ਅਫ਼ਗ਼ਾਨੀ ਸਿੱਖਾਂ ਵਾਂਗ ਕਿਸੇ ਸਿੱਖ ਨੂੰ ਉਜੜਨਾ ਪੈ ਜਾਏ ਤਾਂ ਉਸ ਨੂੰ ਸਮਝ ਨਹੀਂ ਆਉਂਦੀ ਕਿ ਜਾਏ ਕਿਥੇ?

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਦੇਸ਼ ਵਿਦੇਸ਼ ਦੇ ਸਿੱਖਾਂ ਨੂੰ ਛੇਕਣ ਤੇ ਸਜ਼ਾ ਦੇਣ ਵਾਲੇ ਤਾਂ ਪੰਜਾਬ ਵਿਚ ਵੀ ਬਹੁਤ ਹਨ ਪਰ ਸਿੱਖ ਨੂੰ ਕੋਈ ਮੁਸੀਬਤ ਆ ਘੇਰੇ ਤਾਂ ਰਾਹਤ ਦੇਣ ਵਾਲਾ ਕੋਈ ਨਹੀਂ।

Afghanistan Sikhs

ਸਿੱਖ ਫ਼ਲਸਫ਼ੇ ਨੂੰ ਸਿੱਖਾਂ ਦੇ ਦਿਲਾਂ ਵਿਚ ਰੋਸ਼ਨ ਕਰਨ ਤੋਂ ਬਿਨਾਂ ਭਾਵੇਂ ਸਾਰੀ ਦੁਨੀਆਂ ਨੂੰ ‘ਖ਼ਾਲਸਤਾਨ’ ਦਾ ਨਾਂ ਦੇ ਦਿਉ, ਕਿਸੇ ਵੀ ਦੇਸ਼ ਵਿਚੋਂ ਉਜਾੜੇ ਗਏ ਸਿੱਖਾਂ ਨੂੰ ‘ਅਪਣਾ ਘਰ’ ਕਿਧਰੇ ਨਜ਼ਰ ਨਹੀਂ ਆਏਗਾ ਜਿਵੇਂ ਅੱਜ ਅਫ਼ਗ਼ਾਨੀ ਸਿੱਖਾਂ ਨੂੰ ਮਹਿਸੂਸ ਹੋ ਰਿਹਾ ਹੈ ਤੇ ਨਵੰਬਰ 1984 ਵਿਚ ਦਿੱਲੀ ਤੇ ਹੋਰ ਥਾਵਾਂ ਤੋਂ ਉਜੜ ਕੇ ਪੰਜਾਬ ਆਏ ਸਿੱਖਾਂ ਨੂੰ ਮਹਿਸੂਸ ਹੋਇਆ ਸੀ। ਸਿੱਖ ਫ਼ਲਸਫ਼ੇ ਦੀ ਖ਼ੂਬਸੂਰਤੀ ਕੇਵਲ ਲੰਗਰਾਂ ਤੇ ਆ ਕੇ ਰੁਕ ਗਈ ਹੈ ਤੇ ‘‘ਜੋ ਦੀਸੈ ਗੁਰਸਿਖੜਾ ਤਿਸ ਨਿਵ ਨਿਵ ਲਾਗੈ ਪਾਏ ਜੀਉ’’ ਵਾਲੀ ਗੱਲ, ਰੱਬ ਨਾ ਕਰੇ ਕਿਸੇ ਨੂੰ ਬਿਪਤਾ ਪੈ ਜਾਵੇ, ਤਾਂ ਕਿਤਾਬਾਂ ਤੋਂ ਬਾਹਰ ਕਿਤੇ ਨਹੀਂ ਮਿਲੇਗੀ। ਦੇਸ਼ ਵਿਦੇਸ਼ ਦੇ ਸਿੱਖਾਂ ਨੂੰ ਛੇਕਣ ਤੇ ਸਜ਼ਾ ਦੇਣ ਵਾਲੇ ਤਾਂ ਪੰਜਾਬ ਵਿਚ ਵੀ ਬਹੁਤ ਹਨ ਪਰ ਸਿੱਖ ਨੂੰ ਕੋਈ ਮੁਸੀਬਤ ਆ ਘੇਰੇ ਤਾਂ ਰਾਹਤ ਦੇਣ ਵਾਲਾ ਕੋਈ ਨਹੀਂ।

