਸਬੂਤ ਲੱਭਣ ਦੀ ਕੋਸ਼ਿਸ਼ ਵਿਚ ਪਾਕਿਸਤਾਨ ਆਉਣ ਦਾ ਵੀ ਖੁੱਲ੍ਹਾ ਸੱਦਾ ਦਿਤਾ ਗਿਆ ਹੋਇਆ ਹੈ ਅਤੇ ਕਿਹਾ ਹੈ ਕਿ ਭਾਰਤ ਸਬੂਤ ਦੇਵੇ, ਉਹ ਅਪਰਾਧੀਆਂ ਵਿਰੁਧ ਕਦਮ ਚੁੱਕਣਗੇ। ਖ਼ੈਰ, ਅਜੇ ਤਕ 26/11 ਦੇ ਸਬੂਤਾਂ ਉਤੇ ਕਦਮ ਨਹੀਂ ਚੁੱਕੇ ਗਏ ਪਰ ਉਸ ਵੇਲੇ ਇਮਰਾਨ ਖ਼ਾਨ ਪ੍ਰਧਾਨ ਮੰਤਰੀ ਨਹੀਂ ਸਨ ਅਤੇ ਜਦੋਂ ਪਠਾਨਕੋਟ ਵਿਚ ਹਮਲਾ ਹੋਇਆ ਸੀ.
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਆਪ ਆਈ.ਐਸ.ਆਈ. ਨੂੰ ਭਾਰਤ ਦੇ ਹਵਾਈ ਫ਼ੌਜੀ ਅੱਡੇ 'ਤੇ ਲਿਆਏ ਸਨ। ਸ਼ਾਇਦ ਇਮਰਾਨ ਖ਼ਾਨ ਅਪਣੀਆਂ ਕਥਨੀਆਂ ਉਤੇ ਯਕੀਨ ਕਰਦੇ ਹਨ ਅਤੇ ਨੇਕਦਿਲੀ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਂਗ ਇਕ ਨਵੇਂ ਦੌਰ ਦੀ ਸ਼ੁਰੂਆਤ ਚਾਹੁੰਦੇ ਹਨ। ਪਰ ਇਹ ਵੀ ਹੋ ਸਕਦਾ ਹੈ ਕਿ ਉਹ ਅਪਣੀ ਫ਼ੌਜ ਦੇ ਹੱਥਾਂ ਵਿਚ ਇਕ ਕਠਪੁਤਲੀ ਹੋਣ ਜੋ ਚਾਹੁੰਦੇ ਹੋਏ ਵੀ, ਅਖ਼ੀਰ ਆਪ ਕੁੱਝ ਨਹੀਂ ਕਰ ਸਕਦੇ। ਉਸ ਦੇ ਹੱਥਾਂ ਵਿਚ ਇਕ ਨਵਾਂ ਦੌਰ ਸ਼ੁਰੂ ਕਰਨ ਦੀ ਕੋਈ ਅਸਲ ਆਜ਼ਾਦੀ ਹੁੰਦੀ ਤਾਂ ਉਹ ਜ਼ਰੂਰ ਮਸੂਦ ਅਜ਼ਹਰ ਨੂੰ 26/11 ਦੇ ਦੋਸ਼ਾਂ ਵਾਸਤੇ ਸਜ਼ਾ ਦਿਵਾਉਂਦਾ।
ਇਮਰਾਨ ਖ਼ਾਨ ਨੇ ਕਰਤਾਰਪੁਰ ਲਾਂਘੇ ਸਬੰਧੀ ਜੋ ਵੀ ਕਦਮ ਚੁੱਕੇ ਹਨ, ਉਨ੍ਹਾਂ ਕਰ ਕੇ ਅੱਜ ਉਨ੍ਹਾਂ ਦਾ ਸਤਿਕਾਰ ਹੈ ਪਰ ਅਤਿਵਾਦ ਖ਼ਤਮ ਕਰਨ ਲਈ ਠੋਸ ਕਦਮ ਅਜੇ ਨਹੀਂ ਚੁੱਕੇ ਗਏ ਜਿਸ ਤੋਂ ਬਗ਼ੈਰ ਉਨ੍ਹਾਂ ਦੀ ਕਹਿਣੀ ਦਾ ਅਸਰ ਉਹ ਨਹੀਂ ਹੁੰਦਾ ਜੋ ਹੋਣਾ ਉਹ ਲੋਚਦੇ ਸਨ। ਪਰ ਭਾਰਤ ਦੀ ਕਸ਼ਮੀਰ ਨੀਤੀ ਇਮਰਾਨ ਖ਼ਾਨ ਦੀ ਕਥਨੀ ਜਾਂ ਕਰਨੀ ਉਤੇ ਨਿਰਭਰ ਨਹੀਂ ਹੋਣੀ ਚਾਹੀਦੀ। ਅੱਜ ਭਾਵੇਂ ਦੁਨੀਆਂ ਦੇ ਸਾਰੇ ਦੇਸ਼ ਭਾਰਤ ਨਾਲ ਹਮਦਰਦੀ ਪ੍ਰਗਟਾ ਰਹੇ ਹਨ ਤੇ ਅਤਿਵਾਦ ਨੂੰ ਵੀ ਜ਼ੁਬਾਨੀ ਕਲਾਮੀ ਕੋਸ ਰਹੇ ਹਨ ਪਰ ਪਾਕਿਸਤਾਨ ਵਿਰੁਧ ਕੋਈ ਵੀ ਦੇਸ਼ ਸਖ਼ਤ ਕਦਮ ਨਹੀਂ ਚੁੱਕ ਰਿਹਾ।
ਸਗੋਂ ਸਾਊਦੀ ਅਰਬ ਦੇ ਸ਼ਹਿਜ਼ਾਦੇ ਪਾਕਿਸਤਾਨ ਨੂੰ 20 ਅਰਬ ਡਾਲਰ ਦੀ ਮਦਦ ਦੇ ਕੇ ਆਏ ਹਨ। ਕੋਈ ਵੀ ਦੇਸ਼ ਭਾਰਤ ਨਾਲ ਡੱਟ ਕੇ ਖੜਾ ਹੋਣ ਵਾਸਤੇ ਤਿਆਰ ਨਹੀਂ ਸਗੋਂ ਕਸ਼ਮੀਰ ਵੀ ਡੱਟ ਕੇ ਭਾਰਤ ਨਾਲ ਖੜਾ ਹੋਣ ਵਾਸਤੇ ਤਿਆਰ ਨਹੀਂ ਦਿਸਦਾ। ਇਸ ਦਾ ਕਾਰਨ ਭਾਰਤ ਦੀਆਂ ਸਰਕਾਰਾਂ ਅਤੇ ਉਨ੍ਹਾਂ ਦੀਆਂ ਨੀਤੀਆਂ ਹਨ ਜੋ ਕਿ ਕਸ਼ਮੀਰੀਆਂ ਦੇ ਦਿਲ ਨਹੀਂ ਜਿੱਤ ਸਕੀਆਂ। ਅੱਜ 'ਆਜ਼ਾਦੀ ਆਜ਼ਾਦੀ' ਦੇ ਜਿਹੜੇ ਨਾਹਰੇ ਲੱਗ ਰਹੇ ਹਨ, ਉਹ 30 ਸਾਲ ਤੋਂ ਫ਼ੌਜੀ ਝੰਡੇ ਦੀ ਮਾਰ ਹੇਠ ਰਹਿੰਦੇ ਕਸ਼ਮੀਰੀਆਂ ਦੀ ਪੁਕਾਰ ਹੈ ਜੋ ਭਾਰਤ ਵਿਚ ਇਕ ਆਮ ਨਾਗਰਿਕ ਵਾਂਗ ਜਿਊਣਾ ਚਾਹੁੰਦੇ ਹਨ।
