Editorial: ਭਾਰਤ-ਕੈਨੇਡਾ ਸਬੰਧ ਵਿੱਚ ਸੁਧਾਰ ਵਲ ਨਵੀਂ ਪੇਸ਼ਕਦਮੀ
ਆਰ.ਸੀ.ਐਮ.ਪੀ. ਕੋਲ ਇਸ ਵੇਲੇ ਕੋਈ ਅਜਿਹਾ ਸਬੂਤ ਨਹੀਂ ਜੋ ਭਾਰਤੀ ਖ਼ੁਫ਼ੀਆ ਏਜੰਸੀਆਂ ਨੂੰ ਕੈਨੇਡਾ ਅੰਦਰ ਅਪਰਾਧਿਕ ਸਰਗਰਮੀਆਂ ਨਾਲ ਜੋੜਦਾ ਹੋਵੇ।
New steps towards improving India-Canada relations Editorial: ਕੂਟਨੀਤੀ ਕਿਹੜੇ ਕਿਹੜੇ ਮੋੜ ਲੈ ਸਕਦੀ ਹੈ, ਇਸ ਦੀ ਮਿਸਾਲ ਰਾਇਲ ਕੈਨੇਡੀਅਨ ਮਾਊਂਟਿਡ ਪੁਲੀਸ (ਆਰ.ਸੀ.ਐਮ.ਪੀ.) ਦੇ ਕਮਿਸ਼ਨਰ ਮਾਈਕ ਡੂਐਮ ਦੀ ਤਾਜ਼ਾਤਰੀਨ ਮੀਡੀਆ ਇੰਟਰਵਿਊ ਹੈ। ਇਸ ਵਿਚ ਉਸ ਨੇ ਕਿਹਾ ਹੈ ਕਿ ਆਰ.ਸੀ.ਐਮ.ਪੀ. ਕੋਲ ਇਸ ਵੇਲੇ ਕੋਈ ਅਜਿਹਾ ਸਬੂਤ ਨਹੀਂ ਜੋ ਭਾਰਤੀ ਖ਼ੁਫ਼ੀਆ ਏਜੰਸੀਆਂ ਨੂੰ ਕੈਨੇਡਾ ਅੰਦਰ ਅਪਰਾਧਿਕ ਸਰਗਰਮੀਆਂ ਜਾਂ ਖ਼ਾਲਿਸਤਾਨੀਆਂ ਦੀਆਂ ਹੱਤਿਆਵਾਂ ਨਾਲ ਜੋੜਦਾ ਹੋਵੇ। ਉਸ ਨੇ ਇਹ ਵੀ ਕਿਹਾ ਹੈ ਕਿ ਕੈਨੇਡਾ ਅੰਦਰਲੇ ਜਬਰੀ ਵਸੂਲੀਆਂ ਜਾਂ ਧਮਕੀਆਂ ਆਦਿ ਦੇ ਮਾਮਲਿਆਂ ਨਾਲ ਲਾਰੈਂਸ ਬਿਸ਼ਨੋਈ ਦੇ ਜੁੜੇ ਹੋਣ ਦੇ ਵੀ ਆਰ.ਸੀ.ਐਮ.ਪੀ. ਕੋਲ ਕੋਈ ਨਿੱਗਰ ਸਬੂਤ ਨਹੀਂ। ਕੈਨੇਡੀਅਨ ਮੀਡੀਆ ਚੈਨਲ ਸੀ.ਟੀ.