ਸੰਪਾਦਕੀ: ਅਪਣੇ ਚੰਗੇ ਕੰਮਾਂ ਦੇ ਬਾਵਜੂਦ ਸਿੱਖ, ਦੁਨੀਆਂ ਭਰ 'ਚ ਨਫ਼ਰਤ ਦੇ ਸ਼ਿਕਾਰ ਕਿਉਂ...

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਕਿਸਾਨ ਅੰਦੋਲਨ ਵਿਚ ਸਿੱਖਾਂ ਨੂੰ ਅਤਿਵਾਦੀ ਕਰਾਰ ਦੇਂਦੇ ਹੋਏ ਸਿਆਸਤਦਾਨਾਂ ਤੇ ਰਾਸ਼ਟਰੀ ਮੀਡੀਆ ਨੂੰ ਵੀ ਵੇਖਿਆ।

sikh

ਅਮਰੀਕਾ ਵਿਚ ਨਫ਼ਰਤ ਦਾ ਸ਼ਿਕਾਰ ਬਣੇ 4 ਸਿੱਖਾਂ ਦੇ ਕਤਲ ਨਾਲ ਅਮਰੀਕਾ ਵਿਚ ਭਾਰਤੀਆਂ ਵਿਰੁਧ ਵਧਦੀ ਹਿੰਸਾ ਨੇ ਚਿੰਤਾ ਤਾਂ ਵਧਾਈ ਹੈ ਪਰ ਇਸ ਪਿਛੇ ਇਕ ਹੋਰ ਡੂੰਘੀ ਸਮੱਸਿਆ ਵੀ ਹੈ ਜਿਸ ਬਾਰੇ ਗੱਲ ਕਰਨ ਦੀ ਲੋੜ ਹੈ। 2019 ਵਿਚ ਐਫ਼.ਬੀ.ਆਈ. ਦੀ ਇਕ ਰੀਪੋਰਟ ਸਾਹਮਣੇ ਆਈ ਸੀ ਜਿਸ ਵਿਚ ਅਮਰੀਕਾ ’ਚ ਸਿੱਖਾਂ ਪ੍ਰਤੀ ਵਧਦੀ ਨਫ਼ਰਤ ਵਲ ਧਿਆਨ ਦਿਵਾਇਆ ਗਿਆ ਸੀ। 2019 ਵਿਚ ਯਹੂਦੀਆਂ ਅਤੇ ਮੁਸਲਮਾਨਾਂ ਮਗਰੋਂ ਤੀਜੇ ਨੰਬਰ ਤੇ ਸਿੱਖਾਂ ਪ੍ਰਤੀ ਵੀ ਨਫ਼ਰਤ ਪਨਪ ਰਹੀ ਸੀ ਪਰ ਇਸ ਤੋਂ ਬਾਅਦ 2020 ਵਿਚ ਇਕ ਰੀਪੋਰਟ ਕੈਲੀਫ਼ੋਰਨੀਆ ‘ਵਰਸਿਟੀ ਵਲੋਂ ਆਈ ਸੀ ਜਿਸ ਵਿਚ ਚੀਨ ਤੋਂ ਆਏ ਵਾਇਰਸ ਮਗਰੋਂ ਸਮੁੱਚੇ ਭਾਰਤੀਆਂ ਪ੍ਰਤੀ ਨਫ਼ਰਤ ਵਧੀ ਸੀ ਪਰ ਬਾਕੀ ਸਾਰੀਆਂ ਕੌਮਾਂ ਪ੍ਰਤੀ ਨਫ਼ਰਤ ਵਿਚ ਕਮੀ ਆਈ ਸੀ।

