ਔਰਤ ਦਾ ਬਲਾਤਕਾਰ ਰੋਕਣ ਵਿਚ ਅਸਫ਼ਲ ਰਹਿਣ ਵਾਲੇ 'ਭਾਰਤ ਮਾਤਾ' ਵਾਲਾ ਛੁਣਛੁਣਾ ਕਿਉਂ ਛਣਕਾਉਦੇ ਲਗਦੇ ਹਨ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਉਨਾਵ ਅਤੇ ਕਠੂਆ ਦੀਆਂ ਘਟਨਾਵਾਂ ਕਾਰਨ ਵਿਦੇਸ਼ਾਂ ਵਿਚ ਭਾਰਤ ਦਾ ਇਹ ਅਕਸ ਬਣਦਾ ਜਾ ਰਿਹਾ ਹੈ ਕਿ ਇਹ ਗੁੰਡਿਆਂ, ਬਦਮਾਸ਼ਾਂ ਤੇ ਬਲਾਤਕਾਰੀਆਂ ਦਾ ਦੇਸ਼ ਹੈ।

Legard

ਸੱਚ ਕਹਿਣ ਦੀ ਤਾਕਤ ਵਿਖਾਈ ਮੁੰਬਈ ਦੀ ਉਸ ਅਦਾਲਤ ਨੇ ਜਿਸ ਨੇ ਭਰੀ ਅਦਾਲਤ ਵਿਚ ਕਿਹਾ ਕਿ ਉਨਾਵ ਅਤੇ ਕਠੂਆ ਦੀਆਂ ਘਟਨਾਵਾਂ ਕਾਰਨ ਵਿਦੇਸ਼ਾਂ ਵਿਚ ਭਾਰਤ ਦਾ ਇਹ ਅਕਸ ਬਣਦਾ ਜਾ ਰਿਹਾ ਹੈ ਕਿ ਇਹ ਗੁੰਡਿਆਂ, ਬਦਮਾਸ਼ਾਂ ਤੇ ਬਲਾਤਕਾਰੀਆਂ ਦਾ ਦੇਸ਼ ਹੈ। ਦਾਭੋਲਕਰ ਅਤੇ ਪਨਸਾਰੇ ਦੇ ਕਤਲ ਕੇਸਾਂ ਬਾਰੇ ਗ਼ੌਰ ਕਰਦਿਆਂ ਅਦਾਲਤ ਨੇ ਕਿਹਾ ਕਿ ਸਾਡੇ ਦੇਸ਼ ਵਿਚ ਜੋ ਵਾਤਾਵਰਣ ਅੱਜ ਬਣ ਗਿਆ ਹੈ, ਉਹ ਸਾਡੀ ਸਮਾਜਕ ਅਤੇ ਸਭਿਆਚਾਰਕ ਜ਼ਿੰਦਗੀ ਉਤੇ ਅਸਰ ਪਾ ਕੇ ਰਹੇਗਾ। ਇਸ ਤਰ੍ਹਾਂ ਚਲਦਾ ਰਿਹਾ ਤਾਂ ਸਾਡੇ ਨਾਲ ਕੋਈ ਗੱਲ ਕਰਨਾ ਵੀ ਪਸੰਦ ਨਹੀਂ ਕਰੇਗਾ। ਇੰਟਰਨੈਸ਼ਨਲ ਮਾਨੇਟਰੀ ਫ਼ੰਡ ਦੇ ਮੁਖੀ ਕਰਿਸਟੀਨ ਲੈਗਾਰਡ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਹ ਕੁੱਝ ਕਹਿ ਦਿਤਾ ਜੋ ਭਾਰਤ ਦੀ ਅੱਧੀ ਤੋਂ ਵੱਧ ਜਨਤਾ ਆਖਣਾ ਤਾਂ ਚਾਹੁੰਦੀ ਹੈ ਪਰ ਕਹਿ ਨਹੀਂ ਸਕਦੀ। ਉਨ੍ਹਾਂ ਭਰੀ ਸਭਾ ਵਿਚ ਪ੍ਰਧਾਨ ਮੰਤਰੀ ਦੇ ਮੂੰਹ ਤੇ ਕਹਿ ਦਿਤਾ ਕਿ ਭਾਰਤ ਵਿਚ ਜੋ ਹੋ ਰਿਹਾ ਹੈ, ਉਹ ਬੜਾ ਹੀ ਬਦਜ਼ਨ ਕਰਨ ਵਾਲਾ (ਰੀਵੋਲਟਿੰਗ) ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਪਹਿਲਾਂ ਵੀ ਮੋਦੀ ਜੀ ਅਤੇ ਉਨ੍ਹਾਂ ਦੀ ਸਰਕਾਰ ਨੂੰ ਭਾਰਤ ਦੀਆਂ ਔਰਤਾਂ ਵਲ ਧਿਆਨ ਦੇਣ ਲਈ ਆਖਿਆ ਸੀ ਅਤੇ ਕਠੂਆ ਮਾਮਲੇ ਨੂੰ ਧਿਆਨ ਵਿਚ ਰਖਦਿਆਂ ਇਹ ਨਸੀਹਤ ਮੁੜ ਤੋਂ ਦੁਹਰਾਈ ਸੀ।ਭਾਰਤ ਭਰ ਵਿਚ ਅਤੇ ਵਿਦੇਸ਼ਾਂ ਵਿਚ ਬੈਠੇ ਭਾਰਤੀ ਵੀ ਮੋਦੀ ਜੀ ਨੂੰ ਇਹ ਗੱਲ ਚੀਕ ਚੀਕ ਕੇ ਕਹਿ ਰਹੇ ਹਨ। ਲੰਦਨ ਵਿਚ ਘੱਟ ਗਿਣਤੀਆਂ ਅਤੇ 8 ਸਾਲ ਦੀ ਬੱਚੀ ਵਾਸਤੇ, ਖ਼ਾਸ ਕਰ ਕੇ ਭਾਰਤੀਆਂ ਨੇ, ਇਕੱਠੇ ਹੋ ਕੇ ਨਾਹਰੇਬਾਜ਼ੀ ਕੀਤੀ। ਨਾਹਰੇਬਾਜ਼ੀ ਨੂੰ ਖ਼ਾਲਿਸਤਾਨੀਆਂ ਨਾਲ ਮਤਭੇਦ ਵਜੋਂ ਦਰਸਾਇਆ ਜਾ ਰਿਹਾ ਹੈ ਪਰ ਅਸਲ ਵਿਚ ਉਥੇ ਵੱਖ ਵੱਖ ਜਥੇਬੰਦੀਆਂ ਭਾਰਤ ਵਿਚ ਬੱਚੀਆਂ ਵਿਰੁਧ ਹੋ ਰਹੇ ਬਲਾਤਕਾਰਾਂ ਦੇ ਮਾਮਲੇ ਵਿਚ ਧਰਮ ਅਤੇ ਘੱਟਗਿਣਤੀਆਂ ਦੇ ਮੁੱਦਿਆਂ ਨੂੰ ਇਕੋ ਤਰ੍ਹਾਂ ਨਾਲ ਦਾਖ਼ਲ ਦਫ਼ਤਰ ਕਰਨ ਵਿਰੁਧ ਪ੍ਰਦਰਸ਼ਨ ਕਰ ਰਹੀਆਂ ਸਨ। ਕੇਂਦਰ ਸਿਰ ਕਸ਼ਮੀਰ ਵਿਚ ਵਿਗੜਦੇ ਹਾਲਾਤ ਦੀ ਜ਼ਿੰਮੇਵਾਰੀ ਸੁੱਟੀ ਜਾ ਰਹੀ ਸੀ ਪਰ ਰੀਪੋਰਟਾਂ ਨੇ ਖ਼ਾਲਿਸਤਾਨੀਆਂ ਨਾਲ ਝੜਪ ਦਾ ਨਾਂ ਦੇ ਕੇ ਅਸਲ ਮੁੱਦੇ ਨੂੰ ਦਬਾਉਣ ਦੀ ਕੋਸ਼ਿਸ਼ ਹੀ ਕੀਤੀ ਹੈ।