ਵੀ. ਨਿਊਜ਼ ਨਾਲ ਇਕ ਇੰਟਰਵਿਊ ਵਿਚ ਕਮਿਸ਼ਨਰ ਡੂਐਮ ਨੇ ਸਪਸ਼ਟ ਤੌਰ ’ਤੇ ਕਿਹਾ ਕਿ ਇਸ ਵੇਲੇ ਅਜਿਹੀਆਂ ਕੋਈ ਵੀ ਖ਼ੁਫ਼ੀਆ ਜਾਂ ਮੁਜਰਿਮਾਨਾ ਕਾਰਵਾਈਆਂ ਕੈਨੇਡੀਅਨ ਧਰਤੀ ’ਤੇ ਨਹੀਂ ਵਾਪਰ ਰਹੀਆਂ ਜਿਨ੍ਹਾਂ ਦੇ ਤਾਰ ਭਾਰਤ ਸਰਕਾਰ ਨਾਲ ਜੁੜਦੇ ਹੋਣ। ਉਸ ਨੇ ਇਹ ਵੀ ਦਾਅਵਾ ਕੀਤਾ ਕਿ ਭਾਰਤ ਸਰਕਾਰ ਦੀ ਤਰਫ਼ੋਂ ਕਿਸੇ ਕੈਨੇਡੀਅਨ ਨਾਗਰਿਕ ਨੂੰ ਕੈਨੇਡੀਅਨ ਧਰਤੀ ਉੱਤੇ ਧਮਕਾਏ ਜਾਣ ਦਾ ਕੋਈ ਮਾਮਲਾ ਵੀ ਆਰ.ਸੀ.ਐਮ.ਪੀ. ਦੀਆਂ ਫ਼ਾਈਲਾਂ ’ਤੇ ਨਹੀਂ। ਅਹਿਮਦਾਬਾਦ ਦੀ ਸਾਬਰਮਤੀ ਜੇਲ੍ਹ ਵਿਚ ਬੰਦ ਅਪਰਾਧੀ ਸਰਗਨੇ ਲਾਰੈਂਸ ਬਿਸ਼ਨੋਈ ਵਲੋਂ ਕੈਨੇਡੀਅਨ ਭੂਮੀ ਉੱਤੇ ਕਥਿਤ ਤੌਰ ’ਤੇ ਕਰਵਾਏ ਜਾ ਰਹੇ ਅਪਰਾਧਾਂ ਬਾਰੇ ਵੀ ਕਮਿਸ਼ਨਰ ਨੇ ਸਪਸ਼ਟ ਕੀਤਾ ਕਿ ਕਿਸੇ ਅਪਰਾਧ ਵਿਚ ਬਿਸ਼ਨੋਈ ਦਾ ਹੱਥ ਹੋਣ ਦਾ ਠੋਸ ਪ੍ਰਮਾਣ ਆਰ.ਸੀ.ਐਮ.ਪੀ. ਕੋਲ ਮੌਜੂਦ ਨਹੀਂ। ਉਸ ਨੇ ਰਾਇ ਪ੍ਰਗਟਾਈ ਕਿ ਇਹ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ ਕਿ ਸਥਾਨਕ ਗਰੋਹ, ਲਾਰੈਂਸ ਬਿਸ਼ਨੋਈ ਦਾ ਨਾਂਅ ਵਰਤ ਕੇ ਆਪੋ-ਅਪਣਾ ਉੱਲੂ ਸਿੱਧਾ ਕਰ ਰਹੇ ਹੋਣ।
ਕਮਿਸ਼ਨਰ ਡੂਐਮ ਦੀਆਂ ਅਜਿਹੀਆਂ ਟਿੱਪਣੀਆਂ ਅਕਤੂਬਰ 2024 ਵਿਚ ਇਕ ਮੀਡੀਆ ਕਾਨਫਰੰਸ ਵਿਚ ਉਸ ਵਲੋਂ ਕੀਤੇ ਗਏ ਸਨਸਨੀਖੇਜ਼ ਦਾਅਵਿਆਂ ਨਾਲ ਬਿਲਕੁਲ ਮੇਲ ਨਹੀਂ ਖਾਂਦੀਆਂ। ਉਦੋਂ ਉਸ ਨੇ ਕਿਹਾ ਸੀ ਕਿ ਆਰ.ਸੀ.ਐਮ.