ਇਸ ਪਿਛੇ ਵੱਡਾ ਕਾਰਨ ਡੋਨਾਲਡ ਟਰੰਪ ਵੱਲੋਂ ਫੈਲਾਈ ਨਫ਼ਰਤ ਸੀ ਜਿਸ ਨੇ ਕੋਰੋਨਾ ਵਾਇਰਸ ਲਈ ਚੀਨ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਅਮਰੀਕਾ ਦੀ ਆਬਾਦੀ ਅਮੀਰ ਤਾਂ ਹੈ ਪਰ ਜਿਸ ਤਰ੍ਹਾਂ ਡੋਨਾਲਡ ਟਰੰਪ ਵਲੋਂ ਭੜਕਾਹਟ ਪੈਦਾ ਕਰਨ ਤੇ, ਅਮਰੀਕੀ ਪਾਰਲੀਮੈਂਟ ਦੇ ਬਾਹਰ ਇਕ ਫ਼ਿਰਕੂ ਭੀੜ ਹਿੰਸਕ ਹੋ ਗਈ ਸੀ, ਇਹ ਤਾਂ ਸਾਫ਼ ਹੈ ਕਿ ਦੌਲਤ ਨਾਲ ਅਕਲ ਵੀ ਉਸੇ ਅਨੁਪਾਤ ਵਿਚ ਨਹੀਂ ਆਉਂਦੀ। ਜਦ ਇਕ ਗੱਲ ਨੂੰ ਲੈ ਕੇ ਵਾਰ ਵਾਰ ਨਫ਼ਰਤ ਫੈਲਾਈ ਜਾਵੇ, ਇਨਸਾਨੀ ਫ਼ਿਤਰਤ ਹੀ ਅਜਿਹੀ ਹੈ ਕਿ ਬੰਦਾ ਵਾਰ ਵਾਰ ਇਕੋ ਗੱਲ ਸੁਣ ਕੇ ਉਸ ਵਿਚ ਯਕੀਨ ਕਰਨਾ ਸ਼ੁਰੂ ਕਰ ਦੇਂਦਾ ਹੈ।ਜਦ ਵਾਰ ਵਾਰ ਮੁਸਲਮਾਨਾਂ ਨੂੰ ਜੇਹਾਦੀ ਦਸਿਆ ਗਿਆ ਸੀ, ਯਹੂਦੀਆਂ ਨੂੰ ਕੱਟੜ ਦਸਿਆ ਗਿਆ ਸੀ ਤਾਂ ਉਨ੍ਹਾਂ ਵਿਰੁਧ ਨਫ਼ਰਤ ਦਾ ਮਾਹੌਲ ਹੀ ਬਣਦਾ ਚਲਾ ਗਿਆ। ਪਹਿਲਾਂ ਕੋਵਿਡ ਦੀ ਜਨਨੀ ਚੀਨ ਨੂੰ ਬਣਾ ਦਿਤਾ ਤਾਂ ਚੀਨੀ ਨਫ਼ਰਤ ਦਾ ਸ਼ਿਕਾਰ ਬਣ ਗਏ ਜਿਸ ਮਗਰੋਂ ਕੁੱਝ ਅਣਦੱਸੇ ਕਾਰਨਾਂ ਕਰ ਕੇ, ਭਾਰਤੀ ਵੀ ਚੀਨੀਆਂ ਵਾਂਗ ਹੀ ਨਫ਼ਰਤ ਦਾ ਸ਼ਿਕਾਰ ਬਣਦੇ ਗਏ। ਇਸ ਨਫ਼ਰਤ ਵਿਚ 150 ਫ਼ੀ ਸਦੀ ਵਾਧਾ ਹੋਇਆ ਪਰ ਹੈਰਾਨੀ ਇਹ ਹੈ ਕਿ ਸਿੱਖ ਪਹਿਲਾਂ ਵੀ ਨਫ਼ਰਤ ਦਾ ਕੇਂਦਰ ਸਨ ਤੇ ਅੱਜ ਵੀ ਹਨ।