ਅੰਬਾਂ ਵਾਲੀ ਕੋਠੜੀ, ਅਨਾਰਾਂ ਵਾਲਾ ਵਿਹੜਾ ਬਾਬੇ ਨਾਨਕ ਦਾ ਘਰ ਕਿਹੜਾ, ਓ ਕਿਹੜਾ? ਨਾਨਕ ਨਾਮ ਜਹਾਜ਼ ਫ਼ਿਲਮ ਦਾ ਇਹ ਪੁਰਾਣਾ ਗੀਤ ਅੱਜ ਬਾਬਾ ਨਾਨਕ ਦੇ ਬੱਚਿਆਂ ਵਾਸਤੇ ਵੱਡਾ ਸਵਾਲ ਬਣਿਆ ਹੋਇਆ ਹੈ। ਉਜਾੜੇ ਗਏ ਸਿੱਖਾਂ ਦਾ ਘਰ ਕਿਹੜਾ? ਅਫ਼ਗ਼ਾਨਿਸਤਾਨ ਵਿਚ ਬਾਬੇ ਨਾਨਕ ਦੀ ਯਾਤਰਾ ਦੀ ਯਾਦ ਵਿਚ ਬਣਾਏ ਇਤਿਹਾਸਕ ਗੁਰਦਵਾਰੇ ਦੀ ਸੇਵਾ ਸੰਭਾਲ ਕਰਨ ਲਈ ਹੀ ਕਾਬੁਲ ਦੇ 70-80 ਸਿੱਖ ਪ੍ਰਵਾਰ, ਭਾਰੀ ਔਕੜਾਂ  ਦੇ ਬਾਵਜੂੁਦ ਉਥੇ ਟਿਕੇ ਹੋਏ ਸਨ।

1947 ਵਿਚ ਪਾਕਿਸਤਾਨ ਦੇ ਕੁੱਝ ਇਲਾਕਿਆਂ ਵਿਚ ਵੀ ਉਥੋਂ ਦੇ ਕੁੱਝ ਸਿੱਖ ਗੁਰਦਵਾਰਿਆਂ ਦੀ ਸੇਵਾ ਸੰਭਾਲ ਲਈ ਉਥੇ ਰਹਿ ਗਏ ਸਨ, ਭਾਵੇਂ ਉਥੇ ਰਹਿਣਾ ਉਨ੍ਹਾਂ ਲਈ ਮੌਤ ਅਤੇ ਜ਼ਿੱਲਤ ਦੀ ਗੋਦ ਵਿਚ ਰਹਿਣ ਬਰਾਬਰ ਹੀ ਸੀ। ਅਫ਼ਗ਼ਾਨੀ ਸਿੱਖਾਂ ਦੀ ਹਾਲਤ ਸ਼ਾਹ ਫ਼ੈਜ਼ਲ ਦੀ ਹਕੂਮਤ ਤਕ ਚੰਗੀ ਸੀ ਪਰ ਉਸ ਤੋਂ ਬਾਅਦ ਦੇ ਹਾਲਾਤ ਵਿਚ ਉਥੇ ਰਹਿਣਾ ਦਿਨ ਬ ਦਿਨ ਔਖਾ, ਹੋਰ ਔਖਾ ਤੇ ਫਿਰ ਨਾਮੁਮਕਿਨ ਹੁੰਦਾ ਗਿਆ। ਸਵਾਲ ਉਨ੍ਹਾਂ ਸਾਹਮਣੇ ਇਹ ਹੁੰਦਾ ਸੀ ਕਿ ਉਹ ਜਾਣ ਤਾਂ ਜਾਣ ਕਿਥੇ? ਰੋਟੀ ਰੋਜ਼ੀ ਦਾ ਸਵਾਲ ਹੁੰਦਾ ਸੀ ਤੇ ਇਹ ਵੀ ਕਿ ਉਥੇ ਤੁਹਾਨੂੰ ਸ਼ਰਨਾਰਥੀ ਦਾ ਦਰਜਾ ਵੀ ਕੋਈ ਦੇਂਦਾ ਹੈ ਜਾਂ ਨਹੀਂ?