ਕਲ ਫ਼ੌਜੀ ਜਨਰਲ ਜੇ.ਐਸ. ਢਿਲੋਂ ਨੇ ਕਸ਼ਮੀਰੀ ਮਾਵਾਂ ਨੂੰ ਆਖਿਆ ਸੀ ਕਿ ਅਪਣੇ ਮੁੰਡੇ ਘਰ ਸੱਦ ਲਵੋ ਨਹੀਂ ਤਾਂ ਜੋ ਵੀ ਕੋਈ ਬੰਦੂਕ ਨਾਲ ਫੜਿਆ ਗਿਆ, ਉਸ ਨੂੰ ਫ਼ੌਜ ਦੀ ਗੋਲੀ ਜ਼ਰੂਰ ਵੱਜੇਗੀ। ਜਨਰਲ ਢਿੱਲੋਂ ਦਾ ਕਹਿਣਾ ਠੀਕ ਵੀ ਹੈ ਕਿਉਂਕਿ ਬੰਦੂਕ ਫੜ ਕੇ ਖੜਾ ਇਨਸਾਨ ਹਮਦਰਦੀ ਦੀ ਉਮੀਦ ਨਹੀਂ ਰੱਖ ਸਕਦਾ। ਪਰ ਜਨਰਲ ਦੇ ਲਫ਼ਜ਼ਾਂ ਨੂੰ ਅਸਲ ਸਮਰਥਨ ਦੇਣ ਵਾਲੇ ਸਹੀ ਕਦਮ ਚੁੱਕੇ ਜਾਂਦੇ ਵੀ ਨਹੀਂ ਵੇਖੇ ਗਏ। ਅੱਜ ਬਸਾਂ ਭਰ ਕੇ ਕਸ਼ਮੀਰੀ ਵਿਦਿਆਰਥੀ ਵਾਪਸ ਭੇਜੇ ਜਾ ਰਹੇ ਹਨ ਕਿਉਂਕਿ ਉਹ ਅਪਣੇ ਹੀ ਦੇਸ਼ ਵਿਚ ਵੀ ਸੁਰੱਖਿਅਤ ਨਹੀਂ ਹਨ।
ਕੀ ਉਹ ਮੁੜ ਤੋਂ ਪੜ੍ਹਨ ਲਈ ਵਾਪਸ ਆਉਣਗੇ? ਕੀ ਇਨ੍ਹਾਂ ਬਸਾਂ ਨੂੰ ਵੇਖ ਕੇ ਬੰਦੂਕ ਚੁਕੀ ਨੌਜੁਆਨ ਘਰਾਂ ਨੂੰ ਪਰਤਣਗੇ? ਜੋ ਬੰਦੂਕ ਨਾ ਚੁੱਕ ਕੇ, ਕਿਤਾਬ ਚੁੱਕ ਰਹੇ ਹਨ, ਉਨ੍ਹਾਂ ਨੂੰ ਕਿਉਂ ਭਾਰਤ ਦੇ ਹਰ ਸੂਬੇ 'ਚੋਂ ਕਢਿਆ ਜਾ ਰਿਹਾ ਹੈ? ਇਸ ਤੋਂ ਤਾਂ ਇਹੀ ਸੰਦੇਸ਼ ਮਿਲੇਗਾ ਕਿ ਭਾਰਤ ਕਸ਼ਮੀਰ ਨੂੰ ਅਪਣਾ ਨਹੀਂ ਮੰਨਦਾ। ਕਸ਼ਮੀਰ ਭਾਰਤ ਦੀ ਕਮਜ਼ੋਰ ਕੜੀ ਹੈ ਜਿਸ ਉਤੇ ਪਾਕਿਸਤਾਨ ਵਿਚ ਟਿਕੀਆਂ ਹੋਈਆਂ ਅਤਿਵਾਦੀ ਜਥੇਬੰਦੀਆਂ ਆਈ.ਐਸ.ਆਈ. ਨਾਲ ਰਲ ਕੇ ਹਮਲੇ ਕਰਦੀਆਂ ਰਹਿੰਦੀਆਂ ਹਨ।