ਇਸ ਗੱਲ ਨੂੰ ਸਮਝਣਾ ਪਵੇਗਾ। ਜੇ ਸਿੱਖਾਂ ਦੇ ਯੋਗਦਾਨ ਬਾਰੇ ਗੱਲ ਕੀਤੀ ਜਾਵੇ ਤਾਂ ਇਸ ਕੌਮ ਨੇ ਨਾ ਸਿਰਫ਼ ਭਾਰਤ ਵਿਚ ਸਰਹੱਦਾਂ ਨੂੰ ਸੁਰੱਖਿਅਤ ਬਣਾਇਆ ਸਗੋਂ ਦੇਸ਼ ਨੂੰ ਆਜ਼ਾਦੀ ਵੀ ਦਿਵਾਈ। ਬਲਕਿ ਵਿਸ਼ਵ ਜੰਗ ਵਿਚ ਅਪਣੀ ਬਹਾਦਰੀ ਨਾਲ ਜਿੱਤਾਂ ਪ੍ਰਾਪਤ ਕਰ ਕੇ ਪੱਛਮ ਦੇ ਕਈ ਦੇਸ਼ਾਂ ਕੋਲੋਂ ਸਤਿਕਾਰ ਪ੍ਰਾਪਤ ਕੀਤਾ। ਕੋਵਿਡ ਵਿਚ ਇਸ ਛੋਟੀ ਜਿਹੀ ਸਿੱਖ ਕੌਮ ਨੇ ਭਾਰਤ ਵਿਚ ਹੀ ਨਹੀਂ ਬਲਕਿ ਜਿਥੇ ਜਿਥੇ ਸਿੱਖ ਵਸਦੇ ਹਨ, ਉਥੇ ਦਿਲ ਖੋਲ੍ਹ ਕੇ ਲੰਗਰ ਸੇਵਾਵਾਂ ਕੀਤੀਆਂ।

ਯੂਨਾਈਟਿਡ ਸਿੱਖ, ਖ਼ਾਲਸਾ ਏਡ ਵਰਗੀਆਂ ਸੰਸਥਾਵਾਂ ਰੈੱਡ ਕਰਾਸ ਦੇ ਮੁਕਾਬਲੇ ਖੜੀਆਂ ਹੋ ਗਈਆਂ ਹਨ ਤੇ ਬਿਨਾਂ ਕਿਸੇ ਨੂੰ ਅਪਣੇ ਧਰਮ ਵਿਚ ਸ਼ਰਨ ਲੈਣ ਲਈ ਕਹਿਣ ਦੇ ਤੇ ਬਿਨਾਂ ਵਿਤਕਰਾ ਕੀਤੇ, ਸੱਭ ਦੀ ਸੇਵਾ ਕਰਦੇ ਆ ਰਹੇ ਹਨ। ਸਿੱਖ ਅਪਣੇ ਮਿਹਨਤੀ ਸੁਭਾਅ ਅਤੇ ‘ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਐ’ ਦੇ ਮਹਾਂਵਾਕ ਸਦਕਾ, ਹਰ ਦੇਸ਼ ਵਿਚ ਵਸਦੇ ਸਿੱਖ ਉਥੋਂ ਦੀ ਸਰਕਾਰ ਉਤੇ ਭਾਰ ਨਹੀਂ ਬਣਦੇ। ਉਨ੍ਹਾਂ ਦਾ ਇਹ ਯੋਗਦਾਨ ਭਾਰਤ ਵਿਚ ਵੀ ਉਘੜਵਾਂ ਹੈ ਪਰ ਜਿੰਨੀ ਨਫ਼ਰਤ ਉਨ੍ਹਾਂ ਨਾਲ ਵਿਦੇਸ਼ਾਂ ਵਿਚ ਕੀਤੀ ਜਾਂਦੀ ਹੈ, ਉਨੀ ਹੀ ਭਾਰਤ ਵਿਚ ਵੀ ਕੀਤੀ ਜਾਂਦੀ ਹੈ।

