ਕਸ਼ਮੀਰ ਦਾ 'ਨਾਪਾਕ' ਗਠਜੋੜ ਟੁੱਟਣ ਮਗਰੋਂ ਕੀ ਹੁਣ ਕਸ਼ਮੀਰੀਆਂ ਨੂੰ ਹੋਰ ਵੀ ਮਾੜੇ ਦਿਨ ਵੇਖਣੇ ਪੈਣਗੇ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਕੀ ਇਸ ਤੋੜ ਵਿਛੋੜੇ ਦਾ ਮਕਸਦ ਭਾਜਪਾ ਵਾਸਤੇ 2019 ਵਿਚ ਦੇਸ਼ ਨੂੰ ਰਾਸ਼ਟਰਵਾਦ ਦੇ ਨਾਂ ਤੇ ਜੋੜਨਾ ਹੈ?.......

Pepole Protesting

ਕੀ ਇਸ ਤੋੜ ਵਿਛੋੜੇ ਦਾ ਮਕਸਦ ਭਾਜਪਾ ਵਾਸਤੇ 2019 ਵਿਚ ਦੇਸ਼ ਨੂੰ ਰਾਸ਼ਟਰਵਾਦ ਦੇ ਨਾਂ ਤੇ ਜੋੜਨਾ ਹੈ? ਇਸ ਦਾ ਮਤਲਬ ਇਹ ਕਿ ਆਉਣ ਵਾਲੇ ਸਮੇਂ ਵਿਚ ਪਾਕਿਸਤਾਨ ਨਾਲ ਦੁਸ਼ਮਣੀ ਤਾਂ ਵਧੇਗੀ ਹੀ ਪਰ ਰੱਬ ਦੀ ਜੰਨਤ ਅਰਥਾਤ ਕਸ਼ਮੀਰ ਵਿਚ ਹੁਣ ਖ਼ੂਨ ਦੀਆਂ ਨਦੀਆਂ ਵੀ ਵਹਿਣਗੀਆਂ। ਪਿਛਲੇ ਤਿੰਨ ਸਾਲਾਂ ਵਿਚ ਸੱਭ ਤੋਂ ਵੱਧ ਨੌਜਵਾਨਾਂ ਨੇ ਬੰਦੂਕ ਦਾ ਰਸਤਾ ਚੁਣਿਆ ਹੈ। ਪਰ ਕੀ ਉਹ ਅਤਿਵਾਦੀ ਹਨ?

ਜਦੋਂ ਘਰ ਦੇ ਬੱਚੇ ਨਾਰਾਜ਼ ਹੋ ਜਾਂਦੇ ਹਨ ਤਾਂ ਕੀ ਉਨ੍ਹਾਂ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ? ਕੀ ਮਾਂ-ਬਾਪ ਅਪਣੀ ਗ਼ਲਤੀ ਨਹੀਂ ਮੰਨ ਲਿਆ ਕਰਦੇ? ਘੱਟ ਹੀ ਹੁੰਦੇ ਹਨ ਜੋ ਫ਼ੌਜ ਨੂੰ ਗੋਲੀ ਮਾਰਨ ਲਈ ਅਪਣੇ ਬੱਚਿਆਂ ਨੂੰ ਪਿੱਛੇ ਛੱਡ ਦਿੰਦੇ ਹਨ। ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਪੀਪਲਜ਼ ਡੈਮੋਕਰੇਟਿਕ ਪਾਰਟੀ (ਪੀ.ਡੀ.ਪੀ.) ਦੇ ਗਠਜੋੜ ਦਾ ਟੁਟਣਾ ਭਾਰਤ ਦੀ ਰਾਜਨੀਤੀ ਅਤੇ ਜੰਨਤ ਵਰਗੇ ਕਸ਼ਮੀਰ ਵਾਸਤੇ ਬੜੇ ਔਖੇ ਦਿਨ ਆਉਣ ਦੇ ਸੰਕੇਤ ਦੇ ਰਿਹਾ ਹੈ। ਇਹ ਗਠਜੋੜ, ਕਾਂਗਰਸ-ਮੁਕਤ ਭਾਰਤ ਦਾ ਨਾਹਰਾ ਮਾਰਨ ਵਾਲੀ ਭਾਜਪਾ ਲਈ ਇਕ ਵੱਡੀ ਜਿੱਤ ਸੀ