ਕਾਬੁਲ ਦੇ ਗੁਰੂ ਘਰ ਤੇ ਹੋਏ ਤਾਜ਼ਾ ਹਮਲੇ ਤੋਂ ਪਹਿਲਾਂ ਹੀ ਸਿੱਖ ਪਿਛਲੇ ਕਈ ਦਹਾਕਿਆਂ ਤੋਂ ਅਫ਼ਗ਼ਾਨਿਸਤਾਨ ਵਿਚ ਨਸਲਕੁਸ਼ੀ ਦਾ ਸ਼ਿਕਾਰ ਹੋ ਰਹੇ ਸਨ। ਜਿਵੇਂ ਹਿਟਲਰ ਰਾਜ ਵਿਚ ਯਹੂਦੀਆਂ ਨੂੰ ਅਪਣੀ ਪਹਿਚਾਣ ਵਾਸਤੇ ਇਕ ਪੱਟੀ ਬੰਨ੍ਹਣੀ ਪੈਂਦੀ ਸੀ, ਉਸੇ ਤਰ੍ਹਾਂ ਸਿੱਖਾਂ ਲਈ ਵੀ ਅਫ਼ਗ਼ਾਨਿਸਤਾਨ ਵਿਚ ਅਪਣੀ ਪਹਿਚਾਣ ਵਜੋਂ ਇਕ ਪੀਲੀ ਪੱਟੀ ਬੰਨ੍ਹਣੀ ਜ਼ਰੂਰੀ ਬਣਾ ਦਿਤੀ ਗਈ। ਉਨ੍ਹਾਂ ਨੂੰ ਅਪਣੇ ਅੰਤਮ ਸਸਕਾਰ ਦੀਆਂ ਰਸਮਾਂ ਕਰਨ ਵਿਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨ ਲਈ ਵੀ ਮਜਬੂਰ ਕੀਤਾ ਜਾਣ ਲੱਗਾ। ਇਕ ਵਾਰ ਅੰਤਮ ਸਸਕਾਰ ਕਰਨ ਵਾਸਤੇ ਪਾਕਿਸਤਾਨ ਵੀ ਜਾਣਾ ਪਿਆ।

ਇਨ੍ਹਾਂ ਮੁਸ਼ਕਲਾਂ ਕਾਰਨ ਕਾਬੁਲ ਵਿਚ ਰਹਿਣ ਵਾਲੇ ਪ੍ਰਵਾਰਾਂ ਦੀ ਗਿਣਤੀ ਹਜ਼ਾਰਾਂ ਤੋਂ ਘਟਦੀ ਘਟਦੀ ਅੱਜ ਕੇਵਲ 100 ਤਕ ਰਹਿ ਗਈ ਹੈ। ਕਾਫ਼ੀ ਅਫ਼ਗ਼ਾਨੀ ਪ੍ਰਵਾਰ ਭਾਰਤ ਵਿਚ ਆ ਗਏ ਪਰ ਉਹ ਅਜੇ ਤਕ ਆਰਥਕ ਤੌਰ ਤੇ ਸੰਭਲ ਨਹੀਂ ਸਕੇ। ਬਹੁਤ ਸਾਰੇ ਅਫ਼ਗ਼ਾਨੀ ਸਿੱਖ ਇੰਗਲੈਂਡ ਜਾ ਕੇ ਵਸਣ ਵਿਚ ਕਾਮਯਾਬ ਹੋ ਗਏ ਹਨ। ਕੁੱਝ ਦੂਜੇ ਦੇਸ਼ਾਂ ਵਿਚ ਵੀ ਕੰਮਕਾਰ ਸ਼ੁਰੂ ਕਰਨ ਵਿਚ ਸਫ਼ਲ ਰਹੇ ਹਨ। ਇਸ ਹਮਲੇ ਤੋਂ ਬਾਅਦ ਹੁਣ ਸ਼ਾਇਦ ਬਾਬਾ ਨਾਨਕ ਦੀ ਯਾਦਗਾਰ ਨੂੰ ਜੇਹਾਦੀਆਂ ਦੇ ਆਸਰੇ ਛੱਡਣ ਦੀ ਨੌਬਤ ਆ ਜਾਵੇਗੀ।