ਪੀ. ਕੋਲ ਸਿਰਫ਼ ਖ਼ੁਫ਼ੀਆ ਜਾਣਕਾਰੀ ਹੀ ਨਹੀਂ, ਸਗੋਂ ਪੱਕੇ ਸਬੂਤ ਵੀ ਹਨ ਕਿ ਕੈਨੇਡਾ ਵਿਚ ਸਿੱਖ ਭਾਈਚਾਰੇ ਖ਼ਿਲਾਫ਼ ਹਿੰਸਾ ਤੇ ਧਮਕੀਆਂ ਦੇ ਮਾਮਲੇ, ਭਾਰਤ ਸਰਕਾਰ ਦੇ ‘ਉਚੇਰੇ ਹਲਕਿਆਂ’ ਨਾਲ ਜੁੜੇ ਹੋਏ ਹਨ। ਨਾਲ ਹੀ ਉਸ ਨੇ ਇਹ ਵੀ ਕਿਹਾ ਸੀ ਕਿ ਸਿੱਖ ਆਗੂਆਂ ਬਾਰੇ ਸੂਚਨਾਵਾਂ ਤੇ ਜਾਣਕਾਰੀ ਜੁਟਾਉਣ ਦਾ ਕਾਰਜ ਭਾਰਤੀ ਡਿਪਲੋਮੈਟਾਂ ਵਲੋਂ ਕੀਤਾ ਜਾ ਰਿਹਾ ਹੈ। ਹੁਣ ਵਾਲੀ ਇੰਟਰਵਿਊ ਵਿਚ 2024 ਵਾਲੇ ਦਾਅਵਿਆਂ ਦੀ ਯਾਦ ਦਿਵਾਏ ਜਾਣ ’ਤੇ ਕਮਿਸ਼ਨਰ ਨੇ ਸਪਸ਼ਟ ਕੀਤਾ ਕਿ ਉਦੋਂ ਜੋ ਸਥਿਤੀ ਸਾਹਮਣੇ ਆ ਰਹੀ ਸੀ, ਉਸ ਦੇ ਮੁਤਾਬਿਕ ਹੀ ਕੁਝ ਦਾਅਵੇ ਕੀਤੇ ਗਏ ਸਨ। ਬਾਅਦ ਵਿਚ ‘‘ਸਾਰੇ ਬਿੰਦੂ ਆਪਸ ਵਿਚ ਨਹੀਂ ਜੁੜੇ। ਇਸ ਕਾਰਨ ਤੱਤਕਾਲੀ ਜਾਂਚ-ਪੜਤਾਲ ਠੱਪ ਕਰ ਦਿਤੀ ਗਈ।’’
ਉਪਰੋਕਤ ਸਾਰਾ ਘਟਨਾਕ੍ਰਮ ਦਰਸਾਉਂਦਾ ਹੈ ਕਿ ਸਫ਼ਾਰਤੀ ਸਬੰਧਾ ਦਾ ਲੀਹ ’ਤੇ ਆਉਣਾ ਕੜਵਾਹਟਾਂ ਤੇ ਤੋਹਮਤਾਂ ਘਟਾਉਣ ਵਿਚ ਕਿਸ ਹੱਦ ਤਕ ਸਾਜ਼ਗਾਰ ਹੋ ਸਕਦਾ ਹੈ। 2024 ਵਿਚ ਜਸਟਿਨ ਟਰੂਡੋ ਕੈਨੇਡਾ ਦੇ ਪ੍ਰਧਾਨ ਮੰਤਰੀ ਸਨ। ਉਨ੍ਹਾਂ ਨੇ ਨਿੱਜੀ ਪੱਖਪਾਤਾਂ ਅਤੇ ਖ਼ਾਲਿਸਤਾਨੀਆਂ ਦੀ ਹਮਾਇਤ ਵਾਲੇ ਪਾਰਲੀਮੈਂਟ ਮੈਂਬਰਾਂ ਦੇ ਦਬਾਅ ਹੇਠ ਭਾਰਤ ਉੱਪਰ ਕੈਨੇਡੀਅਨ ਭੂਮੀ ’ਤੇ ਕਤਲੋ-ਗਾਰਤ ਦੇ ਇਲਜ਼ਾਮ ਲਾ ਕੇ ਦੁਵੱਲੇ ਸਬੰਧ ਇਸ ਹੱਦ ਤਕ ਵਿਗਾੜ ਦਿਤੇ ਕਿ ਦੋਵਾਂ ਮੁਲਕਾਂ ਨੇ ਸਫ਼ਾਰਤੀ ਅਮਲਾ ਤੇਜ਼ੀ ਨਾਲ ਘਟਾ ਦਿਤਾ ਅਤੇ ਆਪੋ ਅਪਣੇ ਹਾਈ ਕਮਿਸ਼ਨਰ ਵੀ ਵਾਪਸ ਬੁਲਾ ਲਏ। ਮੌਜੂਦਾ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਨ੍ਹਾਂ ਸਬੰਧਾਂ ਨੂੰ ਲੀਹ ’ਤੇ ਲਿਆਉਣ ਦਾ ਅਮਲ ਜਿਹੜੀ ਸੁਹਿਰਦਤਾ ਨਾਲ ਸ਼ੁਰੂ ਕੀਤਾ, ਉਸ ਨੂੰ ਭਾਰਤ ਤੋਂ ਵੀ ਸੁਖਾਵਾਂ ਹੁੰਗਾਰਾ ਮਿਲਣਾ ਸੁਭਾਵਿਕ ਹੀ ਸੀ। ਹੁਣ ਸ੍ਰੀ ਕਾਰਨੀ ਦੀ ਹਾਲੀਆ ਭਾਰਤ ਫੇਰੀ ਨੇ ਦੁਵੱਲੇ ਸਬੰਧਾਂ ਨੂੰ ਮੁੜ ਇਸ ਪੱਧਰ ’ਤੇ ਪਹੁੰਚਾ ਦਿਤਾ ਹੈ ਕਿ ਦੋਵੇਂ ਮੁਲਕ ਕੌਮਾਂਤਰੀ ਮੰਚਾਂ ਉੱਤੇ ਭਾਈਵਾਲਾਂ ਵਾਂਗ ਵਿਚਰਨ ਲੱਗੇ ਹਨ। ਇਸ ਤੋਂ ਕੈਨੇਡਾ ਵਿਚ ਵਸੇ ਭਾਰਤੀ ਭਾਈਚਾਰੇ, ਖ਼ਾਸ ਕਰ ਕੇ ਪੰਜਾਬੀਆਂ ਨੂੰ ਸੌਖ ਤੇ ਰਾਹਤ ਮਹਿਸੂਸ ਹੋਣੀ ਸੁਭਾਵਿਕ ਹੈ। ਆਰ.ਸੀ.ਐਮ.ਪੀ. ਦੇ ਕਮਿਸ਼ਨਰ ਦੀ ਤਾਜ਼ਾਤਰੀਨ ਇੰਟਰਵਿਊ ਜਿੱਥੇ ਕੈਨੇਡਾ ਅੰਦਰਲੇ ਖ਼ਾਲਿਸਤਾਨੀ ਅਨਸਰਾਂ ਨੂੰ ਮਾਯੂਸ ਕਰਨ ਵਾਲੀ ਹੈ, ਉੱਥੇ ਇਸ ਹਕੀਕਤ ਦੀ ਨਿਸ਼ਾਨਦੇਹੀ ਵੀ ਕਰਦੀ ਹੈ ਕਿ ਦੋਵਾਂ ਦੇਸ਼ਾਂ ਨੂੰ ਆਪਸੀ ਸੰਵੇਦਨਾਵਾਂ ਦਾ ਖ਼ਾਸ ਖ਼ਿਆਲ ਰੱਖਣਾ ਚਾਹੀਦਾ ਹੈ। ਵਿਵਾਦਿਤ ਮੁੱਦੇ ਪਰਦੇ ਦੇ ਸਾਹਮਣੇ ਨਹੀਂ, ਪਰਦੇ ਦੇ ਪਿੱਛੇ ਰਹਿ ਕੇ ਸੁਲਝਾਏ ਜਾਣੇ ਚਾਹੀਦੇ ਹਨ। ਕੂਟਨੀਤੀ ਦਾ ਇਹੋ ਹੀ ਇੱਕੋਇਕ ਸੁਨਹਿਰੀ ਨਿਯਮ ਹੈ।