Editorial: ਈ.ਡੀ. ਤੇ ਸੀ.ਬੀ.ਆਈ ਖ਼ਤਮ ਕਰ ਕੇ, ਕੇਵਲ ਰਾਜਾਂ ਦੇ ਵਿਜੀਲੈਂਸ ਵਿਭਾਗ ਦੇ ਸਹਾਰੇ ਚਲਣ ਨਾਲ ਸਥਿਤੀ ਸੁਧਰ ਜਾਏਗੀ ਅਖਿਲੇਸ਼ ਭਾਈ?
ਅੱਜ ਸਾਰੇ ਅਫ਼ਸਰਾਂ ਨੂੰ ਸਿਆਸਤਦਾਨਾਂ ਦੀ ਪਕੜ ਤੋਂ ਆਜ਼ਾਦ ਕਰ ਦਿਉ ਤਾਂ 95-99% ਈਮਾਨਦਾਰ ਤੇ ਸਤਿਕਾਰਯੋਗ ਸਾਬਤ ਹੋਣਗੇ।
Editorial: ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਵਲੋਂ ਇਕ ਨਵੀਂ ਗੱਲ ਕਹੀ ਗਈ ਹੈ ਕਿ ਜੇ ‘ਇੰਡੀਆ’ ਗਠਜੋੜ ਜਿੱਤਿਆ ਤਾਂ ਉਹ ਮੰਗ ਕਰਨਗੇ ਕਿ ਈਡੀ ਤੇ ਸੀਬੀਆਈ ਨੂੰ ਹਟਾ ਦਿਤਾ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਠੱਗੀ ਠੋਰੀ ਹੁੰਦੀ ਹੈ ਤਾਂ ਇਨਕਮ ਟੈਕਸ ਵਿਭਾਗ ਤਾਂ ਹੈ ਹੀ ਨਹੀਂ ਤਾਂ ਸੂਬਾ ਪਧਰੀ ਵਿਜੀਲੈਂਸ ਵਿਭਾਗ ਹੀ ਕਾਫ਼ੀ ਹਨ। ਇਹ ਬਿਆਨ ਕੀ ਈਡੀ ਤੋਂ ਦੁਖੀ ਇਕ ਵਿਰੋਧੀ ਧਿਰ ਦਾ ਨੇਤਾ ਦੇ ਰਿਹਾ ਹੈ ਜੋ ਤਾਕਤ ਵਿਚ ਆ ਕੇ ਐਸਾ ਸਿਸਟਮ ਬਣਾਉਣਾ ਚਾਹੁੰਦਾ ਹੈ ਜਿਸ ਵਿਚ ਕੋਈ ਉਨ੍ਹਾਂ ਨੂੰ ਕਦੇ ਹੱਥ ਵੀ ਨਾ ਲਾ ਸਕੇ? ਜੇ ਸਾਡੇ ਸਿਆਸਤਦਾਨ ਅਜਿਹੀ ਛੋਟੀ ਸੋਚ ਰੱਖਣਗੇ ਤਾਂ ਆਉਣ ਵਾਲੇ ਕਲ ਵਿਚ ਭਾਰਤ ਤਾਕਤਵਰ ਕਿਸ ਤਰ੍ਹਾਂ ਬਣੇਗਾ?
ਕੀ ਈਡੀ, ਸੀਬੀਆਈ ਇਸ ਵਕਤ ਜ਼ਿੰਮੇਵਾਰ ਸੰਸਥਾਵਾਂ ਹਨ? ਨਹੀਂ, ਸੁਪ੍ਰੀਮ ਕੋਰਟ ਨੇ ਪਿਛਲੇ ਹਫ਼ਤੇ ਹੀ ਪੁਰਕਾਯਸਥਾ ਨਿਊਜ਼ ਕਲਿਕ ਦੇ ਸਰਪ੍ਰਸਤ ਦੀ ਹਿਰਾਸਤ ਨੂੰ ਗ਼ਲਤ ਠਹਿਰਾਉਂਦੇ ਹੋਏ, ਸਾਫ਼ ਲਿਖ ਦਿਤਾ ਕਿ ਈਡੀ ਵਲੋਂ ਉਨ੍ਹਾਂ ਨੂੰ ਹਿਰਾਸਤ ਵਿਚ ਲੈਂਦੇ ਸਮੇਂ ਸਹੀ ਤਰੀਕਾ ਨਹੀਂ ਸੀ ਅਪਣਾਇਆ ਗਿਆ। ਇਕ ਪਾਸੇ ਈਡੀ ਦਾ ਕਹਿਣਾ ਸੀ ਕਿ ਇਹ ਗ਼ੈਰ ਕਾਨੂੰਨੀ ਗਤੀਵਿਧੀਆਂ ਕਰ ਰਹੇ ਸਨ ਪਰ ਇਹ ਅਪਣੀ ਕਾਰਗੁਜ਼ਾਰੀ ਵਿਚ ਆਪ ਹੀ ਕਾਨੂੰਨ ਦੇ ਦਾਇਰੇ ਤੋਂ ਬਾਹਰ ਚਲੇ ਗਏ। ਅੱਜ ਕਿਸੇ ਬੱਚੇ ਨੂੰ ਵੀ ਪੁੱਛ ਲਵੋ ਤਾਂ ਉਹ ਦਸ ਦੇਵੇਗਾ ਕਿ ਈਡੀ ਤੇ ਸੀਬੀਆਈ ਬਾਰੇ ਲੋਕ ਕੀ ਸੋਚਦੇ ਪਰ ਕੀ ਇਨ੍ਹਾਂ ਨੂੰ ਖ਼ਤਮ ਕਰਨਾ ਹੀ ਇਕੋ ਇਕ ਹੱਲ ਹੈ?
ਜੇ ਅਸੀ ਇਨ੍ਹਾਂ ਨੂੰ ਖ਼ਤਮ ਕਰ ਕੇ ਸੂਬਾਈ ਵਿਜੀਲੈਂਸ ਨੂੰ ਹੀ ਤਾਕਤਵਰ ਬਣਾ ਦਿਤਾ ਤਾਂ ਗੱਲ ਸੂਬਿਆਂ ਅੰਦਰ ਸਿਵਲ ਵਾਰ ਅਥਵਾ ਘਰੇਲੂ ਯੁਧ ’ਤੇ ਆ ਜਾਵੇਗੀ ਕਿਉਂਕਿ ਫਿਰ ਇਕ ਪਾਰਟੀ ਦਾ ਮੁੱਖ ਮੰਤਰੀ ਵਿਰੋਧੀ ਧਿਰ ਦਾ ਜੀਣਾ ਹਰਾਮ ਕਰ ਦੇਵੇਗਾ। ਪੰਜਾਬ ਵਿਚ ਸੁਖਪਾਲ ਖਹਿਰਾ ਅਪਣੇ ਨਿਜੀ ਤਜਰਬੇ ਤੋਂ ਆਖਦੇ ਹਨ ਕਿ ਜਦ ਉਹ ਸੱਤਾ ਵਿਚ ਆਉਣਗੇ ਤਾਂ ਉਹ ਅਪਣੇ ਵਿਰੁਧ ਗ਼ਲਤ ਕੇਸ ਕਰਨ ਵਾਲੇ ਅਫ਼ਸਰਾਂ ਨੂੰ ਸਬਕ ਸਿਖਾਉਣਗੇ। ਉਨ੍ਹਾਂ ਦਾ ਯਕੀਨ ਹੈ ਕਿ ਉਹ ਸਿਆਸੀ ਰੰਜਿਸ਼ ਦਾ ਸ਼ਿਕਾਰ ਸਨ ਪਰ ਜਦ ਇਕ ਆਮ ਨਾਗਰਿਕ ਗ਼ਲਤੀ ਦਾ ਸ਼ਿਕਾਰ ਹੁੰਦਾ ਹੈ ਤੇ ਉਹ ਅਦਾਲਤ ਤੋਂ ਨਿਆਂ ਮੰਗਦਾ ਹੈ ਪਰ ਸਾਡੇ ਸਿਆਸਤਦਾਨ ਤਾਂ ਅਜੇ ਵੀ ਸਿਸਟਮ ਨੂੰ ਅਪਣੇ ਨਿਜੀ ਤਜਰਬਿਆਂ ਦਾ ਮੋਹਤਾਜ ਬਣਾਉਣਾ ਚਾਹੁੰਦੇ ਹਨ।
ਪਰ ਇਕ ਗ਼ਲਤੀ ਦਾ ਮਤਲਬ ਇਹ ਨਹੀਂ ਕਿ ਅਗਲਾ ਨਵੀਂ ਤੇ ਵੱਡੀ ਗ਼ਲਤੀ ਵਾਸਤੇ ਤਿਆਰੀ ਕਰਨੀ ਸ਼ੁਰੂ ਕਰ ਦੇਵੇ। ਇਸੇ ਸੋਚ ਕਰ ਕੇ ਤਾਂ ਇੰਦਰਾ ਦੀ ਐਮਰਜੈਂਸੀ ਤੋਂ ਬਾਅਦ ਸਿਸਟਮ ਕਮਜ਼ੋਰ ਹੁੰਦਾ ਰਿਹਾ ਕਿਉਂਕਿ ਕਿਸੇ ਵੀ ਆਉਣ ਵਾਲੀ ਅਗਲੀ ਸਰਕਾਰ ਨੇ ਉਸ ਦੀਆਂ ਗ਼ਲਤੀਆਂ ਨੂੰ ਸੁਧਾਰਨ ਬਾਰੇ ਨਾ ਸੋਚਿਆ। ਉਨ੍ਹਾਂ ਨੇ ਇੰਦਰਾ ਦੀ ਸੋਚ ਨੂੰ ਅਜਿਹਾ ਹੁੰਗਾਰਾ ਦਿਤਾ ਕਿ ਅੱਜ ਇਕ ਅਜਿਹਾ ਸਿਸਟਮ ਹੋਂਦ ਵਿਚ ਆ ਚੁੱਕਾ ਹੈ ਜਿਥੇ ਈਡੀ ਹੋਵੇ ਜਾਂ ਈਵੀਐਮ, ਆਮ ਇਨਸਾਨ ਵਿਸ਼ਵਾਸ ਹੀ ਨਹੀਂ ਕਰਦਾ। ਸੀਬੀਆਈ ਨੂੰ ਕਦੇ ਪਿੰਜਰੇ ਦਾ ਪੰਛੀ ਆਖਿਆ ਗਿਆ ਪਰ ਅੱਜ ਤਾਂ ਉਹ ਪੰਛੀ ਵੀ ਨਹੀਂ ਆਖਿਆ ਜਾਵੇਗਾ।
ਪਰ ਕੀ ਗ਼ਲਤੀ ਉਨ੍ਹਾਂ ਅਫ਼ਸਰਾਂ ਦੀ ਹੈ ਜਾਂ ਇਨ੍ਹਾਂ ਸਿਆਸਤਦਾਨਾਂ ਦੀ ਜੋ ਵਿਰੋਧੀ ਧਿਰ ਵਿਚ ਰਹਿ ਕੇ ਮਾਰ ਖਾ ਚੁਕਣ ਮਗਰੋਂ ਇਹ ਸੋਚਦੇ ਹਨ ਕਿ ਜੇ ਸੱਤਾ ਵਿਚ ਆਏ ਤਾਂ ਸਿਸਟਮ ਨੂੰ ਕਿਵੇਂ ਕਮਜ਼ੋਰ ਕਰਾਂਗੇ? ਅੱਜ ਸਾਰੇ ਅਫ਼ਸਰਾਂ ਨੂੰ ਸਿਆਸਤਦਾਨਾਂ ਦੀ ਪਕੜ ਤੋਂ ਆਜ਼ਾਦ ਕਰ ਦਿਉ ਤਾਂ 95-99% ਈਮਾਨਦਾਰ ਤੇ ਸਤਿਕਾਰਯੋਗ ਸਾਬਤ ਹੋਣਗੇ। ਪਰ ਸਿਆਸਤਦਾਨਾਂ ਨੇ ਸਿਸਟਮ ਨੂੰ ਤੋੜ ਦਿਤਾ ਹੈ ਤੇ ਤੋੜਦੇ ਰਹਿਣਗੇ ਅਤੇ ਸਿਸਟਮ ਵਿਚ ਫਸੇ ਲੋਕਾਂ ਦਾ ਸਿਰ ਝੁਕਦਾ ਜਾਵੇਗਾ। ਦਲਿਤ ਸਮਾਜ ਵੀ ਤਾਂ ਇਸੇ ਰਾਹ ਤੇ ਚਲ ਕੇ ਅਪਣੀ ਆਜ਼ਾਦੀ ਲਈ ਲੜਦਾ ਆ ਰਿਹਾ ਹੈ ਤੇ ਉਹੀ ਤਾਂ ਬਚਾਅ ਦਾ ਆਖ਼ਰੀ ਰਸਤਾ ਰਹਿ ਗਿਆ ਹੈ। ਉਸੇ ਰਾਹ ਸੱਭ ਨੂੰ ਚਲਣਾ ਚਾਹੀਦਾ ਹੈ ਕਿਉਂਕਿ ਇਹੀ ਰਾਹ ਦੇਸ਼ ਨੂੰ ਤਾਕਤਵਰ ਬਣਾਉਂਦਾ ਹੈ।
- ਨਿਮਰਤ ਕੌਰ