ਜਿਸ ਨੂੰ ਹਥਿਆਉਣ ਲਈ ਭਾਜਪਾ ਨੇ ਅਪਣੇ ਤੋਂ ਬਿਲਕੁਲ ਉਲਟ ਵਿਚਾਰਧਾਰਾ ਵਾਲੀ ਪਾਰਟੀ ਪੀ.ਡੀ.ਪੀ. ਨਾਲ ਗਠਜੋੜ ਬਣਾ ਲਿਆ ਸੀ। ਇਸ ਗਠਜੋੜ ਦਾ ਤਿੰਨ ਸਾਲ ਕੱਢ ਜਾਣਾ ਵੀ ਬੜੀ ਅਚੰਭੇ ਵਾਲੀ ਗੱਲ ਹੈ, ਖ਼ਾਸ ਕਰ ਕੇ ਮੁਫ਼ਤੀ ਮੁਹੰਮਦ ਸਈਦ ਦੀ ਮੌਤ ਤੋਂ ਬਾਅਦ। ਪੀ.ਡੀ.ਪੀ., ਸੱਤਾ ਹਾਸਲ ਕਰਨ ਲਈ ਕਾਂਗਰਸ ਦਾ ਸਾਥ ਵੀ ਲੈ ਸਕਦੀ ਸੀ ਪਰ ਉਨ੍ਹਾਂ ਭਾਜਪਾ ਦਾ ਸਾਥ ਹੀ ਚੁਣਿਆ ਕਿਉਂਕਿ ਕੇਂਦਰ ਸਰਕਾਰ ਦੇ ਸਾਥ ਨਾਲ ਕਸ਼ਮੀਰ ਦੇ ਅਵਾਮ ਦੀਆਂ ਆਰਥਕ ਮੁਸ਼ਕਲਾਂ ਘਟਾਈਆਂ ਜਾ ਸਕਦੀਆਂ ਸਨ। 2014 ਦੇ ਹੜ੍ਹਾਂ ਤੋਂ ਬਾਅਦ ਕਸ਼ਮੀਰ ਨੂੰ ਮੁੜ ਤੋਂ ਪੈਰਾਂ ਤੇ ਖੜਾ ਕਰਨ ਲਈ ਪੂਰੀ

ਆਰਥਕ ਮਦਦ ਸਿਰਫ਼ ਕੇਂਦਰ ਸਰਕਾਰ ਹੀ ਦੇ ਸਕਦੀ ਸੀ। ਅਫ਼ਸਪਾ ਹਟਾਉਣ ਲਈ ਕੇਂਦਰ ਦੀ ਹਮਾਇਤ ਅਤੇ ਮਿੱਤਰਤਾ ਦੀ ਲੋੜ ਸੀ। 2014 ਵਿਚ ਜਦੋਂ ਪ੍ਰਧਾਨ ਮੰਤਰੀ ਨੇ ਨਵਾਜ਼ ਸ਼ਰੀਫ਼ ਵਲ ਨਿੱਘੇ ਪਿਆਰ ਵਾਲੇ ਦੋ ਕਦਮ ਚੁੱਕੇ ਤਾਂ ਕਸ਼ਮੀਰ ਦੇ ਲੋਕਾਂ ਵਿਚ ਵੀ ਉਮੀਦ ਜਾਗ ਉਠੀ ਸੀ। ਪੀ.ਡੀ.ਪੀ. ਨੇ ਵੀ ਪ੍ਰਧਾਨ ਮੰਤਰੀ ਅਤੇ ਨਵਾਜ਼ ਸ਼ਰੀਫ਼ ਵਿਚਕਾਰ ਬਦਲਦੇ ਰਿਸ਼ਤਿਆਂ ਨੂੰ ਸਾਹਮਣੇ ਰੱਖ ਕੇ ਕਸ਼ਮੀਰ ਵਿਚ ਭਾਜਪਾ ਨੂੰ ਸੱਤਾ ਵਿਚ ਭਾਈਵਾਲ ਵਜੋਂ ਲੈਣਾ ਪ੍ਰਵਾਨ ਕਰ ਲਿਆ।

ਮਹਿਬੂਬਾ ਮੁਫ਼ਤੀ ਲੋਕਾਂ ਵਿਚ ਵਿਚਰਦੀ ਇਕ ਸਿਆਸਤਦਾਨ ਹੈ ਜੋ ਕਸ਼ਮੀਰ ਸਮੱਸਿਆ ਦਾ ਹੱਲ ਲੱਭਣ ਲਗਿਆਂ, ਹਮਦਰਦੀ, ਰਹਿਮਤ ਨੂੰ ਬੁਨਿਆਦੀ ਗੱਲ ਮੰਨਦੀ ਹੈ। ਉਹ ਸਮਝਦੀ ਹੈ ਕਿ ਜਦੋਂ ਤਕ ਕਸ਼ਮੀਰ ਦੇ ਲੋਕਾਂ ਦੇ ਸਿਰਾਂ ਤੋਂ ਫ਼ੌਜੀ ਬੰਦੂਕ ਦੀ ਨਾਲੀ ਨਹੀਂ ਚੁੱਕੀ ਜਾਵੇਗੀ, ਕਸ਼ਮੀਰ ਦੀ ਹੋਣੀ ਨਹੀਂ ਬਦਲੇਗੀ। ਪਰ ਭਾਜਪਾ ਵਿਚ ਉਸ ਸਮੇਂ ਜੋ ਦੋ ਰਾਏ ਸਨ, ਉਹ ਬਹੁਤ ਸਾਫ਼ ਸਨ। ਇਕ ਧਿਰ ਪ੍ਰਧਾਨ ਮੰਤਰੀ ਦੇ ਸਿਰ ਭਾਰਤ ਦੇ ਸੱਭ ਲੋਕ-ਵਿਵਾਦਾਂ ਦੇ ਖ਼ਾਤਮੇ ਦਾ ਤਾਜ ਰਖਣਾ ਚਾਹੁੰਦੀ ਸੀ ਤਾਕਿ ਉਹ ਕੋਮਾਂਤਰੀ ਪੱਧਰ ਤੇ ਇਕ 'ਸਟੇਟਸਮੈਨ' ਵਾਂਗ ਪ੍ਰਵਾਨੇ ਜਾਣ। 
 

ਪਰ ਦੂਜੇ ਪਾਸੇ 'ਦੋਵਲ ਡਾਕਟਰੀਨ' ਵੀ ਹਾਵੀ ਸੀ ਜੋ ਪਾਕਿਸਤਾਨ ਨੂੰ ਦੁਸ਼ਮਣ ਕਰਾਰ ਦੇ ਕੇ ਭਾਰਤ ਨੂੰ ਰਾਸ਼ਟਰਵਾਦ ਦੇ ਨਾਂ ਤੇ ਇਕੱਠਾ ਕਰਨਾ ਚਾਹੁੰਦੀ ਹੈ। ਫ਼ੌਜ ਸਾਡੀ ਰਖਵਾਲੀ ਹੈ ਪਰ ਜਦੋਂ ਇਕ ਦੇਸ਼ ਦੇ ਨਾਗਰਿਕ ਅਤੇ ਦੇਸ਼ ਦੇ ਸਿਪਾਹੀ ਇਕ-ਦੂਜੇ ਤੇ ਬੰਦੂਕਾਂ ਤਾਣੀ ਖੜੇ ਹੁੰਦੇ ਹਨ ਤਾਂ ਕੌਣ ਸ਼ਹੀਦ ਅਤੇ ਕੌਣ ਖ਼ੂਨੀ ਹੁੰਦਾ ਹੈ?
ਭਾਜਪਾ ਦੀ ਦੋ ਧਿਰਾਂ ਵਿਚ ਵੰਡੀ ਸੋਚ ਨੇ ਕਸ਼ਮੀਰ ਵਲੋਂ ਮਿਲੇ ਵਿਸ਼ਵਾਸ ਨੂੰ ਟੁਕੜੇ ਟੁਕੜੇ ਕਰ ਦਿਤਾ। ਪਿਛਲੇ ਤਿੰਨ ਸਾਲਾਂ ਵਿਚ ਕਸ਼ਮੀਰੀ ਨਾਗਰਿਕ, ਫ਼ੌਜ ਦਾ ਸੱਭ ਤੋਂ ਵੱਡਾ ਦੁਸ਼ਮਣ ਬਣ ਚੁੱਕਾ ਹੈ।

