ਸ਼੍ਰੋਮਣੀ ਕਮੇਟੀ ਦਾ ਚੜਾਵੇ ਦਾ ਸਾਰਾ ਬਜਟ ਕਿਸਾਨੀ ਦੇ ਕਰਜ਼ੇ ਨੂੰ ਸਮਰਪਿਤ ਕਿਉਂ ਨਹੀਂ ਕਰ ਦਿਤਾ ਜਾਂਦਾ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਹੁਣ ਸ਼੍ਰੋਮਣੀ ਕਮੇਟੀ ਅਪਣੇ ਬਗੀਚੇ ਸੋਹਣੇ ਬਣਾਉਣ ਦੀ ਯੋਜਨਾ ਤਿਆਰ ਕਰ ਰਹੀ ਹੈ।

Suicide Farmers

ਹੁਣ ਸ਼੍ਰੋਮਣੀ ਕਮੇਟੀ ਅਪਣੇ ਬਗੀਚੇ ਸੋਹਣੇ ਬਣਾਉਣ ਦੀ ਯੋਜਨਾ ਤਿਆਰ ਕਰ ਰਹੀ ਹੈ। ਜੇ ਗੁਰੂਆਂ ਨੇ ਬਗੀਚੇ ਹੀ ਲਗਾਉਣੇ ਸਨ ਤਾਂ ਉਹ ਵੀ ਮੁਗ਼ਲਾਂ ਵਾਂਗ ਬਾਗ਼ ਸਥਾਪਤ ਕਰ ਦੇਂਦੇ। ਗੁਰੂ ਘਰਾਂ ਵਿਚ ਚੜ੍ਹਾਵਾ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਜਾਂ ਸੰਗਮਰਮਰ ਦੇ ਢਾਂਚੇ ਬਣਾਉਣ ਵਾਸਤੇ ਨਹੀਂ।

ਪਿਛਲੀ ਅਕਾਲੀ-ਭਾਜਪਾ ਸਰਕਾਰ ਵੇਲੇ, ਵਿਧਾਨ ਸਭਾ ਦੀ ਬੈਠਕ ਉਤੇ ਨਸ਼ੇ ਦਾ ਮੁੱਦਾ ਸਿਆਸੀ ਹਥਿਆਰ ਬਣ ਕੇ ਵਾਰ ਕਰਦਾ ਦਿਸਦਾ ਸੀ ਪਰ ਅੱਜ ਵਿਰੋਧੀ ਧਿਰ, ਕਿਸਾਨਾਂ ਦੇ ਮੁੱਦੇ ਉਤੇ ਕਾਂਗਰਸ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੀ ਹੈ। ਵਿਰੋਧੀ ਧਿਰ ਦੀ ਮੁੱਖ ਪਾਰਟੀ, 'ਆਪ' ਤਾਂ ਹੁਣ ਅਪਣੀ ਘਰੇਲੂ ਲੜਾਈ ਕਾਰਨ ਕਮਜ਼ੋਰ ਹੋ ਚੁੱਕੀ ਹੈ ਤੇ ਇਹ ਸੱਭ ਅਪਣੀ ਕੁਰਸੀ ਨੂੰ ਬਚਾਉਣ ਦੇ ਚੱਕਰ ਵਿਚ ਹੀ 'ਆਪ' ਨਾਲ ਅਜੇ ਤਕ ਜੁੜੇ ਹੋਏ ਹਨ। ਜੋ ਲੋਕ ਉਸ ਪਾਰਟੀ ਤੋਂ ਆਉਂਦੇ ਹਨ ਜਿਸ ਦਾ ਆਗੂ ਹੁਣ ਅਪਣੇ ਮੂੰਹ 'ਚੋਂ ਨਿਕਲੇ ਵਿਰੋਧੀਆਂ ਬਾਰੇ ਹਰ ਲਫ਼ਜ਼ ਨੂੰ ਵਾਪਸ ਲੈਣ ਵਿਚ ਲੱਗਾ ਹੋਇਆ ਹੈ, ਉਨ੍ਹਾਂ ਉਤੇ ਕੀ ਭਰੋਸਾ ਕੀਤਾ ਜਾ ਸਕਦਾ ਹੈ? 