ਹੈਰਾਨੀ ਦੀ ਗੱਲ ਇਹ ਵੀ ਹੈ ਕਿ ਜਿਸ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ, ਉਸ ਨੇ ਭਾਜਪਾ ਦੇ ਕੁੱਝ ਸਿਰਫਿਰੇ ਲੋਕਾਂ ਵਲੋਂ ਮੁਹੰਮਦ ਸਾਹਿਬ ਤੇ ਉਨ੍ਹਾਂ ਦੀ ਪਤਨੀ ਦੇ ਕੀਤੇ ਅਪਮਾਨ ਦਾ ਬਦਲਾ, ਗੁਰਦਵਾਰੇ ਉਤੇ ਹਮਲਾ ਕਰ ਕੇ ਲੈਣ ਦੀ ਗੱਲ ਕੀਤੀ ਹੈ ਜਦਕਿ ਸਿੱਖਾਂ ਨੇ ਤਾਂ ਸਿਰਫਿਰੇ ਬੀਜੇਪੀ ਨੇਤਾਵਾਂ ਦੀ ਰੱਜ ਕੇ ਨਿਖੇਧੀ ਕੀਤੀ ਹੈ ਤੇ ਕਿਸੇ ਵੀ ਮੁਸਲਮਾਨ ਨੂੰ ਸਿੱਖਾਂ ਪ੍ਰਤੀ, ਇਸ ਮਾਮਲੇ ਤੇ ਕੋਈ, ਨਾਰਾਜ਼ਗੀ ਹੋਣ ਦਾ ਕਾਰਨ ਨਹੀਂ ਦਿਸਦਾ। ਜਿਵੇਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਪਹਿਲਾਂ ਅਫ਼ਗ਼ਾਨੀ ਸਿੱਖ ਭਾਰਤ ਸਮੇਤ, ਦੁਨੀਆਂ ਦੇ ਕਈ ਦੇਸ਼ਾਂ ਵਿਚ ਖਿੰਡਣ ਲਈ ਮਜਬੂਰ ਹੋਏ ਸਨ, ਬਾਕੀ ਬਚੇ ਖੁਚੇ ਕੁੱਝ ਪ੍ਰਵਾਰ ਮੁੜ ਤੋਂ ਅਪਣਾ ਟਿਕਾਣਾ ਲੱਭਣ ਲਈ ਹਰ ਥਾਂ ਹੱਥ ਪੈਰ ਜ਼ਰੂਰ ਮਾਰਨਗੇ ਪਰ ਅੱਜ ਕੀ ਕੋਈ ਛਾਤੀ ਠੋਕ ਕੇ ਕੋਈ ਉਜੜਿਆ ਸਿੱਖ ਇਹ ਕਹਿ ਸਕਦਾ ਹੈ ਕਿ ਉਸ ਦੀ ਪਹਿਲੀ ਚੋਣ ਕਿਹੜਾ ਦੇਸ਼ ਹੈ? 

ਜਿਹੜਾ ਪੰਜਾਬ ਸਿੱਖਾਂ ਦੀ ਜਨਮ ਭੂਮੀ ਕਰ ਕੇ ਜਾਣਿਆ ਜਾਂਦਾ ਹੈ ਅੱਜ ਉਥੋਂ ਦੌੜ ਕੇ ਸਿੱਖ ਵਿਦੇਸ਼ਾਂ ਵਲ ਭੱਜ ਰਹੇ ਹਨ। ਜਿਹੜੇ ਪੰਜਾਬ ਵਿਚ ਰਹਿੰਦੇ ਹਨ, ਉਹ ਅਪਣੇ ਆਪ ਨੂੰ ਮਹਿਫ਼ੂਜ਼ ਨਹੀਂ ਮੰਨਦੇ ਤੇ ਫਿਰ ਪੰਜਾਬ ਸਿੱਖਾਂ ਦਾ ਘਰ ਕਿਸ ਤਰ੍ਹਾਂ ਬਣ ਸਕਦਾ ਹੈ? ਕੁੱਝ ਵਿਦੇਸ਼ੀਂ ਰਹਿੰਦੇ ਸਿੱਖ, ਇਹ ਹਾਲਤ ਵੇਖ ਕੇ ਭਾਰਤ ਤੋਂ ਵੱਖ ਹੋਣ ਦੀ ਚਰਚਾ ਸ਼ੁਰੂ ਕਰ ਦੇਂਦੇ ਹਨ ਪਰ ਸਿਰਫ਼ ਪੰਜਾਬ ਦਾ ਨਾਮ ਬਦਲਣ ਨਾਲ ਤਾਂ ਇਸ ਵਿਚ ਤਾਕਤ ਨਹੀਂ ਆ ਸਕਦੀ। 

