ਤਾਮਿਲਨਾਡੂ ਵਿਚ ਨਵੇਂ ਸਿਆਸੀ ਗੰਢ-ਚਤਰਾਵੇ ਪਰ ਕਾਂਗਰਸ ਸੁੱਤੀ ਪਈ ਹੈ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਏ.ਆਈ.ਏ.ਡੀ.ਐਮ.ਕੇ. ਵਿਚੋਂ ਸ਼ਸ਼ੀਕਲਾ ਨੂੰ ਕੱਢ ਕੇ ਪਾਰਟੀ ਦੀਆਂ ਦੋਹਾਂ ਧਿਰਾਂ ਵਿਚ ਸਮਝੌਤਾ ਪੱਕਾ ਕਰਵਾ ਦਿਤਾ ਗਿਆ ਹੈ।

Rajnath and Hooda


ਏ.ਆਈ.ਏ.ਡੀ.ਐਮ.ਕੇ. ਵਿਚੋਂ ਸ਼ਸ਼ੀਕਲਾ ਨੂੰ ਕੱਢ ਕੇ ਪਾਰਟੀ ਦੀਆਂ ਦੋਹਾਂ ਧਿਰਾਂ ਵਿਚ ਸਮਝੌਤਾ ਪੱਕਾ ਕਰਵਾ ਦਿਤਾ ਗਿਆ ਹੈ। ਪਰ ਕੀ ਇਹ ਸਮਝੌਤਾ ਪਾਰਟੀ ਵਿਚੋਂ ਭ੍ਰਿਸ਼ਟ ਸ਼ਸ਼ੀਕਲਾ ਅਤੇ ਉਸ ਕਰ ਕੇ ਲੱਗੇ ਦਾਗ਼ ਨੂੰ ਧੋ ਕੇ ਪਾਰਟੀ ਨੂੰ ਮੁੜ ਤਾਕਤਵਰ ਕਰਨ ਦੀ ਸੋਚ ਹੈ ਜਾਂ ਕੇਵਲ ਭਾਜਪਾ ਦੇ ਭ੍ਰਿਸ਼ਟਾਚਾਰ-ਮੁਕਤ ਨਾਹਰੇ ਨਾਲ ਗੰਢ-ਚਤਰਾਵੇ ਦੀ ਤਿਆਰੀ ਹੈ? ਬਿਹਾਰ ਵਿਚ ਜਨਤਾ ਦਲ (ਯੂ) ਉਤੇ ਕਾਠੀ ਪਾ ਲੈਣ ਤੋਂ ਬਾਅਦ ਹੁਣ ਅਮਿਤ ਸ਼ਾਹ ਦੀਆਂ ਨਜ਼ਰਾਂ ਤਾਮਿਲਨਾਡੂ ਉਤੇ ਆ ਟਿਕੀਆਂ ਹਨ। ਏ.ਆਈ.ਏ.ਡੀ.ਐਮ.ਕੇ. ਨੂੰ ਭਾਜਪਾ ਵਿਚ ਮਿਲਾਉਣ ਦਾ ਕੋਈ ਫ਼ਾਇਦਾ ਵੀ ਹੋਵੇਗਾ ਜਾਂ ਇਸ 'ਭਰਤ-ਮਿਲਾਪ' ਦੇ ਬਾਵਜੂਦ, ਤਾਮਿਲਨਾਡੂ ਦੀ 'ਫ਼ਿਲਮੀ-ਰਾਜਨੀਤੀ' ਹੁਣ ਨਵੇਂ ਫ਼ਿਲਮੀ 'ਹੀਰੋ' ਦੁਆਲੇ ਜੁੜਨੀ ਸ਼ੁਰੂ ਹੋ ਜਾਵੇਗੀ? ਤਾਮਿਨਲਾਡੂ ਵਿਚ ਸ਼ਖ਼ਸੀ ਪੂਜਾ, ਫ਼ਿਲਮਾਂ ਅਤੇ ਸਿਆਸਤ ਵਿਚਕਾਰ ਇਸ ਤਰ੍ਹਾਂ ਦਾ ਮਿਲਾਪ ਬਣਿਆ ਆ ਰਿਹਾ ਹੈ ਕਿ ਸੂਬੇ ਵਿਚ ਪਹਿਲੇ ਦੋ ਵਰਗਾਂ ਵਿਚੋਂ ਹੀ ਵੱਡੇ ਲੀਡਰ ਪ੍ਰਵਾਨ ਕੀਤੇ ਜਾਂਦੇ ਹਨ। ਅੱਜ ਦੀ ਤਾਮਿਲ ਸਿਆਸਤ ਦੇ ਸਾਰੇ ਮੌਜੂਦਾ ਚਿਹਰਿਆਂ ਵਿਚੋਂ ਕੋਈ ਵੀ ਜਨਤਾ ਨੂੰ ਪਸੰਦ ਆਉਣ ਵਾਲਾ ਨਹੀਂ। ਇਸੇ ਖ਼ਾਲੀ ਥਾਂ ਨੂੰ ਵੇਖ ਕੇ ਹੁਣ ਤਾਮਿਲ ਫ਼ਿਲਮੀ ਜਗਤ ਦੇ ਨਵੇਂ 'ਰੱਬ' ਰਜਨੀਕਾਂਤ ਸਿਆਸਤ ਵਿਚ ਕਦਮ ਰੱਖਣ ਲਗੇ ਹਨ। ਉਨ੍ਹਾਂ ਦੀ ਟੀਮ ਵਲੋਂ ਭਾਜਪਾ ਨਾਲ ਗਠਜੋੜ ਕਰਨ ਦੀ ਸਹਿਮਤੀ ਦਾ ਇਸ਼ਾਰਾ ਵੀ ਆ ਚੁੱਕਾ ਹੈ, ਬਸ਼ਰਤੇ ਕਿ ਉਹ ਰਜਨੀਕਾਂਤ ਦੇ ਹੇਠ ਲੱਗ ਕੇ ਕੰਮ ਕਰਨਾ ਮੰਨ ਲੈਣ। ਇਸ ਨਵੀਂ ਹਿਲਜੁਲ ਨੇ ਭਾਜਪਾ ਅਤੇ ਏ.ਆਈ.ਏ.ਡੀ.ਐਮ.ਕੇ. ਵਿਚਕਾਰ ਹੋਣ ਜਾ ਰਹੇ ਗਠਜੋੜ ਉਤੇ ਹਾਲ ਦੀ ਘੜੀ ਰੋਕ ਲਾ ਦਿਤੀ ਹੈ। ਭਾਜਪਾ ਨੂੰ ਹੁਣ ਚੋਣ ਕਰਨੀ ਪਵੇਗੀ ਕਿ ਉਹ ਅਪਣੇ ਹੇਠ ਕੰਮ ਕਰਨ ਲਈ ਤਿਆਰ ਪਹਿਲਾਂ ਤੋਂ ਹੀ 'ਪਾਲਤੂ' ਸਿਆਸਤਦਾਨਾਂ ਨਾਲ ਰਿਸ਼ਤਾ ਬਣਾਏਗੀ ਜਾਂ ਜੈਲਲਿਤਾ ਵਾਂਗ ਜਨਤਾ ਦੇ ਇਕ ਨਵੇਂ 'ਰੱਬ' ਰਜਨੀਕਾਂਤ ਦੇ ਨਖ਼ਰੇ ਸਹਿਣ ਕਰੇਗੀ? ਇਸੇ ਤਰ੍ਹਾਂ ਦਾ ਇਕ ਨਵਾਂ ਰਿਸ਼ਤਾ ਹੁੱਡਾ ਨਾਲ ਹਰਿਆਣੇ ਵਿਚ ਵੀ ਕਾਇਮ ਕਰਨ ਦੀਆਂ ਖ਼ਬਰਾਂ ਮਿਲ ਰਹੀਆਂ ਹਨ।
ਅੰਤਮ ਫ਼ੈਸਲਾ ਲੈਣ ਵਿਚ ਕੁੱਝ ਸਮਾਂ ਜ਼ਰੂਰ ਲੱਗ ਜਾਏਗਾ ਪਰ ਭਾਜਪਾ ਅਪਣੇ ਕਾਂਗਰਸਮੁਕਤ ਨਿਸ਼ਾਨੇ ਦੀ ਪ੍ਰਾਪਤੀ ਲਈ ਕੰਮ ਕਰਨ ਵਿਚ ਮਸਰੂਫ਼ ਹੈ। ਦੂਜੇ ਪਾਸੇ ਕਾਂਗਰਸ ਇਸ ਨਵੀਂ ਰਾਜਸੀ ਉਥਲ ਪੁਥਲ ਬਾਰੇ ਜਾਣਦੀ ਹੀ ਕੁੱਝ ਨਹੀਂ ਲਗਦੀ। ਅਪਣੇ ਆਪ ਵਿਚ ਹੀ ਗੁਆਚੀ ਪਈ ਹੈ। ਜੇ ਸ਼ਹਿਜ਼ਾਦਾ ਨਹੀਂ ਬਦਲ ਸਕਦੀ, ਉਸ ਦੇ ਸਲਾਹਕਾਰ ਤਾਂ ਬਦਲੇ ਹੀ ਜਾ ਸਕਦੇ ਹਨ, ਤਾਕਿ ਵਿਰੋਧੀ ਧਿਰ ਦੀ ਹੋਂਦ ਭਾਰਤੀ ਸਿਆਸਤ ਵਿਚੋਂ ਖ਼ਤਮ ਹੀ ਨਾ ਹੋ ਜਾਵੇ।  -ਨਿਮਰਤ ਕੌਰ