ਪੰਜਾਬ ਦਾ ‘ਰੋਲ ਮਾਡਲ’ ਬਣਨ ਵਾਲਾ ਕੋਈ ਰਵਾਇਤੀ ਪੰਜਾਬੀ ਆਗੂ ਨਹੀਂ ਰਹਿ ਗਿਆ ਸਾਡੇ ਕੋਲ! 

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਸਜ਼ਾ ਸਿਰਫ਼ ਨਵਜੋਤ ਸਿੱਧੂ ਵਾਸਤੇ ਹੀ 34 ਸਾਲ ਦੇਰੀ ਨਾਲ ਨਹੀਂ ਆਈ ਸਗੋਂ ਪੰਜਾਬ ਲਈ ਵੀ ਦੇਰੀ ਨਾਲ ਆਈ ਹੈ। 

Navjot Sidhu

 

ਪੰਜਾਬ ਦੇ ਵੱਡੇ ਪ੍ਰੇਮੀ ਤੇ ਇਕ ਵੱਡੀ ਆਵਾਜ਼ ਜਿਸ ਨੂੰ ਪੰਜਾਬ ਦੀ ਸਿਆਸਤ ਦਾ ਚੌਕੀਦਾਰ ਵੀ ਆਖਿਆ ਜਾ ਸਕਦਾ ਹੈ, ਉਹ ਨਵਜੋਤ ਸਿੰਘ ਸਿੱਧੂ ਅੱਜ ਜੀਵਨ ਦੀ ਅਤਿ ਔਖੀ ਘੜੀ ਵਿਚੋਂ ਲੰਘ ਰਿਹਾ ਹੈ। ਭਾਵੇਂ ਨਵਜੋਤ ਸਿੰਘ ਸਿੱਧੂ ਦੇ ਤੌਰ ਤਰੀਕਿਆਂ ਤੇ ਕਈ ਕਿੰਤੂ-ਪ੍ਰੰਤੂ ਕੀਤੇ ਜਾ ਸਕਦੇ ਹਨ ਪਰ ਉਨ੍ਹਾਂ ਦੇ ਕਿਰਦਾਰ ਤੇ ਲੱਗਾ ਕੋਈ ਦਾਗ਼ ਨਹੀਂ ਵਿਖ ਸਕਦਾ। ਪਰ ਕਲ ਜਦ ਉਨ੍ਹਾਂ ਨੂੰ ਇਕ ਸਾਲ ਦੀ ਸਖ਼ਤ ਸਜ਼ਾ ਸੁਣਾ ਦਿਤੀ ਗਈ ਤਾਂ ਉਨ੍ਹਾਂ ਦੇ ਕਿਰਦਾਰ ਤੇ ਅਜਿਹਾ ਦਾਗ਼ ਲੱਗ ਗਿਆ ਜਿਸ ਦੇ ਸਾਹਮਣੇ ਉਨ੍ਹਾਂ ਵੀ ਸ਼ਾਇਦ ਹੁਣ ਸਿਰ ਝੁਕਾ ਦਿਤਾ ਹੈ। ਕਿਸੇ ਵੀ ਕਾਰਨ ਗੁੱਸੇ ਜਾਂ ਗਰਮੀ ਦੇ ਰੌਂ ਵਿਚ ਉਨ੍ਹਾਂ ਤੋਂ ਅਜਿਹਾ ਕੰਮ ਹੋ ਗਿਆ ਜਿਸ ਨਾਲ ਕਿਸੇ ਦੀ ਮੌਤ ਵੀ ਹੋ ਗਈ। ਸਜ਼ਾ ਸਿਰਫ਼ ਨਵਜੋਤ ਸਿੱਧੂ ਵਾਸਤੇ ਹੀ 34 ਸਾਲ ਦੇਰੀ ਨਾਲ ਨਹੀਂ ਆਈ ਸਗੋਂ ਪੰਜਾਬ ਲਈ ਵੀ ਦੇਰੀ ਨਾਲ ਆਈ ਹੈ। 

ਅੱਜ ਸ਼ਰਮ ਦੇ ਘੁੰਗਟ ਲਾਹ ਕੇ ਅਪਣੇ ਆਗੂਆਂ ਦੇ ਕਿਰਦਾਰ ਵਲ ਇਕ ਝਾਤ ਪਾਉਣ ਮਗਰੋਂ ਇਕ ਸਵਾਲ ਪੁਛਣਾ ਜ਼ਰੂਰੀ ਹੋ ਗਿਆ ਹੈ। ਸਾਡੇ ਕੋਲ ਆਗੂ ਹਨ ਜਿਨ੍ਹਾਂ ਦੀਆਂ ਰਗਾਂ ਵਿਚ ਸ਼ਾਹੀ ਖ਼ੂਨ ਹੈ ਪਰ ਕੀ ਉਹ ਮਹਾਰਾਜਾ ਰਣਜੀਤ ਸਿੰਘ ਵਾਂਗ ਪਿਆਰ ਕਰਦੇ ਹਨ ਪੰਜਾਬ ਨੂੰ? ਅੱਜ ਦੇ ‘ਮਹਾਰਾਜਿਆਂ’ ਦੀਆਂ ਆਦਤਾਂ ਤੇ ਹਰਕਤਾਂ ਅਪਣੀਆਂ ਰਗਾਂ ਵਿਚ ਸ਼ਾਹੀ ਖ਼ੂਨ ਢੋਣ ਵਾਲਿਆਂ ਨੂੰ ਹੀ ਨਹੀਂ ਬਲਕਿ ਉਨ੍ਹਾਂ ਦੀ ਰੀਸ ਕਰਨ ਵਾਲਿਆਂ ਨੂੰ ਵੀ ਚੁਭ ਰਹੀਆਂ ਹਨ। ਮੁੱਛ ਦੇ ਵੱਟ ਸ਼ਾਹੀ ਹਨ, ਰਹਿਣ-ਸਹਿਣ ਸ਼ਾਹੀ ਹੈ, ਸ਼ਾਹੀ ਰਵਾਇਤ ਮੁਤਾਬਕ ਘਰਵਾਲੀ ਵੀ ਤੇ ਬਾਹਰ ਵਾਲੀਆਂ ਵੀ ਹਨ ਪਰ ਜੇ ਮਹਾਰਾਜਾ ਰਣਜੀਤ ਸਿੰਘ ਨੂੰ ਠੀਕ ਢੰਗ ਨਾਲ ਯਾਦ ਰਖਦੇ ਤਾਂ ਮਹਿਸੂਸ ਕਰਦੇ ਕਿ ਉਨ੍ਹਾਂ ਦੀ ਪੰਜਾਬ ਨੂੰ ਇਕ ਤਾਕਤ ਬਣਾ ਕੇ ਸਿੱਖ ਰਾਜ ਕਾਇਮ ਕਰਨ ਵਾਲੀ ਸੋਚ ਤਾਂ ਕਿਸੇ ਵਿਚ ਵੀ ਨਹੀਂ ਰਹੀ ਤੇ ਅੱਜ ਦੇ ‘‘ਸ਼ਾਹੀ’’ ਆਗੂ ਤਾਂ ਅਪਣੀਆਂ ‘75-25’ ਦੀਆਂ ਚਾਲਾਂ ਵਿਚ ਹੀ ਮਸਰੂਫ਼ ਹੋਏ ਰਹੇ। 

ਪੰਥਕ ਪਾਰਟੀ ਦੇ ਆਗੂਆਂ ’ਚੋਂ ਕੀ ਅਜਿਹਾ ਇਕ ਵੀ ਨਾਮ ਲਿਆ ਜਾਂਦਾ ਹੈ ਜੋ ਭ੍ਰਿਸ਼ਟਾਚਾਰ ਤੋਂ 100 ਫ਼ੀ ਸਦੀ ਮੁਕਤ ਹੋਵੇ? ਗੋਲਕ ਚੋਰ, ਆਰਐਸਐਸ ਦੇ ਪਿਆਦੇ, ਪ੍ਰਵਾਰਵਾਦ ਨੂੰ ਪੰਥਵਾਦ ਤੋਂ ਉਪਰ ਮੰਨਣ ਵਾਲੇ ਜਹੇ ਨਾਵਾਂ ਨਾਲ ਜਾਣੇ ਜਾਣ ਵਾਲੇ ਆਗੂ ਅੱਜ ਸਿੱਖ ਪੰਥ ਦੇ ਰਾਖੇ ਬਣੇ ਹੋਏ ਹਨ ਕਿਉਂਕਿ ਉਹ ਸਿੱਖਾਂ ਦੇ ਪੈਸੇ ਨਾਲ ਚਲ ਰਹੀਆਂ ‘ਪੰਥਕ’ ਸੰਸਥਾਵਾਂ ਉਤੇ ਕਾਬਜ਼ ਹਨ।

ਜਿਹੜੇ ਲੋਕ ਅਪਣੇ ਆਪ ਨੂੰ ਅਧਿਆਤਮਕ ਮਾਰਗ ਦੇ ਰਾਹ-ਦਸੇਰੇ (ਗੁਰੂ) ਦਸਦੇ ਹਨ, ਉਨ੍ਹਾਂ ਦਾ ਕਿਰਦਾਰ  ਵੇਖ ਕੇ ਤਾਂ ਰੋਣਾ ਆ ਜਾਂਦਾ ਹੈ ਕਿਉਂਕਿ ਉਹ ਬਲਾਤਕਾਰ ਕਰ ਕੇ ਵੀ ਲੋਕਾਂ ਦੇ ਮਨਾਂ ਵਿਚ ਟਿਕੇ ਰਹਿੰਦੇ ਹਨ। ਰੱਬ ਦੇ ਨਾਮ ’ਤੇ ਵਪਾਰ ਕਰਦੇ ਹਨ ਤੇ ਲੋਕ ਉਸ ਵਪਾਰ ਦਾ ਹਿੱਸਾ ਬਣ ਜਾਂਦੇ ਹਨ। 
ਕੋਈ ਸਿਆਸੀ ਆਗੂ, ਕੋਈ ਧਾਰਮਕ ਆਗੂ, ਕੋਈ ਸਮਾਜ ਸੇਵੀ, ਅਜਿਹਾ ਕੋਈ ਨਜ਼ਰ ਨਹੀਂ ਆਉਂਦਾ ਜੋ ਪੰਜਾਬ ਵਾਸਤੇ ਇਕ ਵੱਡੀ ਦੂਰ-ਦ੍ਰਿਸ਼ਟੀ ਰਖਦਾ ਹੋਵੇ। ਆਮ ਆਦਮੀ ਪਾਰਟੀ ਪੰਜਾਬ ਵਾਸਤੇ ਇਕ ਨਵੀਂ ਸੋਚ ਲੈ ਕੇ ਆਈ ਹੈ ਤੇ ਉਹ ਸਹੀ ਦਿਸ਼ਾ ਵਲ ਚੱਲ ਰਹੇ ਹਨ ਪਰ ਸਾਡੇ ਪੰਜਾਬ ਦੇ ਰਵਾਇਤੀ ਆਗੂ ਕਿਉਂ ਅਪਣੇ ਲੋਕਾਂ ਤੋਂ ਹੀ ਕੱਟੇ ਜਾ ਚੁਕੇ ਹਨ? 

ਇਹ ਸਿਉਂਕ ਸਿਰਫ਼ ਆਗੂਆਂ ਨੂੰ ਹੀ ਨਹੀਂ ਚਟ ਰਹੀ ਬਲਕਿ ਆਮ ਪੰਜਾਬੀ ਨੂੰ ਵੀ ਖਾਈ ਜਾ ਰਹੀ ਹੈ। ਸਰਕਾਰ ਜਿਹੜੇ ਕਬਜ਼ੇ ਹਟਾ ਰਹੀ ਹੈ, ਉਹ ਸਿਰਫ਼ ਆਗੂਆਂ ਦੇ ਨਹੀਂ ਹਨ, ਉਨ੍ਹਾਂ ਵਿਚ ਕਈ ਆਮ ਤੇ ਗ਼ਰੀਬ ਲੋਕ ਵੀ ਹਨ ਤੇ ਕਈ ਅਮੀਰ ਵੀ ਹਨ। ਰਿਸ਼ਵਤ ਬੰਦ ਕਰਨ ਦੇ ਯਤਨਾਂ ਵਜੋਂ ਸਰਕਾਰੀ ਦਫ਼ਤਰਾਂ ਦੇ ਬਾਹਰ ਰਿਸ਼ਵਤ ਸੁੰਘਣ ਵਾਲੇ ਏਜੰਟ ਬਿਠਾਏ ਜਾ ਰਹੇ ਹਨ। ਜਦ ਸਮਾਜ ਦੇ ਕਣ-ਕਣ ਵਿਚ ਭ੍ਰਿਸ਼ਟਾਚਾਰ ਪਨਪ ਰਿਹਾ ਹੈ ਤਾਂ ਫਿਰ ਆਗੂ ਵੀ ਇਸੇ ਸਮਾਜ ਵਿਚੋਂ ਹੀ ਨਿਕਲਣਗੇ। ਨੌਜਵਾਨ ਵਰਗ ਤੋਂ ਹੀ ਹੁਣ ਆਸ ਕੀਤੀ ਜਾ ਰਹੀ ਹੈ ਕਿ ਉਹ ਅਪਣੇ ਬਦਨਾਮ ਹੋ ਚੁੱਕੇ ਆਗੂਆਂ ਦੀਆਂ ਰੀਤਾਂ ਤੋਂ ਵੱਖ ਹੋ ਕੇ ਅਪਣੇ ਆਪ ਨੂੰ ਪੰਜਾਬ ਦੇ ਬੁਨਿਆਦੀ ਫ਼ਲਸਫ਼ੇ ਨਾਲ ਜੋੜ ਕੇ ਪੰਜਾਬ ਵਾਸਤੇ ਅਪਣੇ ਆਪ ਨੂੰ ਕਾਬਲ ਬਣਾਉਣ। ਅੱਜ ਤਾਂ ਸਾਡੇ ਕੋਲ ਕੋਈ ਅਜਿਹਾ ਆਗੂ ਨਹੀਂ ਰਿਹਾ ਜਿਸ ਨੂੰ ਅਸੀਂ ਅਪਣਾ ਰੋਲ ਮਾਡਲ ਬਣਾ ਸਕੀਏ।
    - ਨਿਮਰਤ ਕੌਰ