ਚੀਨ ਅਤੇ ਪਾਕਿਸਤਾਨ ਮਗਰੋਂ ਇਕ ਹੋਰ ਗਵਾਂਢੀ, ਨੇਪਾਲ ਵੀ ਭਾਰਤ ਨਾਲ ਰੁਸ ਗਿਆ?

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਭਾਰਤ ਇਕ ਪਾਸੇ ਅਪਣੀਆਂ ਸਰਹੱਦਾਂ ਦੇ ਅੰਦਰ ਕੋਰੋਨਾ ਨਾਲ ਜੰਗ ਲੜ ਰਿਹਾ ਹੈ, ਦੂਜੇ ਪਾਸੇ ਭਾਰਤ ਦੀ, ਅਪਣੀਆਂ ਸਰਹੱਦਾਂ ਤੇ, ਅਪਣੇ ਗੁਆਂਢੀ ਦੇਸ਼ਾਂ

File Photo

ਭਾਰਤ ਇਕ ਪਾਸੇ ਅਪਣੀਆਂ ਸਰਹੱਦਾਂ ਦੇ ਅੰਦਰ ਕੋਰੋਨਾ ਨਾਲ ਜੰਗ ਲੜ ਰਿਹਾ ਹੈ, ਦੂਜੇ ਪਾਸੇ ਭਾਰਤ ਦੀ, ਅਪਣੀਆਂ ਸਰਹੱਦਾਂ ਤੇ, ਅਪਣੇ ਗੁਆਂਢੀ ਦੇਸ਼ਾਂ ਨਾਲ ਵਿਗੜਦੀ ਜਾ ਰਹੀ ਹੈ। ਪਾਕਿਸਤਾਨ ਅਤੇ ਚੀਨ ਤੋਂ ਬਾਅਦ ਹੁਣ ਨੇਪਾਲ ਨਾਲ ਰਿਸ਼ਤੇ ਵਿਗੜਨੇ ਸ਼ੁਰੂ ਹੋ ਗਏ ਹਨ। ਰਿਸ਼ਤਿਆਂ ਵਿਚ ਇਸ ਤਰ੍ਹਾਂ ਦੀ ਕੜਵਾਹਟ ਆ ਚੁੱਕੀ ਹੈ ਕਿ ਨੇਪਾਲ ਦੇ ਪ੍ਰਧਾਨ ਮੰਤਰੀ ਓਲੀ ਵਲੋਂ ਭਾਰਤ 'ਚੋਂ ਆਉਣ ਵਾਲੇ ਵਾਇਰਸ ਨੂੰ ਚੀਨ ਦੇ ਵਾਇਰਸ ਤੋਂ ਵੀ ਜ਼ਿਆਦਾ ਘਾਤਕ ਆਖਿਆ ਗਿਆ ਹੈ।

ਇਹ ਉਹੀ ਨੇਪਾਲ ਹੈ ਜਿਸ ਨੂੰ ਹਰਦਮ ਭਾਰਤ ਦਾ ਦੋਸਤ ਮੰਨਿਆ ਜਾਂਦਾ ਰਿਹਾ ਹੈ ਪਰ ਅੱਜ ਦੇ ਬਿਆਨ ਨੇ ਸਿੱਧ ਕਰ ਦਿਤਾ ਹੈ ਕਿ ਇਹ ਜੋ ਰਿਸ਼ਤੇ ਸਨ ਉਹ ਭਾਈਚਾਰੇ ਦੇ ਨਹੀਂ ਬਲਕਿ ਇਕ ਗਵਾਂਢੀ ਦੇਸ਼ ਵਲੋਂ ਦੂਜੇ ਗੁਆਂਢੀ ਦੇਸ਼ ਨਾਲ ਸਿਆਸੀ ਮਸਲਹਤ ਵਾਲੇ ਰਿਸ਼ਤੇ ਸਨ, ਜਿਨ੍ਹਾਂ ਨੂੰ ਅੱਜ ਨੇਪਾਲ ਵਲੋਂ ਨਕਾਰਿਆ ਗਿਆ ਹੈ।