ਗੱਲ ਫਿਰ ਸਿੱਖ ਫ਼ਲਸਫ਼ੇ ਦੀ ਰਾਖੀ ਕਰਨ ਵਾਲੀ ਸੰਸਥਾ ਤੇ ਜੱਫਾ ਮਾਰੀ ਬੈਠੇ ਸਿੱਖ ਆਗੂਆਂ ਤੇ ਆਉਂਦੀ ਹੈ ਤੇ ਉਨ੍ਹਾਂ ਵਲੋਂ ਅੱਜ ਇਸ ਸਵਾਲ ਦਾ ਜਵਾਬ ਦੇਣਾ ਬਣਦਾ ਹੈ ਕਿ ਸਿੱਖਾਂ ਦਾ ਘਰ ਕਿਹੜਾ ਹੈ? ਘਰ ਤਾਂ ਉਹੀ ਹੁੰਦਾ ਹੈ ਜਿਥੇ ਆ ਕੇ ਉਹਨੂੰ ਸਕੂਨ ਤੇ ਪਿਆਰ ਮਿਲ ਸਕੇ ਜਿਹੜਾ ਸੰਸਾਰ ਵਿਚ ਹੋਰ ਕਿਧਰੇ ਨਹੀਂ ਮਿਲ ਸਕਦਾ। ਸ਼੍ਰੋਮਣੀ ਕਮੇਟੀ ਜਾਂ ਇਸ ਦੇ ‘ਤਖ਼ਤ’ ਕੀ ਸੰਸਾਰ ਦੇ ਸਤਾਏ ਹੋਏ ਸਿੱਖਾਂ ਨੂੰ ਆਰਜ਼ੀ ਤੌਰ ’ਤੇ ਹੀ ਸਹੀ, ਘਰ ਵਾਲਾ ਸੁੱਖ ਸਨੇਹ ਦੇ ਸਕਦੇ ਹਨ?

2011 ਵਿਚ ਸਿੱਖਾਂ ਨੂੰ ਮੁਸਲਮਾਨ ਸਮਝ ਕੇ ਅਮਰੀਕਾ ਵਿਚ ਨਫ਼ਰਤ ਦਾ ਨਿਸ਼ਾਨਾ ਬਣਾਇਆ ਗਿਆ ਸੀ ਪਰ ਅੱਜ ਵੀ ਉਸੇ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਜਿਥੇ ਅਜੇ ਸਿੱਖ ਦੀ ਪਹਿਚਾਣ ਬਾਰੇ ਵੀ ਸਵਾਲ ਉਠਦੇ ਰਹਿੰਦੇ ਹਨ। ਮਸਲਾ ਪੰਜਾਬ ਦੀ ਸਿਆਸਤ ਜਾਂ ਆਰਥਕ ਸਥਿਤੀ ਦਾ ਨਹੀਂ ਸਗੋਂ ਮਸਲਾ ਸਿੱਖ ਦੀ ਪਹਿਚਾਣ ਦਾ ਹੈ। 