ਜਦੋਂ ਪੰਜਾਬ ਦੀ ਸਰਹੱਦ, ਸਿਆਸਤਦਾਨਾਂ ਦੀ ਕਮਜ਼ੋਰੀ ਅਤੇ ਨਸ਼ਾ ਤਸਕਰੀ ਕਰ ਕੇ ਕਮਜ਼ੋਰ ਪੈ ਗਈ ਸੀ ਤਾਂ ਪਠਾਨਕੋਟ ਉਤੇ ਹਮਲਾ ਹੋਇਆ ਸੀ। ਅੱਜ ਕਸ਼ਮੀਰੀਆਂ ਦੇ ਦਿਲ ਨਾ ਜਿੱਤ ਸਕਣ ਕਾਰਨ, ਕਸ਼ਮੀਰ ਦੇ ਨੌਜੁਆਨ ਹੀ ਕਸ਼ਮੀਰ ਨੂੰ ਅਤਿਵਾਦ ਲਈ ਇਕ ਜ਼ਰਖੇਜ਼ ਧਰਤੀ ਬਣਾ ਰਹੇ ਹਨ। ਕਸ਼ਮੀਰ ਲਈ ਇਕ ਖ਼ਾਸ ਨੀਤੀ ਤਿਆਰ ਕਰਨੀ ਚਾਹੀਦੀ ਹੈ ਜੋ ਕਿ ਜਨਰਲ ਢਿੱਲੋਂ ਦੀ ਸਖ਼ਤੀ ਨਾਲ ਨੌਜੁਆਨਾਂ ਨੂੰ ਅਮਨ ਦੇ ਰਾਹ ਉਤੇ ਮੁੜਨ ਵਾਸਤੇ ਉਤਸ਼ਾਹਿਤ ਕਰ ਸਕੇ ਅਤੇ ਇਸ ਨੀਤੀ ਦਾ ਜ਼ਿਕਰ ਭਾਰਤੀ ਮੀਡੀਆ ਚੈਨਲਾਂ ਉਤੇ ਕੀਤੇ ਜਾਣ ਉਤੇ ਸਖ਼ਤ ਪਾਬੰਦੀ ਹੋਣੀ ਚਾਹੀਦੀ ਹੈ।
ਇਹ ਟੀ.ਆਰ.ਪੀ. ਦੇ ਭੁੱਖੇ ਐਂਕਰ, ਭਾਰਤ ਵਿਚ ਫੈਲਦੀ ਨਫ਼ਰਤ ਦਾ ਇਕ ਜ਼ਰੀਆ ਬਣ ਚੁੱਕੇ ਹਨ। ਇਨ੍ਹਾਂ ਦੇ ਮੂੰਹ 'ਚੋਂ ਨਿਕਲਦੇ ਸ਼ਬਦ ਇਨ੍ਹਾਂ ਦੀ ਆਜ਼ਾਦੀ ਤੋਂ ਜ਼ਿਆਦਾ ਕਿਸੇ ਹੋਰ ਦੇ ਹੱਕ ਮਾਰਨ ਦਾ ਕੰਮ ਕਰ ਰਹੇ ਹਨ। ਅੱਜ ਇਮਰਾਨ ਖ਼ਾਨ ਦੇ ਬਿਆਨ ਨਾਲੋਂ ਜ਼ਿਆਦਾ ਮਹੱਤਵਪੂਰਨ ਗੱਲ ਇਹ ਹੈ ਕਿ ਭਾਰਤ, ਕਸ਼ਮੀਰ ਨੂੰ ਭਾਰਤ ਦਾ ਹਿੱਸਾ ਬਣਾਉਣ ਲਈ ਕੀ ਕਰਦਾ ਹੈ। -ਨਿਮਰਤ ਕੌਰ