ਕੀ ਅੱਜ ਦੇ ਭਾਰਤ-ਨੇਪਾਲ ਵਿਗਾੜ ਲਈ ਚੀਨ ਜ਼ਿੰਮੇਵਾਰ ਹੈ? ਓਨਾ ਹੀ ਜਿੰਨਾ ਭਾਰਤ-ਪਾਕਿਸਤਾਨ ਦੇ ਰਿਸ਼ਤਿਆਂ ਦੇ ਵਿਗਾੜ ਲਈ ਅਮਰੀਕਾ ਜ਼ਿੰਮੇਵਾਰ ਹੈ। ਚੀਨ ਦਖਣੀ ਏਸ਼ੀਆ ਵਿਚ ਅਪਣੀ ਤਾਕਤ ਨੂੰ ਮਜ਼ਬੂਤ ਕਰਨ ਦੀਆਂ ਕਈ ਕੋਸ਼ਿਸ਼ਾਂ ਕਰ ਰਿਹਾ ਹੈ ਅਰਥਾਤ ਉਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਜਿਨ੍ਹਾਂ ਨਾਲ ਗੁਆਂਢੀ ਦੇਸ਼ਾਂ ਨੂੰ ਆਰਥਕ ਫ਼ਾਇਦਾ ਹੋ ਸਕਦਾ ਹੋਵੇ। ਇਸ ਪ੍ਰਾਪਤੀ ਲਈ ਚੀਨ ਨੂੰ ਆਰਥਕ ਲਾਂਘੇ ਉਤੇ ਨਿਰਭਰ ਕਰਨਾ ਪਵੇਗਾ ਪਰ ਇਸ ਵਿਚ ਉਹ ਦੋਵੇਂ ਪਾਸਿਆਂ ਦੇ ਫ਼ਾਇਦੇ ਦਾ ਧਿਆਨ ਰਖਦਾ ਹੈ।

ਭਾਰਤ ਦੂਜੇ ਪਾਸੇ ਕੌਮਾਂਤਰੀ ਸਮਝੌਤੇ ਤੋੜ ਕੇ ਅਪਣੀ ਜ਼ਮੀਨ ਵਧਾਉਣ ਦੇ ਚੱਕਰ ਵਿਚ ਫਸਿਆ ਨਜ਼ਰ ਆਉਂਦਾ ਹੈ। ਪਹਿਲਾਂ ਪਾਕਿਸਤਾਨ ਨਾਲ ਲੜਾਈ ਚਲਦੀ ਆ ਰਹੀ ਹੈ ਕਿਉਂਕਿ ਭਾਰਤ ਕਸ਼ਮੀਰੀਆਂ ਨਾਲ ਕੀਤੇ ਸਮਝੌਤੇ ਤੋਂ ਪਿੱਛੇ ਹਟ ਗਿਆ ਅਤੇ ਹੁਣ ਨੇਪਾਲ ਨੂੰ ਵੀ ਚੀਨ ਦੀ ਝੋਲੀ ਵਿਚ ਸੁਟ ਰਿਹਾ ਹੈ।
ਨੇਪਾਲ ਦੀ ਧਰਤੀ ਉਤੇ ਭਾਰਤ ਨੇ ਅਪਣੇ ਫ਼ੌਜੀ ਨਾਕੇ ਲਗਾਏ ਹੋਏ ਸਨ।