'ਆਪ' ਪਾਰਟੀ ਦੇ ਵਿਧਾਨਕਾਰਾਂ ਅੰਦਰ ਆਪਸੀ ਸਾਂਝ ਵਰਗੀ ਕੋਈ ਗੱਲ ਪਿੱਛੇ ਨਹੀਂ ਰਹਿ ਗਈ। ਇਨ੍ਹਾਂ ਵਿਚ ਅੱਧੇ ਤਾਂ ਅਜੇ ਵੀ ਅਰਵਿੰਦ ਕੇਜਰੀਵਾਲ ਦੇ ਪਿੱਛੇ ਲੱਗੇ ਰਹਿਣਾ ਚਾਹੁੰਦੇ ਹਨ, ਭਾਵੇਂ ਇਸ ਤਰ੍ਹਾਂ ਕਰ ਕੇ ਉਹ ਪੰਜਾਬ ਦੇ ਲੋਕਾਂ ਨਾਲ ਨਾਇਨਸਾਫ਼ੀ ਕਰ ਰਹੇ ਹੋਣਗੇ।ਦੂਜਾ ਵਿਰੋਧੀ ਧੜਾ, ਅਕਾਲੀ ਦਲ, ਅੱਜ ਵਿਧਾਨ ਸਭਾ ਘੇਰਨ ਤਕ ਆ ਗਿਆ ਹੈ ਪਰ ਜਿਹੜੀ ਮੁਸ਼ਕਲ ਅੱਜ ਪੰਜਾਬ ਨੂੰ ਦਰਪੇਸ਼ ਹੈ, ਉਹ ਤਾਂ ਉਨ੍ਹਾਂ ਦੀ ਅਪਣੀ ਹੀ ਪੈਦਾ ਕੀਤੀ ਹੋਈ ਹੈ। ਤੇਲਗੂ ਦੇਸਮ ਪਾਰਟੀ ਵਲ ਵੇਖੋ, ਉਨ੍ਹਾਂ ਨੂੰ ਕੇਂਦਰ ਦੀ ਕੁਰਸੀ ਦਾ ਕੋਈ ਲਾਲਚ ਨਹੀਂ, ਸੋ ਅਪਣੇ ਸੂਬੇ ਦੇ ਹੱਕ ਨਾ ਮਿਲਣ ਤੇ, ਕੇਂਦਰੀ ਵਜ਼ਾਰਤ 'ਚੋਂ ਦੋਵੇਂ ਵਜ਼ੀਰ ਬਾਹਰ ਆ ਗਏ। ਪਰ ਅਕਾਲੀ ਦਲ ਬਾਦਲ ਨੂੰ ਸਿਰਫ਼ ਬਾਦਲ ਪ੍ਰਵਾਰ ਨੂੰ ਮਿਲੀ ਕੁਰਸੀ ਨਾਲ ਹੀ ਮਤਲਬ ਹੈ, ਪੰਜਾਬ ਨੂੰ ਭਾਵੇਂ ਕੱਖ ਨਾ ਦਿਤਾ ਜਾਵੇ। ਅਕਾਲੀ ਜਾਣਦੇ ਸੀ ਕਿ ਉਹ ਮੁੜ ਤੋਂ ਵਾਪਸ ਨਹੀਂ ਆਉਣਗੇ, ਸੋ ਉਨ੍ਹਾਂ ਨੇ ਪੰਜਾਬ ਦੇ ਖ਼ਜ਼ਾਨੇ ਨੂੰ ਖ਼ਾਲੀ ਕਰ ਦਿਤਾ। ਉਨ੍ਹਾਂ ਜਾਂਦੇ-ਜਾਂਦੇ ਕੇਂਦਰ ਵਲੋਂ ਪੰਜਾਬ ਉਤੇ 31 ਹਜ਼ਾਰ ਕਰੋੜ ਦਾ ਕਰਜ਼ਾ ਹੋਰ ਪਵਾ ਦਿਤਾ ਤਾਕਿ ਕਰਜ਼ਿਆਂ ਦੀਆਂ ਪੰਡਾਂ ਨਾਲ ਜੂਝਦੀ ਰਹਿ ਕੇ, ਕਾਂਗਰਸ ਸਰਕਾਰ ਵੀ ਕੁੱਝ ਨਾ ਕਰ ਸਕੇ। ਪਰ ਇਸ ਚੱਕਰ ਵਿਚ ਪੰਜਾਬ ਵੀ ਹਾਰਦਾ ਹੈ, ਜਿਸ ਦੀ ਅਕਾਲੀ-ਭਾਜਪਾ ਨੂੰ ਕੋਈ ਪ੍ਰਵਾਹ ਹੀ ਨਹੀਂ। ਸ. ਬਾਦਲ ਨੇ ਤਾਂ ਸਾਫ਼ ਕਰ ਦਿਤਾ ਹੈ ਕਿ ਹਿੰਦੋਸਤਾਨ ਰਹੇ ਨਾ ਰਹੇ, ਅਕਾਲੀ ਦਲ, ਭਾਜਪਾ ਦੇ ਨਾਲ ਹੀ ਰਹੇਗਾ। ਭਾਜਪਾ ਕਿਸਾਨਾਂ ਤੋਂ ਪਹਿਲਾਂ ਉਦਯੋਗਪਤੀਆਂ ਨੂੰ ਪਹਿਲ ਦਿੰਦੀ ਹੈ ਜਿਸ ਦਾ ਉਹ 4.5 ਲੱਖ ਕਰੋੜ ਦਾ ਕਰਜ਼ਾ ਮਾਫ਼ ਕਰ ਚੁੱਕੀ ਹੈ ਪਰ ਭਾਰਤ ਦੇ ਸਾਰੇ ਕਿਸਾਨਾਂ ਦਾ 2 ਲੱਖ ਕਰੋੜ ਦਾ ਕਰਜ਼ਾ ਮਾਫ਼ ਨਹੀਂ ਕਰ ਸਕਦੀ। ਉਨ੍ਹਾਂ ਦੇ ਮੂੰਹੋਂ ਕਿਸਾਨਾਂ ਦੀ ਬਿਹਤਰੀ ਦੀ ਗੱਲ ਨਹੀਂ ਜਚਦੀ।

ਤੀਜੀ ਬਚੀ ਕਾਂਗਰਸ ਸਰਕਾਰ ਜੋ ਕਰਜ਼ੇ ਨਾਲ ਜੂਝਦੀ, ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਨ ਦੇ ਯਤਨ ਤਾਂ ਕਰ ਰਹੀ ਹੈ। ਕਾਂਗਰਸ ਦੀ ਨੀਤ ਤੇ ਸ਼ੱਕ ਨਾ ਕਰਦੇ ਹੋਏ ਵੀ ਉਨ੍ਹਾਂ ਦੀਆਂ ਯੋਜਨਾਵਾਂ ਉਤੇ ਸਵਾਲ ਜ਼ਰੂਰ ਉਠਾਇਆ ਜਾ ਸਕਦਾ ਹੈ। ਹੁਣ ਹਾਈ ਕੋਰਟ ਨੇ ਵੀ ਪੰਜਾਬ ਸਰਕਾਰ ਕੋਲੋਂ ਪੁਛਿਆ ਹੈ ਕਿ 60 ਹਜ਼ਾਰ ਕਰੋੜ ਦੀ ਕਰਜ਼ਾ ਮਾਫ਼ੀ ਦੀ ਯੋਜਨਾ ਕੀ ਹੈ? ਪੈਸਾ ਕਿਥੋਂ ਆਵੇਗਾ ਤੇ ਕਦ ਤਕ?
ਕਾਂਗਰਸ ਦੀ ਕਮਜ਼ੋਰੀ ਇਸ ਦੀ ਅੰਦਰੂਨੀ ਖਿੱਚੋਤਾਣ ਰਹੀ ਹੈ ਤੇ ਅੱਜ ਵੀ ਉਹ ਇਸ ਨਾਲ ਜੂਝ ਰਹੀ ਹੈ। ਇਕ ਸਾਲ ਕਾਂਗਰਸ ਸਰਕਾਰ ਨੂੰ ਪੂਰਾ ਜ਼ੋਰ ਲਗਾ ਕੇ ਇਹ ਸੂਚਨਾ ਕੱਢ ਦੇਣੀ ਚਾਹੀਦੀ ਸੀ ਕਿ ਕਿਸ ਕਿਸਾਨ ਦਾ ਕਿੰਨਾ ਕਰਜ਼ਾ ਸਰਕਾਰ ਵਲੋਂ ਮਾਫ਼ ਹੋ ਸਕੇਗਾ। ਇਹ ਸੂਚੀ ਜਾਰੀ ਹੋਣ ਮਗਰੋਂ ਛੋਟਾ ਕਿਸਾਨ ਅਪਣੀ ਦੁਬਿਧਾ ਵਿਚੋਂ ਨਿਕਲ ਕੇ ਖ਼ੁਦਕੁਸ਼ੀ ਵਾਲਾ ਕਦਮ ਨਹੀਂ ਚੁੱਕੇਗਾ। ਅੱਜ ਤਕਰੀਬਨ ਹਰ ਰੋਜ਼ ਤਿੰਨ-ਤਿੰਨ ਕਿਸਾਨ ਖ਼ੁਦਕੁਸ਼ੀ ਦਾ ਰਸਤਾ ਅਪਣਾ ਰਹੇ ਹਨ। ਉਨ੍ਹਾਂ ਨੂੰ ਕੋਈ ਆਸ ਤਾਂ ਦਿਸਣੀ ਹੀ ਚਾਹੀਦੀ ਹੈ ਪਰ ਇਕ ਪਾਸੇ ਜਿਥੇ ਸਰਕਾਰ ਹਾਰ ਰਹੀ ਹੈ, ਉਥੇ ਦੂਜੇ ਪਾਸੇ ਪੰਜਾਬ ਦੀ ਜਨਤਾ ਵੀ ਕਿਸਾਨ ਪ੍ਰਤੀ ਸਖ਼ਤ ਹੋ ਗਈ ਹੈ। ਕਿਸਾਨੀ ਕਰਜ਼ੇ ਤੋਂ ਵੱਧ ਅਹਿਮੀਅਤ ਵਾਲਾ ਕੋਈ ਮੁੱਦਾ ਪੰਜਾਬ ਸਾਹਮਣੇ ਨਹੀਂ ਹੈ ਪਰ ਸਿੱਖਾਂ ਵਲੋਂ ਸੇਵਾ ਵਾਸਤੇ ਦਿਤੇ ਚੜ੍ਹਾਵੇ ਨੂੰ ਵੀ ਸ਼੍ਰੋਮਣੀ ਕਮੇਟੀ ਰਾਹੀਂ ਕਿਸਾਨ ਵਾਸਤੇ ਇਸਤੇਮਾਲ ਨਹੀਂ ਕੀਤਾ ਜਾ ਰਿਹਾ। ਹੁਣ ਸ਼੍ਰੋਮਣੀ ਕਮੇਟੀ ਅਪਣੇ ਬਗੀਚੇ ਸੋਹਣੇ ਬਣਾਉਣ ਦੀ ਯੋਜਨਾ ਤਿਆਰ ਕਰ ਰਹੀ ਹੈ। ਜੇ ਗੁਰੂਆਂ ਨੇ ਬਗੀਚੇ ਹੀ ਲਗਾਣੇ ਸਨ ਤਾਂ ਉਹ ਵੀ ਮੁਗ਼ਲਾਂ ਵਾਂਗ ਬਾਗ਼ ਸਥਾਪਤ ਕਰ ਦੇਂਦੇ। ਗੁਰੂ ਘਰਾਂ ਵਿਚ ਚੜ੍ਹਾਵਾ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਜਾਂ ਸੰਗਮਰਮਰ ਦੇ ਢਾਂਚੇ ਬਣਾਉਣ ਵਾਸਤੇ ਨਹੀਂ। ਖ਼ਾਲਸਾ ਏਡ ਨੇ ਭਾਵੇਂ ਪੰਜਾਬ ਵਿਚ ਨਹੀਂ, ਦੁਨੀਆਂ ਵਿਚ ਤਾਂ ਸਿੱਖ ਸਿਧਾਂਤਾਂ ਦਾ ਪ੍ਰਚਮ ਲਹਿਰਾ ਦਿਤਾ ਹੈ। ਸ਼੍ਰੋਮਣੀ ਕਮੇਟੀ ਤਾਂ ਹਰ ਖੇਤਰ ਵਿਚ ਪੈਰ ਅੜਾਈ ਬੈਠੀ ਹੈ ਪਰ ਨਤੀਜਾ ਸਿਫ਼ਰ ਹੈ।ਕਿਸਾਨ ਦੀ ਹਾਲਤ ਨੂੰ ਵਿਗਾੜ ਕੇ ਰੱਖ ਦੇਣ ਵਾਲੇ ਸਿਆਸਤਦਾਨਾਂ ਕੋਲੋਂ ਉਮੀਦ ਨਹੀਂ ਰੱਖੀ ਜਾ ਸਕਦੀ ਤੇ ਨਾ ਹੀ ਗੋਲਕਾਂ ਤੇ ਕਬਜ਼ਾ ਕਰੀ ਬੈਠੇ ਜਥੇਦਾਰਾਂ ਤੋਂ। ਕਰਜ਼ੇ ਹੇਠ ਦੱਬੀ ਹੋਈ ਸਰਕਾਰ ਵੀ ਘੱਟ ਹੀ ਕੁੱਝ ਕਰ ਸਕੇਗੀ। ਹੁਣ ਤਾਂ ਪੰਜਾਬ ਦੇ ਲੋਕਾਂ ਉਤੇ ਹੀ ਕਿਸਾਨਾਂ ਦਾ ਆਸਰਾ ਹੈ। ਛਬੀਲਾਂ ਲਾਉਣੀਆਂ ਹਨ, ਰੁਮਾਲਿਆਂ ਵਿਚ ਗੁਰੂ ਦੇ ਹੁਕਮਾਂ ਨੂੰ ਬੰਦ ਕਰ ਕੇ ਰਖਣਾ ਹੈ, ਸੰਗਮਰਮਰ ਲਗਾ ਕੇ ਅਪਣੀ ਸ਼ਾਨ ਦਾ ਰੋਹਬ ਜਮਾਉਣਾ ਹੈ ਜਾਂ ਅਪਣੇ ਗ਼ਰੀਬ ਕਿਸਾਨਾਂ ਦੀ ਮਦਦ ਤੇ ਆਉਣਾ ਹੈ?  -ਨਿਮਰਤ ਕੌਰ