ਸਿੱਖ ਹੁਣ ਸਿਰਫ਼ ਸਿਆਸੀ ਆਗੂਆਂ ਵਲ ਤੱਕਣ ਜੋਗੇ ਹੀ ਰਹਿ ਗਏ ਹਨ ਜੋ ਕਿਸੇ ਦੇ ਸੱਕੇ ਨਹੀਂ ਹੁੰਦੇ, ਸਿਵਾਏ ਅਪਣੇ ਆਪ ਦੇ। ਪੁਜਾਰੀ ਲੋਕ ਤਾਂ ਸਦਾ ਤੋਂ ਹੀ ਹਾਕਮਾਂ ਦੇ ਭਰਾ-ਭਾਈ ਹੁੰਦੇ ਹਨ, ਲੋਕਾਂ ਦੇ ਤਾਂ ਕਦੇ ਵੀ ਨਹੀਂ ਹੋਏ। ਇਨ੍ਹਾਂ ਦੋਹਾਂ ਨੇ ਰਲ ਕੇ ਸਿੱਖ ਫ਼ਲਸਫ਼ੇ ਨੂੰ ਅਪਣੀ ਮੁੱਠੀ ਵਿਚ ਬੰਦ ਕਰ ਲਿਆ ਹੈ। ਨਾ ਇਹ ਆਪ ਸਿੱਖ ਫ਼ਸਲਫ਼ੇ ਦੀਆਂ ਬਾਰੀਕੀਆਂ ਨੂੰ ਸਮਝਦੇ ਹਨ, ਨਾ ਸਿੱਖ ਸਿੱਖ ਸੰਗਤ ਤਕ ਸਿੱਖੀ ਦਾ ਸੱਚ ਪਹੁੰਚਣ ਦੇਂਦੇ ਹਨ। ਸਿੱਖ ਫ਼ਲਸਫ਼ੇ ਨੂੰ ਸਿੱਖਾਂ ਦੇ ਦਿਲਾਂ ਵਿਚ ਰੋਸ਼ਨ ਕਰਨ ਤੋਂ ਬਿਨਾਂ ਭਾਵੇਂ ਸਾਰੀ ਦੁਨੀਆਂ ਨੂੰ ‘ਖ਼ਾਲਸਤਾਨ’ ਦਾ ਨਾਂ ਦੇ ਦਿਉ, ਕਿਸੇ ਵੀ ਦੇਸ਼ ਵਿਚੋਂ ਉਜਾੜੇ ਗਏ ਸਿੱਖਾਂ ਨੂੰ ‘ਅਪਣਾ ਘਰ’ ਨਜ਼ਰ ਨਹੀਂ ਆਏਗਾ ਜਿਵੇਂ ਅੱਜ ਅਫ਼ਗ਼ਾਨੀ ਸਿੱਖਾਂ ਨੂੰ ਮਹਿਸੂਸ ਹੋ ਰਿਹਾ ਹੈ ਤੇ ਨਵੰਬਰ 1984 ਵਿਚ ਦਿੱਲੀ ਤੇ ਹੋਰ ਥਾਵਾਂ ਤੋਂ ਉਜੜ ਕੇ ਪੰਜਾਬ ਆਏ ਸਿੱਖਾਂ ਨੂੰ ਮਹਿਸੂਸ ਹੋਇਆ ਸੀ।

ਸਿੱਖ ਫ਼ਲਸਫ਼ੇ ਦੀ ਖ਼ੂਬਸੂਰਤੀ ਕੇਵਲ ਲੰਗਰਾਂ ਤੇ ਆ ਕੇ ਰੁਕ ਗਈ ਹੈ ਤੇ ‘‘ਜੋ ਦੀਸੈ ਗੁਰਸਿਖੜਾ ਤਿਸ ਨਿਵ ਨਿਵ ਲਾਗੈ ਪਾਏ ਜੀਉ’’ ਵਾਲੀ ਗੱਲ, ਰੱਬ ਨਾ ਕਰੇ ਕਿਸੇ ਨੂੰ ਬਿਪਤਾ ਪੈ ਜਾਵੇ, ਕਿਤਾਬਾਂ ਤੋਂ ਬਾਹਰ ਕਿਤੇ ਨਹੀਂ ਮਿਲੇਗੀ। ਦੇਸ਼ ਵਿਦੇਸ਼ ਦੇ ਸਿੱਖਾਂ ਨੂੰ ਛੇਕਣ ਤੇ ਸਜ਼ਾ ਦੇਣ ਵਾਲੇ ਤਾਂ ਪੰਜਾਬ ਵਿਚ ਵੀ ਬਹੁਤ ਹਨ ਪਰ ਰੱਬ ਨਾ ਕਰੇ, ਸਿੱਖ ਨੂੰ ਕੋਈ ਮੁਸੀਬਤ ਆ ਘੇਰੇ ਤਾਂ ਰਾਹਤ ਦੇਣ ਵਾਲਾ, ਇਥੇ ਕੋਈ ਨਹੀਂ, ਥੋੜ੍ਹੀ ਜਹੀ ਦੇਵੇਗਾ ਵੀ ਤਾਂ ਗ਼ੈਰ ਤੇ ਮੰਗਤਾ ਸਮਝ ਕੇ ਹੀ ਦੇਵੇਗਾ।                     -ਨਿਮਰਤ ਕੌਰ