ਇਹ 1950 ਵਿਚ ਚੀਨ-ਭਾਰਤ ਤਣਾਅ ਕਰ ਕੇ ਲਾਏ ਗਏ ਸਨ। 1970 ਵਿਚ ਨੇਪਾਲ ਦੇ ਰਾਜੇ ਵਲੋਂ ਕਹਿਣ 'ਤੇ 17 'ਚੋਂ 16 ਹਟਾ ਦਿਤੇ ਗਏ ਪਰ ਇਕ ਕਾਲਾ ਪਾਣੀ ਨਾਕਾ ਲੱਗਾ ਰਹਿਣ ਦਿਤਾ ਗਿਆ। ਨੇਪਾਲ ਦਾ ਕਹਿਣਾ ਹੈ ਕਿ ਵੱਡੇ ਭਰਾ ਭਾਰਤ ਦੇ ਕਹਿਣ ਤੇ ਨੇਪਾਲ ਦੇ ਰਾਜੇ ਨੇ ਇਸ ਦੀ ਮਨਜ਼ੂਰੀ ਦੇ ਦਿਤੀ ਪਰ ਕਾਲਾਪਾਣੀ ਦੀ ਧਰਤੀ ਭਾਰਤ ਨੂੰ ਨਹੀਂ ਸੀ ਦਿਤੀ ਗਈ। ਉਥੇ ਕੇਵਲ ਫ਼ੌਜੀ ਬੇਸ ਬਣਾਉਣ ਦੀ ਇਜਾਜ਼ਤ ਸੀ ਅਤੇ ਭਾਰਤ ਨੇ ਉਸ ਇਜਾਜ਼ਤ ਦਾ ਫ਼ਾਇਦਾ ਉਠਾ ਕੇ ਨੇਪਾਲ-ਭਾਰਤ-ਚੀਨ ਸਰਹੱਦ ਤੋਂ ਇਕ ਸੜਕ ਕੱਢ ਕੇ ਉਸ ਦਾ ਉਦਘਾਟਨ ਵੀ ਕਰ ਦਿਤਾ।

ਇਸ ਵਿਚ ਨਾ ਨੇਪਾਲ ਤੋਂ ਇਜਾਜ਼ਤ ਲਈ ਗਈ ਅਤੇ ਨਾ ਹੀ ਉਸ ਨੂੰ ਇਸ ਫ਼ੈਸਲੇ ਦਾ ਹਿੱਸਾ ਬਣਾਇਆ ਗਿਆ। ਇਹੀ ਨਹੀਂ ਬਲਕਿ ਫ਼ੌਜ ਵਲੋਂ ਇਕ ਨਵੀਂ ਸੁਰੱਖਿਆ ਪੋਸਟ ਬਣਾਈ ਗਈ, ਉਹ ਵੀ ਬਗ਼ੈਰ ਇਜਾਜ਼ਤ ਤੋਂ। ਨਵੰਬਰ ਵਿਚ ਭਾਰਤ ਨੇ ਜਦ ਜੰਮੂ-ਕਸ਼ਮੀਰ ਦੇ ਰਾਜ ਦੀਆਂ ਲਕੀਰਾਂ ਬਦਲ ਕੇ ਨਵਾਂ ਨਕਸ਼ਾ ਕਢਿਆ, ਉਸ ਵਿਚ ਇਸੇ ਕਾਲਾ ਪਾਣੀ ਨੂੰ ਭਾਰਤ ਦਾ ਹਿੱਸਾ ਵਿਖਾਇਆ ਗਿਆ। ਨੇਪਾਲ ਉਸ ਸਮੇਂ ਤੋਂ ਹੀ ਨਾਰਾਜ਼ ਸੀ ਅਤੇ ਇਸ ਸੜਕ ਦੇ ਮਾਮਲੇ ਵਿਚ ਤਾਂ ਭਾਰਤੀ ਫ਼ੌਜ ਦੇ ਮੁਖੀ ਜਨਰਲ ਨਾਗਵਾਨੀ ਨੇ ਆਖ ਦਿਤਾ ਕਿ ਨੇਪਾਲ ਦੀ ਨਾਰਾਜ਼ਗੀ ਪਿੱਛੇ ਚੀਨੀ ਹੱਥ ਕੰਮ ਕਰਦਾ ਹੈ। ਨੇਪਾਲ ਦੀ ਅਣਖ ਨੂੰ ਹੋਰ ਵੱਡੀ ਸੱਟ ਲੱਗ ਗਈ।