ਫ਼ੌਜ ਉਤੇ ਇਲਜ਼ਾਮ ਨਹੀਂ ਲਾਏ ਜਾ ਸਕਦੇ ਕਿਉਂਕਿ ਉਹ ਹੁਕਮ ਮੰਨਣ ਲਈ ਪਾਬੰਦ ਹੈ ਅਤੇ ਦੇਸ਼ ਵਿਚ ਮਨੁੱਖੀ ਅਧਿਕਾਰ ਨਹੀਂ ਬਚਾਏ ਜਾਂਦੇ, ਜਾਨ ਬਚਾਈ ਜਾਂਦੀ ਹੈ। ਮੇਜਰ ਗੋਗੋਈ ਵਲੋਂ ਇਕ ਕਸ਼ਮੀਰੀ ਨੂੰ ਅਪਣੀ ਢਾਲ ਵਾਂਗ ਇਸਤੇਮਾਲ ਕਰਨ ਨੂੰ ਕੁੱਝ ਲੋਕ ਬੁਰੀ ਨਜ਼ਰ ਨਾਲ ਵੇਖਦੇ ਸਨ ਅਤੇ ਦੂਜੇ ਕੁੱਝ, ਇਸ ਨੂੰ ਇਕ ਵਧੀਆ ਜੰਗੀ ਨੀਤੀ ਆਖਦੇ ਸਨ। ਕਸੂਰ ਕਿਸੇ ਦਾ ਨਹੀਂ ਸੀ, ਬਸ ਨਜ਼ਰੀਏ ਵਖਰੇ ਵਖਰੇ ਸਨ। ਭਾਜਪਾ ਅਤੇ ਪੀ.ਡੀ.ਪੀ. ਦੇ ਨਜ਼ਰੀਏ ਵੀ ਇਸੇ ਤਰ੍ਹਾਂ ਵੱਖ ਵੱਖ ਸਨ ਅਤੇ ਹੁਣ ਆਹਮੋ-ਸਾਹਮਣੇ ਆ ਗਏ ਸਨ। 