ਹਾਲ ਵਿਚ ਹੀ ਅਸੀ ਕਿਸਾਨ ਅੰਦੋਲਨ ਵਿਚ ਸਿੱਖਾਂ ਨੂੰ ਅਤਿਵਾਦੀ ਕਰਾਰ ਦੇਂਦੇ ਹੋਏ ਸਿਆਸਤਦਾਨਾਂ ਤੇ ਰਾਸ਼ਟਰੀ ਮੀਡੀਆ ਨੂੰ ਵੀ ਵੇਖਿਆ। ਜਿਸ ਤਰ੍ਹਾਂ ਕਾਲੇ ਅਮਰੀਕਨਾਂ ਨਾਲ ਅਮਰੀਕਾ ਵਿਚ ਤਸ਼ੱਦਦ ਹੋਇਆ, ਉਸੇ ਤਰ੍ਹਾਂ ਦਿੱਲੀ ਦੇ ਬਾਰਡਰ ਤੇ ਹੋਇਆ। ਜੋ ਕੁੱਝ ਦਿੱਲੀ ਦੀਆਂ ਸੜਕਾਂ ਉਤੇ 35 ਸਾਲ ਪਹਿਲਾਂ ਹੋਇਆ ਸੀ, ਅੱਜ ਵੀ ਉਹੋ ਜਿਹਾ ਹੋਣ ਦੀਆਂ ਫਿਰ ਤੋਂ ਖ਼ਬਰਾਂ ਆ ਰਹੀਆਂ ਹਨ। ਅਮਰੀਕਾ ਤਾਂ ਬੇਗਾਨਾ ਦੇਸ਼ ਹੈ, ਗੁਜਰਾਤ ਵਿਚ ਸਿੱਖਾਂ ਨਾਲ ਧੱਕਾ ਹੁੰਦਾ ਹੈ ਤਾਂ ਕੌਣ ਉਨ੍ਹਾਂ ਵਲੋਂ ਬੋਲੇ? ਕੌਣ ਅਪਣੇ ਆਪ ਨੂੰ ਸਿੱਖਾਂ ਦਾ ‘ਤਖ਼ਤ ਮੁਖੀ’ ਅਖਵਾਉਂਦਾ ਹੈ, ਮਰਜ਼ੀ ਮੁਤਾਬਕ ਸਿੱਖਾਂ ਨੂੰ ਧਰਮ ਤੋਂ ਬੇਦਖ਼ਲ ਕਰ ਕੇ ਫ਼ਤਵੇ ਜਾਰੀ ਕਰਦਾ ਹੈ, ਮਰਜ਼ੀ ਮੁਤਾਬਕ ਸਜ਼ਾਵਾਂ ਸੁਣਾਉਂਦਾ ਹੈ ਪਰ ਜੇ ਉਹ ਸਿੱਖ ‘ਤਖ਼ਤ’ ਦੁਨੀਆਂ ਵਿਚ ਸਿੱਖਾਂ ਦੀ ਛਵੀ ਨੂੰ ਬਦਲ ਨਹੀਂ ਸਕਦਾ ਅਤੇ ਉਨ੍ਹਾਂ ਦੀ ਤਾਕਤ ਨਹੀਂ ਬਣਦਾ ਤਾਂ ਕੀ ਉਹ ਕੇਵਲ ਸਿੱਖਾਂ ਨੂੰ ਸਜ਼ਾਵਾਂ ਦੇਣ ਵਾਲਾ ਅਤੇ ਚੰਗੇ ਸਿੱਖਾਂ ਦੀ ਇੱਜ਼ਤ ਮਿੱਟੀ ਵਿਚ ਰੋਲਣ ਵਾਲਾ ਤਖ਼ਤ ਬਣ ਕੇ ਹੀ ਸੰਤੁਸ਼ਟ ਹੈ?

ਸਾਰੀਆਂ ਤਾਕਤਾਂ ਅਪਣੇ ਹੱਥ ਵਿਚ ਸਮੇਟ ਲੈਣ ਵਾਲੀ ਐਸ.ਜੀ.ਪੀ.ਸੀ. ਅੱਜ ਦੇਸ਼ ਤੇ ਦੁਨੀਆਂ ਵਿਚ ਸਿੱਖਾਂ ਨਾਲ ਹੁੰਦੀ ਨਾ ਇਨਸਾਫ਼ੀ ਬਾਰੇ ਚਿੰਤਿਤ ਵੀ ਹੈ ਜਾਂ ਨਹੀਂ? ਚਿੰਤਾ ਸਿਰਫ਼ ਬਿਆਨਾਂ ਵਿਚ ਨਹੀਂ ਝਲਕਣੀ ਚਾਹੀਦੀ ਬਲਕਿ ਹੁਣ ਠੋਸ ਕਦਮ ਚੁੱਕੇ ਜਾਣੇ ਚਾਹੀਦੇ ਹਨ ਤੇ ਸਿੱਖਾਂ ਦੀ ਅਸਲ ਤਸਵੀਰ ਦੁਨੀਆਂ ਸਾਹਮਣੇ ਲਿਆਉਣ ਲਈ ਅਸਰਦਾਰ ਕਦਮ ਚੁੱਕਣ ਵਾਲੇ ਆਗੂ ਦੀ ਲੋੜ ਹੈ।                     
(ਨਿਮਰਤ ਕੌਰ)