ਇਕ ਗੱਲ ਭਾਰਤ ਨੂੰ ਸਮਝਣੀ ਪਵੇਗੀ ਕਿ ਭਾਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗੁੱਸੇ ਪਿੱਛੇ ਅੱਜ ਚੀਨ ਨਹੀਂ, ਭਾਰਤ ਦੀ ਦਬਾਅ ਬਣਾਉਣ ਦੀ ਨੀਤੀ ਹੈ। ਚੀਨ ਇਸ ਦਾ ਫ਼ਾਇਦਾ ਜ਼ਰੂਰ ਉਠਾਏਗਾ ਅਤੇ ਜੇ ਭਾਰਤ ਅੱਜ ਚੀਨ ਦੀ ਥਾਂ ਹੁੰਦਾ ਤਾਂ ਉਹ ਵੀ ਇਹੀ ਕਰਦਾ। ਭਾਰਤੀ ਫ਼ੌਜ ਮੁਖੀ ਦੇ ਲਫ਼ਜ਼ਾਂ ਨੇ ਨੇਪਾਲ ਦਾ ਸਬਰ ਤੋੜ ਦਿਤਾ ਅਤੇ ਭਾਰਤ ਨੂੰ ਇਥੋਂ ਹੀ ਸਮਝ ਲੈਣਾ ਚਾਹੀਦਾ ਹੈ ਕਿ ਇਕ ਫ਼ੌਜੀ ਦੀ ਸੋਚ ਅਤੇ ਕੂਟਨੀਤੀ ਦੀ ਸੋਚ ਵਿਚ ਬਹੁਤ ਫ਼ਰਕ ਹੁੰਦਾ ਹੈ।

ਕੂਟਨੀਤੀ ਦੀ ਹਾਰ ਅਤੇ ਫ਼ੌਜੀ ਤਾਕਤ ਦੇ ਲੋੜ ਤੋਂ ਵੱਧ ਵਿਖਾਵੇ ਨੇ ਭਾਰਤ ਦੀ ਜੰਨਤ ਨੂੰ ਸ਼ੱਕੀ ਬਣਾ ਦਿਤਾ ਹੈ ਅਤੇ ਪਾਕਿਸਤਾਨ ਨਾਲ ਰਿਸ਼ਤੇ ਕਦੇ ਚੰਗੇ ਨਹੀਂ ਬਣਨ ਦਿਤੇ। ਹੁਣ ਨੇਪਾਲ ਨਾਲ ਵੀ ਫੌਜੀ ਰਵਈਏ ਕਰ ਕੇ ਰਿਸ਼ਤਿਆਂ ਵਿਚ ਇਕ ਵੱਡੀ ਦਰਾੜ ਪੈ ਸਕਦੀ ਹੈ, ਜਿਸ ਦਾ ਚੀਨ ਫ਼ਾਇਦਾ ਉਠਾਏਗਾ ਹੀ ਉਠਾਏਗਾ।

ਅੱਜ ਜਿਥੇ ਬਾਕੀ ਦੇਸ਼ ਅਪਣੀਆਂ ਨੀਤੀਆਂ ਨੂੰ ਬਦਲ ਕੇ ਸਿਹਤ ਸਹੂਲਤਾਂ ਉਤੇ ਖ਼ਰਚਾ ਵਧਾ ਰਹੇ ਹਨ, ਭਾਰਤ ਇਸ ਮਹਾਂਮਾਰੀ ਵਿਚ 950 ਮਿਲੀਅਨ ਡਾਲਰ ਦੇ ਫ਼ੌਜੀ ਜਹਾਜ਼ ਖ਼ਰੀਦ ਰਿਹਾ ਹੈ। ਭਾਰਤ ਅਪਣੀਆਂ ਸਰਹੱਦਾਂ ਨੂੰ ਆਪ ਹਿੰਸਕ ਬਣਾ ਰਿਹਾ ਹੈ। ਦੇਸ਼ ਦੇ ਵਕਾਰ ਨੂੰ ਬਚਾਉਣ ਲਈ ਅਤੇ ਦੇਸ਼ ਦੀਆਂ ਸਰਹੱਦਾਂ ਉਤੇ ਅਮਨ ਅਮਾਨ ਬਣਾਈ ਰੱਖਣ ਲਈ ਭਾਰਤ ਨੂੰ ਅਪਣੀ ਨੀਤੀ ਬਾਰੇ ਫਿਰ ਤੋਂ ਸੋਚਣ ਦੀ ਜ਼ਰੂਰਤ ਹੈ।  -ਨਿਮਰਤ ਕੌਰ