ਕੀ ਇਸ ਤੋੜ ਵਿਛੋੜੇ ਦਾ ਮਕਸਦ ਭਾਜਪਾ ਵਾਸਤੇ 2019 ਵਿਚ ਦੇਸ਼ ਨੂੰ ਰਾਸ਼ਟਰਵਾਦ ਦੇ ਨਾਂ ਤੇ ਜੋੜਨਾ ਹੈ? ਇਸ ਦਾ ਮਤਲਬ ਇਹ ਕਿ ਆਉਣ ਵਾਲੇ ਸਮੇਂ ਵਿਚ ਪਾਕਿਸਤਾਨ ਨਾਲ ਦੁਸ਼ਮਣੀ ਤਾਂ ਵਧੇਗੀ ਹੀ ਪਰ ਰੱਬ ਦੀ ਜੰਨਤ ਅਰਥਾਤ ਕਸ਼ਮੀਰ ਵਿਚ ਹੁਣ ਖ਼ੂਨ ਦੀਆਂ ਨਦੀਆਂ ਵੀ ਵਹਿਣਗੀਆਂ। ਪਿਛਲੇ ਤਿੰਨ ਸਾਲਾਂ ਵਿਚ ਸੱਭ ਤੋਂ ਵੱਧ ਨੌਜਵਾਨਾਂ ਨੇ ਬੰਦੂਕ ਦਾ ਰਸਤਾ ਚੁਣਿਆ ਹੈ। ਪਰ ਕੀ ਉਹ ਅਤਿਵਾਦੀ ਹਨ? ਜਦੋਂ ਘਰ ਦੇ ਬੱਚੇ ਨਾਰਾਜ਼ ਹੋ ਜਾਂਦੇ ਹਨ ਤਾਂ ਕੀ ਉਨ੍ਹਾਂ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ?

ਕੀ ਮਾਂ-ਬਾਪ ਅਪਣੀ ਗ਼ਲਤੀ ਨਹੀਂ ਮੰਨ ਲਿਆ ਕਰਦੇ? ਘੱਟ ਹੀ ਹੁੰਦੇ ਹਨ ਜੋ ਫ਼ੌਜ ਨੂੰ ਗੋਲੀ ਮਾਰਨ ਲਈ ਅਪਣੇ ਬੱਚਿਆਂ ਨੂੰ ਪਿੱਛੇ ਛੱਡ ਦਿੰਦੇ ਹਨ।
ਅਸੀ ਪੰਜਾਬ ਵਿਚ ਵੀ ਨੌਜਵਾਨਾਂ ਵਲੋਂ ਸੂਬੇ ਦੇ ਹੱਕਾਂ ਤੇ ਅਧਿਕਾਰਾਂ ਦੀ ਲੜਾਈ ਲੜਨ ਵਾਲਿਆਂ ਨੂੰ 'ਅਤਿਵਾਦੀ' ਬਣਦੇ ਵੇਖਿਆ ਹੈ। ਕਸ਼ਮੀਰ ਵਿਚ ਵੀ ਉਹੀ ਲੜਾਈ ਚਲ ਰਹੀ ਹੈ ਪਰ ਕਿਉਂਕਿ ਪਾਕਿਸਤਾਨ ਕਸ਼ਮੀਰ ਵਿਚ ਪੈਸਾ ਅਤੇ ਅਸਲਾ ਭੇਜ ਰਿਹਾ ਹੈ, ਕਸ਼ਮੀਰ ਦੀ ਲੜਾਈ ਹੁਣ ਦਹਾਕਿਆਂ ਲੰਮੀ ਹੋ ਗਈ ਹੈ।

ਪਰ ਹੁਣ ਕੀ ਹੋਵੇਗਾ? ਕੀ ਕੇਂਦਰ ਅਪਣੀ ਅਸਫ਼ਲਤਾ ਤੇ ਕਸ਼ਮੀਰ ਦੇ ਮਾਮਲੇ ਵਿਚ ਹਾਰ ਨੂੰ ਢੱਕਣ ਲਈ ਕਸ਼ਮੀਰ ਨੂੰ ਫ਼ੌਜ ਦੀ ਬੰਦੂਕ ਹੇਠ ਖ਼ਤਮ ਕਰ ਦੇਵੇਗਾ ਜਾਂ ਕੀ ਸਾਰੇ ਭਾਰਤ ਵਿਚ ਰਾਸ਼ਟਰਵਾਦ ਦਾ ਬੁਖ਼ਾਰ ਚੜ੍ਹਾ ਕੇ ਕਸ਼ਮੀਰ ਦੀ ਤਬਾਹੀ ਚੁਪਚਾਪ ਵੇਖਦਾ ਰਹੇਗਾ? -ਨਿਮਰਤ ਕੌਰ