ਭਾਰਤ ਦੇ ਉਪ-ਰਾਸ਼ਟਰਪਤੀ ਨਾਇਡੂ ਆਖਦੇ ਹਨ ਕਿ ਭਾਰਤ ਵਿਚ ਔਰਤਾਂ ਵਿਰੁਧ ਅਪਰਾਧੀ ਕਾਰਵਾਈਆਂ ਅਤੇ ਬਲਾਤਕਾਰਾਂ ਵਿਚ ਵਾਧਾ ਤਾਂ ਵਿਦੇਸ਼ੀ ਅਸਰ ਹੇਠ ਹੋ ਰਿਹਾ ਹੈ ਕਿਉਂਕਿ ਭਾਰਤ ਦੇ ਸਭਿਆਚਾਰ ਵਿਚ ਤਾਂ ਔਰਤ ਨੂੰ ਸੱਭ ਤੋਂ ਵੱਧ ਇੱਜ਼ਤ ਦਿਤੀ ਗਈ ਹੈ ਤੇ ਦੇਸ਼ ਨੂੰ ਹੀ 'ਭਾਰਤ ਮਾਤਾ' ਕਹਿਣ ਵਾਲੀ ਭਾਰਤੀ ਸੰਸਕ੍ਰਿਤੀ, ਔਰਤ ਦੇ ਸਤਿਕਾਰ ਦੀ ਸੂਚਕ ਹੈ। ਪਰ ਕੀ ਅਸਲ ਵਿਚ ਭਾਰਤੀ ਨਾਰੀ ਨੂੰ ਸਾਡੇ ਸਭਿਆਚਾਰ ਵਿਚ ਏਨਾ ਮਾਣ ਦਿਤਾ ਗਿਆ ਹੈ? ਨਾਇਡੂ ਜੀ ਤਾਂ ਆਰ.ਐਸ.ਐਸ. ਅਤੇ ਭਾਜਪਾ ਦੇ ਕਾਰਕੁਨਾਂ ਵਿਚੋਂ ਆਏ ਹਨ। ਫਿਰ ਇਨ੍ਹਾਂ ਦੀ ਪਾਰਟੀ ਵਿਚ ਹੀ ਸੱਭ ਤੋਂ ਵੱਧ ਉਹ ਸੰਸਦ ਮੈਂਬਰ ਅਤੇ ਵਿਧਾਇਕ ਕਿਉਂ ਮਹੱਤਵਪੂਰਨ ਥਾਵਾਂ ਉਤੇ ਲੱਗੇ ਹੋਏ ਹਨ ਜਿਨ੍ਹਾਂ ਨੇ ਔਰਤਾਂ ਵਿਰੁਧ ਅਪਰਾਧ ਕੀਤੇ ਹਨ? ਭਾਰਤੀ ਸਭਿਆਚਾਰ ਦੀ ਕਥਿਤ ਔਰਤ-ਪੱਖੀ ਨੁਹਾਰ ਦਾ ਪ੍ਰਚਾਰ ਕਰਨ ਵਾਲੇ, ਅਪਣੀ ਪਾਰਟੀ ਦੇ ਕਾਰਕੁਨਾਂ ਵਿਚ ਹੀ ਔਰਤਾਂ ਵਾਸਤੇ ਸਤਿਕਾਰ ਕਿਉਂ ਨਹੀਂ ਪੈਦਾ ਕਰ ਸਕੇ?

ਕਰਿਸਟੀਨ ਲੈਗਾਰਡ ਨੇ ਵੀ ਕਿਹਾ ਹੈ ਕਿ ਸਿਰਫ਼ ਜ਼ੁਬਾਨੀ ਗੱਲਾਂ ਹੀ ਕਾਫ਼ੀ ਨਹੀਂ ਹੁੰਦੀਆਂ। ਅੱਜ ਭਾਰਤ ਵੀ ਅਪਣੀ ਸਰਕਾਰ ਨੂੰ ਆਖਦਾ ਹੈ ਕਿ ਕਹਿਣ ਅਤੇ ਕਰਨ ਦਾ ਫ਼ਰਕ ਸਾਨੂੰ ਸਮਝ ਆ ਰਿਹਾ ਹੈ। ਸੱਚ ਕਹਿਣ ਦੀ ਤਾਕਤ ਵਿਖਾਈ ਮੁੰਬਈ ਦੀ ਉਸ ਅਦਾਲਤ ਨੇ ਜਿਸ ਨੇ ਭਰੀ ਅਦਾਲਤ ਵਿਚ ਕਿਹਾ ਕਿ ਉਨਾਵ ਅਤੇ ਕਠੂਆ ਦੀਆਂ ਘਟਨਾਵਾਂ ਕਾਰਨ ਵਿਦੇਸ਼ਾਂ ਵਿਚ ਭਾਰਤ ਦਾ ਇਹ ਅਕਸ ਬਣਦਾ ਜਾ ਰਿਹਾ ਹੈ ਕਿ ਇਹ ਗੁੰਡਿਆਂ, ਬਦਮਾਸ਼ਾਂ ਤੇ ਬਲਾਤਕਾਰੀਆਂ ਦਾ ਦੇਸ਼ ਹੈ। ਦਾਭੋਲਕਰ ਅਤੇ ਪਨਸਾਰੇ ਦੇ ਕਤਲ ਕੇਸਾਂ ਬਾਰੇ ਗ਼ੌਰ ਕਰਦਿਆਂ ਅਦਾਲਤ ਨੇ ਕਿਹਾ ਕਿ ਸਾਡੇ ਦੇਸ਼ ਵਿਚ ਜੋ ਵਾਤਾਵਰਣ ਅੱਜ ਬਣ ਗਿਆ ਹੈ, ਉਹ ਸਾਡੀ ਸਮਾਜਕ ਅਤੇ ਸਭਿਆਚਾਰਕ ਜ਼ਿੰਦਗੀ ਉਤੇ ਅਸਰ ਪਾ ਕੇ ਰਹੇਗਾ। ਇਸ ਤਰ੍ਹਾਂ ਚਲਦਾ ਰਿਹਾ ਤਾਂ ਸਾਡੇ ਨਾਲ ਕੋਈ ਗੱਲ ਕਰਨਾ ਵੀ ਪਸੰਦ ਨਹੀਂ ਕਰੇਗਾ। ਜੱਜ ਧਰਮਅਧਿਕਾਰੀ ਅਤੇ ਡਾਂਗਰੇ ਨੇ ਦੋਹਾਂ ਕਤਲਾਂ ਦੇ ਪੰਜ ਸਾਲ ਬੀਤ ਜਾਣ ਮਗਰੋਂ ਵੀ ਜਾਂਚ ਨਾ ਪੂਰੇ ਹੋਣ ਦਾ ਪ੍ਰਸ਼ਨ ਚੁਕਿਆ। ਹਰ ਨਵੀਂ ਸਰਕਾਰ ਆਉਂਦੀ ਹੈ ਅਤੇ ਨਵੀਆਂ ਗੱਲਾਂ ਕਰਦੀ ਹੈ, ਨਵੇਂ ਟੀਚੇ ਮਿਥਦੀ ਹੈ ਪਰ ਅੰਤ ਵਿਚ ਹੁੰਦਾ ਕੀ ਹੈ? ਜਾਂਚਾਂ ਖ਼ਤਮ ਨਹੀਂ ਹੁੰਦੀਆਂ। ਜਾਂਚ ਖ਼ਤਮ ਹੁੰਦਿਆਂ ਹੁੰਦਿਆਂ ਸਬੂਤ ਗਵਾਚ ਜਾਂਦੇ ਹਨ। ਅਸਰ-ਰਸੂਖ਼ ਵਾਲੇ ਲੋਕ ਗਵਾਹਾਂ ਨੂੰ ਧਮਕੀਆਂ ਦੇਣ ਲੱਗ ਜਾਂਦੇ ਹਨ।ਕਠੂਆ ਜਾਂ ਉਨਾਵ ਕੇਸਾਂ ਵਿਚ ਜਦੋਂ ਸਜ਼ਾ ਦਾ ਸਮਾਂ ਆਵੇਗਾ, ਉਦੋਂ ਤਕ ਸ਼ਾਇਦ ਮੁਲਜ਼ਮ ਮਰ ਚੁੱਕੇ ਹੋਣਗੇ। ਸਿੱਖ ਕਤਲੇਆਮ ਦੇ ਮੁਲਜ਼ਮ ਵੀ ਤਾਂ ਮਰ ਗਏ ਪਰ ਨਿਆਂ ਦਾ ਨਾਮੋ-ਨਿਸ਼ਾਨ ਵੀ ਕਿਤੇ ਨਹੀਂ ਦਿਸਦਾ। ਆਧਾਰ ਕਾਰਡ ਨਾਲ ਹੁਣ ਹਰ ਇਨਸਾਨ ਦਾ ਪਤਾ ਲਾਇਆ ਜਾ ਸਕਦਾ ਹੈ ਪਰ ਸਾਡੀ ਪੁਲਿਸ ਅਜੇ ਵੀ ਸਿੱਖਾਂ ਦੇ ਹੱਕ ਵਿਚ ਇਸ ਦਾ ਫ਼ਾਇਦਾ ਨਹੀਂ ਉਠਾ ਸਕੀ। ਸਿਰਫ਼ ਸਰਕਾਰ ਵਿਰੁਧ ਬੋਲਣ ਵਾਲੀਆਂ ਆਵਾਜ਼ਾਂ ਫੜੀਆਂ ਜਾ ਰਹੀਆਂ ਹਨ। ਔਰਤਾਂ ਪ੍ਰਤੀ ਇਸ ਰਵਈਏ ਨਾਲ ਕੀ ਭਾਰਤ ਅੱਗੇ ਵੱਧ ਸਕਦਾ ਹੈ? ਜਿਸ ਸਮਾਜ ਵਿਚ ਇਕ ਬਲਾਤਕਾਰੀ ਨੂੰ ਵਿਧਾਇਕ ਬਣਾਉਣ ਵਿਚ ਸ਼ਰਮ ਨਹੀਂ ਕੀਤੀ ਜਾਂਦੀ, ਉਸ ਬਾਰੇ ਹੋਰ ਕੀ ਕਿਹਾ ਜਾਏ? ਕਦੇ ਭਾਰਤ ਵਿਚ ਔਰਤਾਂ ਹੀ ਸੁਰੱਖਿਅਤ ਨਹੀਂ ਸਨ, ਪਰ ਹੁਣ ਬੱਚੀਆਂ ਦੇ ਬਲਾਤਕਾਰੀਆਂ ਨੂੰ ਵੀ ਸਰਕਾਰੀ ਪਨਾਹ ਮਿਲਦੀ ਹੈ।ਅੱਜ ਭਾਰਤੀ ਔਰਤਾਂ ਅਤੇ ਬੱਚੀਆਂ ਵਾਸਤੇ ਵਿਦੇਸ਼ਾਂ 'ਚੋਂ ਆਵਾਜ਼ਾਂ ਉਠ ਰਹੀਆਂ ਹਨ। ਸ਼ਾਇਦ ਹੁਣ ਇਸ ਦੇ ਆਗੂ ਸਮਝ ਜਾਣ ਕਿ ਉਹ ਅਪਣੀਆਂ ਔਰਤਾਂ ਦਾ ਕੀ ਹਾਲ ਕਰ ਰਹੇ ਹਨ। ਕਠੂਆ ਬਲਾਤਕਾਰ ਦੀ ਪੀੜਤ ਬੱਚੀ ਦਾ ਇਕ ਗੀਤ ਗਾਉਂਦੇ ਸਮੇਂ ਦਾ ਵੀਡੀਉ ਸਾਹਮਣੇ ਆਇਆ ਹੈ। ਉਸ ਦੀ ਆਵਾਜ਼ ਹਰ ਭਾਰਤੀ ਦੇ ਦਿਲੋ ਦਿਮਾਗ਼ ਵਿਚ ਗੂੰਜਣੀ ਚਾਹੀਦੀ ਹੈ:
''ਸੁਨਾ ਥਾ ਬੇਹੱਦ ਸੁਨਹਿਰੀ ਹੈ ਦਿੱਲੀ,
ਸਮੰਦਰ ਸੀ ਖ਼ਾਮੋਸ਼ ਗਹਿਰੀ ਹੈ ਦਿੱਲੀ।
ਮਗਰ ਏਕ ਮਾਂ ਕੀ ਸਦਾ ਸੁਨ ਨਾ ਪਾਏ,
ਤੋ ਲਗਦਾ ਹੈ ਗੂੰਗੀ ਹੈ ਬਹਿਰੀ ਹੈ ਦਿੱਲੀ।
ਵੋ ਆਂਖੋਂ ਮੇਂ ਅਸ਼ਕੋਂ ਦਾ ਦਰਿਆ ਸਮੇਟੇ,
ਵੋ ਉਮੀਦ ਦਾ ਇਕ ਨਜ਼ਰੀਆ ਸਮੇਟੇ।
ਯਹਾਂ ਕਹਿ ਰਹੀ ਹੈ ਵਹਾਂ ਕਹਿ ਰਹੀ ਹੈ,
ਤੜਪ ਕਰ ਕੇ ਯੇ ਏਕ ਮਾਂ ਕਹਿ ਰਹੀ ਹੈ।
ਕੋਈ ਪੂਛਤਾ ਹੀ ਨਹੀਂ ਹਾਲ ਮੇਰਾ...।
ਕੋਈ ਲਾ ਕੇ ਦੇ ਦੇ ਮੁਝੇ ਲਾਲ ਮੇਰਾ।''
-ਨਿਮਰਤ ਕੌਰ